Skip to content

ਪਰਿਵਾਰ ਦੀ ਮਦਦ ਲਈ | ਵਿਆਹ

ਕੰਮ ਨੂੰ ਕੰਮ ਦੀ ਥਾਂ ʼਤੇ ਕਿਵੇਂ ਰੱਖੀਏ?

ਕੰਮ ਨੂੰ ਕੰਮ ਦੀ ਥਾਂ ʼਤੇ ਕਿਵੇਂ ਰੱਖੀਏ?

 ਤਕਨਾਲੋਜੀ ਦੇ ਇਸ ਦੌਰ ਵਿਚ ਲੋਕ ਕਿਸੇ ਵੀ ਸਮੇਂ ਇਕ-ਦੂਜੇ ਨਾਲ ਸੌਖਿਆਂ ਹੀ ਸੰਪਰਕ ਕਰ ਸਕਦੇ ਹਨ। ਇਸ ਕਰਕੇ ਤੁਹਾਡਾ ਮਾਲਕ, ਨਾਲ ਕੰਮ ਕਰਨ ਵਾਲੇ ਜਾਂ ਗਾਹਕ ਉਮੀਦ ਰੱਖਦੇ ਹਨ ਕਿ ਤੁਸੀਂ ਉਨ੍ਹਾਂ ਲਈ ਦਿਨ-ਰਾਤ ਕੰਮ ਕਰੋ। ਪਰ ਇਸ ਕਰਕੇ ਸ਼ਾਇਦ ਤੁਹਾਨੂੰ ਪਤਾ ਹੀ ਨਾ ਲੱਗੇ ਕਿ ਕਿੰਨਾ ਸਮਾਂ ਤੁਹਾਨੂੰ ਆਪਣੇ ਕੰਮ ਨੂੰ ਤੇ ਕਿੰਨਾ ਸਮਾਂ ਆਪਣੇ ਵਿਆਹੁਤਾ ਜ਼ਿੰਦਗੀ ਨੂੰ ਅਤੇ ਜ਼ਿੰਦਗੀ ਦੇ ਹੋਰ ਅਹਿਮ ਮਾਮਲਿਆਂ ਨੂੰ ਦੇਣਾ ਚਾਹੀਦਾ ਹੈ।

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ

  •   ਤਕਨਾਲੋਜੀ ਕਰਕੇ ਤੁਸੀਂ ਉਹ ਸਮਾਂ ਵੀ ਕੰਮ ʼਤੇ ਲਾ ਸਕਦੇ ਹੋ ਜੋ ਤੁਹਾਨੂੰ ਆਪਣੇ ਵਿਆਹੁਤਾ ਸਾਥੀ ਨਾਲ ਬਿਤਾਉਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਸੀਂ ਕੰਮ ਤੋਂ ਬਾਅਦ ਵੀ ਕੰਮ ਨਾਲ ਸੰਬੰਧਿਤ ਫ਼ੋਨ, ਈ-ਮੇਲ ਜਾਂ ਮੈਸਿਜ ਦੇਖਦੇ ਰਹੋ ਅਤੇ ਤੁਹਾਨੂੰ ਲੱਗੇ ਕਿ ਤੁਹਾਡੇ ਲਈ ਇਹ ਦੇਖਣੇ ਬਹੁਤ ਜ਼ਰੂਰੀ ਹਨ।

     “ਅੱਜ-ਕੱਲ੍ਹ ਕੰਮ ਤੋਂ ਬਾਅਦ ਘਰ ਆ ਕੇ ਆਪਣੇ ਘਰਦਿਆਂ ਨਾਲ ਸਮਾਂ ਬਿਤਾਉਣਾ ਸੌਖਾ ਨਹੀਂ ਹੁੰਦਾ ਕਿਉਂਕਿ ਕਦੇ ਵੀ ਕੰਮ ਤੋਂ ਕੋਈ ਈ-ਮੇਲ ਅਤੇ ਫ਼ੋਨ ਆ ਸਕਦਾ ਹੈ ਜਿਸ ਕਰਕੇ ਵਿਆਹੁਤਾ ਸਾਥੀ ਤੋਂ ਧਿਆਨ ਭਟਕ ਸਕਦਾ ਹੈ।”​—ਜੈਨੱਟ।

  •   ਕੰਮ ਅਤੇ ਪਰਿਵਾਰਕ ਜ਼ਿੰਦਗੀ ਵਿਚ ਸੰਤੁਲਨ ਬਣਾਈ ਰੱਖਣ ਲਈ ਤੁਹਾਨੂੰ ਖ਼ੁਦ ਕਦਮ ਚੁੱਕਣ ਦੀ ਲੋੜ ਹੈ। ਪਰ ਜੇ ਤੁਸੀਂ ਇੱਦਾਂ ਨਹੀਂ ਕਰਦੇ, ਤਾਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਨੂੰ ਸਮਾਂ ਦੇਣ ਦੀ ਬਜਾਇ ਆਪਣਾ ਸਾਰਾ ਸਮਾਂ ਕੰਮ ਵਿਚ ਹੀ ਲਾ ਦਿਓ।

     “ਕੰਮ ʼਤੇ ਜ਼ਿਆਦਾ ਧਿਆਨ ਦੇਣ ਕਰਕੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਜੀਵਨ ਸਾਥੀ ਨੂੰ ਨਜ਼ਰਅੰਦਾਜ਼ ਕਰਦੇ ਹੋ ਕਿਉਂਕਿ ਤੁਸੀਂ ਸੋਚਦੇ ਹੋ, ‘ਕੋਈ ਨਾ, ਉਹ ਮੈਨੂੰ ਸਮਝਦਾ ਹੈ। ਉਹ ਮੈਨੂੰ ਮਾਫ਼ ਕਰ ਦੇਵੇਗਾ। ਮੈਂ ਬਾਅਦ ਵਿਚ ਉਸ ਨਾਲ ਸਮਾਂ ਬਿਤਾ ਲਵਾਂਗਾ।’”​—ਹੋਲੀ।

 ਕੰਮ ਅਤੇ ਪਰਿਵਾਰਕ ਜ਼ਿੰਦਗੀ ਵਿਚ ਸੰਤੁਲਨ ਰੱਖਣ ਲਈ ਸਲਾਹਾਂ

  •   ਆਪਣੇ ਵਿਆਹੁਤਾ ਰਿਸ਼ਤੇ ਨੂੰ ਅਹਿਮੀਅਤ ਦਿਓ। ਬਾਈਬਲ ਕਹਿੰਦੀ ਹੈ: “ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।” (ਮੱਤੀ 19:6) ਜੇ ਤੁਸੀਂ ਕਿਸੇ ਇਨਸਾਨ ਨੂੰ ਇਜਾਜ਼ਤ ਨਹੀਂ ਦਿੰਦੇ ਕਿ ਉਹ ਤੁਹਾਨੂੰ ਤੁਹਾਡੇ ਜੀਵਨ ਸਾਥੀ ਤੋਂ ਅੱਡ ਕਰੇ, ਤਾਂ ਫਿਰ ਤੁਸੀਂ ਆਪਣੇ ਕੰਮ ਕਰਕੇ ਇਹ ਸਭ ਕਿਉਂ ਹੋਣ ਦਿੰਦੇ ਹੋ?

     “ਕੁਝ ਗਾਹਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਤੁਹਾਨੂੰ ਕੰਮ ਲਈ ਪੈਸੇ ਦਿੱਤੇ ਹਨ, ਇਸ ਲਈ ਉਹ ਆਪਣੀ ਲੋੜ ਮੁਤਾਬਕ ਤੁਹਾਡੇ ਨਾਲ ਕਦੇ ਵੀ ਸੰਪਰਕ ਕਰ ਸਕਦੇ ਹਨ। ਪਰ ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਕੰਮ ਨਾਲੋਂ ਮੇਰੀ ਵਿਆਹੁਤਾ ਜ਼ਿੰਦਗੀ ਜ਼ਿਆਦਾ ਅਹਿਮੀਅਤ ਰੱਖਦੀ ਹੈ। ਇਸ ਲਈ ਮੈਂ ਉਨ੍ਹਾਂ ਨੂੰ ਦੱਸ ਦਿੰਦਾ ਹਾਂ ਕਿ ਛੁੱਟੀ ਵਾਲੇ ਦਿਨ ਮੈਂ ਉਨ੍ਹਾਂ ਲਈ ਕੰਮ ਨਹੀਂ ਕਰ ਸਕਾਂਗਾ, ਪਰ ਮੈਂ ਜਲਦੀ ਹੀ ਉਨ੍ਹਾਂ ਨਾਲ ਸੰਪਰਕ ਕਰਾਂਗਾ।”​—ਮਾਰਕ।

     ਆਪਣੇ ਆਪ ਤੋਂ ਪੁੱਛੋ, ‘ਮੈਂ ਜੋ ਵੀ ਕਰਦਾ ਹਾਂ, ਕੀ ਉਸ ਤੋਂ ਪਤਾ ਲੱਗਦਾ ਕਿ ਮੇਰੇ ਕੰਮ ਨਾਲੋਂ ਜ਼ਿਆਦਾ ਮੇਰੀ ਵਿਆਹੁਤਾ ਜ਼ਿੰਦਗੀ ਅਹਿਮ ਹੈ?’

  •   ਲੋੜ ਪੈਣ ਤੇ ਨਾਂਹ ਕਹਿਣੀ ਸਿੱਖੋ। ਬਾਈਬਲ ਕਹਿੰਦੀ ਹੈ: “ਨਿਮਰ ਇਨਸਾਨ ਬੁੱਧ ਤੋਂ ਕੰਮ ਲੈਂਦੇ ਹਨ।” (ਕਹਾਉਤਾਂ 11:2) ਆਪਣੀਆਂ ਹੱਦਾਂ ਪਛਾਣਨ ਕਰਕੇ ਸ਼ਾਇਦ ਤੁਹਾਨੂੰ ਅਹਿਸਾਸ ਹੋਵੇ ਕਿ ਤੁਹਾਨੂੰ ਕੁਝ ਕੰਮ ਕਰਨ ਤੋਂ ਇਨਕਾਰ ਕਰ ਦੇਣਾ ਚਾਹੀਦਾ ਜਾਂ ਕਿਸੇ ਹੋਰ ਨੂੰ ਦੇ ਦੇਣੇ ਚਾਹੀਦੇ ਹਨ।

     “ਮੈਂ ਪਲੰਬਰ ਦਾ ਕੰਮ ਕਰਦਾ ਹਾਂ। ਇਸ ਲਈ ਕਈ ਵਾਰ ਅਚਾਨਕ ਕਿਸੇ ਨੂੰ ਮੇਰੀ ਲੋੜ ਪੈ ਜਾਂਦੀ ਹੈ ਅਤੇ ਉਹ ਬਹੁਤ ਪਰੇਸ਼ਾਨ ਹੁੰਦਾ ਹੈ। ਜੇ ਮੈਂ ਆਪ ਉਦੋਂ ਨਹੀਂ ਜਾ ਸਕਦਾ, ਤਾਂ ਮੈਂ ਉਸ ਨੂੰ ਕਿਸੇ ਹੋਰ ਪਲੰਬਰ ਬਾਰੇ ਦੱਸ ਦਿੰਦਾ ਹਾਂ।”​—ਕ੍ਰਿਸਟਫਰ।

     ਆਪਣੇ ਆਪ ਤੋਂ ਪੁੱਛੋ: ‘ਜੇ ਮੇਰੇ ਵਾਧੂ ਕੰਮ ਕਰਨ ਕਰਕੇ ਮੇਰੇ ਜੀਵਨ ਸਾਥੀ ਨੂੰ ਲੱਗਦਾ ਹੈ ਕਿ ਮੈਂ ਉਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹਾਂ, ਤਾਂ ਕੀ ਮੈਂ ਉਸ ਕੰਮ ਨੂੰ ਨਾਂਹ ਕਹਿਣ ਲਈ ਤਿਆਰ ਰਹਿੰਦਾ ਹਾਂ? ਮੇਰਾ ਜੀਵਨ ਸਾਥੀ ਇਸ ਬਾਰੇ ਕੀ ਸੋਚਦਾ ਹੈ?’

  •   ਤੈਅ ਕਰੋ ਕਿ ਤੁਸੀਂ ਇਕੱਠੇ ਕਿੰਨਾ ਸਮਾਂ ਬਿਤਾਓਗੇ ਅਤੇ ਫਿਰ ਉੱਦਾਂ ਕਰੋ ਵੀ। ਬਾਈਬਲ ਕਹਿੰਦੀ ਹੈ: “ਹਰ ਚੀਜ਼ ਦਾ ਇਕ ਸਮਾਂ ਹੈ।” (ਉਪਦੇਸ਼ਕ ਦੀ ਕਿਤਾਬ 3:1) ਜਦੋਂ ਤੁਹਾਡੇ ʼਤੇ ਕੰਮ ਦਾ ਬਹੁਤ ਬੋਝ ਹੁੰਦਾ ਹੈ, ਉਦੋਂ ਆਪਣੇ ਵਿਆਹੁਤਾ ਸਾਥੀ ਨਾਲ ਮਿਲ ਕੇ ਇਹ ਤੈਅ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਇਕੱਠੇ ਕਿੰਨਾ ਕੁ ਸਮਾਂ ਬਿਤਾਓਗੇ। ਨਾਲੇ ਫਿਰ ਆਪਣੇ ਸਾਥੀ ਨਾਲ ਉੱਨਾ ਸਮਾਂ ਬਿਤਾਓ ਵੀ।

     “ਜਦੋਂ ਸਾਡੇ ਕੋਲ ਬਹੁਤ ਸਾਰੇ ਕੰਮ ਹੁੰਦੇ ਹਨ, ਉਦੋਂ ਵੀ ਅਸੀਂ ਤੈਅ ਕਰਦੇ ਹਾਂ ਕਿ ਅਸੀਂ ਇਕ-ਦੂਜੇ ਨਾਲ ਸਮਾਂ ਬਿਤਾਵਾਂਗੇ, ਫਿਰ ਚਾਹੇ ਅਸੀਂ ਇਕੱਠੇ ਖਾਣਾਂ ਖਾਈਏ ਜਾਂ ਸਮੁੰਦਰ ਕੰਢੇ ਸੈਰ ਕਰਨ ਜਾਈਏ। ਇਨ੍ਹਾਂ ਮੌਕਿਆਂ ʼਤੇ ਅਸੀਂ ਸਿਰਫ਼ ਇਕ-ਦੂਜੇ ਨੂੰ ਹੀ ਸਮਾਂ ਦਿੰਦੇ ਹਾਂ।”​— ਡੈਬਰਾ।

     ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਅਜਿਹੇ ਸਮੇਂ ਦੀ ਚੋਣ ਕਰਦਾ ਹਾਂ ਜਦੋਂ ਮੈਂ ਬਿਨਾਂ ਧਿਆਨ ਭਟਕਾਏ ਸਿਰਫ਼ ਆਪਣੇ ਸਾਥੀ ਨਾਲ ਸਮਾਂ ਬਿਤਾ ਸਕਾ? ਮੇਰਾ ਜੀਵਨ ਸਾਥੀ ਇਸ ਬਾਰੇ ਕੀ ਸੋਚਦਾ ਹੈ?’

  •   ਆਪਣੇ ਮੋਬਾਇਲ ਅਤੇ ਕੰਪਿਊਟਰ ਵਗੈਰਾ ਬੰਦ ਰੱਖੋ। ਬਾਈਬਲ ਕਹਿੰਦੀ ਹੈ, “ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।” (ਫ਼ਿਲਿੱਪੀਆਂ 1:10) ਆਪਣੇ ਸਾਥੀ ਨਾਲ ਸਮਾਂ ਬਿਤਾਉਂਦੇ ਵੇਲੇ ਕੀ ਤੁਸੀਂ ਕਦੇ-ਕਦੇ ਆਪਣੇ ਮੋਬਾਇਲ ਵਗੈਰਾ ਬੰਦ ਕਰ ਦਿੰਦੇ ਹੋ ਤਾਂਕਿ ਕੰਮ ਤੋਂ ਮੈਸਿਜ ਜਾਂ ਫ਼ੋਨ ਵਗੈਰਾ ਆਉਣ ਕਰਕੇ ਤੁਹਾਡਾ ਧਿਆਨ ਨਾ ਭਟਕੇ?

     “ਮੈਂ ਕੋਸ਼ਿਸ਼ ਕਰਦਾ ਹਾਂ ਕਿ ਤੈਅ ਕੀਤੇ ਸਮੇਂ ਤੇ ਮੈਂ ਆਪਣਾ ਕੰਮ ਬੰਦ ਕਰ ਦੇਵਾਂ। ਉਸ ਸਮੇਂ ਮੈਂ ਆਪਣੇ ਫ਼ੋਨ ʼਤੇ ਇਸ ਤਰ੍ਹਾਂ ਸੈਟਿੰਗ ਕਰਦਾ ਹਾਂ ਤਾਂਕਿ ਕੋਈ ਮੈਸਿਜ ਨਾ ਆਵੇ।”​—ਜਰਮੀ।

     ਆਪਣੇ ਆਪ ਤੋਂ ਪੁੱਛੋ: ‘ਕੀ ਇਹ ਮੇਰੀ ਮਜਬੂਰੀ ਹੈ ਕਿ ਮੈਨੂੰ ਆਪਣੇ ਮਾਲਕ ਕਰਕੇ ਜਾਂ ਗਾਹਕ ਦੀ ਲੋੜ ਮੁਤਾਬਕ ਹਰ ਵੇਲੇ ਕੰਮ ਕਰਨਾ ਪੈਂਦਾ? ਮੇਰਾ ਜੀਵਨ ਸਾਥੀ ਇਸ ਬਾਰੇ ਕੀ ਸੋਚਦਾ ਹੈ?’

  •    ਹੱਦੋਂ ਵੱਧ ਉਮੀਦਾਂ ਨਾ ਰੱਖੋ। ਬਾਈਬਲ ਕਹਿੰਦੀ ਹੈ: “ਆਪਣੀ ਸਮਝਦਾਰੀ ਦਾ ਸਬੂਤ ਦਿਓ।” (ਫ਼ਿਲਿੱਪੀਆਂ 4:5) ਕਈ ਵਾਰ ਇੱਦਾਂ ਹੁੰਦਾ ਹੈ ਕਿ ਜੋ ਸਮਾਂ ਤੁਸੀਂ ਇਕ-ਦੂਜੇ ਨਾਲ ਬਿਤਾਉਣਾ ਹੁੰਦਾ ਹੈ, ਉਹ ਸਮਾਂ ਵੀ ਕੰਮ ਵਿਚ ਲਾਉਣਾ ਪੈਂਦਾ ਹੈ। ਉਦਾਹਰਣ ਲਈ, ਸ਼ਾਇਦ ਤੁਹਾਡਾ ਸਾਥੀ ਅਜਿਹਾ ਕੋਈ ਕੰਮ-ਧੰਦਾ ਜਾਂ ਨੌਕਰੀ ਕਰਦਾ ਹੈ ਜਿਸ ਕਰਕੇ ਉਸ ਨੂੰ 24 ਘੰਟੇ ਕੰਮ ਲਈ ਹਾਜ਼ਰ ਰਹਿਣਾ ਪੈਦਾ ਹੈ। ਸਮਝਦਾਰ ਬਣੋ ਅਤੇ ਆਪਣੇ ਸਾਥੀ ਤੋਂ ਹੱਦੋਂ ਵੱਧ ਉਮੀਦਾਂ ਨਾ ਰੱਖੋ।

     “ਮੇਰੇ ਪਤੀ ਦਾ ਇਕ ਛੋਟਾ ਜਿਹਾ ਕਾਰੋਬਾਰ ਹੈ, ਇਸ ਕਰਕੇ ਲੋੜ ਪੈਣ ਤੇ ਅਕਸਰ ਉਸ ਨੂੰ ਵੇਲੇ-ਕੁਵੇਲੇ ਕੰਮ ਕਰਨਾ ਪੈਂਦਾ ਹੈ। ਇਸ ਕਰਕੇ ਕਦੇ-ਕਦੇ ਮੈਨੂੰ ਖਿੱਝ ਆਉਂਦੀ ਹੈ, ਫਿਰ ਵੀ ਅਸੀਂ ਇਕ-ਦੂਜੇ ਨਾਲ ਕਾਫ਼ੀ ਸਮਾਂ ਬਿਤਾਉਂਦੇ ਹਾਂ ਜਿਸ ਕਰਕੇ ਸਾਡੇ ਵਿਚ ਲੜਾਈ ਨਹੀਂ ਹੁੰਦੀ।”​—ਬੈਵਰਲੀ।

     ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਸਮਝਦਾ ਹਾਂ ਕਿ ਮੇਰੇ ਜੀਵਨ ਸਾਥੀ ਨੂੰ ਕਿੰਨਾ ਕੰਮ ਹੈ ਅਤੇ ਉਸ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਦਾ ਜਾਂ ਰੱਖਦੀ? ਮੇਰਾ ਜੀਵਨ ਸਾਥੀ ਇਸ ਬਾਰੇ ਕੀ ਸੋਚਦਾ ਹੈ?’

 ਕੁਝ ਸੁਝਾਅ

 ਸਭ ਤੋਂ ਪਹਿਲਾਂ ਪਤੀ-ਪਤਨੀ ਹੇਠਾਂ ਦਿੱਤੇ ਸਵਾਲਾਂ ਬਾਰੇ ਇਕੱਲਿਆਂ ਸੋਚ-ਵਿਚਾਰ ਕਰ ਸਕਦੇ ਹਨ। ਫਿਰ ਉਹ ਇਕੱਠੇ ਮਿਲ ਕੇ ਇਨ੍ਹਾਂ ਦੇ ਜਵਾਬਾਂ ʼਤੇ ਚਰਚਾ ਕਰ ਸਕਦੇ ਹਨ।

  •   ਕੀ ਤੁਹਾਡੇ ਸਾਥੀ ਨੂੰ ਸ਼ਿਕਾਇਤ ਹੈ ਕਿ ਤੁਸੀਂ ਘਰੇ ਆ ਕੇ ਵੀ ਕੰਮ-ਧੰਦੇ ਨਾਲ ਜੁੜੇ ਕੰਮ ਕਰਦੇ ਰਹਿੰਦੇ ਹੋ? ਜੇ ਜਵਾਬ ਹਾਂ ਹੈ, ਤਾਂ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ?

  •   ਤੁਹਾਨੂੰ ਕੀ ਲੱਗਦਾ ਹੈ ਕਿ ਕੰਮ ਅਤੇ ਵਿਆਹੁਤਾ ਜ਼ਿੰਦਗੀ ਵਿਚ ਸੰਤੁਲਨ ਰੱਖਣ ਲਈ ਤੁਹਾਨੂੰ ਕਿਨ੍ਹਾਂ ਖ਼ਾਸ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ?

  •   ਕੀ ਤੁਸੀਂ ਕਦੇ ਸੋਚਿਆ ਕਿ ਤੁਹਾਡੇ ਜੀਵਨ ਸਾਥੀ ਲਈ ਕੰਮ ਨੂੰ ਕੰਮ ਦੀ ਥਾਂ ʼਤੇ ਰੱਖਣਾ ਮੁਸ਼ਕਲ ਹੈ? ਜੇ ਹਾਂ, ਤਾਂ ਤੁਹਾਨੂੰ ਇੱਦਾਂ ਦੇ ਕਿਹੜੇ ਮੌਕੇ ਯਾਦ ਆਉਂਦੇ ਹਨ?

  •   ਕੰਮ ਅਤੇ ਵਿਆਹੁਤਾ ਜ਼ਿੰਦਗੀ ਵਿਚ ਸੰਤੁਲਨ ਰੱਖਣ ਬਾਰੇ ਤੁਸੀਂ ਆਪਣੇ ਸਾਥੀ ਵਿਚ ਕਿਹੜੀਆਂ ਤਬਦੀਲੀਆਂ ਦੇਖਣੀਆਂ ਚਾਹੁੰਦੇ ਹੋ?