ਨੌਜਵਾਨ ਪੁੱਛਦੇ ਹਨ
ਮੈਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
ਇਕ ਸਰਵੇ ਅਨੁਸਾਰ ਅਮਰੀਕਾ ਦੇ 80 ਪ੍ਰਤਿਸ਼ਤ ਨੌਜਵਾਨ ਪ੍ਰਾਰਥਨਾ ਕਰਦੇ ਹਨ, ਪਰ ਇਨ੍ਹਾਂ ਵਿੱਚੋਂ ਅੱਧੇ ਜਣੇ ਹੀ ਹਰ ਰੋਜ਼ ਪ੍ਰਾਰਥਨਾ ਕਰਦੇ ਹਨ। ਬਿਨਾਂ ਸ਼ੱਕ, ਇਨ੍ਹਾਂ ਵਿੱਚੋਂ ਕੁਝ ਜਣੇ ਸੋਚਦੇ ਹੋਣੇ: ਕੀ ਪ੍ਰਾਰਥਨਾ ਕਰ ਕੇ ਸਿਰਫ਼ ਮਨ ਦੀ ਸ਼ਾਂਤੀ ਮਿਲਦੀ ਹੈ ਜਾਂ ਇਸ ਦਾ ਕੋਈ ਹੋਰ ਫ਼ਾਇਦਾ ਵੀ ਹੁੰਦਾ ਹੈ?
ਪ੍ਰਾਰਥਨਾ ਕੀ ਹੈ?
ਪ੍ਰਾਰਥਨਾ ਸਿਰਜਣਹਾਰ ਨਾਲ ਗੱਲ ਕਰਨ ਦਾ ਤਰੀਕਾ ਹੈ। ਜ਼ਰਾ ਸੋਚੋ! ਯਹੋਵਾਹ ਇਨਸਾਨ ਤੋਂ ਹਰ ਤਰੀਕੇ ਵਿਚ ਮਹਾਨ ਹੈ, ਪਰ “ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂਲਾਂ ਦੇ ਕੰਮ 17:27) ਦਰਅਸਲ, ਬਾਈਬਲ ਸਾਨੂੰ ਇਹ ਵਧੀਆ ਸੱਦਾ ਦਿੰਦੀ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.
ਤੁਸੀਂ ਰੱਬ ਦੇ ਨੇੜੇ ਕਿਵੇਂ ਜਾ ਸਕਦੇ ਹੋ?
ਇਕ ਤਰੀਕਾ ਹੈ, ਪ੍ਰਾਰਥਨਾ ਕਰ ਕੇ। ਇਸ ਤਰ੍ਹਾਂ ਤੁਸੀਂ ਰੱਬ ਨਾਲ ਗੱਲ ਕਰਦੇ ਹੋ।
ਹੋਰ ਤਰੀਕਾ ਹੈ, ਬਾਈਬਲ ਦਾ ਅਧਿਐਨ ਕਰ ਕੇ। ਇਸ ਤਰ੍ਹਾਂ ਰੱਬ ਤੁਹਾਡੇ ਨਾਲ “ਗੱਲ” ਕਰਦਾ ਹੈ।
ਪ੍ਰਾਰਥਨਾ ਕਰ ਕੇ ਤੁਸੀਂ ਰੱਬ ਨਾਲ ਤੇ ਬਾਈਬਲ ਦਾ ਅਧਿਐਨ ਕਰ ਕੇ ਰੱਬ ਤੁਹਾਡੇ ਨਾਲ ਗੱਲ ਕਰਦਾ ਹੈ। ਇਨ੍ਹਾਂ ਤਰੀਕਿਆਂ ਨਾਲ ਤੁਸੀਂ ਰੱਬ ਨਾਲ ਮਜ਼ਬੂਤ ਰਿਸ਼ਤਾ ਜੋੜ ਸਕੋਗੇ।
“ਅੱਤ ਮਹਾਨ ਯਹੋਵਾਹ ਨਾਲ ਗੱਲ ਕਰਨ ਦਾ ਸਨਮਾਨ ਇਨਸਾਨਾਂ ਲਈ ਸਭ ਤੋਂ ਵੱਡਾ ਸਨਮਾਨ ਹੈ।”—ਜਰਮੀ।
“ਪ੍ਰਾਰਥਨਾ ਰਾਹੀਂ ਯਹੋਵਾਹ ਨਾਲ ਆਪਣੇ ਦਿਲ ਦੀਆਂ ਗੱਲਾਂ ਕਰ ਕੇ ਮੈਂ ਉਸ ਦੇ ਹੋਰ ਨੇੜੇ ਮਹਿਸੂਸ ਕਰਦੀ ਹਾਂ।”—ਮੀਰਾਂਡਾ।
ਕੀ ਰੱਬ ਸਾਡੀ ਪ੍ਰਾਰਥਨਾ ਸੁਣਦਾ ਹੈ?
ਭਾਵੇਂ ਤੁਸੀਂ ਰੱਬ ਨੂੰ ਮੰਨਦੇ ਹੋ ਅਤੇ ਉਸ ਨੂੰ ਪ੍ਰਾਰਥਨਾ ਵੀ ਕਰਦੇ ਹੋ, ਤਾਂ ਵੀ ਤੁਹਾਨੂੰ ਸ਼ਾਇਦ ਇਹ ਗੱਲ ਮੰਨਣੀ ਔਖੀ ਲੱਗੇ ਕਿ ਉਹ ਵਾਕਈ ਤੁਹਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। ਪਰ ਬਾਈਬਲ ਵਿਚ ਯਹੋਵਾਹ ਨੂੰ ‘ਪ੍ਰਾਰਥਨਾ ਦਾ ਸੁਣਨ ਵਾਲਾ’ ਕਿਹਾ ਗਿਆ ਹੈ। (ਜ਼ਬੂਰਾਂ ਦੀ ਪੋਥੀ 65:2) ਬਾਈਬਲ ਇਹ ਵੀ ਕਹਿੰਦੀ ਹੈ ਕਿ ਤੁਸੀਂ “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ।” ਕਿਉਂ? “ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.
ਜ਼ਰਾ ਸੋਚੋ: ਕੀ ਤੁਸੀਂ ਆਪਣੇ ਕਰੀਬੀ ਦੋਸਤਾਂ ਨਾਲ ਬਾਕਾਇਦਾ ਗੱਲ ਕਰਨ ਲਈ ਸਮਾਂ ਕੱਢਦੇ ਹੋ? ਤੁਸੀਂ ਰੱਬ ਨਾਲ ਵੀ ਬਾਕਾਇਦਾ ਗੱਲ ਕਰਨ ਲਈ ਸਮਾਂ ਕੱਢ ਸਕਦੇ ਹੋ। ਹਰ ਰੋਜ਼ ਉਸ ਦਾ ਨਾਂ ਲੈ ਕੇ ਪ੍ਰਾਰਥਨਾ ਕਰੋ। ਉਸ ਦਾ ਨਾਂ ਯਹੋਵਾਹ ਹੈ। (ਜ਼ਬੂਰਾਂ ਦੀ ਪੋਥੀ 86:5-7; 88:9) ਵਾਕਈ, ਬਾਈਬਲ ਤੁਹਾਨੂੰ ਸੱਦਾ ਦਿੰਦੀ ਹੈ ਕਿ ਤੁਸੀਂ “ਲਗਾਤਾਰ ਪ੍ਰਾਰਥਨਾ ਕਰਦੇ ਰਹੋ।”—1 ਥੱਸਲੁਨੀਕੀਆਂ 5:17.
“ਪ੍ਰਾਰਥਨਾ ਵਿਚ ਮੈਂ ਆਪਣੇ ਸਵਰਗੀ ਪਿਤਾ ਨਾਲ ਗੱਲ ਕਰਦੀ ਹਾਂ। ਉਸ ਨਾਲ ਮੈਂ ਆਪਣੇ ਦਿਲ ਦੀਆਂ ਸਾਰੀਆਂ ਗੱਲ ਕਰਦੀ ਹਾਂ।”—ਮੋਈਸਸ।
“ਮੈਂ ਯਹੋਵਾਹ ਨਾਲ ਆਪਣੀ ਹਰ ਗੱਲ ਕਰਦੀ ਹਾਂ, ਜਿੱਦਾਂ ਮੈਂ ਆਪਣੀ ਮੰਮੀ ਜਾਂ ਕਿਸੇ ਕਰੀਬੀ ਦੋਸਤ ਨਾਲ ਕਰਦੀ ਹਾਂ।”—ਕੈਰਨ।
ਮੈਂ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦਾ ਹਾਂ?
ਬਾਈਬਲ ਕਹਿੰਦੀ ਹੈ: “ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ।”—ਫ਼ਿਲਿੱਪੀਆਂ 4:6.
ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਵੀ ਉਸ ਨੂੰ ਦੱਸ ਸਕਦੇ ਹਾਂ? ਬਿਲਕੁਲ! ਦਰਅਸਲ, ਬਾਈਬਲ ਕਹਿੰਦੀ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ।”—ਜ਼ਬੂਰਾਂ ਦੀ ਪੋਥੀ 55:22.
ਬਿਨਾਂ ਸ਼ੱਕ, ਰੱਬ ਨੂੰ ਪ੍ਰਾਰਥਨਾ ਕਰਦਿਆਂ ਤੁਹਾਨੂੰ ਸਿਰਫ਼ ਆਪਣੀਆਂ ਮੁਸ਼ਕਲਾਂ ਬਾਰੇ ਹੀ ਗੱਲ ਨਹੀਂ ਕਰਨੀ ਚਾਹੀਦੀ। ਛੈਂਟਐਲ ਨਾਂ ਦੀ ਨੌਜਵਾਨ ਕਹਿੰਦੀ ਹੈ: “ਜੇ ਮੈਂ ਯਹੋਵਾਹ ਨੂੰ ਸਿਰਫ਼ ਮਦਦ ਲਈ ਹੀ ਪੁਕਾਰਾਂ, ਤਾਂ ਇਹ ਵਧੀਆ ਦੋਸਤੀ ਨਹੀਂ ਹੋਵੇਗੀ। ਮੈਨੂੰ ਲੱਗਦਾ ਹੈ ਕਿ ਪਹਿਲਾਂ ਮੈਨੂੰ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ ਤੇ ਧੰਨਵਾਦ ਕਰਨ ਦੀ ਲਿਸਟ ਵੱਡੀ ਹੋਣੀ ਚਾਹੀਦੀ ਹੈ।”
ਜ਼ਰਾ ਸੋਚੋ: ਤੁਸੀਂ ਕਿਹੜੀਆਂ ਗੱਲਾਂ ਲਈ ਸ਼ੁਕਰਗੁਜ਼ਾਰ ਹੋ ਸਕਦੇ ਹੋ? ਕੀ ਤੁਸੀਂ ਤਿੰਨ ਗੱਲਾਂ ਬਾਰੇ ਸੋਚ ਸਕਦੇ ਹੋ ਜਿਨ੍ਹਾਂ ਲਈ ਤੁਸੀਂ ਅੱਜ ਯਹੋਵਾਹ ਨੂੰ ਧੰਨਵਾਦ ਕਹਿ ਸਕਦੇ ਹੋ?
“ਛੋਟੀ ਤੋਂ ਛੋਟੀ ਗੱਲ ਲਈ ਅਸੀਂ ਪ੍ਰਾਰਥਨਾ ਵਿਚ ਯਹੋਵਾਹ ਦਾ ਧੰਨਵਾਦ ਕਰ ਸਕਦੇ ਹਾਂ, ਜਿਵੇਂ ਇਕ ਸੋਹਣੇ ਫੁੱਲ ਲਈ।”—ਅਨੀਤਾ।
ਸ੍ਰਿਸ਼ਟੀ ਵਿਚ ਤੁਹਾਨੂੰ ਜੋ ਚੀਜ਼ ਸੋਹਣੀ ਲੱਗਦੀ ਹੈ ਜਾਂ ਬਾਈਬਲ ਦੀ ਕੋਈ ਆਇਤ ਜੋ ਤੁਹਾਨੂੰ ਪਸੰਦ ਹੈ, ਉਸ ʼਤੇ ਸੋਚ-ਵਿਚਾਰ ਕਰੋ ਅਤੇ ਫਿਰ ਉਸ ਲਈ ਯਹੋਵਾਹ ਦਾ ਧੰਨਵਾਦ ਕਰੋ।”—ਬ੍ਰਾਈਅਨ॥