ਪਰਿਵਾਰ ਦੀ ਮਦਦ ਲਈ
ਉਦੋਂ ਕੀ ਜੇ ਮੇਰੇ ਬੱਚੇ ਨੂੰ ਤੰਗ ਕੀਤਾ ਜਾਂਦਾ ਹੈ?
ਤੁਹਾਡਾ ਮੁੰਡਾ ਤੁਹਾਨੂੰ ਦੱਸਦਾ ਹੈ ਕਿ ਸਕੂਲੇ ਉਸ ਨੂੰ ਤੰਗ ਕੀਤਾ ਜਾਂਦਾ ਹੈ। ਤੁਸੀਂ ਕੀ ਕਰੋਗੇ? ਕੀ ਤੁਸੀਂ ਮੰਗ ਕਰੋਗੇ ਕਿ ਸਕੂਲ ਗ਼ਲਤੀ ਕਰਨ ਵਾਲੇ ਨੂੰ ਸਜ਼ਾ ਦੇਵੇ? ਕੀ ਆਪਣੇ ਮੁੰਡੇ ਨੂੰ ਇਸ ਦਾ ਮੁਕਾਬਲਾ ਕਰਨਾ ਸਿਖਾਓਗੇ? ਫ਼ੈਸਲਾ ਕਰਨ ਤੋਂ ਪਹਿਲਾਂ ਕੁਝ ਗੱਲਾਂ ʼਤੇ ਗੌਰ ਕਰੋ। a
ਤੰਗ ਕੀਤੇ ਜਾਣ ਬਾਰੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?
ਤੰਗ ਕੀਤੇ ਜਾਣਾ ਕੀ ਹੁੰਦਾ ਹੈ? ਤੰਗ ਕੀਤੇ ਜਾਣ ਦਾ ਮਤਲਬ ਹੈ, ਬੱਚੇ ਨੂੰ ਸਕੂਲ ਵਿਚ ਲਗਾਤਾਰ ਅਤੇ ਕਿਸੇ ਮਕਸਦ ਨਾਲ ਸਰੀਰਕ ਜਾਂ ਮਾਨਸਿਕ ਤੌਰ ʼਤੇ ਪਰੇਸ਼ਾਨ ਕਰਨਾ। ਇਸ ਲਈ ਹਰ ਤਰ੍ਹਾਂ ਦੀ ਬੇਇੱਜ਼ਤੀ ਜਾਂ ਜ਼ਬਰਦਸਤੀ ਕਰਨੀ ਤੰਗ ਕੀਤਾ ਜਾਣਾ ਨਹੀਂ ਹੁੰਦਾ।
ਇਹ ਜਾਣਨਾ ਜ਼ਰੂਰੀ ਕਿਉਂ ਹੈ ਕਿ ਅਸਲ ਵਿਚ ਤੰਗ ਕੀਤੇ ਜਾਣਾ ਕੀ ਹੁੰਦਾ ਹੈ: ਕੁਝ ਮਾਪੇ ਕਿਸੇ ਵੀ ਤਰ੍ਹਾਂ ਦੇ ਪਰੇਸ਼ਾਨ ਕਰਨ ਵਾਲੇ ਰਵੱਈਏ ਨੂੰ “ਤੰਗ ਕੀਤੇ ਜਾਣਾ” ਕਹਿੰਦੇ ਹਨ ਚਾਹੇ ਗੱਲ ਛੋਟੀ ਜਿਹੀ ਹੀ ਕਿਉਂ ਨਾ ਹੋਵੇ। ਪਰ ਛੋਟੀਆਂ-ਛੋਟੀਆਂ ਗੱਲਾਂ ਨੂੰ ਵੱਡੀਆਂ ਬਣਾਉਣ ਕਰਕੇ ਤੁਸੀਂ ਅਣਜਾਣੇ ਵਿਚ ਆਪਣੇ ਬੱਚੇ ਨੂੰ ਝਗੜਿਆਂ ਨੂੰ ਸੁਲਝਾਉਣ ਦੇ ਕਾਬਲ ਨਹੀਂ ਬਣਾਉਂਦੇ। ਝਗੜਿਆਂ ਨੂੰ ਸੁਲਝਾਉਣ ਦੀ ਕਾਬਲੀਅਤ ਤੁਹਾਡੇ ਬੱਚੇ ਦੇ ਹੁਣ ਤੇ ਸਾਰੀ ਜ਼ਿੰਦਗੀ ਕੰਮ ਆਵੇਗੀ।
ਬਾਈਬਲ ਦਾ ਅਸੂਲ: “ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ।”—ਉਪਦੇਸ਼ਕ ਦੀ ਪੋਥੀ 7:9.
ਮੁੱਖ ਗੱਲ: ਸ਼ਾਇਦ ਕੁਝ ਹਾਲਾਤਾਂ ਵਿਚ ਤੁਹਾਨੂੰ ਦਖ਼ਲ ਦੇਣਾ ਪਵੇ, ਪਰ ਹੋਰ ਹਾਲਾਤਾਂ ਵਿਚ ਤੁਹਾਡੇ ਬੱਚੇ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਅਤੇ ਲੋਕਾਂ ਨਾਲ ਝਗੜੇ ਸੁਲਝਾਉਣ ਦਾ ਮੌਕਾ ਮਿਲ ਸਕਦਾ ਹੈ।—ਕੁਲੁੱਸੀਆਂ 3:13.
ਪਰ ਉਦੋਂ ਕੀ, ਜੇ ਤੁਹਾਡਾ ਬੱਚਾ ਤੁਹਾਨੂੰ ਦੱਸੇ ਕਿ ਉਸ ਨੂੰ ਲਗਾਤਾਰ ਅਤੇ ਬਿਨਾਂ ਵਜ੍ਹਾ ਤੰਗ ਕੀਤਾ ਜਾ ਰਿਹਾ ਹੈ?
ਮੈਂ ਕਿਵੇਂ ਮਦਦ ਕਰ ਸਕਦਾ ਹਾਂ?
ਆਪਣੇ ਬੱਚੇ ਦੀ ਗੱਲ ਧੀਰਜ ਨਾਲ ਸੁਣੋ। ਜਾਣਨ ਦੀ ਕੋਸ਼ਿਸ਼ ਕਰੋ ਕਿ (1) ਕੀ ਹੋ ਰਿਹਾ ਹੈ ਅਤੇ (2) ਤੁਹਾਡੇ ਬੱਚੇ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ। ਪੂਰੀ ਗੱਲ ਜਾਣਨ ਤੋਂ ਪਹਿਲਾਂ ਹੀ ਕੋਈ ਫ਼ੈਸਲਾ ਨਾ ਕਰੋ। ਪੂਰੀ ਗੱਲ ਜਾਣਨ ਲਈ ਸ਼ਾਇਦ ਤੁਹਾਨੂੰ ਆਪਣੇ ਬੱਚੇ ਦੇ ਅਧਿਆਪਕ ਜਾਂ ਤੰਗ ਕਰਨ ਵਾਲੇ ਬੱਚੇ ਦੇ ਮਾਪਿਆਂ ਨਾਲ ਗੱਲ ਕਰਨ ਦੀ ਲੋੜ ਪਵੇ।
ਬਾਈਬਲ ਦਾ ਅਸੂਲ: “ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,—ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।”—ਕਹਾਉਤਾਂ 18:13.
ਜੇ ਤੁਹਾਡੇ ਬੱਚੇ ਨੂੰ ਤੰਗ ਕੀਤਾ ਜਾਂਦਾ ਹੈ, ਤਾਂ ਉਸ ਨੂੰ ਇਸ ਗੱਲ ਤੋਂ ਜਾਣੂ ਕਰਾਓ ਕਿ ਉਸ ਦੇ ਕੀ ਕਹਿਣ ਜਾਂ ਕਰਨ ਨਾਲ ਹਾਲਾਤ ਸੁਧਰ ਜਾਂ ਵਿਗੜ ਸਕਦੇ ਹਨ। ਮਿਸਾਲ ਲਈ, ਬਾਈਬਲ ਦੱਸਦੀ ਹੈ: “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” (ਕਹਾਉਤਾਂ 15:1) ਦਰਅਸਲ ਬਦਲੇ ਵਿਚ ਜਵਾਬ ਦੇਣ ਨਾਲ ਹਾਲਾਤ ਹੋਰ ਵਿਗੜ ਸਕਦੇ ਹਨ ਯਾਨੀ ਤੰਗ ਕਰਨ ਵਾਲੇ ਬੱਚੇ ਨੂੰ ਹੋਰ ਜ਼ਿਆਦਾ ਤੰਗ ਕਰ ਸਕਦੇ ਹਨ।
ਬਾਈਬਲ ਦੀ ਅਸੂਲ: “ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰੋ।”—1 ਪਤਰਸ 3:9.
ਬੱਚੇ ਨੂੰ ਸਮਝਾਓ ਕਿ ਬਦਲਾ ਨਾ ਲੈਣਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ। ਇਸ ਦੇ ਉਲਟ, ਇਹ ਤਾਕਤ ਦੀ ਨਿਸ਼ਾਨੀ ਹੈ ਕਿਉਂਕਿ ਉਹ ਤੰਗ ਕਰਨ ਵਾਲਿਆਂ ਮੁਤਾਬਕ ਨਹੀਂ ਚੱਲਦਾ। ਇਸ ਤਰ੍ਹਾਂ ਉਹ ਦਿਮਾਗ਼ ਲੜਾ ਕੇ ਤੰਗ ਕਰਨ ਵਾਲਿਆਂ ਨੂੰ ਭਜਾ ਸਕਦਾ ਹੈ।
ਜੇ ਤੁਹਾਡੇ ਬੱਚੇ ਨੂੰ ਆਨ-ਲਾਈਨ ਤੰਗ ਕੀਤਾ ਜਾ ਰਿਹਾ ਹੈ, ਤਾਂ ਖ਼ਾਸ ਕਰਕੇ ਉਸ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਆਨ-ਲਾਈਨ ਲੜਾਈ-ਝਗੜਾ ਕਰਨ ਕਰਕੇ ਤੰਗ ਕਰਨ ਵਾਲਾ ਤੁਹਾਡੇ ਬੱਚੇ ਨੂੰ ਤੰਗ ਕਰਦਾ ਰਹੇਗਾ। ਨਾਲੇ ਇਸ ਤਰੀਕੇ ਨਾਲ ਤੁਹਾਡਾ ਬੱਚਾ ਤੰਗ ਕਰਨ ਵਾਲੇ ਦੇ ਮੁਤਾਬਕ ਚੱਲੇਗਾ। ਇਸ ਕਰਕੇ ਕਈ ਵਾਰ ਕੁਝ ਨਾ ਕਹਿਣਾ ਹੀ ਸਭ ਤੋਂ ਵਧੀਆ ਜਵਾਬ ਹੁੰਦਾ ਹੈ। ਇਸ ਤਰ੍ਹਾਂ ਤੰਗ ਕਰਨ ਵਾਲੇ ਨੂੰ ਲੱਗੇਗਾ ਕਿ ਉਸ ਦਾ ਇਹ ਤਰੀਕਾ ਕੰਮ ਨਹੀਂ ਕੀਤਾ ਤੇ ਉਹ ਤੰਗ ਕਰਨਾ ਬੰਦ ਕਰ ਦੇਵੇਗਾ।
ਬਾਈਬਲ ਦਾ ਅਸੂਲ: “ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ।”—ਕਹਾਉਤਾਂ 26:20.
ਕੁਝ ਮਾਮਲਿਆਂ ਵਿਚ ਤੁਹਾਡਾ ਬੱਚਾ ਉਨ੍ਹਾਂ ਲੋਕਾਂ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ ਜੋ ਉਸ ਨੂੰ ਤੰਗ ਕਰ ਸਕਦੇ ਹਨ ਅਤੇ ਉਨ੍ਹਾਂ ਥਾਵਾਂ ʼਤੇ ਜਾਣਾ ਬੰਦ ਕਰ ਸਕਦਾ ਹੈ ਜਿੱਥੇ ਉਸ ਨੂੰ ਤੰਗ ਕੀਤਾ ਜਾ ਸਕਦਾ ਹੈ। ਮਿਸਾਲ ਲਈ, ਜੇ ਉਹ ਜਾਣਦਾ ਹੈ ਕਿ ਕਿਸ ਜਗ੍ਹਾ ʼਤੇ ਤੰਗ ਕਰਨ ਵਾਲਾ ਵਿਅਕਤੀ ਜਾਂ ਗਰੁੱਪ ਹੋਵੇਗਾ, ਤਾਂ ਉਹ ਕਿਸੇ ਹੋਰ ਪਾਸਿਓਂ ਦੀ ਜਾ ਕੇ ਮੁਸੀਬਤ ਤੋਂ ਬਚ ਸਕਦਾ ਹੈ।
ਬਾਈਬਲ ਦਾ ਅਸੂਲ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।”—ਕਹਾਉਤਾਂ 22:3.
ਇੱਦਾਂ ਕਰ ਕੇ ਦੇਖੋ: ਆਪਣੇ ਬੱਚੇ ਦੀ ਸੋਚਣ ਵਿਚ ਮਦਦ ਕਰੋ ਕਿ ਉਹ ਜੋ ਫ਼ੈਸਲਾ ਕਰੇਗਾ, ਉਸ ਦੇ ਕੀ ਫ਼ਾਇਦੇ ਤੇ ਕੀ ਨੁਕਸਾਨ ਹੋ ਸਕਦੇ ਹਨ। ਮਿਸਾਲ ਲਈ:
ਕੀ ਹੋ ਸਕਦਾ ਹੈ ਜੇ ਉਹ ਤੰਗ ਕੀਤੇ ਜਾਣ ਨੂੰ ਨਜ਼ਰਅੰਦਾਜ਼ ਕਰੇ?
ਉਦੋਂ ਕੀ ਜੇ ਉਹ ਪੂਰੇ ਭਰੋਸੇ ਨਾਲ ਤੰਗ ਕਰਨ ਵਾਲੇ ਨੂੰ ਕਹੇ ਕਿ ਉਹ ਉਸ ਨੂੰ ਤੰਗ ਕਰਨਾ ਬੰਦ ਕਰ ਦੇਵੇ?
ਉਦੋਂ ਕੀ ਜੇ ਉਹ ਸਕੂਲ ਵਿਚ ਇਸ ਦੀ ਸ਼ਿਕਾਇਤ ਕਰੇ?
ਦੋਸਤਾਨਾ ਤਰੀਕੇ ਨਾਲ ਗੱਲ ਕਰਨ ਜਾਂ ਮਜ਼ਾਕ ਕਰਨ ਨਾਲ ਕਿਵੇਂ ਫ਼ਾਇਦਾ ਹੋ ਸਕਦਾ ਹੈ?
ਚਾਹੇ ਤੁਹਾਡੇ ਬੱਚੇ ਨੂੰ ਆਮ੍ਹੋ-ਸਾਮ੍ਹਣੇ ਤੰਗ ਕੀਤਾ ਜਾਂਦਾ ਹੈ ਜਾਂ ਆਨ-ਲਾਈਨ, ਹਰ ਹਾਲਾਤ ਅਲੱਗ ਹੋਵੇਗਾ। ਇਸ ਲਈ ਆਪਣੇ ਬੱਚੇ ਨਾਲ ਮਿਲ ਕੇ ਵਧੀਆ ਹੱਲ ਲੱਭਣ ਦੀ ਕੋਸ਼ਿਸ਼ ਕਰੋ। ਉਸ ਨੂੰ ਭਰੋਸਾ ਦਿਵਾਓ ਕਿ ਤੁਸੀਂ ਇਸ ਮੁਸੀਬਤ ਵਿਚ ਉਸ ਦਾ ਸਾਥ ਦਿਓਗੇ।
ਬਾਈਬਲ ਦਾ ਅਸੂਲ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”—ਕਹਾਉਤਾਂ 17:17.
a ਚਾਹੇ ਇਸ ਲੇਖ ਵਿਚ ਮੁੰਡੇ ਦਾ ਜ਼ਿਕਰ ਕੀਤਾ ਗਿਆ ਹੈ, ਪਰ ਇਸ ਲੇਖ ਜ਼ਿਕਰ ਕੀਤੇ ਗਏ ਅਸੂਲ ਕੁੜੀਆਂ ʼਤੇ ਵੀ ਲਾਗੂ ਹੁੰਦੇ ਹਨ।