ਬਾਈਬਲ ਆਇਤਾਂ ਦੀ ਸਮਝ
ਰੋਮੀਆਂ 12:12—“ਆਸਾ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ”
“ਆਪਣੀ ਉਮੀਦ ਕਰਕੇ ਖ਼ੁਸ਼ ਰਹੋ। ਧੀਰਜ ਨਾਲ ਕਸ਼ਟ ਸਹੋ। ਪ੍ਰਾਰਥਨਾ ਕਰਨ ਵਿਚ ਲੱਗੇ ਰਹੋ।”—ਰੋਮੀਆਂ 12:12, ਨਵੀਂ ਦੁਨੀਆਂ ਅਨੁਵਾਦ।
“ਆਸਾ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ।”—ਰੋਮੀਆਂ 12:12, ਪੰਜਾਬੀ ਦੀ ਪਵਿੱਤਰ ਬਾਈਬਲ।
ਰੋਮੀਆਂ 12:12 ਦਾ ਮਤਲਬ
ਇਸ ਆਇਤ ਵਿਚ ਪੌਲੁਸ ਰਸੂਲ ਨੇ ਰੋਮ ਦੇ ਮਸੀਹੀਆਂ ਨੂੰ ਤਿੰਨ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ ਜਿਨ੍ਹਾਂ ਕਰਕੇ ਉਨ੍ਹਾਂ ਨੇ ਜ਼ੁਲਮਾਂ ਜਾਂ ਹੋਰ ਮੁਸ਼ਕਲਾਂ ਦੇ ਬਾਵਜੂਦ ਵਫ਼ਾਦਾਰੀ ਬਣਾਈ ਰੱਖਣੀ ਸੀ।
“ਆਪਣੀ ਉਮੀਦ ਕਰਕੇ ਖ਼ੁਸ਼ ਰਹੋ।” ਮਸੀਹੀਆਂ ਕੋਲ ਹਮੇਸ਼ਾ ਦੀ ਜ਼ਿੰਦਗੀ ਦੀ ਸ਼ਾਨਦਾਰ ਉਮੀਦ ਹੈ। ਕੁਝ ਜਣੇ ਸਵਰਗ ਵਿਚ ਅਤੇ ਜ਼ਿਆਦਾਤਰ ਜਣੇ ਧਰਤੀ ʼਤੇ ਹਮੇਸ਼ਾ ਲਈ ਰਹਿਣਗੇ। (ਜ਼ਬੂਰ 37:29; ਯੂਹੰਨਾ 3:16; ਪ੍ਰਕਾਸ਼ ਦੀ ਕਿਤਾਬ 14:1-4; 21:3, 4) ਇਸ ਉਮੀਦ ਵਿਚ ਇਹ ਵੀ ਸ਼ਾਮਲ ਹੈ ਕਿ ਪਰਮੇਸ਼ੁਰ ਦਾ ਰਾਜ a ਕਿਵੇਂ ਇਨਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਖ਼ਾਤਮਾ ਕਰੇਗਾ। (ਦਾਨੀਏਲ 2:44; ਮੱਤੀ 6:10) ਪਰਮੇਸ਼ੁਰ ਦੇ ਸੇਵਕ ਮੁਸੀਬਤਾਂ ਸਹਿੰਦੇ ਹੋਏ ਵੀ ਖ਼ੁਸ਼ ਰਹਿ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਪੱਕਾ ਭਰੋਸਾ ਹੈ ਕਿ ਉਨ੍ਹਾਂ ਦੀ ਉਮੀਦ ਜ਼ਰੂਰ ਪੂਰੀ ਹੋਵੇਗੀ ਅਤੇ ਧੀਰਜ ਨਾਲ ਸਹਿੰਦੇ ਰਹਿਣ ਕਰਕੇ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰਨਗੇ।—ਮੱਤੀ 5:11, 12; ਰੋਮੀਆਂ 5:3-5.
“ਧੀਰਜ ਨਾਲ ਕਸ਼ਟ ਸਹੋ।” ਬਾਈਬਲ ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਧੀਰਜ” ਕੀਤਾ ਗਿਆ ਹੈ, ਉਸ ਦਾ ਅਕਸਰ ਮਤਲਬ ਹੁੰਦਾ ਹੈ “ਭੱਜਣ ਦੀ ਬਜਾਇ ਡਟੇ ਰਹਿਣਾ; ਲੱਗੇ ਰਹਿਣਾ; ਦ੍ਰਿੜ ਰਹਿਣਾ।” ਮਸੀਹ ਦੇ ਚੇਲੇ “ਦੁਨੀਆਂ ਦੇ ਨਹੀਂ” b ਹਨ, ਇਸ ਕਰਕੇ ਉਹ ਜਾਣਦੇ ਹਨ ਕਿ ਉਨ੍ਹਾਂ ʼਤੇ ਜ਼ੁਲਮ ਹੋਣਗੇ ਅਤੇ ਇਸ ਲਈ ਉਨ੍ਹਾਂ ਨੂੰ ਧੀਰਜ ਰੱਖਣ ਦੀ ਲੋੜ ਪਵੇਗੀ। (ਯੂਹੰਨਾ 15:18-20; 2 ਤਿਮੋਥਿਉਸ 3:12) ਜਦੋਂ ਕੋਈ ਮਸੀਹੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਹੈ, ਤਾਂ ਉਸ ਨੂੰ ਮੁਸ਼ਕਲਾਂ ਸਹਿਣੀਆਂ ਪੈ ਸਕਦੀਆਂ ਹਨ। ਪਰ ਇਸ ਕਰਕੇ ਉਸ ਦਾ ਭਰੋਸਾ ਪੱਕਾ ਹੁੰਦਾ ਹੈ ਕਿ ਪਰਮੇਸ਼ੁਰ ਉਸ ਨੂੰ ਉਸ ਦੀ ਨਿਹਚਾ ਦਾ ਇਨਾਮ ਜ਼ਰੂਰ ਦੇਵੇਗਾ। (ਮੱਤੀ 24:13) ਇਸ ਪੱਕੀ ਨਿਹਚਾ ਕਰਕੇ ਉਹ ਧੀਰਜ ਅਤੇ ਖ਼ੁਸ਼ੀ ਨਾਲ ਮੁਸ਼ਕਲਾਂ ਝੱਲਦਾ ਹੈ।—ਕੁਲੁੱਸੀਆਂ 1:11.
“ਪ੍ਰਾਰਥਨਾ ਕਰਨ ਵਿਚ ਲੱਗੇ ਰਹੋ।” ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਬਣਾਈ ਰੱਖਣ ਲਈ ਮਸੀਹੀਆਂ ਨੂੰ ਵਾਰ-ਵਾਰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ। (ਲੂਕਾ 11:9; 18:1) ਉਨ੍ਹਾਂ ਨੂੰ ਬਾਕਾਇਦਾ ਪਰਮੇਸ਼ੁਰ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਹਰ ਮਾਮਲੇ ਵਿਚ ਉਸ ʼਤੇ ਭਰੋਸਾ ਰੱਖਣਾ ਚਾਹੀਦਾ ਹੈ। (ਕੁਲੁੱਸੀਆਂ 4:2; 1 ਥੱਸਲੁਨੀਕੀਆਂ 5:17) ਉਨ੍ਹਾਂ ਨੂੰ ਭਰੋਸਾ ਹੁੰਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਫ਼ਰਿਆਦਾਂ ਜ਼ਰੂਰ ਸੁਣੇਗਾ ਕਿਉਂਕਿ ਉਹ ਪਰਮੇਸ਼ੁਰ ਦਾ ਕਹਿਣਾ ਮੰਨਦੇ ਹਨ ਅਤੇ ਉਸ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। (1 ਯੂਹੰਨਾ 3:22; 5:14) ਉਹ ਇਹ ਵੀ ਜਾਣਦੇ ਹਨ ਕਿ ਜੇ ਉਹ ਪ੍ਰਾਰਥਨਾ ਕਰਨ ਵਿਚ ਲੱਗੇ ਰਹਿਣਗੇ, ਤਾਂ ਉਹ ਚਾਹੇ ਜਿਹੜੀ ਮਰਜ਼ੀ ਮੁਸ਼ਕਲ ਵਿੱਚੋਂ ਕਿਉਂ ਨਾ ਲੰਘਣ ਪਰਮੇਸ਼ੁਰ ਉਨ੍ਹਾਂ ਨੂੰ ਵਫ਼ਾਦਾਰੀ ਬਣਾਈ ਰੱਖਣ ਲਈ ਤਾਕਤ ਦਿੰਦਾ ਰਹੇਗਾ।—ਫ਼ਿਲਿੱਪੀਆਂ 4:13.
ਹੋਰ ਆਇਤਾਂ ਮੁਤਾਬਕ ਰੋਮੀਆਂ 12:12 ਦੀ ਸਮਝ
ਲਗਭਗ 56 ਈਸਵੀ ਵਿਚ ਪੌਲੁਸ ਨੇ ਇਹ ਚਿੱਠੀ ਰੋਮ ਦੇ ਮਸੀਹੀਆਂ ਨੂੰ ਲਿਖੀ ਸੀ। ਇਸ ਚਿੱਠੀ ਦੇ 12ਵੇਂ ਅਧਿਆਇ ਵਿਚ ਉਸ ਨੇ ਚੰਗੀਆਂ ਸਲਾਹਾਂ ਦਿੱਤੀਆਂ ਹਨ। ਉਦਾਹਰਣ ਲਈ, ਮਸੀਹੀ ਗੁਣ ਕਿਵੇਂ ਜ਼ਾਹਰ ਕਰਨੇ ਹਨ, ਆਪਣੇ ਭੈਣਾਂ-ਭਰਾਵਾਂ ਤੇ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਹੈ ਅਤੇ ਜ਼ੁਲਮ ਹੋਣ ਤੇ ਵੀ ਸ਼ਾਂਤੀ ਕਿਵੇਂ ਬਣਾਈ ਰੱਖਣੀ ਹੈ। (ਰੋਮੀਆਂ 12:9-21) ਰੋਮ ਦੇ ਮਸੀਹੀਆਂ ਨੂੰ ਇਹ ਸਲਾਹਾਂ ਬਿਲਕੁਲ ਸਹੀ ਸਮੇਂ ʼਤੇ ਮਿਲੀਆਂ ਸਨ ਕਿਉਂਕਿ ਜਲਦੀ ਹੀ ਉਨ੍ਹਾਂ ʼਤੇ ਬੇਰਹਿਮੀ ਨਾਲ ਜ਼ੁਲਮ ਕੀਤੇ ਜਾਣੇ ਸਨ।
ਕੁਝ ਸਾਲਾਂ ਬਾਅਦ 64 ਈਸਵੀ ਵਿਚ ਭਿਆਨਕ ਅੱਗ ਲੱਗਣ ਕਰਕੇ ਰੋਮ ਸ਼ਹਿਰ ਦਾ ਜ਼ਿਆਦਾਤਰ ਹਿੱਸਾ ਤਬਾਹ ਹੋ ਗਿਆ। ਬਹੁਤ ਸਾਰੇ ਲੋਕਾਂ ਨੇ ਇਹ ਦਾਅਵਾ ਕੀਤਾ ਕਿ ਇਸ ਸਭ ਲਈ ਸਮਰਾਟ ਨੀਰੋ ਜ਼ਿੰਮੇਵਾਰ ਸੀ। ਰੋਮੀ ਇਤਿਹਾਸਕਾਰ ਟੈਸੀਟਸ ਮੁਤਾਬਕ ਨੀਰੋ ਨੇ ਆਪਣੇ ਆਪ ਨੂੰ ਬਚਾਉਣ ਲਈ ਮਸੀਹੀਆਂ ਨੂੰ ਦੋਸ਼ੀ ਠਹਿਰਾ ਦਿੱਤਾ। ਜ਼ਾਹਰ ਹੈ ਕਿ ਇਸ ਕਰਕੇ ਮਸੀਹੀਆਂ ʼਤੇ ਬੇਰਹਿਮੀ ਨਾਲ ਜ਼ੁਲਮ ਕੀਤੇ ਗਏ। ਪੌਲੁਸ ਨੇ ਜ਼ੁਲਮ ਸਹਿਣ ਬਾਰੇ ਜੋ ਸਲਾਹ ਦਿੱਤੀ ਸੀ, ਉਸ ਕਰਕੇ ਮਸੀਹੀ ਨਿਹਚਾ ਅਤੇ ਮਾਣ ਨਾਲ ਇਸ ਔਖੇ ਸਮੇਂ ਨੂੰ ਸਹਿ ਸਕੇ। (1 ਥੱਸਲੁਨੀਕੀਆਂ 5:15; 1 ਪਤਰਸ 3:9) ਅੱਜ ਪਰਮੇਸ਼ੁਰ ਦੇ ਸੇਵਕ ਇਨ੍ਹਾਂ ਮਸੀਹੀਆਂ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਨ।
ਰੋਮੀਆਂ ਦੀ ਕਿਤਾਬ ਦੀ ਝਲਕ ਦੇਖਣ ਲਈ ਇਹ ਛੋਟੀ ਜਿਹੀ ਵੀਡੀਓ ਦੇਖੋ।
a ਪਰਮੇਸ਼ੁਰ ਦਾ ਰਾਜ ਇਕ ਸਵਰਗੀ ਸਰਕਾਰ ਹੈ ਜੋ ਧਰਤੀ ʼਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ। ਇਸ ਬਾਰੇ ਹੋਰ ਜਾਣਨ ਲਈ “ਰੱਬ ਦਾ ਰਾਜ ਕੀ ਹੈ?” ਨਾਂ ਦਾ ਲੇਖ ਦੇਖੋ।
b ਬਾਈਬਲ ਵਿਚ “ਦੁਨੀਆਂ” ਸ਼ਬਦ ਉਨ੍ਹਾਂ ਲੋਕਾਂ ਨੂੰ ਦਰਸਾਉਣ ਲਈ ਵਰਤਿਆਂ ਜਾਂਦਾ ਹੈ ਜੋ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਹਨ।