ਬਾਈਬਲ ਆਇਤਾਂ ਦੀ ਸਮਝ
ਫ਼ਿਲਿੱਪੀਆਂ 4:8—‘ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੋ ਜਿਹੜੀਆਂ ਸੱਚੀਆਂ ਹਨ’
“ਅਖ਼ੀਰ ਵਿਚ, ਭਰਾਵੋ, ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੋ ਜਿਹੜੀਆਂ ਸੱਚੀਆਂ, ਗੰਭੀਰ, ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ, ਚੰਗੀਆਂ, ਸ਼ੁੱਧ ਅਤੇ ਸ਼ੋਭਾ ਦੇ ਲਾਇਕ ਹਨ।”—ਫ਼ਿਲਿੱਪੀਆਂ 4:8, ਨਵੀਂ ਦੁਨੀਆਂ ਅਨੁਵਾਦ।
“ਮੁਕਦੀ ਗੱਲ, ਹੇ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।”—ਫ਼ਿਲਿੱਪੀਆਂ 4:8, ਪਵਿੱਤਰ ਬਾਈਬਲ।
ਫ਼ਿਲਿੱਪੀਆਂ 4:8 ਦਾ ਮਤਲਬ
ਪਰਮੇਸ਼ੁਰ ਨੂੰ ਇਸ ਗੱਲ ਵਿਚ ਦਿਲਚਸਪੀ ਹੈ ਕਿ ਇਨਸਾਨ ਕੀ ਸੋਚਦੇ ਹਨ ਕਿਉਂਕਿ ਸਾਡੀ ਸੋਚ ਦਾ ਸਾਡੇ ਕੰਮਾਂ ʼਤੇ ਅਸਰ ਪੈਂਦਾ ਹੈ। (ਜ਼ਬੂਰ 19:14; ਮਰਕੁਸ 7:20-23) ਇਸ ਲਈ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਇੱਛਾ ਰੱਖਣ ਵਾਲੇ ਲੋਕ ਇੱਦਾਂ ਦੀ ਸੋਚ ਤੋਂ ਦੂਰ ਰਹਿੰਦੇ ਹਨ ਜੋ ਉਸ ਦੀਆਂ ਨਜ਼ਰਾਂ ਵਿਚ ਗ਼ਲਤ ਹੈ। ਇਸ ਦੀ ਬਜਾਇ, ਉਹ ਅਜਿਹੀਆਂ ਗੱਲਾਂ ਬਾਰੇ ਸੋਚਦੇ ਹਨ ਜੋ ਪਰਮੇਸ਼ੁਰ ਨੂੰ ਮਨਜ਼ੂਰ ਹਨ।
ਇਸ ਆਇਤ ਵਿਚ ਅੱਠ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਉੱਤੇ ਮਸੀਹੀਆਂ ਨੂੰ ‘ਸੋਚ-ਵਿਚਾਰ ਕਰਦੇ ਰਹਿਣਾ’ ਚਾਹੀਦਾ ਹੈ ਯਾਨੀ ਇਨ੍ਹਾਂ ਗੱਲਾਂ ਬਾਰੇ ਸੋਚਣ ਦੀ ਆਦਤ ਪਾਉਣੀ ਚਾਹੀਦੀ ਹੈ।
“ਸੱਚੀਆਂ।” ਇਹ ਸ਼ਬਦ ਉਨ੍ਹਾਂ ਗੱਲਾਂ ਨੂੰ ਦਰਸਾਉਂਦਾ ਹੈ ਜੋ ਚੰਗੀਆਂ ਅਤੇ ਭਰੋਸੇ ਦੇ ਲਾਇਕ ਹਨ, ਜਿਵੇਂ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਪਾਈ ਜਾਂਦੀ ਜਾਣਕਾਰੀ।—1 ਤਿਮੋਥਿਉਸ 6:20.
“ਗੰਭੀਰ।” ਇਹ ਸ਼ਬਦ ਉਨ੍ਹਾਂ ਗੱਲਾਂ ਨੂੰ ਦਰਸਾਉਂਦਾ ਹੈ ਜੋ ਵਾਕਈ ਅਹਿਮੀਅਤ ਰੱਖਦੀਆਂ ਹਨ। ਇਹ ਗੱਲਾਂ ਬੇਕਾਰ, ਮਾਮੂਲੀ ਜਾਂ ਛੋਟੀਆਂ-ਮੋਟੀਆਂ ਨਹੀਂ ਹਨ। ਇਸ ਦੀ ਬਜਾਇ, ਇਹ ਮਸੀਹੀਆਂ ਦਾ ਇਰਾਦਾ ਪੱਕਾ ਕਰਦੀਆਂ ਹਨ ਕਿ ਉਹ ਸਹੀ ਕੰਮ ਕਰਨ।—ਤੀਤੁਸ 2:6-8.
“ਸਹੀ।” ਇਹ ਸ਼ਬਦ ਉਨ੍ਹਾਂ ਕੰਮਾਂ ਤੇ ਯੋਜਨਾਵਾਂ ਨੂੰ ਦਰਸਾਉਂਦਾ ਹੈ ਜੋ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਸਹੀ ਹਨ, ਨਾ ਕਿ ਜੋ ਇਨਸਾਨਾਂ ਦੇ ਮਿਆਰਾਂ ਮੁਤਾਬਕ ਸਹੀ ਹਨ।—ਕਹਾਉਤਾਂ 3:5, 6; 14:12.
“ਸਾਫ਼-ਸੁਥਰੀਆਂ।” ਇਹ ਸ਼ਬਦ ਉਨ੍ਹਾਂ ਵਿਚਾਰਾਂ ਤੇ ਇਰਾਦਿਆਂ ਨੂੰ ਦਰਸਾਉਂਦਾ ਹੈ ਜੋ ਸਿਰਫ਼ ਸੈਕਸ ਦੇ ਮਾਮਲੇ ਵਿਚ ਹੀ ਨਹੀਂ, ਸਗੋਂ ਹਰ ਮਾਮਲੇ ਵਿਚ ਸ਼ੁੱਧ ਅਤੇ ਪਵਿੱਤਰ ਹਨ।—2 ਕੁਰਿੰਥੀਆਂ 11:3.
“ਪਿਆਰ ਪੈਦਾ ਕਰਨ ਵਾਲੀਆਂ।” ਇਹ ਸ਼ਬਦ ਉਨ੍ਹਾਂ ਗੱਲਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਤੋਂ ਖ਼ੁਸ਼ੀ ਮਿਲਦੀ ਹੈ ਅਤੇ ਜੋ ਨਫ਼ਰਤ, ਕੁੜੱਤਣ ਜਾਂ ਝਗੜੇ ਪੈਦਾ ਕਰਨ ਦੀ ਬਜਾਇ ਪਿਆਰ ਪੈਦਾ ਕਰਦੀਆਂ ਹਨ।—1 ਪਤਰਸ 4:8.
“ਚੰਗੀਆਂ।” ਇਹ ਸ਼ਬਦ ਉਨ੍ਹਾਂ ਗੱਲਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨਾਲ ਇਕ ਵਿਅਕਤੀ ਦੀ ਨੇਕਨਾਮੀ ਵਧਦੀ ਹੈ ਅਤੇ ਜਿਹੜੇ ਇਨਸਾਨ ਪਰਮੇਸ਼ੁਰ ਦਾ ਆਦਰ ਕਰਦੇ ਹਨ, ਉਹ ਇਨ੍ਹਾਂ ਗੱਲਾਂ ਨੂੰ ਮਨਜ਼ੂਰ ਕਰਦੇ ਹਨ।—ਕਹਾਉਤਾਂ 22:1.
“ਸ਼ੁੱਧ।” ਇਹ ਸ਼ਬਦ ਉਨ੍ਹਾਂ ਗੱਲਾਂ ਨੂੰ ਦਰਸਾਉਂਦਾ ਹੈ ਜੋ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਨੈਤਿਕ ਤੌਰ ਤੇ ਉੱਚੀਆਂ-ਸੁੱਚੀਆਂ ਹਨ। ਇਨ੍ਹਾਂ ਗੱਲਾਂ ਵਿਚ ਕੋਈ ਵੀ ਖੋਟ ਨਹੀਂ ਹੈ।—2 ਪਤਰਸ 1:5, 9.
“ਸ਼ੋਭਾ ਦੇ ਲਾਇਕ।” ਇਹ ਸ਼ਬਦ ਉਨ੍ਹਾਂ ਗੱਲਾਂ ਨੂੰ ਦਰਸਾਉਂਦੇ ਹਨ ਜੋ ਸੱਚ-ਮੁੱਚ ਤਾਰੀਫ਼ ਦੇ ਲਾਇਕ ਹਨ, ਖ਼ਾਸ ਕਰਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ। ਇਸ ਵਿਚ ਪਰਮੇਸ਼ੁਰੀ ਕੰਮ ਵੀ ਸ਼ਾਮਲ ਹਨ ਜੋ ਤਾਰੀਫ਼ ਦੇ ਲਾਇਕ ਹਨ। ਇਨ੍ਹਾਂ ਕੰਮਾਂ ਉੱਤੇ ਇਨਸਾਨਾਂ ਨੂੰ ਸੋਚ-ਵਿਚਾਰ ਕਰਨਾ ਚਾਹੀਦਾ ਹੈ।—ਜ਼ਬੂਰ 78:4.
ਅਗਲੀਆਂ-ਪਿਛਲੀਆਂ ਆਇਤਾਂ ਮੁਤਾਬਕ ਫ਼ਿਲਿੱਪੀਆਂ 4:8 ਦੀ ਸਮਝ
ਪੌਲੁਸ ਰਸੂਲ ਨੇ ਫ਼ਿਲਿੱਪੀਆਂ ਦੇ ਮਸੀਹੀਆਂ ਨੂੰ ਇਹ ਚਿੱਠੀ ਉਦੋਂ ਲਿਖੀ ਜਦੋਂ ਉਹ ਰੋਮ ਵਿਚ ਇਕ ਘਰ ਵਿਚ ਕੈਦ ਸੀ। ਬਾਈਬਲ ਤੇ ਟਿੱਪਣੀ ਕਰਨ ਵਾਲਿਆਂ ਨੇ ਇਸ ਚਿੱਠੀ ਨੂੰ “ਖ਼ੁਸ਼ੀ ਦੇਣ ਵਾਲੀ ਚਿੱਠੀ” ਕਿਹਾ ਹੈ ਕਿਉਂਕਿ ਇਸ ਨੂੰ ਲਿਖਣ ਦਾ ਤਰੀਕਾ ਖ਼ੁਸ਼ਨੁਮਾ ਹੈ ਅਤੇ ਇਸ ਵਿਚ ਵਰਤੇ ਗਏ ਬਹੁਤ ਸਾਰੇ ਸ਼ਬਦਾਂ ਤੋਂ ਪਿਆਰ ਅਤੇ ਮੋਹ ਝਲਕਦਾ ਹੈ।—ਫ਼ਿਲਿੱਪੀਆਂ 1:3, 4, 7, 8, 18; 3:1; 4:1, 4, 10.
ਪੌਲੁਸ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ। ਇਸ ਕਰਕੇ ਉਹ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਵੀ ਉਹੀ ਖ਼ੁਸ਼ੀ ਤੇ ਸ਼ਾਂਤੀ ਮਿਲੇ ਜੋ ਉਸ ਨੂੰ ਮਿਲੀ ਸੀ। (ਫ਼ਿਲਿੱਪੀਆਂ 2:17, 18) ਇਸ ਲਈ ਉਸ ਨੇ ਆਪਣੀ ਚਿੱਠੀ ਦੇ ਆਖ਼ਰੀ ਹਿੱਸੇ ਵਿਚ ਉਨ੍ਹਾਂ ਨੂੰ ਖ਼ੁਸ਼ ਰਹਿਣ, ਸਮਝਦਾਰ ਬਣਨ ਅਤੇ ਪ੍ਰਾਰਥਨਾ ਵਿਚ ਪਰਮੇਸ਼ੁਰ ਉੱਤੇ ਲਗਾਤਾਰ ਭਰੋਸਾ ਕਰਨ ਦੀ ਹੱਲਾਸ਼ੇਰੀ ਦਿੱਤੀ। ਨਾਲੇ ਉਸ ਨੇ ਹੱਲਾਸ਼ੇਰੀ ਦਿੱਤੀ ਕਿ ਉਹ ਆਪਣਾ ਧਿਆਨ ਉਨ੍ਹਾਂ ਚੀਜ਼ਾਂ ʼਤੇ ਲਾਉਣ ਜਿਨ੍ਹਾਂ ਨਾਲ ਮਨ ਦੀ ਸ਼ਾਂਤੀ ਮਿਲਦੀ ਹੈ ਅਤੇ ਪਰਮੇਸ਼ੁਰ ਨਾਲ ਸ਼ਾਂਤੀ ਭਰਿਆ ਰਿਸ਼ਤਾ ਬਣਦਾ ਹੈ।—ਫ਼ਿਲਿੱਪੀਆਂ 4:4-9.
ਫ਼ਿਲਿੱਪੀਆਂ ਦੀ ਕਿਤਾਬ ਬਾਰੇ ਹੋਰ ਜਾਣਕਾਰੀ ਲੈਣ ਲਈ ਇਹ ਛੋਟੀ ਜਿਹੀ ਵੀਡੀਓ ਦੇਖੋ।