ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲੋ
ਹਮਦਰਦ ਬਣੋ
ਮੁਕੰਮਲ ਹੋਣ ਕਰਕੇ ਯਿਸੂ ਨੂੰ ਆਮ ਇਨਸਾਨਾਂ ਵਾਂਗ ਚਿੰਤਾਵਾਂ ਅਤੇ ਪਰੇਸ਼ਾਨੀਆਂ ਨਹੀਂ ਝੱਲਣੀਆਂ ਪਈਆਂ। ਫਿਰ ਵੀ ਉਹ ਦੂਜਿਆਂ ਦਾ ਦਰਦ ਸਮਝਦਾ ਸੀ। ਹਮਦਰਦ ਹੋਣ ਕਰਕੇ ਉਹ ਦੂਜਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਸੀ, ਇੱਥੋਂ ਤਕ ਕਿ ਲੋੜੋਂ ਵੱਧ ਉਨ੍ਹਾਂ ਦੀ ਮਦਦ ਕਰਦਾ ਸੀ।
ਮਿਲਣਸਾਰ ਬਣੋ
ਹਰ ਉਮਰ ਦੇ ਲੋਕ ਚਾਹੇ ਬੱਚੇ ਹੋਣ ਜਾਂ ਵੱਡੇ, ਬੇਝਿਜਕ ਯਿਸੂ ਕੋਲ ਆਉਂਦੇ ਸਨ ਕਿਉਂਕਿ ਉਸ ਨੇ ਕਦੇ ਵੀ ਕਿਸੇ ਨੂੰ ਇਹ ਅਹਿਸਾਸ ਨਹੀਂ ਕਰਾਇਆ ਕਿ ਉਹ ਉਨ੍ਹਾਂ ਤੋਂ ਖ਼ਾਸ ਸੀ ਜਾਂ ਉਸ ਕੋਲ ਦੂਜਿਆਂ ਲਈ ਸਮਾਂ ਨਹੀਂ ਸੀ। ਲੋਕ ਦੇਖ ਸਕਦੇ ਸਨ ਕਿ ਯਿਸੂ ਨੂੰ ਉਨ੍ਹਾਂ ਦਾ ਕਿੰਨਾ ਫ਼ਿਕਰ ਸੀ, ਇਸ ਲਈ ਲੋਕ ਉਸ ਕੋਲ ਆਉਣ ਤੋਂ ਘਬਰਾਉਂਦੇ ਨਹੀਂ ਸਨ।
ਪ੍ਰਾਰਥਨਾ ਕਰਦੇ ਰਹੋ
ਯਿਸੂ ਨੇ ਬਾਕਾਇਦਾ ਇਕੱਲਿਆਂ ਵਿਚ ਅਤੇ ਪਰਮੇਸ਼ੁਰ ਦੇ ਭਗਤਾਂ ਨਾਲ ਮਿਲ ਕੇ ਪ੍ਰਾਰਥਨਾ ਕੀਤੀ। ਉਹ ਨਾ ਸਿਰਫ਼ ਖਾਣਾ ਖਾਣ ਤੋਂ ਪਹਿਲਾਂ, ਸਗੋਂ ਹੋਰ ਮੌਕਿਆਂ ’ਤੇ ਵੀ ਪ੍ਰਾਰਥਨਾ ਕਰਦਾ ਸੀ। ਉਸ ਨੇ ਆਪਣੇ ਪਿਤਾ ਦਾ ਧੰਨਵਾਦ ਕਰਨ, ਉਸ ਦੀ ਵਡਿਆਈ ਕਰਨ ਅਤੇ ਜ਼ਰੂਰੀ ਫ਼ੈਸਲੇ ਕਰਨ ਤੋਂ ਪਹਿਲਾਂ ਸੇਧ ਲਈ ਉਸ ਨੂੰ ਪ੍ਰਾਰਥਨਾ ਕੀਤੀ।
ਨਿਰਸੁਆਰਥ ਬਣੋ
ਕਦੇ-ਕਦੇ ਯਿਸੂ ਥੱਕ ਜਾਂਦਾ ਸੀ ਅਤੇ ਉਸ ਨੂੰ ਵੀ ਆਰਾਮ ਕਰਨ ਦੀ ਲੋੜ ਪੈਂਦੀ ਸੀ। ਫਿਰ ਵੀ ਉਹ ਆਪਣੇ ਬਾਰੇ ਸੋਚਣ ਦੀ ਬਜਾਇ ਦੂਜਿਆਂ ਬਾਰੇ ਸੋਚਦਾ ਸੀ। ਉਹ ਜ਼ਰਾ ਵੀ ਸੁਆਰਥੀ ਨਹੀਂ ਸੀ। ਇਸ ਮਾਮਲੇ ਵਿਚ ਉਸ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ।
ਮਾਫ਼ ਕਰਨ ਲਈ ਤਿਆਰ ਰਹੋ
ਯਿਸੂ ਨੇ ਮਾਫ਼ ਕਰਨ ਬਾਰੇ ਸਿਰਫ਼ ਸਿਖਾਇਆ ਹੀ ਨਹੀਂ, ਸਗੋਂ ਇਸ ਮਾਮਲੇ ਵਿਚ ਉਸ ਨੇ ਵਧੀਆ ਮਿਸਾਲ ਵੀ ਕਾਇਮ ਕੀਤੀ। ਉਹ ਹਮੇਸ਼ਾ ਆਪਣੇ ਚੇਲਿਆਂ ਅਤੇ ਹੋਰ ਲੋਕਾਂ ਨੂੰ ਮਾਫ਼ ਕਰਦਾ ਰਿਹਾ।
ਜੋਸ਼ੀਲੇ ਬਣੋ
ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਜ਼ਿਆਦਾਤਰ ਯਹੂਦੀ ਮਸੀਹ ਨੂੰ ਸਵੀਕਾਰ ਨਹੀਂ ਕਰਨਗੇ ਅਤੇ ਉਸ ਦੇ ਦੁਸ਼ਮਣ ਉਸ ਨੂੰ ਮਾਰ ਦੇਣਗੇ। ਪਰ ਯਿਸੂ ਡਰ ਦੇ ਮਾਰੇ ਪਿੱਛੇ ਨਹੀਂ ਹਟਿਆ, ਸਗੋਂ ਉਸ ਨੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਸ਼ੁੱਧ ਭਗਤੀ ਨੂੰ ਅੱਗੇ ਵਧਾਇਆ। ਇਸ ਤਰ੍ਹਾਂ ਉਸ ਨੇ ਉਨ੍ਹਾਂ ਮਸੀਹੀਆਂ ਲਈ ਜੋਸ਼ ਦੀ ਇਕ ਵਧੀਆ ਮਿਸਾਲ ਕਾਇਮ ਕੀਤੀ ਜਿਨ੍ਹਾਂ ਦੇ ਇਲਾਕੇ ਵਿਚ ਲੋਕ ਖ਼ੁਸ਼ ਖ਼ਬਰੀ ਨਹੀਂ ਸੁਣਦੇ ਜਾਂ ਉਨ੍ਹਾਂ ਦਾ ਵਿਰੋਧ ਕਰਦੇ ਹਨ।
ਨਿਮਰ ਬਣੋ
ਮੁਕੰਮਲ ਹੋਣ ਕਰਕੇ ਯਿਸੂ ਕੋਲ ਬਾਕੀ ਲੋਕਾਂ ਨਾਲੋਂ ਕਿਤੇ ਜ਼ਿਆਦਾ ਗਿਆਨ ਸੀ। ਉਹ ਸਿਹਤ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਅਤੇ ਬੁੱਧੀਮਾਨ ਸੀ। ਫਿਰ ਵੀ ਉਸ ਨੇ ਨਿਮਰ ਰਹਿ ਕੇ ਦੂਜਿਆਂ ਦੀ ਸੇਵਾ ਕੀਤੀ।
ਧੀਰਜ ਰੱਖੋ
ਜਦੋਂ ਯਿਸੂ ਦੇ ਰਸੂਲ ਅਤੇ ਹੋਰ ਲੋਕ ਉਸ ਦੀ ਸਿੱਖਿਆ ਜਾਂ ਮਿਸਾਲ ’ਤੇ ਨਹੀਂ ਚੱਲਦੇ ਸਨ, ਤਾਂ ਉਹ ਉਨ੍ਹਾਂ ਨਾਲ ਹਮੇਸ਼ਾ ਧੀਰਜ ਨਾਲ ਪੇਸ਼ ਆਉਂਦਾ ਸੀ। ਉਹ ਵਾਰ-ਵਾਰ ਆਪਣੇ ਚੇਲਿਆਂ ਨੂੰ ਉਹ ਗੱਲਾਂ ਦੱਸਦਾ ਸੀ ਜਿਨ੍ਹਾਂ ਦੀ ਮਦਦ ਨਾਲ ਉਹ ਯਹੋਵਾਹ ਦੇ ਹੋਰ ਨੇੜੇ ਜਾ ਸਕਦੇ ਸਨ।