ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ | ਅੱਯੂਬ
ਯਹੋਵਾਹ ਨੇ ਦੁੱਖਾਂ ਵਿਚ ਉਸ ਨੂੰ ਦਿਲਾਸਾ ਦਿੱਤਾ
ਅਖ਼ੀਰ, ਅੱਯੂਬ ਤੇ ਉਸ ਦੇ ਦੋਸਤਾਂ ਦਰਮਿਆਨ ਚੁੱਪੀ ਛਾ ਗਈ। ਅਰਬ ਦੇ ਰੇਗਿਸਤਾਨ ਤੋਂ ਸ਼ਾਇਦ ਸਿਰਫ਼ ਵਗਦੀ ਹਵਾ ਦੀ ਆਵਾਜ਼ ਹੀ ਆ ਰਹੀ ਸੀ। ਲੰਬੀ ਬਹਿਸ ਕਰਨ ਤੋਂ ਬਾਅਦ ਅੱਯੂਬ ਕੋਲ ਬੋਲਣ ਲਈ ਕੁਝ ਨਹੀਂ ਸੀ ਬਚਿਆ। ਜ਼ਰਾ ਕਲਪਨਾ ਕਰੋ ਕਿ ਅੱਯੂਬ ਆਪਣੇ ਤਿੰਨ ਦੋਸਤਾਂ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ ਜਿਵੇਂ ਉਨ੍ਹਾਂ ਨੂੰ ਬੋਲਣ ਲਈ ਉਕਸਾ ਰਿਹਾ ਹੋਵੇ। ਪਰ ਉਹ ਤਿੰਨੇ ਜਣੇ ਨੀਵੀਂ ਪਾਈ ਜਾਂ ਸਿਰ ਝੁਕਾਈ ਬੈਠੇ ਹਨ। ਕਿਉਂ? ਕਿਉਂਕਿ ਉਨ੍ਹਾਂ ਨੇ ਜੋ ਬਹਿਸ ਅਤੇ “ਹਵਾਈ” ਤੇ ਚੁੱਭਵੀਆਂ ਗੱਲਾਂ ਕੀਤੀਆਂ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੋਇਆ। (ਅੱਯੂਬ 16:3) ਬਿਨਾਂ ਸ਼ੱਕ, ਅੱਯੂਬ ਆਪਣੀ ਖਰਿਆਈ ਸਾਬਤ ਕਰਨ ਵਿਚ ਲੱਗਾ ਹੋਇਆ ਸੀ।
ਅੱਯੂਬ ਨੂੰ ਇੱਦਾਂ ਲੱਗਾ ਹੋਣਾ ਕਿ ਉਸ ਦੇ ਪੱਲੇ ਤਾਂ ਹੁਣ ਖਰਿਆਈ ਹੀ ਰਹਿ ਗਈ ਹੈ। ਉਸ ਨੇ ਆਪਣੀ ਧਨ-ਦੌਲਤ ਗੁਆ ਲਈ, ਉਸ ਦੇ ਦਸ ਦੇ ਦਸ ਬੱਚੇ ਮਰ ਗਏ, ਗੁਆਂਢੀਆਂ ਤੇ ਦੋਸਤਾਂ ਨੇ ਉਸ ਦਾ ਸਾਥ ਦੇਣਾ ਅਤੇ ਇੱਜ਼ਤ ਕਰਨੀ ਛੱਡ ਦਿੱਤੀ। ਅਖ਼ੀਰ, ਉਸ ਨੂੰ ਗੰਭੀਰ ਬੀਮਾਰੀ ਲੱਗ ਗਈ, ਉਸ ਦੀ ਚਮੜੀ ਬੀਮਾਰੀ ਕਾਰਨ ਕਾਲੀ ਹੋ ਗਈ, ਖਰਿੰਡ ਆ ਗਏ ਅਤੇ ਕੀੜੇ ਪੈ ਗਏ। ਇੱਥੋਂ ਤਕ ਕਿ ਉਸ ਦੇ ਮੂੰਹ ਵਿੱਚੋਂ ਵੀ ਬਦਬੂ ਆ ਰਹੀ ਸੀ। (ਅੱਯੂਬ 7:5; 19:17; 30:30) ਪਰ ਉਨ੍ਹਾਂ ਤਿੰਨ ਆਦਮੀਆਂ ਦੀ ਗੱਲਾਂ ਕਰਕੇ ਅੱਯੂਬ ਗੁੱਸੇ ਨਾਲ ਭਰ ਗਿਆ। ਉਹ ਇਹ ਸਾਬਤ ਕਰਨ ਵਿਚ ਲੱਗਾ ਹੋਇਆ ਸੀ ਕਿ ਉਸ ਨੇ ਕੋਈ ਗ਼ਲਤੀ ਨਹੀਂ ਕੀਤੀ। ਅਖ਼ੀਰ ਅੱਯੂਬ ਨੇ ਜੋ ਕਿਹਾ ਉਸ ਕਰਕੇ ਉਨ੍ਹਾਂ ਦੀ ਬੋਲਤੀ ਬੰਦ ਹੋ ਗਈ। ਉਨ੍ਹਾਂ ਦੀਆਂ ਚੁੱਭਵੀਆਂ ਗੱਲਾਂ ਦੀ ਝੜੀ ਥੰਮ੍ਹ ਗਈ। ਪਰ ਅੱਯੂਬ ਦਾ ਦਰਦ ਉਵੇਂ ਦਾ ਉਵੇਂ ਹੀ ਰਿਹਾ। ਉਸ ਨੂੰ ਅਜੇ ਵੀ ਬਹੁਤ ਜ਼ਿਆਦਾ ਮਦਦ ਦੀ ਲੋੜ ਸੀ।
ਅਸੀਂ ਸਮਝ ਸਕਦੇ ਹਾਂ ਕਿ ਆਪਣੇ ਹਾਲਾਤਾਂ ਬਾਰੇ ਅੱਯੂਬ ਦਾ ਨਜ਼ਰੀਆ ਕਿਉਂ ਸਹੀ ਨਹੀਂ ਸੀ। ਉਸ ਨੂੰ ਸਲਾਹ ਤੇ ਸੇਧ ਦੀ ਲੋੜ ਸੀ। ਨਾਲੇ ਉਸ ਨੂੰ ਦਿਲਾਸੇ ਤੇ ਤਸੱਲੀ ਦੀ ਵੀ ਲੋੜ ਸੀ ਜੋ ਉਸ ਦੇ ਤਿੰਨ ਦੋਸਤਾਂ ਨੂੰ ਦੇਣੀ ਚਾਹੀਦੀ ਸੀ। ਪਰ ਉਨ੍ਹਾਂ ਨੇ ਇੱਦਾਂ ਨਹੀਂ ਕੀਤਾ। ਕੀ ਤੁਹਾਨੂੰ ਕਦੇ ਲੱਗਾ ਕਿ ਤੁਹਾਨੂੰ ਵੀ ਸੇਧ ਤੇ ਦਿਲਾਸੇ ਦੀ ਸਖ਼ਤ ਲੋੜ ਹੈ? ਕੀ ਤੁਹਾਨੂੰ ਉਨ੍ਹਾਂ ਲੋਕਾਂ ਨੇ ਦੁਖੀ ਕੀਤਾ ਜਿਨ੍ਹਾਂ ਨੂੰ ਤੁਸੀਂ ਆਪਣਾ ਦੋਸਤ ਸਮਝਦੇ ਸੀ? ਆਓ ਦੇਖੀਏ ਕਿ ਯਹੋਵਾਹ ਪਰਮੇਸ਼ੁਰ ਨੇ ਆਪਣੇ ਸੇਵਕ ਅੱਯੂਬ ਦੀ ਮਦਦ ਕਿਵੇਂ ਕੀਤੀ ਅਤੇ ਅੱਯੂਬ ਨੇ ਇਹ ਮਦਦ ਕਿਵੇਂ ਸਵੀਕਾਰ ਕੀਤੀ। ਇਨ੍ਹਾਂ ਗੱਲਾਂ ਨੂੰ ਜਾਣ ਕੇ ਤੁਹਾਨੂੰ ਉਮੀਦ ਤੇ ਮਦਦ ਮਿਲ ਸਕਦੀ ਹੈ।
ਇਕ ਬੁੱਧੀਮਾਨ ਤੇ ਦਿਆਲੂ ਸਲਾਹਕਾਰ
ਆਓ ਦੇਖੀਏ ਕਿ ਅੱਯੂਬ ਦੇ ਬਿਰਤਾਂਤ ਵਿਚ ਅੱਗੇ ਕੀ ਹੁੰਦਾ ਹੈ। ਉੱਥੇ ਅਲੀਹੂ ਨਾਂ ਦਾ ਇਕ ਨੌਜਵਾਨ ਵੀ ਸੀ। ਉਹ ਉੱਥੇ ਖੜ੍ਹਾ ਚੁੱਪ-ਚਾਪ ਉਨ੍ਹਾਂ ਬਜ਼ੁਰਗ ਆਦਮੀਆਂ ਦੀਆਂ ਗੱਲਾਂ ਸੁਣ ਰਿਹਾ ਸੀ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਉਸ ਨੂੰ ਬਹੁਤ ਦੁੱਖ ਲੱਗਾ।
ਅਲੀਹੂ ਅੱਯੂਬ ਤੋਂ ਖ਼ੁਸ਼ ਨਹੀਂ ਸੀ। ਉਹ ਇਹ ਦੇਖ ਕੇ ਦੁਖੀ ਸੀ ਕਿ ਧਰਮੀ ਅੱਯੂਬ ਗੁੱਸੇ ਵਿਚ “ਆਪਣੇ ਆਪ ਨੂੰ ਨਾ ਕਿ ਪਰਮੇਸ਼ੁਰ ਨੂੰ ਧਰਮੀ” ਠਹਿਰਾ ਰਿਹਾ ਸੀ। ਪਰ ਅਲੀਹੂ ਨੂੰ ਅੱਯੂਬ ਨਾਲ ਸੱਚੀ ਹਮਦਰਦੀ ਸੀ। ਉਹ ਅੱਯੂਬ ਦਾ ਦੁੱਖ ਅਤੇ ਸਾਫ਼ਦਿਲੀ ਦੇਖ ਸਕਦਾ ਸੀ। ਨਾਲੇ ਉਹ ਸਮਝ ਸਕਦਾ ਸੀ ਕਿ ਉਸ ਨੂੰ ਸਲਾਹ ਤੇ ਦਿਲਾਸੇ ਦੀ ਕਿੰਨੀ ਲੋੜ ਸੀ। ਬਿਨਾਂ ਸ਼ੱਕ, ਅਲੀਹੂ ਉਨ੍ਹਾਂ ਝੂਠਾ ਦਿਲਾਸਾ ਦੇਣ ਵਾਲਿਆਂ ਦੀਆਂ ਗੱਲਾਂ ਸੁਣ ਕੇ ਅੱਕ ਚੁੱਕਾ ਸੀ। ਉਸ ਨੇ ਸੁਣਿਆ ਸੀ ਕਿ ਉਨ੍ਹਾਂ ਤਿੰਨਾਂ ਨੇ ਅੱਯੂਬ ਨੂੰ ਚੁੱਭਵੀਆਂ ਗੱਲਾਂ ਕਹੀਆਂ, ਉਸ ਦਾ ਇੱਜ਼ਤ-ਮਾਣ ਖੋਹਣ ਅਤੇ ਨਿਹਚਾ ਕਮਜ਼ੋਰ ਕਰਨ ਤੇ ਖਰਿਆਈ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਵੀ ਮਾੜੀ ਗੱਲ ਕਿ ਉਨ੍ਹਾਂ ਦੀਆਂ ਚੁੱਭਵੀਆਂ ਗੱਲਾਂ ਨੇ ਪਰਮੇਸ਼ੁਰ ਨੂੰ ਦੁਸ਼ਟ ਠਹਿਰਾਇਆ। ਅਲੀਹੂ ਬੋਲਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ!—ਅੱਯੂਬ 32:2-4, 18.
ਉਸ ਨੇ ਕਿਹਾ: “ਮੈਂ ਦਿਨਾਂ ਵਿੱਚ ਜੁਆਨ ਹਾਂ, ਤੁਸੀਂ ਵੱਡੀ ਉਮਰ ਦੇ ਹੋ, ਏਸ ਲਈ ਮੈਂ ਤੁਹਾਨੂੰ ਆਪਣਾ ਵਿਚਾਰ ਦੱਸਣ ਥੋਂ ਸੰਗ ਗਿਆ ਅਤੇ ਡਰ ਗਿਆ।” ਪਰ ਉਹ ਜ਼ਿਆਦਾ ਦੇਰ ਚੁੱਪ ਨਾ ਰਹਿ ਸਕਿਆ। ਉਸ ਨੇ ਅੱਗੇ ਕਿਹਾ: “ਓਹ ਵੱਡੇ ਹੀ ਨਹੀਂ ਜਿਹੜੇ ਬੁੱਧਵਾਨ ਹਨ, ਅਤੇ ਨਾ ਹੀ ਬੁੱਢੇ ਨਿਆਉਂ ਨੂੰ ਸਮਝਣ ਵਾਲੇ ਹਨ।” (ਅੱਯੂਬ 32:6, 9) ਫਿਰ ਅਲੀਹੂ ਨੇ ਇਨ੍ਹਾਂ ਸ਼ਬਦਾਂ ਨੂੰ ਸੱਚ ਸਾਬਤ ਕਰਨ ਲਈ ਇਕ ਲੰਬਾ ਭਾਸ਼ਣ ਦਿੱਤਾ। ਪਰ ਉਸ ਨੇ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਵਾਂਗ ਗੱਲ ਨਹੀਂ ਕੀਤੀ। ਨਾਲੇ ਉਸ ਨੇ ਅੱਯੂਬ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਨੂੰ ਨੀਵਾਂ ਨਹੀਂ ਦਿਖਾਵੇਗਾ ਜਾਂ ਉਸ ਨੂੰ ਹੋਰ ਪਰੇਸ਼ਾਨ ਨਹੀਂ ਕਰੇਗਾ। ਉਸ ਨੇ ਅੱਯੂਬ ਦਾ ਨਾਂ ਲੈ ਕੇ ਉਸ ਲਈ ਆਦਰ ਦਿਖਾਇਆ। ਨਾਲੇ ਉਸ ਨੇ ਮੰਨਿਆ ਕਿ ਅੱਯੂਬ ਦੀ ਬੇਇੱਜ਼ਤੀ ਕੀਤੀ ਗਈ ਸੀ। * ਉਸ ਨੇ ਆਦਰ ਨਾਲ ਕਿਹਾ: “ਹੇ ਅੱਯੂਬ ਜ਼ਰਾ ਮੇਰਾ ਬੋਲਣਾ ਸੁਣ ਲੈ।”—ਅੱਯੂਬ 33:1, 7; 34:7.
ਅਲੀਹੂ ਨੇ ਅੱਯੂਬ ਨੂੰ ਸਿੱਧੀ-ਸਿੱਧੀ ਸਲਾਹ ਦਿੱਤੀ: “ਸੱਚ ਮੁੱਚ ਤੈਂ ਮੇਰੇ ਕੰਨਾਂ ਵਿੱਚ ਆਖਿਆ ਹੈ, . . . ਭਈ ਮੈਂ ਸਾਫ਼ ਅਤੇ ਨਿਰਅਪਰਾਧ ਹਾਂ, ਮੈਂ ਪਾਕ ਤੇ ਨਿਰਦੋਸ਼ ਹਾਂ। ਵੇਖ, ਉਹ ਮੇਰੇ ਵਿਰੁੱਧ ਵੇਲਾ ਲੱਭਦਾ ਹੈ।” ਅਲੀਹੂ ਮੁਸ਼ਕਲ ਦੀ ਜੜ੍ਹ ਤਕ ਗਿਆ ਅਤੇ ਉਸ ਨੇ ਪੁੱਛਿਆ: “ਭਲਾ, ਤੂੰ ਏਸ ਨੂੰ ਠੀਕ ਸਮਝਦਾ ਹੈਂ, ਭਈ ਤੈਂ ਆਖਿਆ, ਮੇਰਾ ਧਰਮ ਪਰਮੇਸ਼ੁਰ ਨਾਲੋਂ ਵਧੀਕ ਹੈਗਾ?” ਉਹ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ। ਨੌਜਵਾਨ ਆਦਮੀ ਨੇ ਕਿਹਾ: “ਤੂੰ ਏਸ ਵਿੱਚ ਧਰਮੀ ਨਹੀਂ।” (ਅੱਯੂਬ 33:8-12; 35:2) ਅਲੀਹੂ ਜਾਣਦਾ ਸੀ ਕਿ ਅੱਯੂਬ ਨੇ ਜੋ ਗੁਆਇਆ ਸੀ ਅਤੇ ਉਸ ਦੇ ਝੂਠੇ ਦੋਸਤਾਂ ਨੇ ਉਸ ਨਾਲ ਜੋ ਬੁਰਾ ਸਲੂਕ ਕੀਤਾ ਸੀ, ਉਸ ਕਰਕੇ ਉਹ ਗੁੱਸੇ ਨਾਲ ਭਰਿਆ ਹੋਇਆ ਸੀ। ਪਰ ਅਲੀਹੂ ਨੇ ਅੱਯੂਬ ਨੂੰ ਕਿਹਾ: “ਖ਼ਬਰਦਾਰ, ਮਤੇ ਕਹਿਰ ਤੈਨੂੰ ਠੱਠੇ ਲਈ ਪਰੇਰੇ।”—ਅੱਯੂਬ 36:18.
ਅਲੀਹੂ ਨੇ ਯਹੋਵਾਹ ਦੀ ਦਇਆ ’ਤੇ ਜ਼ੋਰ ਦਿੱਤਾ
ਸਭ ਤੋਂ ਜ਼ਰੂਰੀ ਗੱਲ ਹੈ ਕਿ ਅਲੀਹੂ ਯਹੋਵਾਹ ਪਰਮੇਸ਼ੁਰ ਦੇ ਪੱਖ ਵਿਚ ਬੋਲਿਆ। ਉਸ ਨੇ ਜ਼ਬਰਦਸਤ ਤਰੀਕੇ ਨਾਲ ਇਸ ਸੱਚਾਈ ’ਤੇ ਜ਼ੋਰ ਦਿੱਤਾ: “ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ! . . . ਨਾ ਹੀ ਸਰਬ ਸ਼ਕਤੀਮਾਨ ਪੁੱਠੇ ਨਿਆਉਂ ਕਰੂ।” (ਅੱਯੂਬ 34:10, 12) ਯਹੋਵਾਹ ਦਇਆ ਦਿਖਾ ਕੇ ਨਿਆਂ ਕਰਦਾ ਹੈ। ਅਲੀਹੂ ਨੇ ਅੱਯੂਬ ਨੂੰ ਯਾਦ ਕਰਾਇਆ ਕਿ ਪਰਮੇਸ਼ੁਰ ਉਸ ਨੂੰ ਸਜ਼ਾ ਨਹੀਂ ਦੇ ਰਿਹਾ ਸੀ ਭਾਵੇਂ ਉਸ ਨੇ ਪਰਮੇਸ਼ੁਰ ਖ਼ਿਲਾਫ਼ ਬੁਰੀਆਂ ਤੇ ਨਿਰਾਦਰ ਵਾਲੀਆਂ ਗੱਲਾਂ ਕਹੀਆਂ ਸਨ। (ਅੱਯੂਬ 35:13-15) ਨਾਲੇ ਅਲੀਹੂ ਨੇ ਇਹ ਨਹੀਂ ਦਿਖਾਇਆ ਕਿ ਉਸ ਨੂੰ ਸਾਰੇ ਸਵਾਲਾਂ ਦੇ ਜਵਾਬ ਪਤਾ ਸਨ। ਪਰ ਉਸ ਨੇ ਕਿਹਾ: “ਪਰਮੇਸ਼ੁਰ ਮਹਾਨ ਹੈਗਾ ਅਤੇ ਅਸੀਂ ਉਹ ਨੂੰ ਨਹੀਂ ਜਾਣਦੇ।”—ਅੱਯੂਬ 36:26.
ਚਾਹੇ ਅਲੀਹੂ ਨੇ ਸਿੱਧੀ-ਸਿੱਧੀ ਸਲਾਹ ਦਿੱਤੀ, ਪਰ ਫਿਰ ਵੀ ਉਹ ਦਇਆ ਦਿਖਾਉਂਦਾ ਰਿਹਾ। ਉਸ ਨੇ ਅੱਯੂਬ ਨੂੰ ਇਕ ਸ਼ਾਨਦਾਰ ਉਮੀਦ ਬਾਰੇ ਦੱਸਿਆ ਕਿ ਇਕ ਦਿਨ ਯਹੋਵਾਹ ਉਸ ਨੂੰ ਬਿਲਕੁਲ ਠੀਕ ਕਰ ਦੇਵੇਗਾ। ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕ ਨੂੰ ਕਹੇਗਾ: “ਉਸ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ, ਉਹ ਆਪਣੀ ਜੁਆਨੀ ਵੱਲ ਮੁੜ ਆਊਗਾ।” ਇਕ ਹੋਰ ਗੱਲ ਤੋਂ ਪਤਾ ਲੱਗਦਾ ਹੈ ਕਿ ਅਲੀਹੂ ਨੇ ਦਇਆ ਦਿਖਾਈ। ਅੱਯੂਬ ਨੂੰ ਭਾਸ਼ਣ ਦੇਣ ਦੀ ਬਜਾਇ ਅਲੀਹੂ ਨੇ ਉਸ ਨੂੰ ਗੱਲ ਕਰਨ ਜਾਂ ਜਵਾਬ ਦੇਣ ਲਈ ਕਿਹਾ: “ਜੇ ਤੈਂ ਕੁਝ ਬੋਲਣਾ ਹੈ ਤਾਂ ਮੈਨੂੰ ਉੱਤਰ ਦੇਹ, ਬੋਲ, ਕਿਉਂ ਜੋ ਮੈਂ ਤੈਨੂੰ ਧਰਮੀ ਠਹਿਰਾਉਣਾ ਚਾਹੁੰਦਾ ਹਾਂ।” (ਅੱਯੂਬ 33:25, 32) ਪਰ ਅੱਯੂਬ ਕੁਝ ਨਹੀਂ ਬੋਲਿਆ। ਸ਼ਾਇਦ ਇਸ ਤਰ੍ਹਾਂ ਦੀਆਂ ਪਿਆਰ ਤੇ ਹੌਸਲਾ ਦੇਣ ਵਾਲੀਆਂ ਗੱਲਾਂ ਸੁਣ ਕੇ ਉਸ ਨੂੰ ਲੱਗਾ ਨਹੀਂ ਕਿ ਉਸ ਨੂੰ ਆਪਣੇ ਪੱਖ ਵਿਚ ਕੁਝ ਕਹਿਣ ਦੀ ਲੋੜ ਸੀ। ਸ਼ਾਇਦ ਅਲੀਹੂ ਦੀਆਂ ਗੱਲਾਂ ਸੁਣ ਕਿ ਅੱਯੂਬ ਰੋਇਆ ਤੇ ਉਸ ਨੂੰ ਸਕੂਨ ਮਿਲਿਆ।
ਅਸੀਂ ਇਨ੍ਹਾਂ ਦੋਹਾਂ ਵਫ਼ਾਦਾਰ ਆਦਮੀਆਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਅਲੀਹੂ ਤੋਂ ਅਸੀਂ ਸਿੱਖਦੇ ਹਾਂ ਕਿ ਅਸੀਂ ਸਲਾਹ ਤੇ ਦਿਲਾਸਾ ਕਿਵੇਂ ਦੇ ਸਕਦੇ ਹਾਂ। ਇਕ ਸੱਚਾ ਦੋਸਤ ਆਪਣੇ ਦੋਸਤ ਦੀ ਗੰਭੀਰ ਗ਼ਲਤੀ ਜਾਂ ਗ਼ਲਤ ਕੰਮ ਬਾਰੇ ਦੱਸਣ ਤੋਂ ਪਿੱਛੇ ਨਹੀਂ ਹਟਦਾ। (ਕਹਾਉਤਾਂ 27:6) ਅਸੀਂ ਅਜਿਹੇ ਹੀ ਦੋਸਤ ਬਣਨਾ ਚਾਹੁੰਦੇ ਹਾਂ, ਪਰ ਅਸੀਂ ਉਦੋਂ ਵੀ ਦਇਆ ਨਾਲ ਪੇਸ਼ ਆਵਾਂਗੇ ਅਤੇ ਹੌਸਲਾ ਦੇਣ ਵਾਲੀਆਂ ਗੱਲਾਂ ਕਹਾਂਗੇ ਜਦੋਂ ਸਾਡੇ ਦੋਸਤ ਸਾਡੇ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਂਦੇ ਹਨ। ਨਾਲੇ ਜਦੋਂ ਸਾਨੂੰ ਸਲਾਹ ਦੀ ਲੋੜ ਹੁੰਦੀ ਹੈ, ਤਾਂ ਅਸੀਂ ਅੱਯੂਬ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ ਕਿ ਸਲਾਹ ਨੂੰ ਅਣਗੌਲਿਆ ਕਰਨ ਦੀ ਬਜਾਇ ਸਾਨੂੰ ਨਿਮਰਤਾ ਨਾਲ ਇਸ ਨੂੰ ਸੁਣਨਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਸਲਾਹ ਤੇ ਤਾੜਨਾ ਦੀ ਲੋੜ ਹੈ। ਇਸ ਨੂੰ ਸੁਣ ਕੇ ਸਾਡੀ ਜਾਨ ਬਚ ਸਕਦੀ ਹੈ।—ਕਹਾਉਤਾਂ 4:13.
“ਵਾਵਰੋਲੇ ਵਿੱਚੋਂ”
ਅਲੀਹੂ ਨੇ ਆਪਣੀਆਂ ਗੱਲਾਂ ਵਿਚ ਅਕਸਰ ਹਵਾ, ਬੱਦਲ, ਬਿਜਲੀ ਤੇ ਗਰਜ ਬਾਰੇ ਗੱਲ ਕੀਤੀ। ਉਸ ਨੇ ਯਹੋਵਾਹ ਬਾਰੇ ਕਿਹਾ: “ਸੁਣੋ ਨਾ, ਉਹ ਦੇ ਗੱਜਣ ਦੀ ਅਵਾਜ਼ ਨੂੰ।” ਥੋੜ੍ਹੀ ਦੇਰ ਬਾਅਦ ਅਲੀਹੂ ਨੇ “ਝੱਖੜ” ਦੀ ਗੱਲ ਕੀਤੀ। (ਅੱਯੂਬ 37:2, 9) ਲੱਗਦਾ ਹੈ ਕਿ ਉਸ ਦੇ ਗੱਲ ਕਰਦਿਆਂ ਝੱਖੜ ਚੱਲ ਰਿਹਾ ਸੀ ਅਤੇ ਇਹ ਹੋਰ ਤੇਜ਼ ਹੁੰਦਾ ਜਾ ਰਿਹਾ ਸੀ। ਅਖ਼ੀਰ, ਸਾਰੇ ਪਾਸੇ ਤੂਫ਼ਾਨ ਆ ਗਿਆ। ਫਿਰ ਇਕ ਅਨੋਖੀ ਘਟਨਾ ਵਾਪਰੀ। ਯਹੋਵਾਹ ਬੋਲਿਆ!—ਅੱਯੂਬ 38:1.
ਜ਼ਰਾ ਕਲਪਨਾ ਕਰੋ ਕਿ ਬ੍ਰਹਿਮੰਡ ਦੇ ਕਰਤਾਰ ਤੋਂ ਕੁਦਰਤ ਬਾਰੇ ਜਾਣਕਾਰੀ ਲੈਣੀ ਕਿੰਨੇ ਹੀ ਵੱਡੇ ਸਨਮਾਨ ਦੀ ਗੱਲ ਹੈ!
ਅੱਯੂਬ ਦੀ ਕਿਤਾਬ ਪੜ੍ਹਦੇ ਵੇਲੇ ਜਦੋਂ ਅਸੀਂ ਇਨ੍ਹਾਂ ਸ਼ਾਨਦਾਰ ਅਧਿਆਵਾਂ ਨੂੰ ਪੜ੍ਹਦੇ ਹਾਂ ਜਿਨ੍ਹਾਂ ਵਿਚ ਯਹੋਵਾਹ ਅੱਯੂਬ ਨਾਲ ਗੱਲ ਕਰਦਾ ਹੈ, ਤਾਂ ਸਾਨੂੰ ਬਹੁਤ ਸਕੂਨ ਮਿਲਦਾ ਹੈ। ਇਹ ਇੱਦਾਂ ਹੈ ਜਿਵੇਂ ਸੱਚਾਈ ਦਾ ਝੱਖੜ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਦੀਆਂ ਸਾਰੀਆਂ ਖੋਖਲੀਆਂ ਅਤੇ ਝੂਠੀਆਂ ਗੱਲਾਂ ਨੂੰ ਉਡਾ ਕੇ ਲੈ ਗਿਆ ਹੋਵੇ। ਸ਼ੁਰੂ ਵਿਚ ਤਾਂ ਯਹੋਵਾਹ ਨੇ ਇਨ੍ਹਾਂ ਤਿੰਨਾਂ ਆਦਮੀਆਂ ਦਾ ਜ਼ਿਕਰ ਤਕ ਨਹੀਂ ਕੀਤਾ, ਸਗੋਂ ਉਸ ਨੇ ਆਪਣਾ ਸਾਰਾ ਧਿਆਨ ਸਿਰਫ਼ ਅੱਯੂਬ ਉੱਤੇ ਲਾਇਆ। ਉਸ ਨੇ ਆਪਣੇ ਪਿਆਰੇ ਸੇਵਕ ਨਾਲ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਇਕ ਪਿਤਾ ਆਪਣੇ ਪੁੱਤਰ ਨਾਲ ਕਰਦਾ ਹੈ।
ਯਹੋਵਾਹ ਅੱਯੂਬ ਦਾ ਦਰਦ ਸਮਝਦਾ ਸੀ। ਨਾਲੇ ਉਸ ਨੂੰ ਅੱਯੂਬ ’ਤੇ ਤਰਸ ਆਇਆ ਜਿੱਦਾਂ ਉਸ ਨੂੰ ਆਪਣੇ ਪਿਆਰੇ ਬੱਚਿਆ ਦੀਆਂ ਦੁੱਖ-ਤਕਲੀਫ਼ਾਂ ਨੂੰ ਦੇਖ ਕੇ ਆਉਂਦਾ ਹੈ। (ਯਸਾਯਾਹ 63:9; ਜ਼ਕਰਯਾਹ 2:8) ਪਰ ਉਸ ਨੂੰ ਇਹ ਵੀ ਪਤਾ ਸੀ ਕਿ ਅੱਯੂਬ “ਗਿਆਨਹੀਣ ਗੱਲਾਂ” ਕਰ ਕੇ ਆਪਣੇ ਆਪ ਨੂੰ ਹੋਰ ਦੁਖੀ ਕਰ ਰਿਹਾ ਸੀ। ਇਸ ਲਈ ਯਹੋਵਾਹ ਨੇ ਅੱਯੂਬ ਤੋਂ ਕਈ ਸਵਾਲ ਪੁੱਛ ਕੇ ਉਸ ਦੀ ਸੋਚ ਸੁਧਾਰੀ। ਉਸ ਨੇ ਪੁੱਛਿਆ: “ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨੀਉਂ ਰੱਖੀ? ਦੱਸ, ਜੇ ਤੂੰ ਸਮਝ ਰੱਖਦਾ ਹੈਂ!” ਸ੍ਰਿਸ਼ਟੀ ਦੇ ਸ਼ੁਰੂ ਵਿਚ ‘ਸਵੇਰ ਦੇ ਤਾਰਿਆਂ’ ਯਾਨੀ ਦੂਤਾਂ ਨੇ ਯਹੋਵਾਹ ਦੀ ਰਚਨਾ ਦੇਖ ਕੇ ਉਸ ਦੀ ਮਹਿਮਾ ਕੀਤੀ। (ਅੱਯੂਬ 38:2, 4, 7) ਬਿਨਾਂ ਸ਼ੱਕ, ਅੱਯੂਬ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ।
ਯਹੋਵਾਹ ਨੇ ਸ੍ਰਿਸ਼ਟੀ ਬਾਰੇ ਹੋਰ ਗੱਲ ਕੀਤੀ। ਉਸ ਨੇ ਅੱਯੂਬ ਨੂੰ ਸੰਖੇਪ ਵਿਚ ਕੁਝ ਗੱਲਾਂ ਦੱਸੀਆਂ ਜਿਸ ਨੂੰ ਅੱਜ ਵਿਗਿਆਨ ਕਿਹਾ ਜਾਂਦਾ ਹੈ। ਉਸ ਨੇ ਅਜਿਹੇ ਵਿਸ਼ਿਆਂ ’ਤੇ ਗੱਲ ਕੀਤੀ, ਜਿਵੇਂ ਖਗੋਲ-ਵਿਗਿਆਨ, ਜੀਵ-ਵਿਗਿਆਨ, ਭੂ-ਵਿਗਿਆਨ ਅਤੇ ਭੌਤਿਕ-ਵਿਗਿਆਨ। ਖ਼ਾਸ ਕਰਕੇ ਯਹੋਵਾਹ ਨੇ ਉਨ੍ਹਾਂ ਜਾਨਵਰਾਂ ਬਾਰੇ ਗੱਲ ਕੀਤੀ ਜੋ ਉਸ ਦੇਸ਼ ਵਿਚ ਪਾਏ ਜਾਂਦੇ ਸਨ ਜਿੱਥੇ ਅੱਯੂਬ ਰਹਿੰਦਾ ਸੀ। ਇਹ ਕੁਝ ਜਾਨਵਰ ਸਨ: ਬੱਬਰ ਸ਼ੇਰ, ਪਹਾੜੀ ਕਾਂ, ਪਹਾੜੀ ਬੱਕਰੀ, ਜੰਗਲੀ ਗਧੇ, ਜੰਗਲੀ ਸਾਂਢ, ਸ਼ੁਤਰਮੁਰਗ, ਘੋੜੇ, ਬਾਜ਼, ਦਰਿਆਈ ਘੋੜੇ ਅਤੇ ਮਗਰਮੱਛ। ਜ਼ਰਾ ਕਲਪਨਾ ਕਰੋ ਕਿ ਬ੍ਰਹਿਮੰਡ ਦੇ ਕਰਤਾਰ ਤੋਂ ਕੁਦਰਤ ਬਾਰੇ ਜਾਣਕਾਰੀ ਲੈਣੀ ਕਿੰਨੇ ਹੀ ਵੱਡੇ ਸਨਮਾਨ ਦੀ ਗੱਲ ਹੈ! *
ਪਿਆਰ ਅਤੇ ਨਿਮਰਤਾ ਬਾਰੇ ਸਿਖਾਇਆ
ਯਹੋਵਾਹ ਨੇ ਉਸ ਨੂੰ ਇਹ ਸਾਰੀਆਂ ਗੱਲਾਂ ਕਿਉਂ ਦੱਸੀਆਂ? ਅੱਯੂਬ ਨੂੰ ਹੋਰ ਨਿਮਰ ਬਣਨ ਦੀ ਲੋੜ ਸੀ। ਉਸ ਨਾਲ ਜੋ ਬੁਰਾ ਹੋਇਆ ਸੀ, ਉਸ ਬਾਰੇ ਉਸ ਨੇ ਸੋਚਿਆ ਤੇ ਸ਼ਿਕਾਇਤ ਕੀਤੀ ਕਿ ਇਹ ਸਾਰਾ ਕੁਝ ਯਹੋਵਾਹ ਕਰਵਾ ਰਿਹਾ ਹੈ। ਇੱਦਾਂ ਕਰ ਕੇ ਉਹ ਆਪਣੇ ਦਰਦ ਨੂੰ ਹੋਰ ਵਧਾ ਰਿਹਾ ਸੀ ਤੇ ਆਪਣੇ ਪਿਆਰੇ ਪਿਤਾ ਤੋਂ ਦੂਰ ਹੋ ਰਿਹਾ ਸੀ। ਇਸ ਲਈ ਪਰਮੇਸ਼ੁਰ ਨੇ ਉਸ ਨੂੰ ਵਾਰ-ਵਾਰ ਪੁੱਛਿਆ ਕਿ ਉਹ ਉਦੋਂ ਕਿੱਥੇ ਸੀ ਜਦੋਂ ਉਸ ਨੇ ਇਹ ਸਾਰੀਆਂ ਸ਼ਾਨਦਾਰ ਚੀਜ਼ਾਂ ਬਣਾਈਆਂ ਸਨ। ਨਾਲੇ ਪੁੱਛਿਆ ਕਿ ਅੱਯੂਬ ਉਸ ਵੱਲੋਂ ਬਣਾਏ ਜੀਵ-ਜੰਤੂਆਂ ਨੂੰ ਖਿਲਾ-ਪਿਲਾ ਸਕਦਾ ਸੀ ਅਤੇ ਉਨ੍ਹਾਂ ਨੂੰ ਵੱਸ ਵਿਚ ਕਰ ਸਕਦਾ ਸੀ। ਜੇ ਅੱਯੂਬ ਯਹੋਵਾਹ ਦੀਆਂ ਬਣਾਈਆਂ ਮਾਮੂਲੀ ਚੀਜ਼ਾਂ ਨੂੰ ਵੱਸ ਵਿਚ ਨਹੀਂ ਕਰ ਸਕਦਾ ਸੀ, ਤਾਂ ਉਹ ਸ੍ਰਿਸ਼ਟੀਕਰਤਾ ’ਤੇ ਦੋਸ਼ ਕਿਵੇਂ ਲਾ ਸਕਦਾ ਸੀ? ਕੀ ਯਹੋਵਾਹ ਦੇ ਰਾਹ ਅਤੇ ਖ਼ਿਆਲ ਅੱਯੂਬ ਦੀ ਛੋਟੀ ਸੋਚ ਤੋਂ ਕਿਤੇ ਜ਼ਿਆਦਾ ਉੱਚੇ ਨਹੀਂ ਸਨ?
ਅੱਯੂਬ ਨੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਯਹੋਵਾਹ ਨਾਲ ਨਾ ਤਾਂ ਬਹਿਸ ਕੀਤੀ, ਨਾ ਆਪਣੇ ਆਪ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਬਹਾਨੇ ਬਣਾਏ।
ਯਹੋਵਾਹ ਨੇ ਜੋ ਕੁਝ ਵੀ ਕਿਹਾ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਅੱਯੂਬ ਨੂੰ ਕਿੰਨਾ ਪਿਆਰ ਕਰਦਾ ਸੀ। ਇਹ ਇੱਦਾਂ ਸੀ ਜਿਵੇਂ ਯਹੋਵਾਹ ਅੱਯੂਬ ਨਾਲ ਤਰਕ ਕਰ ਰਿਹਾ ਹੋਵੇ: ‘ਮੇਰੇ ਪੁੱਤ, ਜੇ ਮੈਂ ਇਹ ਸਾਰੀਆਂ ਚੀਜ਼ਾਂ ਬਣਾਉਣ ਦੇ ਨਾਲ-ਨਾਲ ਇਨ੍ਹਾਂ ਦੀ ਦੇਖ-ਭਾਲ ਕਰ ਸਕਦਾ ਹਾਂ, ਤਾਂ ਕੀ ਤੈਨੂੰ ਨਹੀਂ ਲੱਗਦਾ ਕਿ ਮੈਂ ਤੇਰੀ ਵੀ ਦੇਖ-ਭਾਲ ਕਰ ਸਕਦਾ? ਕੀ ਮੈਂ ਤੈਨੂੰ ਛੱਡ ਸਕਦਾ, ਤੇਰੇ ਬੱਚੇ ਤੇ ਤੇਰੀ ਧਨ-ਦੌਲਤ ਤੇਰੇ ਤੋਂ ਖੋਹ ਸਕਦਾ ਅਤੇ ਤੈਨੂੰ ਬੀਮਾਰੀ ਲਾ ਸਕਦਾ? ਕੀ ਸਿਰਫ਼ ਮੈਂ ਹੀ ਨਹੀਂ ਹਾਂ ਜੋ ਤੇਰੇ ਹਰ ਨੁਕਸਾਨ ਦੀ ਭਰਪਾਈ ਕਰ ਸਕਦਾ ਅਤੇ ਤੇਰੇ ਦੁੱਖਾਂ ਵਿਚ ਤੈਨੂੰ ਦਿਲਾਸਾ ਦੇ ਸਕਦਾ?’
ਅੱਯੂਬ ਨੇ ਸਿਰਫ਼ ਦੋ ਵਾਰ ਯਹੋਵਾਹ ਦੇ ਸਵਾਲਾਂ ਦਾ ਜਵਾਬ ਦਿੱਤਾ। ਉਸ ਨੇ ਨਾ ਤਾਂ ਬਹਿਸ ਕੀਤੀ, ਨਾ ਆਪਣੇ ਆਪ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਬਹਾਨੇ ਬਣਾਏ। ਉਸ ਨੇ ਨਿਮਰਤਾ ਨਾਲ ਮੰਨਿਆ ਕਿ ਉਸ ਨੂੰ ਬਹੁਤ ਘੱਟ ਪਤਾ ਸੀ ਅਤੇ ਉਸ ਨੇ ਆਪਣੀਆਂ ਮੂਰਖਤਾ ਭਰੀਆਂ ਗੱਲਾਂ ’ਤੇ ਪਛਤਾਵਾ ਵੀ ਕੀਤਾ। (ਅੱਯੂਬ 40:4, 5; 42:1-6) ਇੱਥੋਂ ਅਸੀਂ ਅੱਯੂਬ ਦੀ ਨਿਹਚਾ ਸਾਫ਼-ਸਾਫ਼ ਦੇਖ ਸਕਦੇ ਹਾਂ। ਉਸ ਨੇ ਬਹੁਤ ਕੁਝ ਸਹਿਆ ਸੀ, ਪਰ ਫਿਰ ਵੀ ਉਸ ਨੇ ਆਪਣੀ ਨਿਹਚਾ ਬਣਾਈ ਰੱਖੀ। ਉਸ ਨੇ ਯਹੋਵਾਹ ਦੀ ਤਾੜਨਾ ਸਵੀਕਾਰ ਕੀਤੀ ਅਤੇ ਆਪਣੀ ਸੋਚ ਸੁਧਾਰੀ। ਸ਼ਾਇਦ ਅਸੀਂ ਵੀ ਆਪਣੇ ਆਪ ਤੋਂ ਅਜਿਹੇ ਸਵਾਲ ਪੁੱਛੀਏ, ‘ਕੀ ਮੈਂ ਇੰਨਾ ਨਿਮਰ ਹਾਂ ਕਿ ਮੈਂ ਸਲਾਹ ਤੇ ਤਾੜਨਾ ਕਬੂਲ ਕਰਦਾ ਹਾਂ?’ ਸਾਨੂੰ ਸਾਰਿਆਂ ਨੂੰ ਸਲਾਹ ਦੀ ਲੋੜ ਹੈ। ਸਲਾਹ ਨੂੰ ਕਬੂਲ ਕਰਕੇ ਅਸੀਂ ਅੱਯੂਬ ਦੀ ਨਿਹਚਾ ਦੀ ਰੀਸ ਕਰ ਰਹੇ ਹੁੰਦੇ ਹਾਂ।
“ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ”
ਹੁਣ ਯਹੋਵਾਹ ਅੱਯੂਬ ਨੂੰ ਉਸ ਦੇ ਦੁੱਖਾਂ ਤੋਂ ਦਿਲਾਸਾ ਦੇਣ ਲਈ ਕਦਮ ਚੁੱਕਦਾ ਹੈ। ਅਲੀਫ਼ਜ਼ ਝੂਠਾ ਦਿਲਾਸਾ ਦੇਣ ਵਾਲਿਆਂ ਵਿੱਚੋਂ ਸਭ ਤੋਂ ਵੱਡਾ ਸੀ। ਯਹੋਵਾਹ ਨੇ ਉਸ ਨੂੰ ਕਿਹਾ: “ਮੇਰਾ ਕ੍ਰੋਧ ਤੇਰੇ ਉੱਤੇ ਅਤੇ ਤੇਰੇ ਦੋਹਾਂ ਮਿੱਤ੍ਰਾਂ ਉੱਤੇ ਭੜਕ ਉੱਠਿਆ ਹੈ ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ ਜਿਵੇਂ ਮੇਰਾ ਦਾਸ ਅੱਯੂਬ ਬੋਲਿਆ।” (ਅੱਯੂਬ 42:7) ਜ਼ਰਾ ਇਨ੍ਹਾਂ ਸ਼ਬਦਾਂ ਬਾਰੇ ਸੋਚੋ। ਕੀ ਯਹੋਵਾਹ ਇਹ ਕਹਿ ਰਿਹਾ ਸੀ ਕਿ ਇਨ੍ਹਾਂ ਤਿੰਨਾਂ ਆਦਮੀਆਂ ਦੀਆਂ ਸਾਰੀਆਂ ਗੱਲਾਂ ਝੂਠੀਆਂ ਸਨ ਅਤੇ ਅੱਯੂਬ ਦੀਆਂ ਸਾਰੀਆਂ ਗੱਲਾਂ ਸੱਚੀਆਂ? ਬਿਲਕੁਲ ਨਹੀਂ। * ਪਰ ਅੱਯੂਬ ਅਤੇ ਉਸ ਦੇ ਦੋਸ਼ੀਆਂ ਦੇ ਹਾਲਾਤਾਂ ਵਿਚ ਵੱਡਾ ਫ਼ਰਕ ਸੀ। ਅੱਯੂਬ ਦਾ ਦਿਲ ਟੁੱਟਾ ਹੋਇਆ ਸੀ, ਉਹ ਗਮ ਵਿਚ ਡੁੱਬਾ ਹੋਇਆ ਸੀ ਅਤੇ ਉਸ ’ਤੇ ਝੂਠੇ ਦੋਸ਼ ਲਾਏ ਗਏ ਸਨ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਉਸ ਨੇ ਕਦੀ-ਕਦਾਈਂ ਮੂਰਖਤਾ ਭਰੀਆਂ ਗੱਲਾਂ ਕਿਉਂ ਕਹੀਆਂ। ਪਰ ਅਲੀਫ਼ਜ਼ ਤੇ ਉਸ ਦੇ ਦੋ ਦੋਸਤਾਂ ਦੇ ਹਾਲਾਤ ਇਸ ਤਰ੍ਹਾਂ ਦੇ ਨਹੀਂ ਸਨ। ਨਿਹਚਾ ਕਮਜ਼ੋਰ ਹੋਣ ਕਰਕੇ ਉਨ੍ਹਾਂ ਨੇ ਜਾਣ-ਬੁੱਝ ਕੇ ਅਤੇ ਘਮੰਡ ਨਾਲ ਚੁੱਭਵੀਆਂ ਗੱਲਾਂ ਕਹੀਆਂ। ਉਨ੍ਹਾਂ ਨੇ ਨਾ ਸਿਰਫ਼ ਨਿਰਦੋਸ਼ ਆਦਮੀ ਉੱਤੇ ਦੋਸ਼ ਲਾਏ, ਸਗੋਂ ਉਨ੍ਹਾਂ ਨੇ ਯਹੋਵਾਹ ਬਾਰੇ ਵੀ ਗ਼ਲਤ ਗੱਲਾਂ ਕਹੀਆਂ। ਇੱਥੋਂ ਤਕ ਕਿ ਉਨ੍ਹਾਂ ਨੇ ਆਪਣੀਆਂ ਗੱਲਾਂ ਰਾਹੀਂ ਯਹੋਵਾਹ ਨੂੰ ਦੁਸ਼ਟ ਪਰਮੇਸ਼ੁਰ ਵਜੋਂ ਪੇਸ਼ ਕੀਤਾ!
ਫਿਰ ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਹੋਵਾਹ ਨੇ ਉਨ੍ਹਾਂ ਆਦਮੀਆਂ ਨੂੰ ਆਪਣੀਆਂ ਗ਼ਲਤੀਆਂ ਦੀ ਕੀਮਤ ਭਰਨ ਲਈ ਕਿਹਾ। ਉਨ੍ਹਾਂ ਨੂੰ ਸੱਤ ਬਲਦ ਤੇ ਸੱਤ ਭੇਡੂ ਬਲ਼ੀ ਦੇ ਤੌਰ ਤੇ ਚੜ੍ਹਾਉਣੇ ਪੈਣੇ ਸਨ। ਇਹ ਕੋਈ ਮਾੜੀ-ਮੋਟੀ ਗੱਲ ਨਹੀਂ ਸੀ ਕਿਉਂਕਿ ਬਾਅਦ ਵਿਚ ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਜੇ ਮਹਾਂ ਪੁਜਾਰੀ ਦੇ ਪਾਪ ਕਰਕੇ ਪੂਰੀ ਕੌਮ ਦੋਸ਼ੀ ਬਣਦੀ ਸੀ, ਤਾਂ ਉਸ ਨੂੰ ਬਲਦ ਦੀ ਬਲ਼ੀ ਚੜ੍ਹਾਉਣੀ ਪੈਂਦੀ ਸੀ। (ਲੇਵੀਆਂ 4:3) ਮੂਸਾ ਦੇ ਕਾਨੂੰਨ ਵਿਚ ਬਲ਼ੀ ਦੇ ਤੌਰ ਤੇ ਚੜ੍ਹਾਏ ਜਾਂਦੇ ਜਾਨਵਰਾਂ ਵਿਚ ਬਲਦ ਸਭ ਤੋਂ ਮਹਿੰਗਾ ਸੀ। ਇਸ ਤੋਂ ਵੱਧ ਕੇ ਯਹੋਵਾਹ ਨੇ ਕਿਹਾ ਕਿ ਉਹ ਤਾਂ ਹੀ ਉਨ੍ਹਾਂ ਦੇ ਚੜ੍ਹਾਵੇ ਕਬੂਲ ਕਰੇਗਾ ਜੇ ਅੱਯੂਬ ਉਨ੍ਹਾਂ ਦੀ ਖ਼ਾਤਰ ਪ੍ਰਾਰਥਨਾ ਕਰੇ। * (ਅੱਯੂਬ 42:8) ਅੱਯੂਬ ਦੇ ਦਿਲ ਨੂੰ ਕਿੰਨਾ ਹੀ ਸਕੂਨ ਮਿਲਿਆ ਹੋਣਾ ਜਦੋਂ ਉਸ ਨੇ ਦੇਖਿਆ ਕਿ ਉਸ ਦੇ ਪਰਮੇਸ਼ੁਰ ਨੇ ਉਸ ਨੂੰ ਨਿਰਦੋਸ਼ ਠਹਿਰਾਇਆ ਅਤੇ ਯਹੋਵਾਹ ਦੇ ਨਿਆਂ ਦੀ ਜਿੱਤ ਹੋਈ!
“ਮੇਰਾ ਦਾਸ ਅੱਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ।”—ਅੱਯੂਬ 42:8
ਯਹੋਵਾਹ ਨੂੰ ਪੂਰਾ ਯਕੀਨ ਸੀ ਕਿ ਅੱਯੂਬ ਉਸ ਦੀ ਗੱਲ ਮੰਨੇਗਾ ਅਤੇ ਉਨ੍ਹਾਂ ਆਦਮੀਆਂ ਨੂੰ ਮਾਫ਼ ਕਰ ਦੇਵੇਗਾ ਜਿਨ੍ਹਾਂ ਨੇ ਉਸ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਾਇਆ ਸੀ। ਅੱਯੂਬ ਨੇ ਆਪਣੇ ਪਿਤਾ ਨੂੰ ਨਿਰਾਸ਼ ਨਹੀਂ ਕੀਤਾ। (ਅੱਯੂਬ 42:9) ਉਸ ਦੀ ਆਗਿਆਕਾਰੀ ਉਸ ਦੀ ਖਰਿਆਈ ਦਾ ਸਭ ਤੋਂ ਵੱਡਾ ਸਬੂਤ ਸੀ ਜੋ ਉਸ ਦੇ ਸ਼ਬਦਾਂ ਤੋਂ ਕਿਤੇ ਜ਼ਿਆਦਾ ਮਾਅਨੇ ਰੱਖਦੀ ਸੀ। ਇਸੇ ਖਰਿਆਈ ਕਰਕੇ ਅੱਯੂਬ ਨੂੰ ਬੇਸ਼ੁਮਾਰ ਬਰਕਤਾਂ ਮਿਲੀਆਂ।
“ਬਹੁਤ ਹੀ ਹਮਦਰਦ”
ਯਹੋਵਾਹ ਅੱਯੂਬ ਨਾਲ ‘ਹਮਦਰਦੀ ਅਤੇ ਦਇਆ’ ਨਾਲ ਪੇਸ਼ ਆਇਆ। (ਯਾਕੂਬ 5:11) ਕਿੱਦਾਂ? ਯਹੋਵਾਹ ਨੇ ਅੱਯੂਬ ਨੂੰ ਠੀਕ ਕਰ ਦਿੱਤਾ। ਜ਼ਰਾ ਸੋਚੋ ਕਿ ਅੱਯੂਬ ਨੂੰ ਉਦੋਂ ਕਿੱਦਾਂ ਲੱਗਾ ਹੋਣਾ ਜਦੋਂ ਉਸ ਨੇ ਦੇਖਿਆ ਕਿ ਅਲੀਹੂ ਦੇ ਕਹੇ ਮੁਤਾਬਕ ਉਸ ਦਾ “ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ” ਹੋ ਗਿਆ! ਅਖ਼ੀਰ, ਉਸ ਦਾ ਪਰਿਵਾਰ ਅਤੇ ਦੋਸਤ ਉਸ ਦੇ ਆਲੇ-ਦੁਆਲੇ ਇਕੱਠੇ ਹੋਏ, ਉਸ ਨਾਲ ਹਮਦਰਦੀ ਜਤਾਈ ਅਤੇ ਉਸ ਨੂੰ ਤੋਹਫ਼ੇ ਦਿੱਤੇ। ਯਹੋਵਾਹ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਦੁਗਣੀ ਧਨ-ਦੌਲਤ ਦਿੱਤੀ। ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਸੀ ਕਿ ਉਸ ਨੇ ਆਪਣੇ ਬੱਚੇ ਗੁਆ ਲਏ? ਪਰ ਅੱਯੂਬ ਅਤੇ ਉਸ ਦੀ ਪਤਨੀ ਨੇ ਦਸ ਹੋਰ ਬੱਚਿਆਂ ਦੇ ਮਾਪੇ ਹੋਣ ਦਾ ਸੁੱਖ ਪਾਇਆ! ਨਾਲੇ ਯਹੋਵਾਹ ਨੇ ਚਮਤਕਾਰ ਕਰ ਕੇ ਅੱਯੂਬ ਦੀ ਉਮਰ ਵੀ ਵਧਾਈ। ਅੱਯੂਬ 140 ਸਾਲ ਹੋਰ ਜੀਉਂਦਾ ਰਿਹਾ ਤੇ ਉਸ ਨੇ ਆਪਣੀਆਂ ਅਗਲੀਆਂ ਚਾਰ ਪੀੜ੍ਹੀਆਂ ਵੀ ਦੇਖੀਆਂ। ਅਸੀਂ ਪੜ੍ਹਦੇ ਹਾਂ: “ਤਾਂ ਅੱਯੂਬ ਬੁੱਢਾ ਤੇ ਸਮਾਪੂਰ ਹੋ ਕੇ ਚਲਾਣਾ ਕਰ ਗਿਆ।” (ਅੱਯੂਬ 42:10-17) ਅੱਯੂਬ ਅਤੇ ਉਸ ਦੀ ਪਿਆਰੀ ਪਤਨੀ ਨਵੀਂ ਦੁਨੀਆਂ ਵਿਚ ਆਪਣੇ ਪਰਿਵਾਰ ਨੂੰ ਦੁਬਾਰਾ ਮਿਲਣਗੇ ਜਿਨ੍ਹਾਂ ਵਿਚ ਉਹ ਦਸ ਬੱਚੇ ਵੀ ਹੋਣਗੇ ਜਿਨ੍ਹਾਂ ਨੂੰ ਸ਼ੈਤਾਨ ਨੇ ਖੋਹ ਲਿਆ ਸੀ।—ਯੂਹੰਨਾ 5:28, 29.
ਯਹੋਵਾਹ ਨੇ ਅੱਯੂਬ ਨੂੰ ਬੇਸ਼ੁਮਾਰ ਬਰਕਤਾਂ ਕਿਉਂ ਦਿੱਤੀਆਂ? ਬਾਈਬਲ ਜਵਾਬ ਦਿੰਦੀ ਹੈ: “ਤੁਸੀਂ ਸੁਣਿਆ ਹੈ ਕਿ ਅੱਯੂਬ ਨੇ ਕਿੰਨੇ ਧੀਰਜ ਨਾਲ ਦੁੱਖ ਸਹੇ ਸਨ।” (ਯਾਕੂਬ 5:11) ਅੱਯੂਬ ਨੇ ਇੰਨੀਆਂ ਮੁਸ਼ਕਲਾਂ ਸਹੀਆਂ ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। “ਧੀਰਜ” ਸ਼ਬਦ ਤੋਂ ਪਤਾ ਲੱਗਦਾ ਹੈ ਕਿ ਅੱਯੂਬ ਨੇ ਨਿਹਚਾ ਅਤੇ ਯਹੋਵਾਹ ਲਈ ਪਿਆਰ ਹੋਣ ਕਰਕੇ ਆਪਣੇ ’ਤੇ ਆਈਆਂ ਅਜ਼ਮਾਇਸ਼ਾਂ ਸਹੀਆਂ। ਗੁੱਸੇ ਅਤੇ ਕੁੜੱਤਣ ਨਾਲ ਭਰਨ ਦੀ ਬਜਾਇ ਉਹ ਉਨ੍ਹਾਂ ਲੋਕਾਂ ਨੂੰ ਵੀ ਮਾਫ਼ ਕਰਨ ਲਈ ਤਿਆਰ ਸੀ ਜਿਨ੍ਹਾਂ ਨੇ ਜਾਣ-ਬੁੱਝ ਕੇ ਉਸ ਨੂੰ ਦੁੱਖ ਪਹੁੰਚਾਇਆ ਸੀ। ਨਾਲੇ ਉਸ ਨੇ ਆਪਣਾ ਧਿਆਨ ਆਪਣੀ ਉਮੀਦ ਅਤੇ ਖਰਿਆਈ ’ਤੇ ਲਾਈ ਰੱਖਿਆ।—ਅੱਯੂਬ 27:5.
ਸਾਨੂੰ ਸਾਰਿਆਂ ਨੂੰ ਧੀਰਜ ਰੱਖਣ ਦੀ ਲੋੜ ਹੈ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਅੱਯੂਬ ਵਾਂਗ ਸ਼ੈਤਾਨ ਸਾਨੂੰ ਵੀ ਨਿਰਾਸ਼ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਪਰ ਜੇ ਅਸੀਂ ਨਿਹਚਾ ਰੱਖਾਂਗੇ, ਨਿਮਰ ਬਣੇ ਰਹਾਂਗੇ, ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹਾਂਗੇ ਤੇ ਆਪਣੀ ਖਰਿਆਈ ’ਤੇ ਪੱਕੇ ਰਹਾਂਗੇ, ਤਾਂ ਅਸੀਂ ਵੀ ਆਪਣਾ ਧਿਆਨ ਆਪਣੀ ਉਮੀਦ ’ਤੇ ਲਾਈ ਰੱਖਾਂਗੇ। (ਇਬਰਾਨੀਆਂ 10:36) ਅੱਯੂਬ ਦੀ ਨਿਹਚਾ ਦੀ ਰੀਸ ਕਰ ਕੇ ਅਸੀਂ ਸ਼ੈਤਾਨ ਨੂੰ ਦੁਖੀ ਕਰਾਂਗੇ ਅਤੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਾਂਗੇ!
^ ਪੈਰਾ 6 ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਨੇ ਅੱਯੂਬ ਨਾਲ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜੋ ਬਾਈਬਲ ਦੇ ਨੌਂ ਅਧਿਆਵਾਂ ਵਿਚ ਦਰਜ ਹਨ। ਪਰ ਇਨ੍ਹਾਂ ਅਧਿਆਵਾਂ ਵਿਚ ਕਿਤੇ ਵੀ ਉਨ੍ਹਾਂ ਨੇ ਅੱਯੂਬ ਨਾਲ ਗੱਲ ਕਰਦਿਆਂ ਉਸ ਦਾ ਨਾਂ ਨਹੀਂ ਲਿਆ।
^ ਪੈਰਾ 14 ਅੱਯੂਬ ਨਾਲ ਗੱਲ ਕਰਦੇ ਵੇਲੇ ਯਹੋਵਾਹ ਨੇ ਕਈ ਵਾਰ ਚੀਜ਼ਾਂ ਬਾਰੇ ਸਿੱਧਾ-ਸਿੱਧਾ ਅਤੇ ਹੋਰਨਾਂ ਸਮਿਆਂ ਤੇ ਕਵਿਤਾ ਦੇ ਰੂਪ ਵਿਚ ਵੀ ਦੱਸਿਆ। (ਮਿਸਾਲ ਲਈ, ਅੱਯੂਬ 41:1, 7, 8, 19-21 ਦੇਖੋ।) ਚਾਹੇ ਦੱਸਣ ਦਾ ਤਰੀਕਾ ਜਿਹੜਾ ਮਰਜ਼ੀ ਸੀ, ਪਰ ਸ੍ਰਿਸ਼ਟੀਕਰਤਾ ਆਪਣੀਆਂ ਗੱਲਾਂ ਨਾਲ ਅੱਯੂਬ ਦੇ ਦਿਲ ਵਿਚ ਆਪਣੇ ਲਈ ਕਦਰ ਵਧਾਉਣੀ ਚਾਹੁੰਦਾ ਸੀ।
^ ਪੈਰਾ 18 ਦਰਅਸਲ, ਬਾਅਦ ਵਿਚ ਪੌਲੁਸ ਰਸੂਲ ਨੇ ਅਲੀਫ਼ਜ਼ ਦੀ ਇਕ ਗੱਲ ਦਾ ਜ਼ਿਕਰ ਕਰਦਿਆਂ ਉਸ ਨੂੰ ਸੱਚੀ ਕਿਹਾ। (ਅੱਯੂਬ 5:13; 1 ਕੁਰਿੰਥੀਆਂ 3:19) ਅਲੀਫ਼ਜ਼ ਨੇ ਇਹ ਸੱਚਾਈ ਦੱਸੀ, ਪਰ ਉਸ ਨੇ ਅੱਯੂਬ ਉੱਤੇ ਇਸ ਨੂੰ ਗ਼ਲਤ ਢੰਗ ਨਾਲ ਲਾਗੂ ਕੀਤਾ।
^ ਪੈਰਾ 19 ਇਸ ਗੱਲ ਦਾ ਕੋਈ ਰਿਕਾਰਡ ਨਹੀਂ ਹੈ ਕਿ ਅੱਯੂਬ ਤੋਂ ਮੰਗ ਕੀਤੀ ਗਈ ਸੀ ਕਿ ਉਹ ਆਪਣੀ ਪਤਨੀ ਦੀ ਖ਼ਾਤਰ ਵੀ ਅਜਿਹੀ ਬਲ਼ੀ ਚੜ੍ਹਾਵੇ।