ਨੌਜਵਾਨ ਪੁੱਛਦੇ ਹਨ
ਕੀ ਚੰਗੇ ਸੰਸਕਾਰਾਂ ਨਾਲ ਕੋਈ ਫ਼ਰਕ ਪੈਂਦਾ ਹੈ?
‘ਲੋਕ ਮੇਰੇ ਲਈ ਦਰਵਾਜ਼ਾ ਨਹੀਂ ਖੋਲ੍ਹਦੇ, ਤਾਂ ਮੈਂ ਉਨ੍ਹਾਂ ਲਈ ਕਿਉਂ ਖੋਲ੍ਹਾਂ?’
‘ਕੀ ਸਾਨੂੰ “ਪਲੀਜ਼,” “ਥੈਂਕਯੂ” ਅਤੇ “ਐਕਸਕਿਊਜ਼ ਮੀ” ਕਹਿਣ ਨਾਲੋਂ ਹੋਰ ਅਹਿਮ ਗੱਲਾਂ ਬਾਰੇ ਨਹੀਂ ਸੋਚਣਾ ਚਾਹੀਦਾ?’
‘ਮੈਨੂੰ ਆਪਣੇ ਭੈਣਾਂ-ਭਰਾਵਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ ਦੀ ਕੋਈ ਲੋੜ ਨਹੀਂ ਹੈ। ਅਸੀਂ ਤਾਂ ਇਕ ਪਰਿਵਾਰ ਦੇ ਜੀਅ ਹਾਂ।’
ਕੀ ਤੁਸੀਂ ਵੀ ਇੱਦਾਂ ਹੀ ਸੋਚਦੇ ਹੋ? ਜੇ ਹਾਂ, ਤਾਂ ਤੁਸੀਂ ਸਹੀ ਤਰੀਕੇ ਨਾਲ ਪੇਸ਼ ਆਉਣ ਦੇ ਫ਼ਾਇਦੇ ਲੈਣ ਤੋਂ ਖੁੰਝ ਸਕਦੇ ਹੋ!
ਤੁਹਾਨੂੰ ਚੰਗੇ ਸੰਸਕਾਰਾਂ ਬਾਰੇ ਕੀ ਪਤਾ ਹੋਣਾ ਚਾਹੀਦਾ?
ਚੰਗੇ ਸੰਸਕਾਰਾਂ ਕਰਕੇ ਤੁਹਾਡੀ ਜ਼ਿੰਦਗੀ ਦੇ ਤਿੰਨ ਪਹਿਲੂਆਂ ਵਿਚ ਸੁਧਾਰ ਹੋ ਸਕਦਾ ਹੈ:
1. ਤੁਹਾਡੀ ਨੇਕਨਾਮੀ। ਤੁਸੀਂ ਲੋਕਾਂ ਨਾਲ ਜਿਸ ਤਰੀਕੇ ਨਾਲ ਪੇਸ਼ ਆਉਂਦੇ ਹੋ, ਉਸ ਦਾ ਉਨ੍ਹਾਂ ʼਤੇ ਚੰਗਾ ਜਾਂ ਬੁਰਾ ਅਸਰ ਪੈਂਦਾ ਹੈ। ਜੇ ਤੁਹਾਡੇ ਵਿਚ ਵਧੀਆ ਸੰਸਕਾਰ ਹਨ, ਤਾਂ ਲੋਕ ਸੋਚਣਗੇ ਕਿ ਤੁਸੀਂ ਸਮਝਦਾਰ ਤੇ ਜ਼ਿੰਮੇਵਾਰ ਹੋ। ਉਹ ਤੁਹਾਡੇ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣਗੇ। ਪਰ ਜੇ ਤੁਹਾਡਾ ਸੁਭਾਅ ਰੁੱਖਾ ਜਾਂ ਅੜਬ ਹੈ, ਤਾਂ ਲੋਕ ਇਹੀ ਸੋਚਣਗੇ ਕਿ ਤੁਸੀਂ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹੋ। ਨਾਲੇ ਉਹ ਸ਼ਾਇਦ ਤੁਹਾਨੂੰ ਕੰਮ ʼਤੇ ਨਾ ਰੱਖਣ ਅਤੇ ਤੁਹਾਡੇ ਹੱਥੋਂ ਹੋਰ ਮੌਕੇ ਖੁੰਝ ਜਾਣ। ਬਾਈਬਲ ਦੱਸਦੀ ਹੈ ਕਿ “ਜਿਹੜਾ ਨਿਰਦਈ ਹੈ ਉਹ ਆਪਣੇ ਹੀ ਸਰੀਰ ਨੂੰ ਦੁਖ ਦਿੰਦਾ ਹੈ।”—ਕਹਾਉਤਾਂ 11:17.
2. ਤੁਹਾਡੇ ਦੋਸਤ। ਬਾਈਬਲ ਕਹਿੰਦੀ ਹੈ: “ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।” (ਕੁਲੁੱਸੀਆਂ 3:14) ਇਹ ਦੋਸਤੀ ਦੇ ਮਾਮਲੇ ਬਾਰੇ ਵੀ ਸੱਚ ਹੈ। ਲੋਕ ਉਨ੍ਹਾਂ ਵੱਲ ਖਿੱਚੇ ਜਾਂਦੇ ਹਨ ਜਿਨ੍ਹਾਂ ਦੇ ਸੰਸਕਾਰ ਵਧੀਆ ਹੁੰਦੇ ਹਨ ਅਤੇ ਜੋ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਨ। ਕੌਣ ਕਿਸੇ ਰੁੱਖੇ ਵਿਅਕਤੀ ਦਾ ਦੋਸਤ ਬਣਨਾ ਚਾਹੇਗਾ?
3. ਲੋਕ ਜਿਸ ਤਰੀਕੇ ਨਾਲ ਤੁਹਾਡੇ ਨਾਲ ਪੇਸ਼ ਆਉਂਦੇ ਹਨ। ਜੈਨੀਫ਼ਰ ਨਾਂ ਦੀ ਨੌਜਵਾਨ ਕਹਿੰਦੀ ਹੈ: “ਜੇ ਤੁਸੀਂ ਹਮੇਸ਼ਾ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹੋ, ਤਾਂ ਸਮੇਂ ਦੇ ਬੀਤਣ ਨਾਲ ਤੁਸੀਂ ਦੂਜਿਆਂ ਦੇ ਵਿਵਹਾਰ ਵਿਚ ਵੀ ਸੁਧਾਰ ਦੇਖੋਗੇ, ਇੱਥੋਂ ਤਕ ਕਿ ਰੁੱਖੇ ਤਰੀਕੇ ਨਾਲ ਪੇਸ਼ ਆਉਣ ਵਾਲਿਆਂ ਦੇ ਵਿਵਹਾਰ ਵਿਚ ਵੀ।” ਬਿਨਾਂ ਸ਼ੱਕ, ਜੇ ਤੁਸੀਂ ਕਿਸੇ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਓਗੇ, ਤਾਂ ਉਹ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਪੇਸ਼ ਆਵੇਗਾ। ਬਾਈਬਲ ਦੱਸਦੀ ਹੈ: “ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਾਪ ਕੇ ਦਿੰਦੇ ਹੋ, ਉਸੇ ਮਾਪ ਨਾਲ ਉਹ ਤੁਹਾਨੂੰ ਵੀ ਮਾਪ ਕੇ ਦੇਣਗੇ।”—ਮੱਤੀ 7:2.
ਮੁੱਖ ਗੱਲ: ਅਸੀਂ ਹਰ ਰੋਜ਼ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਜਿਸ ਤਰੀਕੇ ਨਾਲ ਪੇਸ਼ ਆਉਂਦੇ ਹੋ, ਉਸ ਆਧਾਰ ʼਤੇ ਲੋਕ ਤੁਹਾਡੇ ਬਾਰੇ ਆਪਣੀ ਰਾਇ ਕਾਇਮ ਕਰਦੇ ਹਨ ਅਤੇ ਤੁਹਾਡੇ ਨਾਲ ਪੇਸ਼ ਆਉਂਦੇ ਹਨ। ਮਤਲਬ ਤੁਹਾਡੇ ਚੰਗੇ ਸੰਸਕਾਰਾਂ ਨਾਲ ਵਾਕਈ ਫ਼ਰਕ ਪੈਂਦਾ ਹੈ।
ਸੁਧਾਰ ਕਿਵੇਂ ਕਰੀਏ?
ਆਪਣੇ ਸੰਸਕਾਰਾਂ ਦੀ ਖ਼ੁਦ ਜਾਂਚ ਕਰੋ। ਆਪਣੇ ਆਪ ਤੋਂ ਅਜਿਹੇ ਸਵਾਲ ਪੁੱਛੋ: ‘ਕੀ ਮੈਂ ਵੱਡਿਆਂ ਨਾਲ ਆਦਰ ਨਾਲ ਪੇਸ਼ ਆਉਂਦਾ ਹਾਂ? ਮੈਂ ਕਿੰਨੀ ਕੁ ਵਾਰ “ਪਲੀਜ਼,” “ਥੈਂਕਯੂ” ਅਤੇ “ਐਕਸਕਿਊਜ਼ ਮੀ” ਕਹਿੰਦਾ ਹਾਂ? ਕੀ ਦੂਜਿਆਂ ਨਾਲ ਗੱਲ ਕਰਦਿਆਂ ਮੇਰਾ ਧਿਆਨ ਕਿਸੇ ਹੋਰ ਪਾਸੇ ਹੁੰਦਾ ਹੈ, ਜਿਵੇਂ ਪੜ੍ਹਨ ਅਤੇ ਮੈਸਿਜ ਕਰਨ ਵੱਲ? ਕੀ ਮੈਂ ਆਪਣੇ ਮਾਪਿਆਂ ਅਤੇ ਭੈਣਾਂ-ਭਰਾਵਾਂ ਨਾਲ ਆਦਰ ਨਾਲ ਪੇਸ਼ ਆਉਂਦਾ ਹਾਂ ਜਾਂ ਕੀ ਮੈਂ ਆਪਣੇ “ਪਰਿਵਾਰ ਦੇ ਮੈਂਬਰਾਂ” ਨਾਲ ਜਿੱਦਾਂ ਚਾਹੁੰਦਾ ਹਾਂ, ਉੱਦਾਂ ਗੱਲ ਕਰਦਾ?’
ਬਾਈਬਲ ਦੱਸਦੀ ਹੈ: “ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰੋ।”—ਰੋਮੀਆਂ 12:10.
ਟੀਚੇ ਰੱਖੋ। ਤਿੰਨ ਗੱਲਾਂ ਲਿਖੋ ਜਿਨ੍ਹਾਂ ਵਿਚ ਤੁਸੀਂ ਸੁਧਾਰ ਕਰਨਾ ਚਾਹੁੰਦੇ ਹੋ। ਮਿਸਾਲ ਲਈ, 15 ਸਾਲਾਂ ਦੀ ਐਲੀਸਨ ਕਹਿੰਦੀ ਹੈ ਕਿ ਉਸ ਨੂੰ “ਆਪੇ ਬੋਲੀ ਜਾਣ ਦੀ ਬਜਾਇ ਦੂਸਰਿਆਂ ਦੀ ਗੱਲ ਸੁਣਨੀ” ਚਾਹੀਦੀ ਹੈ। 19 ਸਾਲਾਂ ਦਾ ਡੇਵਿਡ ਕਹਿੰਦਾ ਹੈ ਕਿ ਉਸ ਨੂੰ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਹੁੰਦਿਆਂ ਮੈਸਿਜ ਕਰਨ ਦੀ ਆਦਤ ʼਤੇ ਕਾਬੂ ਪਾਉਣ ਦੀ ਲੋੜ ਹੈ। ਉਹ ਕਹਿੰਦਾ ਹੈ: “ਇਹ ਵਧੀਆ ਗੱਲ ਨਹੀਂ ਹੈ। ਇੱਦਾਂ ਕਰ ਕੇ ਮੈਂ ਦਿਖਾਉਂਦਾ ਹਾਂ ਕਿ ਉਨ੍ਹਾਂ ਨਾਲ ਗੱਲ ਦੀ ਬਜਾਇ ਮੈਂ ਕਿਸੇ ਹੋਰ ਨਾਲ ਗੱਲ ਕਰਨੀ ਚਾਹੁੰਦਾ ਹਾਂ।” 17 ਸਾਲਾਂ ਦਾ ਐਡਵਰਡ ਦੱਸਦਾ ਹੈ ਕਿ ਜਦੋਂ ਦੂਜੇ ਗੱਲ ਕਰਦੇ ਹਨ, ਤਾਂ ਉਨ੍ਹਾਂ ਨੂੰ ਵਿੱਚੇ ਟੋਕਣ ਦੀ ਆਪਣੀ ਆਦਤ ਨੂੰ ਸੁਧਾਰਨ ਦੀ ਲੋੜ ਹੈ। ਜੈਨੀਫ਼ਰ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੂੰ ਵੱਡਿਆਂ ਨਾਲ ਪੇਸ਼ ਆਉਣ ਸੰਬੰਧੀ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ। ਉਹ ਦੱਸਦੀ ਹੈ: “ਮੈਂ ਜਲਦੀ ਨਾਲ ਉਨ੍ਹਾਂ ਨੂੰ ‘ਨਮਸਤੇ’ ਕਹਿ ਕੇ ਆਪਣੇ ਦੋਸਤਾਂ ਨਾਲ ਗੱਲ ਕਰਨ ਲੱਗ ਪੈਂਦੀ ਸੀ। ਪਰ ਹੁਣ ਮੈਂ ਉਨ੍ਹਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੀ ਹਾਂ। ਇਸ ਤਰ੍ਹਾਂ ਮੈਂ ਆਪਣੇ ਵਿਚ ਕਾਫ਼ੀ ਸੁਧਾਰ ਕਰ ਸਕੀ ਹਾਂ।”
ਬਾਈਬਲ ਦੱਸਦੀ ਹੈ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”—ਫ਼ਿਲਿੱਪੀਆਂ 2:4.
ਦੇਖੋ ਕਿ ਤੁਸੀਂ ਕਿੰਨਾ ਸੁਧਾਰ ਕੀਤਾ। ਇਕ ਮਹੀਨੇ ਲਈ ਆਪਣੀ ਬੋਲਚਾਲ ਜਾਂ ਪੇਸ਼ ਆਉਣ ਦੇ ਤਰੀਕੇ ʼਤੇ ਧਿਆਨ ਦਿਓ ਅਤੇ ਦੇਖੋ ਕਿ ਤੁਹਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਮਹੀਨੇ ਦੇ ਅਖ਼ੀਰ ਵਿਚ ਆਪਣੇ ਆਪ ਤੋਂ ਪੁੱਛੋ: ‘ਚੰਗੇ ਸੰਸਕਾਰ ਦਿਖਾਉਣ ਕਰਕੇ ਮੈਂ ਕਿਵੇਂ ਹੋਰ ਵਧੀਆ ਇਨਸਾਨ ਬਣ ਸਕਿਆ ਹਾਂ? ਮੈਨੂੰ ਕਿਨ੍ਹਾਂ ਮਾਮਲਿਆਂ ਵਿਚ ਅਜੇ ਵੀ ਸੁਧਾਰ ਕਰਨ ਦੀ ਲੋੜ ਹੈ?’ ਫਿਰ ਇਸ ਮੁਤਾਬਕ ਨਵੇਂ ਟੀਚੇ ਰੱਖੋ।
ਬਾਈਬਲ ਦੱਸਦੀ ਹੈ: “ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”—ਲੂਕਾ 6:31.