ਨੌਜਵਾਨ ਪੁੱਛਦੇ ਹਨ
ਜੇ ਮੈਨੂੰ ਸਕੂਲ ਜਾਣਾ ਪਸੰਦ ਨਹੀਂ, ਤਾਂ ਮੈਂ ਕੀ ਕਰਾਂ?
ਸਕੂਲ ਵਿਚ ਸਖ਼ਤ ਟੀਚਰ, ਹਾਣੀਆਂ ਦਾ ਦਬਾਅ, ਪੇਪਰਾਂ ਦੀ ਚਿੰਤਾ ਅਤੇ ਘਰੋਂ ਕਰਨ ਲਈ ਢੇਰ ਸਾਰਾ ਕੰਮ ਹੁੰਦਾ ਹੈ। ਸੋ ਜੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਸਕੂਲ ਜਾਣਾ ਪਸੰਦ ਨਹੀਂ, ਤਾਂ ਅਸੀਂ ਸਮਝ ਸਕਦੇ ਹਾਂ ਕਿ ਤੁਸੀਂ ਇੱਦਾਂ ਕਿਉਂ ਮਹਿਸੂਸ ਕਰਦੇ ਹੋ। a ਨੌਜਵਾਨ ਰੇਚਲ b ਕਹਿੰਦੀ ਹੈ:
“ਮੈਨੂੰ ਸਕੂਲ ਤੋਂ ਇਲਾਵਾ ਹੋਰ ਕਿਤੇ ਵੀ ਜਾਣਾ ਵਧੀਆ ਲੱਗੇਗਾ। ਮੈਨੂੰ ਸਕੂਲ ਨਾਲੋਂ ਸਮੁੰਦਰ ਕਿਨਾਰੇ ਜਾਣਾ ਜਾਂ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣਾ ਜਾਂ ਆਪਣੇ ਮਾਪਿਆਂ ਨਾਲ ਖਾਣਾ ਬਣਾਉਣਾ ਜਾਂ ਸਫ਼ਾਈ ਕਰਨੀ ਜ਼ਿਆਦਾ ਵਧੀਆ ਲੱਗੇਗੀ!”
ਜੇ ਤੁਸੀਂ ਵੀ ਰੇਚਲ ਵਾਂਗ ਮਹਿਸੂਸ ਕਰਦੇ ਹੋ, ਤਾਂ ਸ਼ਾਇਦ ਤੁਹਾਨੂੰ ਆਪਣਾ ਸਕੂਲ ਜੇਲ੍ਹ ਵਾਂਗ ਲੱਗੇ। ਤੁਹਾਨੂੰ ਲੱਗੇ ਕਿ ਤੁਹਾਨੂੰ ਉਦੋਂ ਤਕ ਇਸ ਜੇਲ੍ਹ ਵਿਚ ਰਹਿਣਾ ਪਵੇਗਾ ਜਦੋਂ ਤਕ ਤੁਸੀਂ ਸਕੂਲ ਦੀ ਪੜ੍ਹਾਈ ਪੂਰੀ ਨਹੀਂ ਕਰ ਲੈਂਦੇ। ਕੀ ਕੋਈ ਹੋਰ ਤਰੀਕਾ ਹੈ ਜਿਸ ਕਰਕੇ ਤੁਹਾਨੂੰ ਸਕੂਲੇ ਵਧੀਆ ਲੱਗੇ?
ਕੀ ਤੁਸੀਂ ਜਾਣਦੇ ਹੋ? ਜਦੋਂ ਤੁਸੀਂ ਸਕੂਲ ਬਾਰੇ ਸਹੀ ਨਜ਼ਰੀਆ ਪੈਦਾ ਕਰੋਗੇ, ਤਾਂ ਤੁਸੀਂ ਸਕੂਲ ਮਜ਼ਬੂਰ ਹੋ ਕੇ ਨਹੀਂ ਜਾਓਗੇ, ਸਗੋਂ ਤੁਹਾਡਾ ਸਕੂਲੇ ਜਾਣ ਨੂੰ ਦਿਲ ਕਰੇਗਾ। ਫਿਰ ਸਕੂਲ ਤੁਹਾਡੇ ਲਈ ਇਕ ਇੱਦਾਂ ਦੀ ਜਗ੍ਹਾ ਹੋਵੇਗਾ ਜਿੱਥੇ ਤੁਸੀਂ ਆਪਣੇ ਵਿਚ ਉਹ ਹੁਨਰ ਪੈਦਾ ਕਰ ਸਕੋਗੇ ਅਤੇ ਉਨ੍ਹਾਂ ਨੂੰ ਨਿਖਾਰ ਸਕੋਗੇ ਜੋ ਵੱਡੇ ਹੋ ਕੇ ਤੁਹਾਡੇ ਕੰਮ ਆਉਣਗੇ।
ਸਕੂਲ ਬਾਰੇ ਸਹੀ ਨਜ਼ਰੀਆ ਰੱਖਣ ਲਈ ਇਨ੍ਹਾਂ ਗੱਲਾਂ ʼਤੇ ਆਪਣਾ ਧਿਆਨ ਲਾਓ:
ਤੁਹਾਡੀ ਪੜ੍ਹਾਈ। ਜਿੰਨਾ ਜ਼ਿਆਦਾ ਤੁਸੀਂ ਸਿੱਖੋਗੇ, ਉੱਨਾ ਜ਼ਿਆਦਾ ਤੁਸੀਂ ਵਧੀਆ ਤਰੀਕੇ ਨਾਲ ਮੁਸ਼ਕਲਾਂ ਦਾ ਹੱਲ ਕੱਢ ਸਕੋਗੇ। ਤੁਸੀਂ ਵੱਡੇ ਹੋ ਕੇ ਦੂਜਿਆਂ ʼਤੇ ਨਿਰਭਰ ਰਹਿਣ ਦੀ ਬਜਾਇ ਆਪਣੀ ਜ਼ਿੰਦਗੀ ਦੀਆਂ ਅਤੇ ਕੰਮ ʼਤੇ ਆਉਂਦੀਆਂ ਮੁਸ਼ਕਲਾਂ ਨੂੰ ਖ਼ੁਦ ਹੱਲ ਕਰ ਸਕੋਗੇ। ਖ਼ੁਦ ਤੋਂ ਪੁੱਛੋ, ‘ਚਾਹੇ ਮੈਨੂੰ ਸਕੂਲ ਦੀਆਂ ਕੁਝ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਪਰ ਪੜ੍ਹਾਈ ਕਰ ਕੇ ਮੈਨੂੰ ਕੀ ਫ਼ਾਇਦੇ ਹੋ ਰਹੇ ਹਨ?’
ਬਾਈਬਲ ਦਾ ਅਸੂਲ: “ਬੁੱਧ ਅਤੇ ਸੋਚਣ-ਸਮਝਣ ਦੀ ਕਾਬਲੀਅਤ ਦੀ ਰਾਖੀ ਕਰ।”—ਕਹਾਉਤਾਂ 3:21.
ਹੋਰ ਜਾਣਕਾਰੀ ਲਈ ਇਹ ਲੇਖ ਪੜ੍ਹੋ, “ਜੇ ਮੈਂ ਸਕੂਲ ਦੇ ਪੇਪਰਾਂ ਵਿੱਚੋਂ ਫੇਲ੍ਹ ਹੁੰਦਾ ਹਾਂ, ਤਾਂ ਮੈਂ ਕੀ ਕਰਾਂ?”
ਤੁਹਾਡੀਆਂ ਆਦਤਾਂ। ਸਕੂਲ ਜਾ ਕੇ ਤੁਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤਣਾ, ਅਨੁਸ਼ਾਸਨ ਵਿਚ ਰਹਿਣਾ ਅਤੇ ਮਿਹਨਤੀ ਬਣਨਾ ਸਿੱਖ ਸਕਦੇ ਹੋ। ਇਹ ਗੁਣ ਵੱਡੇ ਹੋ ਕੇ ਤੁਹਾਡੇ ਕੰਮ ਆਉਣਗੇ। ਖ਼ੁਦ ਤੋਂ ਪੁੱਛੋ: ‘ਸਕੂਲ ਜਾ ਕੇ ਮੈਂ ਕਿੱਦਾਂ ਅਨੁਸ਼ਾਸਨ ਵਿਚ ਰਹਿਣਾ ਅਤੇ ਮਿਹਨਤੀ ਬਣਨਾ ਸਿੱਖ ਰਿਹਾ ਹਾਂ? ਇਨ੍ਹਾਂ ਮਾਮਲਿਆਂ ਵਿਚ ਮੈਂ ਕਿਵੇਂ ਸੁਧਾਰ ਕਰ ਸਕਦਾ ਹਾਂ?’
ਬਾਈਬਲ ਦਾ ਅਸੂਲ: “ਹਰ ਤਰ੍ਹਾਂ ਦੀ ਸਖ਼ਤ ਮਿਹਨਤ ਕਰਨ ਦਾ ਫ਼ਾਇਦਾ ਹੁੰਦਾ ਹੈ।”—ਕਹਾਉਤਾਂ 14:23.
ਹੋਰ ਜਾਣਕਾਰੀ ਲਈ ਇਹ ਲੇਖ ਦੇਖੋ, “ਮੈਂ ਆਪਣਾ ਸਮਾਂ ਚੰਗੀ ਤਰ੍ਹਾਂ ਕਿਵੇਂ ਵਰਤਾਂ?”
ਤੁਹਾਡਾ ਦੂਜਿਆਂ ਨਾਲ ਰਿਸ਼ਤਾ। ਸਕੂਲ ਵਿਚ ਦੂਜੇ ਵਿਦਿਆਰਥੀਆਂ ਨਾਲ ਮਿਲਣ-ਗਿਲ਼ਣ ਕਰਕੇ ਦੂਜਿਆਂ ਲਈ ਹਮਦਰਦੀ ਅਤੇ ਆਦਰ ਪੈਦਾ ਹੋ ਸਕਦਾ ਹੈ। ਨੌਜਵਾਨ ਜੋਸ਼ੂਆ ਕਹਿੰਦਾ, “ਦੂਜਿਆਂ ਨਾਲ ਗੱਲਬਾਤ ਕਰਨੀ ਸਿੱਖਣੀ ਉੱਨੀ ਜ਼ਿਆਦਾ ਜ਼ਰੂਰੀ ਹੈ ਜਿੰਨਾ ਇਤਿਹਾਸ ਅਤੇ ਵਿਗਿਆਨ ਬਾਰੇ ਸਿੱਖਣਾ। ਇਹ ਅਜਿਹੀ ਕਾਬਲੀਅਤ ਹੈ ਜੋ ਜ਼ਿੰਦਗੀ ਭਰ ਤੁਹਾਡੇ ਕੰਮ ਆਵੇਗੀ।” ਖ਼ੁਦ ਨੂੰ ਪੁੱਛੋ, ‘ਮੈਂ ਸਕੂਲ ਵਿਚ ਦੂਜਿਆਂ ਨਾਲ ਮਿਲ-ਜੁਲ ਕੇ ਰਹਿਣ ਬਾਰੇ ਕੀ ਸਿੱਖਿਆ ਹੈ, ਉਨ੍ਹਾਂ ਨਾਲ ਵੀ ਜਿਨ੍ਹਾਂ ਦਾ ਪਿਛੋਕੜ ਅਤੇ ਵਿਸ਼ਵਾਸ ਮੇਰੇ ਨਾਲੋਂ ਵੱਖਰੇ ਹਨ?’
ਬਾਈਬਲ ਦਾ ਅਸੂਲ: ‘ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖੋ।’—ਇਬਰਾਨੀਆਂ 12:14.
ਹੋਰ ਜਾਣਕਾਰੀ ਲਈ ਇਹ ਲੇਖ ਦੇਖੋ, “ਮੈਂ ਹੋਰ ਵਧੀਆ ਤਰੀਕੇ ਨਾਲ ਗੱਲਬਾਤ ਕਰਨੀ ਕਿੱਦਾਂ ਸਿੱਖ ਸਕਦਾ?”
ਤੁਹਾਡਾ ਭਵਿੱਖ। ਸਕੂਲ ਜਾਣ ਕਰਕੇ ਤੁਸੀਂ ਆਪਣੀਆਂ ਕਾਬਲੀਅਤਾਂ ਪਛਾਣ ਸਕੋਗੇ ਅਤੇ ਇਸ ਮੁਤਾਬਕ ਟੀਚੇ ਰੱਖ ਸਕੋਗੇ। ਨੌਜਵਾਨ ਬਰੁੱਕ ਕਹਿੰਦੀ ਹੈ: ‘ਮੇਰੇ ਵਾਂਗ ਤੁਸੀਂ ਵੀ ਕੋਈ ਖ਼ਾਸ ਹੁਨਰ ਸਿੱਖ ਸਕਦੇ ਜਾਂ ਕੋਈ ਖ਼ਾਸ ਸਿਖਲਾਈ ਲੈ ਸਕਦੇ ਹੋ, ਇੱਦਾਂ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਤੁਸੀਂ ਨੌਕਰੀ ਕਰਨ ਦੇ ਕਾਬਲ ਹੋਵੋਗੇ।’ ਖ਼ੁਦ ਤੋਂ ਪੁੱਛੋ, ‘ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਆਪਣਾ ਗੁਜ਼ਾਰਾ ਤੋਰਨ ਲਈ ਮੈਂ ਕਿਹੜਾ ਕੰਮ ਕਰਾਂਗਾ? ਉਸ ਕੰਮ ਨੂੰ ਕਰਨ ਲਈ ਮੈਂ ਕਿਹੜੀ ਸਿਖਲਾਈ ਲੈ ਸਕਦਾ ਹਾਂ?’
ਬਾਈਬਲ ਦਾ ਅਸੂਲ: “ਤੂੰ ਹਰ ਕੰਮ ਕਰਨ ਤੋਂ ਪਹਿਲਾਂ, ਉਸ ਬਾਰੇ ਸੋਚ।”—ਕਹਾਉਤਾਂ 4:26, C.L.