ਨੌਜਵਾਨ ਪੁੱਛਦੇ ਹਨ
ਕੀ ਮੌਖਿਕ ਸੰਭੋਗ ਅਸਲ ਵਿਚ ਸੈਕਸ ਹੈ?
ਅਮਰੀਕਾ ਵਿਚ ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰ ਦੁਆਰਾ 15-19 ਸਾਲ ਦੇ ਕੁੜੀਆਂ-ਮੁੰਡਿਆਂ ਦਾ ਇੰਟਰਵਿਊ ਲਿਆ ਗਿਆ। ਇਨ੍ਹਾਂ ਵਿੱਚੋਂ ਲਗਭਗ ਅੱਧੇ ਨੌਜਵਾਨਾਂ ਨੇ ਮੌਖਿਕ ਸੰਭੋਗ ਕੀਤਾ ਸੀ। ਇਕ ਕਿਤਾਬ ਦੀ ਲੇਖਕਾ ਕਹਿੰਦੀ ਹੈ: “ਜੇ ਤੁਸੀਂ ਨੌਜਵਾਨਾਂ ਨਾਲ [ਮੌਖਿਕ ਸੰਭੋਗ ਬਾਰੇ] ਗੱਲ ਕਰੋ, ਤਾਂ ਉਹ ਕਹਿੰਦੇ ਹਨ ਇਸ ਵਿਚ ਕਿਹੜਾ ਕੋਈ ਵੱਡੀ ਗੱਲ ਹੈ। ਅਸਲ ਵਿਚ, ਉਹ ਇਸ ਨੂੰ ਸੈਕਸ ਮੰਨਦੇ ਹੀ ਨਹੀਂ।”
ਤੁਸੀਂ ਕੀ ਸੋਚਦੇ ਹੋ?
ਥੱਲੇ ਦਿੱਤੇ ਸਵਾਲਾਂ ਦਾ ਹਾਂ ਜਾਂ ਨਾਂਹ ਵਿਚ ਜਵਾਬ ਦਿਓ।
ਕੀ ਮੌਖਿਕ ਸੰਭੋਗ ਕਰਨ ਨਾਲ ਇਕ ਕੁੜੀ ਗਰਭਵਤੀ ਹੋ ਸਕਦੀ ਹੈ?
ਹਾਂ
ਨਹੀਂ
ਕੀ ਮੌਖਿਕ ਸੰਭੋਗ ਕਰਨ ਨਾਲ ਸਿਹਤ ʼਤੇ ਮਾੜਾ ਅਸਰ ਪੈਂਦਾ ਹੈ?
ਹਾਂ
ਨਹੀਂ
ਕੀ ਮੌਖਿਕ ਸੰਭੋਗ ਅਸਲ ਵਿਚ ਸੈਕਸ ਹੈ?
ਹਾਂ
ਨਹੀਂ
ਸੱਚਾਈ ਕੀ ਹੈ?
ਆਪਣੇ ਜਵਾਬਾਂ ਨੂੰ ਹੇਠਾਂ ਦਿੱਤੀ ਜਾਣਕਾਰੀ ਨਾਲ ਮਿਲਾਓ।
1. ਕੀ ਮੌਖਿਕ ਸੰਭੋਗ ਕਰਨ ਨਾਲ ਇਕ ਕੁੜੀ ਗਰਭਵਤੀ ਹੋ ਸਕਦੀ ਹੈ?
ਜਵਾਬ: ਨਹੀਂ। ਇਹ ਇਕ ਕਾਰਨ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਇਹ ਗ਼ਲਤ ਨਤੀਜਾ ਕੱਢ ਲੈਂਦੇ ਹਨ ਕਿ ਮੌਖਿਕ ਸੰਭੋਗ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ।
2. ਕੀ ਮੌਖਿਕ ਸੰਭੋਗ ਕਰਨ ਨਾਲ ਸਿਹਤ ʼਤੇ ਮਾੜਾ ਅਸਰ ਪੈਂਦਾ ਹੈ?
ਜਵਾਬ: ਹਾਂ। ਜਦੋਂ ਕੋਈ ਮੌਖਿਕ ਸੰਭੋਗ ਕਰਦਾ ਹੈ, ਤਾਂ ਉਸ ਨੂੰ ਹੈਪੀਟਾਇਟਿਸ (A ਜਾਂ B), ਜਣਨ ਮੌਲ, ਗੋਨੋਰਿਆ, ਹਰਪੀਜ਼, ਐੱਚ. ਆਈ. ਵੀ. ਅਤੇ ਸਿਫ਼ਲਿਸ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ।
3. ਕੀ ਮੌਖਿਕ ਸੰਭੋਗ ਅਸਲ ਵਿਚ ਸੈਕਸ ਹੈ?
ਜਵਾਬ: ਹਾਂ। ਇੱਦਾਂ ਦਾ ਕੁਝ ਵੀ ਕਰਨਾ ਜਿਸ ਵਿਚ ਦੂਸਰੇ ਵਿਅਕਤੀ ਦੇ ਜਣਨ ਅੰਗ ਸ਼ਾਮਲ ਹੋਣ ਉਸ ਨੂੰ ਸੈਕਸ ਕਿਹਾ ਜਾਂਦਾ ਹੈ। ਇਸ ਵਿਚ ਸੰਭੋਗ ਕਰਨਾ, ਮੌਖਿਕ ਸੰਭੋਗ, ਗੁਦਾ-ਸੰਭੋਗ ਅਤੇ ਹਥਰਸੀ ਵੀ ਸ਼ਾਮਲ ਹੈ।
ਮੌਖਿਕ ਸੰਭੋਗ ਕਰਨਾ ਗ਼ਲਤ ਕਿਉਂ ਹੈ?
ਆਓ ਬਾਈਬਲ ਵਿਚ ਦਿੱਤੀਆਂ ਕੁਝ ਆਇਤਾਂ ʼਤੇ ਗੌਰ ਕਰੀਏ ਜੋ ਮੌਖਿਕ ਸੰਭੋਗ ਬਾਰੇ ਦੱਸਦੀਆਂ ਹਨ।
ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦੀ ਇਹੀ ਇੱਛਾ ਹੈ ਕਿ ਤੁਸੀਂ . . . ਹਰਾਮਕਾਰੀ ਤੋਂ ਦੂਰ ਰਹੋ।”—1 ਥੱਸਲੁਨੀਕੀਆਂ 4:3.
ਬਾਈਬਲ ਵਿਚ ਜਿਸ ਸ਼ਬਦ ਦਾ ਅਨੁਵਾਦ “ਹਰਾਮਕਾਰੀ” ਕੀਤਾ ਗਿਆ ਹੈ ਉਸ ਵਿਚ ਉਹ ਸਾਰੇ ਅਨੈਤਿਕ ਕੰਮ ਸ਼ਾਮਲ ਹਨ ਜੋ ਲੋਕ ਵਿਆਹ ਤੋਂ ਪਹਿਲਾਂ ਜਾ ਵਿਆਹ ਤੋਂ ਬਾਅਦ ਕਰਦੇ ਹਨ। ਇਸ ਵਿਚ ਸਰੀਰਕ ਸੰਬੰਧ, ਮੌਖਿਕ ਸੰਭੋਗ, ਗੁਦਾ-ਸੰਭੋਗ ਅਤੇ ਕਿਸੇ ਦੇ ਗੁਪਤ ਅੰਗਾਂ ਨੂੰ ਪਲੋਸਣਾ ਸ਼ਾਮਲ ਹੈ। ਜਿਹੜਾ ਇਨਸਾਨ ਹਰਾਮਕਾਰੀ ਕਰਦਾ ਹੈ, ਉਸ ਨੂੰ ਇਸ ਦੇ ਬੁਰੇ ਨਤੀਜੇ ਭੁਗਤਣੇ ਪੈ ਸਕਦੇ ਹਨ। ਸਭ ਤੋਂ ਬੁਰਾ ਅੰਜਾਮ ਹੈ ਕਿ ਇਨ੍ਹਾਂ ਕੰਮਾਂ ਕਰਕੇ ਰੱਬ ਨਾਲ ਰਿਸ਼ਤਾ ਟੁੱਟ ਜਾਂਦਾ ਹੈ।—1 ਪਤਰਸ 3:12.
ਬਾਈਬਲ ਕਹਿੰਦੀ ਹੈ: “ਜਿਹੜਾ ਹਰਾਮਕਾਰੀ ਕਰਨ ਵਿਚ ਲੱਗਾ ਰਹਿੰਦਾ ਹੈ, ਉਹ ਆਪਣੇ ਹੀ ਸਰੀਰ ਦੇ ਖ਼ਿਲਾਫ਼ ਪਾਪ ਕਰਦਾ ਹੈ।”—1 ਕੁਰਿੰਥੀਆਂ 6:18.
ਮੌਖਿਕ ਸੰਭੋਗ ਕਰਨ ਨਾਲ ਸਿਹਤ ʼਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਰੱਬ ਨਾਲ ਰਿਸ਼ਤਾ ਟੁੱਟ ਸਕਦਾ ਹੈ। ਨਾਲੇ ਤੁਸੀਂ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬ ਸਕਦੇ ਹੋ। ਇਕ ਕਿਤਾਬ ਕਹਿੰਦੀ ਹੈ: “ਇੱਦਾਂ ਦੇ ਗੰਦੇ ਕੰਮ ਕਰਨ ਨਾਲ ਤੁਹਾਨੂੰ ਲੱਗ ਸਕਦਾ ਹੈ ਤੁਸੀਂ ਕਿਸੇ ਦੇ ਲਾਇਕ ਨਹੀਂ, ਤੁਹਾਨੂੰ ਪਛਤਾਵਾ ਹੁੰਦਾ ਹੈ ਅਤੇ ਬਹੁਤ ਬੁਰਾ ਲੱਗਦਾ ਹੈ। ਇਕ ਵਿਅਕਤੀ ਨੂੰ ਨਾਜਾਇਜ਼ ਸੰਬੰਧ ਰੱਖਣ ਨਾਲ ਜੋ ਦੁੱਖ ਹੁੰਦਾ ਹੈ, ਉਹ ਕਿਸੇ ਵੀ ਤਰ੍ਹਾਂ ਦਾ ਅਨੈਤਿਕ ਕੰਮ ਕਰਨ ਨਾਲ ਹੋ ਸਕਦਾ ਹੈ। ਸੈਕਸ ਤਾਂ ਸੈਕਸ ਹੀ ਹੈ।”
ਬਾਈਬਲ ਕਹਿੰਦੀ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ।”—ਯਸਾਯਾਹ 48:17.
ਕੀ ਤੁਹਾਨੂੰ ਯਕੀਨ ਹੈ ਕਿ ਰੱਬ ਨੇ ਸੈਕਸ ਬਾਰੇ ਜੋ ਕਾਨੂੰਨ ਦਿੱਤੇ ਹਨ, ਉਨ੍ਹਾਂ ਨਾਲ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ? ਜਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਕਾਨੂੰਨ ਤੁਹਾਡੀ ਆਜ਼ਾਦੀ ਖੋਹਦੇ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਸੋਚੋ ਕਿ ਤੁਸੀਂ ਇਕ ਸੜਕ ʼਤੇ ਗੱਡੀ ਚਲਾ ਰਹੇ ਹੋ ਜਿਸ ʼਤੇ ਬਹੁਤ ਆਵਾਜਾਈ ਹੈ। ਸੜਕ ʼਤੇ ਬੋਰਡ ਲੱਗੇ ਹੋਏ ਹਨ ਕਿ ਤੁਸੀਂ ਕਿੰਨੀ ਤੇਜ਼ ਗੱਡੀ ਚਲਾ ਸਕਦੇ ਹੋ, ਟ੍ਰੈਫਿਕ ਸੰਬੰਧੀ ਅਤੇ ਰੁਕਣ ਲਈ ਚਿੰਨ੍ਹ ਲੱਗੇ ਹਨ। ਕੀ ਤੁਸੀਂ ਇਨ੍ਹਾਂ ਚਿੰਨ੍ਹਾਂ ਨੂੰ ਬੰਦਸ਼ ਸਮਝਦੇ ਹੋ ਜਾਂ ਇਹ ਸੋਚਦੇ ਹੋ ਕਿ ਇਨ੍ਹਾਂ ਨਾਲ ਤੁਹਾਡੀ ਹੀ ਰਾਖੀ ਹੁੰਦੀ ਹੈ? ਜੇ ਤੁਸੀਂ ਜਾਂ ਹੋਰ ਡ੍ਰਾਈਵਰ ਇਨ੍ਹਾਂ ਚਿੰਨ੍ਹਾਂ ਮੁਤਾਬਕ ਗੱਡੀ ਨਹੀਂ ਚਲਾਓਗੇ, ਤਾਂ ਕੀ ਹੋਵੇਗਾ?
ਰੱਬ ਦੇ ਮਿਆਰਾਂ ਲਈ ਵੀ ਇਹ ਗੱਲ ਸੱਚ ਹੈ। ਜੇ ਤੁਸੀਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਤੁਸੀਂ ਉਹੀ ਵੱਢੋਗੇ ਜੋ ਤੁਸੀਂ ਬੀਜਿਆ ਹੈ। (ਗਲਾਤੀਆਂ 6:7) ਇਕ ਕਿਤਾਬ ਕਹਿੰਦੀ ਹੈ: “ਜਿੰਨਾ ਜ਼ਿਆਦਾ ਤੁਸੀਂ ਆਪਣੇ ਵਿਸ਼ਵਾਸਾਂ ਅਤੇ ਮਿਆਰਾਂ ਨੂੰ ਨਜ਼ਰਅੰਦਾਜ਼ ਕਰੋਗੇ ਅਤੇ ਉਹ ਕੰਮ ਕਰੋਗੇ ਜੋ ਤੁਹਾਨੂੰ ਸਹੀ ਨਹੀਂ ਲੱਗਦੇ, ਉੱਨਾ ਜ਼ਿਆਦਾ ਤੁਸੀਂ ਆਪਣੀਆਂ ਨਜ਼ਰਾਂ ਵਿੱਚੋਂ ਡਿਗ ਜਾਓਗੇ। ਇਸ ਦੇ ਉਲਟ, ਜੇ ਤੁਸੀਂ ਰੱਬ ਦੇ ਮਿਆਰਾਂ ਮੁਤਾਬਕ ਜੀਓਗੇ, ਤਾਂ ਤੁਸੀਂ ਦਿਖਾਓਗੇ ਕਿ ਤੁਹਾਡਾ ਚਾਲ-ਚਲਣ ਵਧੀਆ ਹੈ। ਇਸ ਤੋਂ ਇਲਾਵਾ, ਤੁਹਾਡੀ ਜ਼ਮੀਰ ਵੀ ਸਾਫ਼ ਰਹੇਗੀ।—1 ਪਤਰਸ 3:16.