Skip to content

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ | ਮਿਰੀਅਮ

“ਯਹੋਵਾਹ ਲਈ ਗੀਤ ਗਾਓ”!

“ਯਹੋਵਾਹ ਲਈ ਗੀਤ ਗਾਓ”!

ਇਕ ਕੁੜੀ ਸਾਰਿਆਂ ਦੀਆਂ ਨਜ਼ਰਾਂ ਤੋਂ ਬਚ ਕੇ ਦੂਰ ਖੜ੍ਹੀ ਸਭ ਕੁਝ ਦੇਖ ਰਹੀ ਹੈ। ਉਸ ਦੀਆਂ ਨਜ਼ਰਾਂ ਸਰਕੰਡਿਆਂ ਵਿੱਚੋਂ ਦੀ ਕਿਸੇ ਇਕ ਚੀਜ਼ ’ਤੇ ਟਿਕੀਆਂ ਹੋਈਆਂ ਹਨ। ਦਰਿਆ ਦਾ ਪਾਣੀ ਹੌਲੀ-ਹੌਲੀ ਵੱਗ ਰਿਹਾ ਹੈ, ਪਰ ਉਹ ਬਿਨਾਂ ਹਿਲ-ਜੁਲ ਕੀਤਿਆਂ ਆਪਣੇ ਪੂਰੇ ਸਰੀਰ ਨੂੰ ਅਕੜਾ ਕੇ ਖੜ੍ਹੀ ਹੈ। ਸਮਾਂ ਹੱਥੋਂ ਨਿਕਲਦਾ ਜਾ ਰਿਹਾ ਹੈ। ਉਹ ਆਪਣੇ ਆਲੇ-ਦੁਆਲੇ ਉੱਡਦੇ ਕੀੜੇ-ਮਕੌੜਿਆਂ ਦੀ ਪਰਵਾਹ ਕੀਤੇ ਬਿਨਾਂ ਉੱਥੇ ਹੀ ਖੜ੍ਹੀ ਇੰਤਜ਼ਾਰ ਕਰ ਰਹੀ ਹੈ। ਉਸ ਦੀਆਂ ਨਜ਼ਰਾਂ ਸਰਕੰਡਿਆਂ ਵਿੱਚੋਂ ਦੀ ਪਾਣੀ ਵਿਚ ਪਈ ਇਕ ਟੋਕਰੀ ’ਤੇ ਟਿਕੀਆਂ ਹੋਈਆਂ ਹਨ। ਇਹ ਟੋਕਰੀ ਇਸ ਤਰ੍ਹਾਂ ਬਣਾਈ ਗਈ ਹੈ ਕਿ ਇਹ ਪਾਣੀ ਵਿਚ ਨਾ ਡੁੱਬੇ। ਇਸ ਟੋਕਰੀ ਵਿਚ ਉਸ ਦਾ ਨੰਨ੍ਹਾ ਭਰਾ ਹੈ। ਆਪਣੇ ਭਰਾ ਨੂੰ ਇਕੱਲਾ ਤੇ ਬੇਬੱਸ ਦੇਖ ਕੇ ਉਸ ਦਾ ਕਲੇਜਾ ਮੂੰਹ ਨੂੰ ਆ ਰਿਹਾ ਹੈ। ਪਰ ਉਹ ਜਾਣਦੀ ਹੈ ਕਿ ਉਸ ਦੇ ਮਾਪਿਆਂ ਦਾ ਇਹ ਫ਼ੈਸਲਾ ਬਿਲਕੁਲ ਠੀਕ ਹੈ ਕਿਉਂਕਿ ਇਸ ਭਿਆਨਕ ਘੜੀ ਵਿਚ ਇਸ ਬੱਚੇ ਦੀ ਜਾਨ ਬਚਾਉਣ ਦੀ ਇਹ ਸਿਰਫ਼ ਇੱਕੋ-ਇਕ ਉਮੀਦ ਹੈ।

ਕਿੰਨੀ ਹੀ ਦਲੇਰ ਕੁੜੀ! ਪਰ ਇੱਥੇ ਹੀ ਬੱਸ ਨਹੀਂ, ਇਹ ਕੁੜੀ ਕੁਝ ਹੀ ਪਲਾਂ ਵਿਚ ਹੋਰ ਵੀ ਦਲੇਰੀ ਦਿਖਾਉਂਦੀ ਹੈ। ਇਸ ਸਮੇਂ ਚਾਹੇ ਇਸ ਕੁੜੀ ਦੀ ਉਮਰ ਬਹੁਤ ਛੋਟੀ ਹੈ, ਪਰ ਫਿਰ ਵੀ ਪਰਮੇਸ਼ੁਰ ’ਤੇ ਉਸ ਦੀ ਨਿਹਚਾ ਪੱਕੀ ਹੈ। ਅਗਲੇ ਹੀ ਪਲਾਂ ਵਿਚ ਕੁਝ ਅਜਿਹਾ ਵਾਪਰੇਗਾ ਜਿਸ ਤੋਂ ਇਸ ਕੁੜੀ ਦੀ ਨਿਹਚਾ ਦਾ ਸਬੂਤ ਮਿਲੇਗਾ। ਇਸ ਨਿਹਚਾ ਦਾ ਅਸਰ ਇਸ ਕੁੜੀ ਦੀ ਪੂਰੀ ਜ਼ਿੰਦਗੀ ’ਤੇ ਪੈਣ ਵਾਲਾ ਹੈ। ਕਈ ਸਾਲਾਂ ਬਾਅਦ ਜਦੋਂ ਉਸ ਦੀ ਕੌਮ ਦੇ ਇਤਿਹਾਸ ਦਾ ਸਭ ਤੋਂ ਸ਼ਾਨਦਾਰ ਸਮਾਂ ਸ਼ੁਰੂ ਹੋਵੇਗਾ ਅਤੇ ਉਹ ਸਿਆਣੀ ਉਮਰ ਦੀ ਹੋ ਜਾਵੇਗੀ, ਉਸ ਵੇਲੇ ਵੀ ਉਹ ਨਿਹਚਾ ਮੁਤਾਬਕ ਚੱਲੇਗੀ। ਇਸੇ ਨਿਹਚਾ ਕਰਕੇ ਉਸ ਸਮੇਂ ਵੀ ਉਸ ਦੀ ਮਦਦ ਹੋਵੇਗੀ ਜਦੋਂ ਉਹ ਇਕ ਗੰਭੀਰ ਗ਼ਲਤੀ ਕਰ ਬੈਠਦੀ ਹੈ। ਪਰ ਇਹ ਕੁੜੀ ਕੌਣ ਹੈ? ਨਾਲੇ ਅਸੀਂ ਉਸ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ?

ਮਿਰੀਅਮ ਦੀ ਪਰਵਰਿਸ਼ ਗ਼ੁਲਾਮੀ ਵਿਚ ਹੋਈ

ਬਾਈਬਲ ਵਿਚ ਜਦੋਂ ਅਸੀਂ ਇਹ ਘਟਨਾ ਪੜ੍ਹਦੇ ਹਾਂ, ਤਾਂ ਉੱਥੇ ਇਸ ਕੁੜੀ ਦਾ ਨਾਂ ਨਹੀਂ ਦੱਸਿਆ ਗਿਆ। ਪਰ ਸਾਨੂੰ ਪਤਾ ਹੈ ਕਿ ਇਹ ਕੁੜੀ ਮਿਰੀਅਮ ਹੀ ਸੀ। ਉਹ ਅਮਰਾਮ ਅਤੇ ਯੋਕਬਦ ਦੀ ਸਭ ਤੋਂ ਵੱਡੀ ਧੀ ਸੀ। ਉਸ ਦੇ ਮਾਪੇ ਮਿਸਰ ਵਿਚ ਗ਼ੁਲਾਮ ਸਨ। (ਗਿਣਤੀ 26:59) ਬਾਅਦ ਵਿਚ ਉਸ ਦੇ ਨੰਨ੍ਹੇ ਭਰਾ ਦਾ ਨਾਂ ਮੂਸਾ ਰੱਖਿਆ ਗਿਆ। ਮੂਸਾ ਦੇ ਵੱਡੇ ਭਰਾ ਦਾ ਨਾਂ ਹਾਰੂਨ ਸੀ ਜੋ ਕਿ ਉਸ ਵੇਲੇ ਲਗਭਗ ਤਿੰਨ ਸਾਲ ਦਾ ਸੀ। ਸਾਨੂੰ ਪੱਕਾ ਤਾਂ ਨਹੀਂ ਪਤਾ ਕਿ ਉਸ ਵੇਲੇ ਮਿਰੀਅਮ ਦੀ ਉਮਰ ਕਿੰਨੀ ਸੀ, ਪਰ ਲੱਗਦਾ ਹੈ ਕਿ ਉਸ ਸਮੇਂ ਉਸ ਦੀ ਉਮਰ ਦਸ ਸਾਲ ਤੋਂ ਘੱਟ ਹੀ ਸੀ।

ਮਿਰੀਅਮ ਦੀ ਪਰਵਰਿਸ਼ ਬਹੁਤ ਹੀ ਬੁਰੇ ਸਮੇਂ ਦੌਰਾਨ ਹੋਈ। ਮਿਸਰੀ ਇਬਰਾਨੀ ਲੋਕਾਂ ਨੂੰ ਆਪਣੇ ਲਈ ਖ਼ਤਰਾ ਮੰਨਦੇ ਸਨ। ਇਸ ਲਈ ਉਨ੍ਹਾਂ ਨੇ ਇਬਰਾਨੀਆਂ ਨੂੰ ਆਪਣੇ ਗ਼ੁਲਾਮ ਬਣਾ ਲਿਆ ਅਤੇ ਉਨ੍ਹਾਂ ’ਤੇ ਜ਼ੁਲਮ ਢਾਹੁਣ ਲੱਗ ਪਏ। ਉਨ੍ਹਾਂ ਨੇ ਦੇਖਿਆ ਕਿ ਉਹ ਆਪਣੇ ਗ਼ੁਲਾਮਾਂ ’ਤੇ ਜਿੰਨਾ ਜ਼ਿਆਦਾ ਜ਼ੁਲਮ ਢਾਹੁੰਦੇ ਸਨ, ਉਨ੍ਹਾਂ ਦੀ ਗਿਣਤੀ ਉੱਨੀ ਜ਼ਿਆਦਾ ਵਧਦੀ ਗਈ। ਇਸ ਲਈ ਉਨ੍ਹਾਂ ਨੇ ਇਕ ਬਹੁਤ ਹੀ ਘਿਣਾਉਣੀ ਚਾਲ ਚੱਲੀ। ਫਿਰਊਨ ਨੇ ਹੁਕਮ ਦਿੱਤਾ ਕਿ ਇਬਰਾਨੀਆਂ ਦੇ ਮੁੰਡਿਆਂ ਨੂੰ ਪੈਦਾ ਹੁੰਦੇ ਸਾਰ ਹੀ ਮਾਰ ਦਿੱਤਾ ਜਾਵੇ। ਉੱਥੇ ਸਿਫਰਾਹ ਤੇ ਪੁਆਹ ਨਾਂ ਦੀਆਂ ਦੋ ਇਬਰਾਨੀ ਦਾਈਆਂ ਸਨ ਜੋ ਰਾਜੇ ਦੇ ਹੁਕਮ ਨੂੰ ਨਾ ਮੰਨਦਿਆਂ ਚੋਰੀ-ਛਿਪੇ ਇਬਰਾਨੀ ਮੁੰਡਿਆਂ ਨੂੰ ਜੀਉਂਦਾ ਰੱਖਦੀਆਂ ਸਨ। ਮਿਰੀਅਮ ਨੇ ਉਨ੍ਹਾਂ ਦੋਹਾਂ ਦਾਈਆਂ ਦੀ ਨਿਹਚਾ ਬਾਰੇ ਜ਼ਰੂਰ ਸੁਣਿਆ ਹੋਣਾ।—ਕੂਚ 1:8-22.

ਮਿਰੀਅਮ ਨੇ ਆਪਣੀ ਅੱਖੀਂ ਆਪਣੇ ਮਾਪਿਆਂ ਦੀ ਨਿਹਚਾ ਵੀ ਦੇਖੀ ਹੋਣੀ। ਜਦੋਂ ਉਸ ਦੇ ਮਾਪਿਆਂ ਅਮਰਾਮ ਤੇ ਯੋਕਬਦ ਦੇ ਤੀਜਾ ਬੱਚਾ ਹੋਇਆ, ਤਾਂ ਉਨ੍ਹਾਂ ਨੇ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਉਸ ਨੂੰ ਤਿੰਨ ਮਹੀਨਿਆਂ ਤਕ ਲੁਕਾ ਕੇ ਰੱਖਿਆ। ਉਨ੍ਹਾਂ ਨੇ ਫਿਰਊਨ ਦਾ ਡਰ ਨਹੀਂ ਰੱਖਿਆ ਅਤੇ ਆਪਣੇ ਬੱਚੇ ਦੀ ਜਾਨ ਬਚਾਈ। (ਇਬਰਾਨੀਆਂ 11:23) ਪਰ ਇਕ ਬੱਚੇ ਨੂੰ ਜ਼ਿਆਦਾ ਦੇਰ ਲੁਕਾਈ ਰੱਖਣਾ ਸੌਖਾ ਨਹੀਂ ਸੀ। ਇਸ ਲਈ ਜਲਦੀ ਹੀ ਉਨ੍ਹਾਂ ਨੂੰ ਇਕ ਬਹੁਤ ਹੀ ਔਖਾ ਫ਼ੈਸਲਾ ਕਰਨਾ ਪਿਆ। ਯੋਕਬਦ ਨੂੰ ਆਪਣੇ ਸੋਹਣੇ ਬੱਚੇ ਦੀ ਜਾਨ ਬਚਾਉਣ ਲਈ ਉਸ ਨੂੰ ਕਿਸੇ ਅਜਿਹੀ ਜਗ੍ਹਾ ਛੱਡਣਾ ਪੈਣਾ ਜਿੱਥੇ ਕੋਈ ਉਸ ਨੂੰ ਦੇਖ ਸਕੇ ਅਤੇ ਉਸ ਦੀ ਜਾਨ ਬਚਾ ਕੇ ਪਰਵਰਿਸ਼ ਕਰ ਸਕੇ। ਇਸ ਲਈ ਉਸ ਨੇ ਸਰਕੰਡਿਆਂ ਨਾਲ ਬਣੀ ਇਕ ਟੋਕਰੀ ਨੂੰ ਤਾਰਕੋਲ ਤੇ ਰਾਲ਼ ਨਾਲ ਲਿੱਪਿਆ ਅਤੇ ਆਪਣੇ ਦਿਲ ਦੇ ਟੁਕੜੇ ਨੂੰ ਟੋਕਰੀ ਵਿਚ ਪਾ ਕੇ ਨੀਲ ਦਰਿਆ ਵਿਚ ਰੱਖ ਦਿੱਤਾ। ਜ਼ਰਾ ਸੋਚੋ ਕਿ ਇਹ ਸਭ ਕੁਝ ਕਰਦਿਆਂ ਯੋਕਬਦ ਨੇ ਆਪਣੇ ਬੱਚੇ ਲਈ ਯਹੋਵਾਹ ਅੱਗੇ ਕਿੰਨੇ ਤਰਲੇ ਕੀਤੇ ਹੋਣੇ! ਸ਼ਾਇਦ ਉਸ ਨੇ ਮਿਰੀਅਮ ਨੂੰ ਕਿਹਾ ਹੋਣਾ ਕਿ ਉਹ ਥੋੜ੍ਹੀ ਦੂਰ ਖੜ੍ਹੀ ਦੇਖਦੀ ਰਹੇ ਕਿ ਮੁੰਡੇ ਨਾਲ ਅੱਗੇ ਕੀ ਹੋਵੇਗਾ।—ਕੂਚ 2:1-4.

ਮਿਰੀਅਮ ਨੇ ਆਪਣੇ ਭਰਾ ਨੂੰ ਬਚਾਇਆ

ਮਿਰੀਅਮ ਉੱਥੇ ਹੀ ਖੜੀ ਉਡੀਕ ਕਰਦੀ ਰਹੀ। ਕੁਝ ਸਮੇਂ ਬਾਅਦ ਉਸ ਨੂੰ ਹੱਲ-ਚੱਲ ਸੁਣਾਈ ਦਿੱਤੀ। ਉਸ ਨੇ ਦੇਖਿਆ ਕਿ ਕੁਝ ਔਰਤਾਂ ਦਰਿਆ ਵੱਲ ਆ ਰਹੀਆਂ ਸਨ। ਇਹ ਔਰਤਾਂ ਮਿਸਰ ਦੀਆਂ ਆਮ ਔਰਤਾਂ ਨਹੀਂ ਸਨ। ਇਨ੍ਹਾਂ ਵਿੱਚੋਂ ਇਕ ਫ਼ਿਰਊਨ ਦੀ ਧੀ ਸੀ ਅਤੇ ਬਾਕੀ ਉਸ ਦੀਆਂ ਨੌਕਰਾਣੀਆਂ ਸਨ। ਸ਼ਾਇਦ ਡਰ ਦੇ ਮਾਰੇ ਮਿਰੀਅਮ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪਿਆ ਹੋਣ। ਉਸ ਦੇ ਮਨ ਵਿਚ ਇਹ ਸਵਾਲ ਜ਼ਰੂਰ ਆਇਆ ਹੋਣਾ, ਕੀ ਫ਼ਿਰਊਨ ਦੀ ਧੀ ਆਪਣੇ ਪਿਤਾ ਦਾ ਹੁਕਮ ਤੋੜ ਕੇ ਇਸ ਇਬਰਾਨੀ ਮੁੰਡੇ ਦੀ ਜਾਨ ਬਚਾਵੇਗੀ? ਬਿਨਾਂ ਸ਼ੱਕ, ਉਸ ਵੇਲੇ ਮਿਰੀਅਮ ਨੇ ਆਪਣੇ ਭਰਾ ਲਈ ਯਹੋਵਾਹ ਅੱਗੇ ਬਹੁਤ ਤਰਲੇ ਕੀਤੇ ਹੋਣੇ।

ਸਭ ਤੋਂ ਪਹਿਲਾਂ ਫ਼ਿਰਊਨ ਦੀ ਧੀ ਨੇ ਸਰਕੰਡਿਆਂ ਵਿਚ ਪਈ ਟੋਕਰੀ ਦੇਖੀ। ਉਸ ਨੇ ਤੁਰੰਤ ਆਪਣੀ ਦਾਸੀ ਨੂੰ ਟੋਕਰੀ ਲਿਆਉਣ ਲਈ ਘੱਲਿਆ। ਇਸ ਘਟਨਾ ਵਿਚ ਫ਼ਿਰਊਨ ਦੀ ਧੀ ਬਾਰੇ ਦੱਸਿਆ ਗਿਆ ਹੈ: “ਜਦੋਂ ਉਸ ਨੇ ਟੋਕਰੀ ਖੋਲ੍ਹੀ, ਤਾਂ ਉਸ ਨੇ ਦੇਖਿਆ ਕਿ ਉਸ ਵਿਚ ਇਕ ਮੁੰਡਾ ਸੀ ਅਤੇ ਉਹ ਰੋ ਰਿਹਾ ਸੀ।” ਉਹ ਇਕਦਮ ਸਮਝ ਗਈ ਕਿ ਕੋਈ ਇਬਰਾਨੀ ਮਾਂ ਆਪਣੇ ਬੱਚੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਨੂੰ ਮੁੰਡੇ ’ਤੇ ਤਰਸ ਆਇਆ ਅਤੇ ਇੰਨਾ ਸੋਹਣਾ ਬੱਚਾ ਦੇਖ ਕੇ ਉਸ ਦਾ ਦਿਲ ਪਿਘਲ ਗਿਆ। (ਕੂਚ 2:5, 6) ਮਿਰੀਅਮ ਦੂਰੋਂ ਖੜ੍ਹੀ ਸਭ ਕੁਝ ਬੜੇ ਧਿਆਨ ਨਾਲ ਦੇਖ ਰਹੀ ਸੀ। ਉਸ ਨੇ ਫ਼ਿਰਊਨ ਦੀ ਧੀ ਦੇ ਹਾਵਾਂ-ਭਾਵਾਂ ਤੋਂ ਪਛਾਣ ਲਿਆ ਕਿ ਉਹ ਬੱਚੇ ਨੂੰ ਬਚਾਉਣਾ ਚਾਹੁੰਦੀ ਸੀ। ਮਿਰੀਅਮ ਜਾਣਦੀ ਸੀ ਕਿ ਹੁਣ ਉਸ ਕੋਲ ਯਹੋਵਾਹ ’ਤੇ ਨਿਹਚਾ ਦਿਖਾਉਣ ਦਾ ਮੌਕਾ ਸੀ। ਉਹ ਪੂਰੀ ਦਲੇਰੀ ਨਾਲ ਫ਼ਿਰਊਨ ਦੀ ਧੀ ਅਤੇ ਉਸ ਦੀਆਂ ਨੌਕਰਾਣੀਆਂ ਕੋਲ ਗਈ।

ਸਾਨੂੰ ਨਹੀਂ ਪਤਾ ਕਿ ਜਦੋਂ ਕੋਈ ਇਬਰਾਨੀ ਗ਼ੁਲਾਮ ਕੁੜੀ ਸ਼ਾਹੀ ਘਰਾਣੇ ਵਿੱਚੋਂ ਕਿਸੇ ਨਾਲ ਸਿੱਧੇ ਜਾ ਕੇ ਗੱਲ ਕਰਦੀ ਸੀ, ਤਾਂ ਉਸ ਨਾਲ ਕਿੱਦਾਂ ਦਾ ਸਲੂਕ ਕੀਤਾ ਜਾ ਸਕਦਾ ਸੀ। ਪਰ ਮਿਰੀਅਮ ਨੇ ਦਲੇਰੀ ਦਿਖਾਉਂਦਿਆਂ ਫ਼ਿਰਊਨ ਦੀ ਧੀ ਕੋਲ ਜਾ ਕੇ ਪੁੱਛਿਆ: “ਕੀ ਮੈਂ ਕਿਸੇ ਇਬਰਾਨੀ ਤੀਵੀਂ ਨੂੰ ਬੁਲਾ ਕੇ ਲਿਆਵਾਂ ਜੋ ਬੱਚੇ ਨੂੰ ਦੁੱਧ ਚੁੰਘਾਵੇ ਤੇ ਇਸ ਦੀ ਦੇਖ-ਭਾਲ ਕਰੇ?” ਉਸ ਨੇ ਬਿਲਕੁਲ ਸਹੀ ਸਵਾਲ ਪੁੱਛਿਆ! ਫ਼ਿਰਊਨ ਦੀ ਧੀ ਜਾਣਦੀ ਸੀ ਕਿ ਉਹ ਨਾ ਤਾਂ ਬੱਚੇ ਨੂੰ ਦੁੱਧ ਚੁੰਘਾ ਸਕਦੀ ਸੀ ਤੇ ਨਾ ਹੀ ਉਸ ਦੀ ਦੇਖ-ਭਾਲ ਕਰ ਸਕਦੀ ਸੀ। ਸ਼ਾਇਦ ਉਸ ਨੇ ਸੋਚਿਆ ਹੋਣਾ ਕਿ ਵਧੀਆ ਹੋਵੇਗਾ ਜੇ ਕੋਈ ਇਬਰਾਨੀ ਔਰਤ ਹੀ ਇਸ ਮੁੰਡੇ ਨੂੰ ਦੁੱਧ ਚੁੰਘਾਵੇ ਤੇ ਇਸ ਦੀ ਦੇਖ-ਭਾਲ ਕਰੇ। ਫਿਰ ਬਾਅਦ ਵਿਚ ਉਹ ਇਸ ਮੁੰਡੇ ਨੂੰ ਆਪਣੇ ਘਰ ਲੈ ਆਵੇਗੀ। ਉਸ ਨੂੰ ਆਪਣਾ ਪੁੱਤਰ ਬਣਾ ਕੇ ਉਸ ਦੀ ਪਰਵਰਿਸ਼ ਕਰੇਗੀ ਅਤੇ ਉਸ ਦੀ ਪੜ੍ਹਾਈ-ਲਿਖਾਈ ਕਰਾਵੇਗੀ। ਮਿਰੀਅਮ ਦਾ ਦਿਲ ਉਦੋਂ ਖ਼ੁਸ਼ੀ ਦੇ ਮਾਰੇ ਉੱਛਲ਼ ਪਿਆ ਹੋਣਾ ਜਦੋਂ ਫ਼ਿਰਊਨ ਦੀ ਧੀ ਨੇ ਕਿਹਾ: “ਜਾਹ ਲੈ ਆ!”—ਕੂਚ 2:7, 8.

ਮਿਰੀਅਮ ਨੇ ਦਲੇਰੀ ਦਿਖਾਉਂਦਿਆਂ ਆਪਣੇ ਨੰਨ੍ਹੇ ਭਰਾ ਦੀ ਜਾਨ ਦੀ ਰਾਖੀ ਕੀਤੀ

ਇਹ ਸੁਣ ਕੇ ਮਿਰੀਅਮ ਭੱਜੀ-ਭੱਜੀ ਆਪਣੇ ਪਰੇਸ਼ਾਨ ਮਾਪਿਆਂ ਕੋਲ ਗਈ। ਅਸੀਂ ਸੋਚ ਸਕਦੇ ਹਾਂ ਕਿ ਉਹ ਕਿੰਨੀ ਜ਼ਿਆਦਾ ਖ਼ੁਸ਼ ਹੋਈ ਹੋਣੀ ਜਦੋਂ ਉਸ ਨੇ ਇਹ ਖ਼ਬਰ ਆਪਣੀ ਮਾਂ ਨੂੰ ਦੱਸੀ ਹੋਣੀ। ਯੋਕਬਦ ਨੂੰ ਪੱਕਾ ਭਰੋਸਾ ਹੋ ਗਿਆ ਹੋਣਾ ਕਿ ਇਸ ਦੇ ਪਿੱਛੇ ਯਹੋਵਾਹ ਦਾ ਹੀ ਹੱਥ ਸੀ। ਇਸ ਲਈ ਉਹ ਮਿਰੀਅਮ ਨਾਲ ਫ਼ਿਰਊਨ ਦੀ ਧੀ ਕੋਲ ਗਈ। ਫ਼ਿਰਊਨ ਦੀ ਧੀ ਨੇ ਯੋਕਬਦ ਨੂੰ ਹੁਕਮ ਦਿੱਤਾ: “ਬੱਚੇ ਨੂੰ ਆਪਣੇ ਨਾਲ ਲੈ ਜਾ ਅਤੇ ਇਸ ਨੂੰ ਦੁੱਧ ਚੁੰਘਾ ਤੇ ਇਸ ਦੀ ਦੇਖ-ਭਾਲ ਕਰ। ਮੈਂ ਤੈਨੂੰ ਇਸ ਕੰਮ ਦੇ ਪੈਸੇ ਦਿਆਂਗੀ।” (ਕੂਚ 2:9) ਇਹ ਸੁਣ ਕੇ ਯੋਕਬਦ ਨੂੰ ਬਹੁਤ ਖ਼ੁਸ਼ੀ ਹੋਈ ਹੋਣੀ ਅਤੇ ਸਕੂਨ ਮਿਲਿਆ ਹੋਣਾ, ਪਰ ਉਸ ਨੇ ਫ਼ਿਰਊਨ ਦੀ ਧੀ ਸਾਮ੍ਹਣੇ ਆਪਣੀਆਂ ਇਹ ਭਾਵਨਾਵਾਂ ਜ਼ਾਹਰ ਨਹੀਂ ਹੋਣ ਦਿੱਤੀਆਂ।

ਮਿਰੀਅਮ ਨੇ ਉਸ ਦਿਨ ਆਪਣੇ ਪਰਮੇਸ਼ੁਰ ਬਾਰੇ ਬਹੁਤ ਕੁਝ ਸਿੱਖਿਆ ਹੋਣਾ। ਉਸ ਨੇ ਸਿੱਖਿਆ ਕਿ ਪਰਮੇਸ਼ੁਰ ਆਪਣੇ ਲੋਕਾਂ ਦੀ ਪਰਵਾਹ ਕਰਦਾ ਹੈ ਅਤੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। ਉਸ ਨੇ ਇਹ ਵੀ ਸਿੱਖਿਆ ਕਿ ਦਲੇਰੀ ਅਤੇ ਨਿਹਚਾ ਵਰਗੇ ਗੁਣ ਸਿਰਫ਼ ਆਦਮੀ ਜਾਂ ਵੱਡੀ ਉਮਰ ਦੇ ਲੋਕ ਹੀ ਨਹੀਂ ਦਿਖਾ ਸਕਦੇ, ਸਗੋਂ ਕੋਈ ਵੀ ਦਿਖਾ ਸਕਦਾ ਹੈ। ਨਾਲੇ ਯਹੋਵਾਹ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। (ਜ਼ਬੂਰ 65:2) ਚਾਹੇ ਅਸੀਂ ਜਵਾਨ ਹਾਂ ਜਾਂ ਬੁੱਢੇ ਅਤੇ ਆਦਮੀ ਹਾਂ ਜਾਂ ਔਰਤ, ਸਾਨੂੰ ਸਾਰਿਆਂ ਨੂੰ ਇਨ੍ਹਾਂ ਔਖੀਆਂ ਘੜੀਆਂ ਵਿਚ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ।

ਮਿਰੀਅਮ ਨੇ ਧੀਰਜ ਰੱਖਿਆ

ਯੋਕਬਦ ਨੇ ਬੱਚੇ ਨੂੰ ਦੁੱਧ ਚੁੰਘਾਇਆ ਤੇ ਉਸ ਦੀ ਦੇਖ-ਭਾਲ ਕੀਤੀ। ਬਿਨਾਂ ਸ਼ੱਕ, ਮਿਰੀਅਮ ਆਪਣੇ ਛੋਟੇ ਭਰਾ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਪਈ ਹੋਣੀ। ਸ਼ਾਇਦ ਉਸ ਨੇ ਆਪਣੇ ਭਰਾ ਨੂੰ ਬੋਲਣਾ ਸਿਖਾਇਆ ਹੋਣਾ ਅਤੇ ਉਹ ਬਹੁਤ ਖ਼ੁਸ਼ ਹੋਈ ਹੋਣੀ ਜਦੋਂ ਉਸ ਦੇ ਭਰਾ ਨੇ ਪਹਿਲੀ ਵਾਰ ਪਰਮੇਸ਼ੁਰ ਦਾ ਨਾਂ ਯਹੋਵਾਹ ਲਿਆ ਹੋਣਾ। ਜਦੋਂ ਬੱਚਾ ਵੱਡਾ ਹੋ ਗਿਆ, ਤਾਂ ਉਸ ਨੂੰ ਫ਼ਿਰਊਨ ਦੀ ਧੀ ਕੋਲ ਲੈ ਜਾਣ ਦਾ ਸਮਾਂ ਆ ਗਿਆ। (ਕੂਚ 2:10) ਬੱਚੇ ਤੋਂ ਅਲੱਗ ਹੋਣ ਕਰਕੇ ਪੂਰਾ ਪਰਿਵਾਰ ਬਹੁਤ ਦੁਖੀ ਹੋਇਆ ਹੋਣਾ। ਫ਼ਿਰਊਨ ਦੀ ਧੀ ਨੇ ਇਸ ਬੱਚੇ ਦਾ ਨਾਂ ਮੂਸਾ ਰੱਖਿਆ। ਮਿਰੀਅਮ ਸੋਚਦੀ ਹੋਣੀ ਕਿ ਫ਼ਿਰਊਨ ਦੀ ਧੀ ਦੇ ਮੁੰਡੇ ਵਜੋਂ ਜਦੋਂ ਉਸ ਦਾ ਭਰਾ ਵੱਡਾ ਹੋਵੇਗਾ, ਤਾਂ ਉਹ ਕਿਹੋ ਜਿਹਾ ਇਨਸਾਨ ਹੋਵੇਗਾ। ਨਾਲੇ ਮਿਸਰ ਦੇ ਸ਼ਾਹੀ ਪਰਿਵਾਰ ਵਿਚ ਰਹਿਣ ਦੇ ਬਾਵਜੂਦ ਵੀ ਕੀ ਉਸ ਦਾ ਭਰਾ ਯਹੋਵਾਹ ਲਈ ਆਪਣਾ ਪਿਆਰ ਬਰਕਰਾਰ ਰੱਖੇਗਾ?

ਸਮੇਂ ਦੇ ਬੀਤਣ ਨਾਲ ਇਸ ਗੱਲ ਦਾ ਜਵਾਬ ਮਿਲ ਗਿਆ। ਉਸ ਦਾ ਭਰਾ ਵੱਡਾ ਹੋ ਕੇ ਇਕ ਅਜਿਹਾ ਆਦਮੀ ਬਣ ਗਿਆ ਜਿਸ ਨੇ ਸ਼ਾਹੀ ਖ਼ਾਨਦਾਨ ਵਿਚ ਮਿਲਣ ਵਾਲੀਆਂ ਸੁੱਖ-ਸਹੂਲਤਾਂ ਨੂੰ ਠੁਕਰਾ ਕੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਬਿਨਾਂ ਸ਼ੱਕ, ਇਹ ਜਾਣ ਕੇ ਮਿਰੀਅਮ ਨੂੰ ਆਪਣੇ ਭਰਾ ’ਤੇ ਬਹੁਤ ਮਾਣ ਹੋਇਆ ਹੋਣਾ! ਮੂਸਾ 40 ਸਾਲ ਦਾ ਸੀ ਜਦੋਂ ਉਸ ਨੇ ਆਪਣੇ ਲੋਕਾਂ ਦਾ ਪੱਖ ਲਿਆ। ਉਸ ਨੇ ਉਸ ਮਿਸਰੀ ਆਦਮੀ ਨੂੰ ਜਾਨੋਂ ਮਾਰ ਦਿੱਤਾ ਜੋ ਇਕ ਇਬਰਾਨੀ ਗ਼ੁਲਾਮ ਨਾਲ ਬਦਸਲੂਕੀ ਕਰ ਰਿਹਾ ਸੀ। ਮੂਸਾ ਜਾਣਦਾ ਸੀ ਕਿ ਹੁਣ ਉਸ ਦੀ ਜਾਨ ਨੂੰ ਖ਼ਤਰਾ ਸੀ, ਇਸ ਲਈ ਉਹ ਮਿਸਰ ਤੋਂ ਭੱਜ ਗਿਆ।—ਕੂਚ 2:11-15; ਰਸੂਲਾਂ ਦੇ ਕੰਮ 7:23-29; ਇਬਰਾਨੀਆਂ 11:24-26.

ਮੂਸਾ ਮਿਸਰ ਤੋਂ ਭੱਜ ਕੇ ਮਿਦਿਆਨ ਚਲਾ ਗਿਆ। ਉਹ 40 ਸਾਲ ਉੱਥੇ ਹੀ ਰਿਹਾ ਅਤੇ ਉਹ ਭੇਡਾਂ-ਬੱਕਰੀਆਂ ਦਾ ਚਰਵਾਹਾ ਬਣ ਗਿਆ। ਇਸ ਪੂਰੇ ਸਮੇਂ ਦੌਰਾਨ ਸ਼ਾਇਦ ਮਿਰੀਅਮ ਨੂੰ ਆਪਣੇ ਭਰਾ ਬਾਰੇ ਕੁਝ ਵੀ ਪਤਾ ਨਹੀਂ ਲੱਗਾ। (ਕੂਚ 3:1; ਰਸੂਲਾਂ ਦੇ ਕੰਮ 7:29, 30) ਸਮਾਂ ਬੀਤਦਾ ਗਿਆ ਤੇ ਮਿਰੀਅਮ ਸਿਆਣੀ ਉਮਰ ਦੀ ਹੋ ਗਈ। ਉਸ ਨੇ ਆਪਣੇ ਲੋਕਾਂ ’ਤੇ ਹੁੰਦੇ ਜ਼ੁਲਮਾਂ ਨੂੰ ਦਿਨ-ਬਦਿਨ ਵਧਦੇ ਦੇਖਿਆ, ਪਰ ਇਸ ਸਭ ਦੇ ਬਾਵਜੂਦ ਉਸ ਨੇ ਧੀਰਜ ਰੱਖਿਆ।

ਮਿਰੀਅਮ ਇਕ ਨਬੀਆ ਸੀ

ਲੱਗਦਾ ਹੈ ਕਿ ਉਦੋਂ ਮਿਰੀਅਮ ਦੀ ਉਮਰ 80 ਸਾਲਾਂ ਤੋਂ ਜ਼ਿਆਦਾ ਸੀ ਜਦੋਂ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਛੁਡਾਉਣ ਲਈ ਮੂਸਾ ਨੂੰ ਵਾਪਸ ਮਿਸਰ ਭੇਜਿਆ। ਹਾਰੂਨ ਮੂਸਾ ਦਾ ਬੁਲਾਰਾ ਸੀ। ਮਿਰੀਅਮ ਦੇ ਦੋਹਾਂ ਭਰਾਵਾਂ ਨੇ ਫ਼ਿਰਊਨ ਸਾਮ੍ਹਣੇ ਆ ਕੇ ਬੇਨਤੀ ਕੀਤੀ ਕਿ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਜਾਣ ਦੇਵੇ, ਪਰ ਫ਼ਿਰਊਨ ਨੇ ਉਨ੍ਹਾਂ ਦੀ ਇਕ ਨਾ ਸੁਣੀ। ਉਹ ਵਾਰ-ਵਾਰ ਫ਼ਿਰਊਨ ਕੋਲ ਜਾਂਦੇ ਰਹੇ ਅਤੇ ਯਹੋਵਾਹ ਨੇ ਚੇਤਾਵਨੀ ਦੇਣ ਲਈ ਮਿਸਰੀਆਂ ’ਤੇ ਦਸ ਬਿਪਤਾਵਾਂ ਲਿਆਂਦੀਆਂ। ਇਸ ਸਮੇਂ ਦੌਰਾਨ ਮਿਰੀਅਮ ਨੇ ਆਪਣੇ ਭਰਾਵਾਂ ਦਾ ਸਾਥ ਦੇਣ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੋਣੀ। ਆਖ਼ਰੀ ਬਿਪਤਾ ਵਿਚ ਮਿਸਰੀਆਂ ਦੇ ਸਾਰੇ ਜੇਠੇ ਪੁੱਤਰ ਮਾਰੇ ਗਏ ਅਤੇ ਇਜ਼ਰਾਈਲੀਆਂ ਦਾ ਮਿਸਰ ਤੋਂ ਆਜ਼ਾਦ ਹੋਣ ਦਾ ਸਮਾਂ ਆ ਗਿਆ। ਜ਼ਰਾ ਸੋਚੋ, ਜਦੋਂ ਮੂਸਾ ਦੀ ਅਗਵਾਈ ਅਧੀਨ ਸਾਰੇ ਲੋਕ ਮਿਸਰ ਵਿੱਚੋਂ ਨਿਕਲ ਰਹੇ ਸਨ, ਤਾਂ ਉਸ ਸਮੇਂ ਮਿਰੀਅਮ ਨੇ ਅੱਗੇ ਵਧ ਕੇ ਆਪਣੇ ਲੋਕਾਂ ਦੀ ਮਦਦ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਹੋਣੀ।—ਕੂਚ 4:14-16, 27-31; 7:1–12:51.

ਬਾਅਦ ਵਿਚ ਇਜ਼ਰਾਈਲੀ ਲਾਲ ਸਮੁੰਦਰ ਅਤੇ ਮਿਸਰੀ ਫ਼ੌਜ ਦੇ ਵਿਚਕਾਰ ਫਸ ਗਏ। ਮਿਰੀਅਮ ਨੇ ਦੇਖਿਆ ਕਿ ਮੂਸਾ ਸਮੁੰਦਰ ਅੱਗੇ ਖੜਾ ਹੋ ਗਿਆ ਅਤੇ ਉਸ ਨੇ ਆਪਣਾ ਡੰਡਾ ਚੁੱਕਿਆ ਤੇ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ। ਜਦੋਂ ਸਾਰੇ ਇਜ਼ਰਾਈਲੀ ਮੂਸਾ ਦੀ ਅਗਵਾਈ ਅਧੀਨ ਸਮੁੰਦਰ ਦੀ ਸੁੱਕੀ ਜ਼ਮੀਨ ਉੱਤੋਂ ਦੀ ਲੰਘ ਰਹੇ ਸਨ, ਤਾਂ ਇਹ ਸਭ ਕੁਝ ਦੇਖ ਕੇ ਮਿਰੀਅਮ ਦੀ ਯਹੋਵਾਹ ਉੱਤੇ ਨਿਹਚਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪੱਕੀ ਹੋਈ ਹੋਣੀ। ਉਹ ਜਾਣਦੀ ਸੀ ਕਿ ਉਸ ਦਾ ਪਰਮੇਸ਼ੁਰ ਆਪਣੇ ਸਾਰੇ ਵਾਅਦੇ ਪੂਰੇ ਕਰਦਾ ਹੈ ਅਤੇ ਉਹ ਕੁਝ ਵੀ ਕਰ ਸਕਦਾ ਹੈ।—ਕੂਚ 14:1-31.

ਮਿਰੀਅਮ ਨੇ ਦੇਖਿਆ ਕਿ ਕਿਵੇਂ ਸਾਰੇ ਇਜ਼ਰਾਈਲੀਆਂ ਨੇ ਸੁਰੱਖਿਅਤ ਸਮੁੰਦਰ ਪਾਰ ਕੀਤਾ ਅਤੇ ਕਿਵੇਂ ਫਿਰਊਨ ਤੇ ਉਸ ਦੀ ਸਾਰੀ ਫ਼ੌਜ ਸਮੁੰਦਰ ਵਿਚ ਡੁੱਬ ਕੇ ਨਾਸ਼ ਹੋ ਗਈ। ਇਸ ਤੋਂ ਉਹ ਜਾਣ ਗਈ ਕਿ ਯਹੋਵਾਹ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਫ਼ੌਜ ਨਾਲੋਂ ਵੀ ਕਿਤੇ ਜ਼ਿਆਦਾ ਤਾਕਤਵਰ ਹੈ। ਇਸ ਕਰਕੇ ਇਜ਼ਰਾਈਲੀਆਂ ਨੇ ਯਹੋਵਾਹ ਲਈ ਗੀਤ ਗਾਇਆ। ਮਿਰੀਅਮ ਤੇ ਔਰਤਾਂ ਨੇ ਗੀਤ ਦੇ ਇਹ ਬੋਲ ਗਾਏ: “ਯਹੋਵਾਹ ਲਈ ਗੀਤ ਗਾਓ ਕਿਉਂਕਿ ਉਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਉਸ ਨੇ ਘੋੜੇ ਅਤੇ ਉਸ ਦੇ ਸਵਾਰ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਹੈ।”—ਕੂਚ 15:20, 21; ਜ਼ਬੂਰ 136:15.

ਲਾਲ ਸਮੁੰਦਰ ਦੇ ਕੰਢੇ ’ਤੇ ਮਿਰੀਅਮ ਤੇ ਔਰਤਾਂ ਨੇ ਜਿੱਤ ਦਾ ਗੀਤ ਗਾਇਆ

ਮਿਰੀਅਮ ਆਪਣੀ ਜ਼ਿੰਦਗੀ ਦੇ ਇਸ ਸ਼ਾਨਦਾਰ ਸਮੇਂ ਨੂੰ ਕਦੇ ਨਹੀਂ ਭੁੱਲੀ ਹੋਣੀ। ਬਾਈਬਲ ਦੀ ਇਸ ਘਟਨਾ ਵਿਚ ਮਿਰੀਅਮ ਨੂੰ ਨਬੀਆ ਕਿਹਾ ਗਿਆ ਹੈ। ਉਹ ਪਹਿਲੀ ਔਰਤ ਸੀ ਜਿਸ ਨੂੰ ਇਹ ਸਨਮਾਨ ਮਿਲਿਆ ਸੀ। ਬਹੁਤ ਹੀ ਥੋੜ੍ਹੀਆਂ ਔਰਤਾਂ ਨੂੰ ਇਸ ਖ਼ਾਸ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਸਨਮਾਨ ਮਿਲਿਆ ਸੀ।—ਨਿਆਈਆਂ 4:4; 2 ਰਾਜਿਆਂ 22:14; ਯਸਾਯਾਹ 8:3; ਲੂਕਾ 2:36.

ਬਾਈਬਲ ਦੀ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਦੇਖਦਾ ਹੈ। ਉਹ ਸਾਨੂੰ ਉਨ੍ਹਾਂ ਸਾਰੇ ਕੰਮਾਂ ਲਈ ਦਿਲੋਂ ਬਰਕਤਾਂ ਦੇਣੀਆਂ ਚਾਹੁੰਦਾ ਹੈ ਜੋ ਅਸੀਂ ਨਿਮਰ ਰਹਿ ਕੇ ਕਰਦੇ ਹਾਂ। ਨਾਲੇ ਉਹ ਸਾਨੂੰ ਧੀਰਜ ਰੱਖਣ ਅਤੇ ਉਸ ਨੂੰ ਖ਼ੁਸ਼ ਕਰਨ ਦੀ ਸਾਡੀ ਇੱਛਾ ਲਈ ਵੀ ਇਨਾਮ ਦੇਣਾ ਚਾਹੁੰਦਾ ਹੈ। ਚਾਹੇ ਅਸੀਂ ਜਵਾਨ ਹਾਂ ਜਾਂ ਬੁੱਢੇ, ਆਦਮੀ ਹਾਂ ਜਾਂ ਔਰਤ, ਅਸੀਂ ਸਾਰੇ ਜਣੇ ਯਹੋਵਾਹ ’ਤੇ ਨਿਹਚਾ ਦਿਖਾ ਸਕਦੇ ਹਾਂ। ਯਹੋਵਾਹ ਨੂੰ ਸਾਡੀ ਨਿਹਚਾ ਦੇਖ ਕੇ ਖ਼ੁਸ਼ੀ ਹੁੰਦੀ ਹੈ ਅਤੇ ਉਹ ਇਸ ਨੂੰ ਕਦੇ ਨਹੀਂ ਭੁੱਲਦਾ। ਨਾਲੇ ਇਸ ਲਈ ਸਾਨੂੰ ਇਨਾਮ ਦੇ ਕੇ ਉਹ ਖ਼ੁਸ਼ ਹੁੰਦਾ ਹੈ। (ਇਬਰਾਨੀਆਂ 6:10; 11:6) ਮਿਰੀਅਮ ਦੀ ਨਿਹਚਾ ਦੀ ਰੀਸ ਕਰਨ ਦਾ ਕਿੰਨਾ ਹੀ ਵਧੀਆ ਕਾਰਨ!

ਮਿਰੀਅਮ ਘਮੰਡੀ ਬਣ ਗਈ

ਜਦੋਂ ਕਿਸੇ ਨੂੰ ਖ਼ਾਸ ਸਨਮਾਨ ਜਾਂ ਜ਼ਿੰਮੇਵਾਰੀ ਮਿਲਦੀ ਹੈ, ਤਾਂ ਇਹ ਬਰਕਤ ਹੋਣ ਦੇ ਨਾਲ-ਨਾਲ ਕਦੇ-ਕਦੇ ਖ਼ਤਰਾ ਵੀ ਸਾਬਤ ਹੁੰਦੀ ਹੈ। ਜਦੋਂ ਇਜ਼ਰਾਈਲੀ ਮਿਸਰ ਦੀ ਗ਼ੁਲਾਮੀ ਵਿੱਚੋਂ ਆਜ਼ਾਦ ਹੋਏ, ਉਦੋਂ ਇਜ਼ਰਾਈਲੀਆਂ ਵਿਚ ਮਿਰੀਅਮ ਦਾ ਬਹੁਤ ਨਾਂ ਸੀ। ਕੀ ਇਸ ਕਰਕੇ ਉਹ ਘਮੰਡੀ ਬਣ ਗਈ ਅਤੇ ਅੱਗੇ ਵਧਣ ਦੀ ਲਾਲਸਾ ਨੇ ਉਸ ਦੇ ਦਿਲ ਵਿਚ ਘਰ ਕਰ ਲਿਆ? (ਕਹਾਉਤਾਂ 16:18) ਦੁੱਖ ਦੀ ਗੱਲ ਹੈ ਕਿ ਕੁਝ ਸਮੇਂ ਲਈ ਉਸ ਨੇ ਇਸ ਤਰ੍ਹਾਂ ਕੀਤਾ।

ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਤੋਂ ਕੁਝ ਮਹੀਨਿਆਂ ਬਾਅਦ, ਮੂਸਾ ਦਾ ਸਹੁਰਾ ਯਿਥਰੋ ਮੂਸਾ ਦੀ ਪਤਨੀ ਸਿੱਪੋਰਾਹ ਅਤੇ ਉਨ੍ਹਾਂ ਦੇ ਦੋ ਮੁੰਡਿਆਂ ਨੂੰ ਉਸ ਕੋਲ ਲੈ ਕੇ ਆਇਆ। ਮੂਸਾ ਨੇ ਉਨ੍ਹਾਂ ਦਾ ਸੁਆਗਤ ਕੀਤਾ। ਜਦੋਂ ਮੂਸਾ 40 ਸਾਲ ਮਿਦਿਆਨ ਵਿਚ ਸੀ, ਤਾਂ ਉਸ ਸਮੇਂ ਦੌਰਾਨ ਉਸ ਨੇ ਸਿੱਪੋਰਾਹ ਨਾਲ ਵਿਆਹ ਕਰਾਇਆ ਸੀ। ਸਿੱਪੋਰਾਹ ਸ਼ਾਇਦ ਥੋੜ੍ਹੇ ਸਮੇਂ ਲਈ ਆਪਣੇ ਪਰਿਵਾਰ ਨੂੰ ਮਿਲਣ ਲਈ ਮਿਦਿਆਨ ਚਲੀ ਗਈ ਸੀ। ਹੁਣ ਉਸ ਦਾ ਪਿਤਾ ਉਸ ਨੂੰ ਇਜ਼ਰਾਈਲੀਆਂ ਦੇ ਡੇਰੇ ਵਿਚ ਵਾਪਸ ਲੈ ਕੇ ਆਇਆ ਸੀ। (ਕੂਚ 18:1-5) ਜ਼ਰਾ ਸੋਚੋ ਕਿ ਸਿੱਪੋਰਾਹ ਦੇ ਆਉਣ ਤੇ ਇਜ਼ਰਾਈਲੀਆਂ ਨੂੰ ਕਿੰਨਾ ਚਾਅ ਚੜ੍ਹਿਆ ਹੋਣਾ! ਲੱਗਦਾ ਹੈ ਕਿ ਬਹੁਤ ਜਣੇ ਆਪਣੇ ਆਗੂ ਮੂਸਾ ਦੀ ਪਤਨੀ ਨੂੰ ਦੇਖਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।

ਕੀ ਸਿੱਪੋਰਾਹ ਦੇ ਆਉਣ ਤੇ ਮਿਰੀਅਮ ਵੀ ਖ਼ੁਸ਼ ਸੀ? ਸ਼ਾਇਦ ਸ਼ੁਰੂ-ਸ਼ੁਰੂ ਵਿਚ ਉਹ ਖ਼ੁਸ਼ ਹੋਈ ਹੋਣੀ। ਪਰ ਲੱਗਦਾ ਹੈ ਕਿ ਸਮੇਂ ਦੇ ਬੀਤਣ ਨਾਲ ਉਸ ਨੇ ਘਮੰਡ ਨੂੰ ਆਪਣੇ ਆਪ ’ਤੇ ਹਾਵੀ ਹੋਣ ਦਿੱਤਾ। ਉਸ ਨੂੰ ਸ਼ਾਇਦ ਡਰ ਸੀ ਕਿ ਹੁਣ ਪੂਰੀ ਕੌਮ ਵਿਚ ਉਸ ਦੇ ਨਾਂ ਦੀ ਬਜਾਇ ਸਿੱਪੋਰਾਹ ਦਾ ਨਾਂ ਹੋਣਾ ਸੀ। ਗੱਲ ਚਾਹੇ ਜਿਹੜੀ ਮਰਜ਼ੀ ਸੀ, ਪਰ ਮਿਰੀਅਮ ਤੇ ਹਾਰੂਨ ਨੇ ਉਸ ਦੀ ਬੁਰਾਈ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ-ਪਹਿਲ ਤਾਂ ਉਨ੍ਹਾਂ ਨੇ ਸਿਰਫ਼ ਸਿੱਪੋਰਾਹ ਖ਼ਿਲਾਫ਼ ਗੱਲਾਂ ਕੀਤੀਆਂ ਕਿ ਉਹ ਕਿਹੜਾ ਇਜ਼ਰਾਈਲੀ ਹੈ, ਉਹ ਤਾਂ ਕੂਸ਼ੀ ਹੈ। * ਪਰ ਜਲਦੀ ਹੀ ਉਨ੍ਹਾਂ ਨੇ ਮੂਸਾ ਦੇ ਖ਼ਿਲਾਫ਼ ਵੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਜਿਹੀ ਗੱਲਬਾਤ ਅਕਸਰ ਇਕ ਵਿਅਕਤੀ ਦੇ ਦਿਲ ਵਿਚ ਕੁੜੱਤਣ ਭਰ ਦਿੰਦੀ ਹੈ। ਮਿਰੀਅਮ ਤੇ ਹਾਰੂਨ ਕਹਿ ਰਹੇ ਸਨ: “ਕੀ ਯਹੋਵਾਹ ਨੇ ਸਿਰਫ਼ ਮੂਸਾ ਦੇ ਜ਼ਰੀਏ ਹੀ ਗੱਲ ਕੀਤੀ ਹੈ? ਕੀ ਉਸ ਨੇ ਸਾਡੇ ਜ਼ਰੀਏ ਵੀ ਗੱਲ ਨਹੀਂ ਕੀਤੀ?”—ਗਿਣਤੀ 12:1, 2.

ਮਿਰੀਅਮ ਨੂੰ ਕੋੜ੍ਹ ਹੋ ਗਿਆ

ਮਿਰੀਅਮ ਤੇ ਹਾਰੂਨ ਦੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਰਵੱਈਆ ਗ਼ਲਤ ਤੇ ਖ਼ਤਰਨਾਕ ਹੋ ਗਿਆ ਸੀ। ਯਹੋਵਾਹ ਜਿਸ ਤਰੀਕੇ ਨਾਲ ਮੂਸਾ ਨੂੰ ਵਰਤ ਰਿਹਾ ਸੀ, ਉਸ ਤੋਂ ਉਹ ਦੋਵੇਂ ਖ਼ੁਸ਼ ਨਹੀਂ ਸਨ। ਉਹ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਹੋਰ ਅਧਿਕਾਰ ਮਿਲੇ ਅਤੇ ਲੋਕਾਂ ਵਿਚ ਉਨ੍ਹਾਂ ਦਾ ਵੀ ਨਾਂ ਹੋਵੇ। ਕੀ ਉਨ੍ਹਾਂ ਦਾ ਇਹ ਰਵੱਈਆ ਇਸ ਕਰਕੇ ਸੀ ਕਿਉਂਕਿ ਮੂਸਾ ਘਮੰਡੀ ਸੀ, ਆਪਣੀ ਚੌਧਰ ਝਾੜਦਾ ਸੀ ਜਾਂ ਆਪਣੀ ਵਾਹ-ਵਾਹ ਕਰਾਉਣੀ ਚਾਹੁੰਦਾ ਸੀ? ਨਹੀਂ। ਮੂਸਾ ਵਿਚ ਕਮੀਆਂ-ਕਮਜ਼ੋਰੀਆਂ ਸਨ, ਪਰ ਉਹ ਘਮੰਡੀ ਨਹੀਂ ਸੀ ਤੇ ਨਾ ਹੀ ਉਸ ਵਿਚ ਅੱਗੇ ਵਧਣ ਦੀ ਲਾਲਸਾ ਸੀ। ਬਾਈਬਲ ਵਿਚ ਲਿਖਿਆ ਹੈ: “ਮੂਸਾ ਧਰਤੀ ਉੱਤੇ ਸਾਰੇ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਹਲੀਮ ਸੀ।” ਕਾਰਨ ਚਾਹੇ ਜੋ ਵੀ ਸੀ, ਮਿਰੀਅਮ ਤੇ ਹਾਰੂਨ ਲਈ ਮੂਸਾ ਖ਼ਿਲਾਫ਼ ਬੋਲਣਾ ਬਿਲਕੁਲ ਵੀ ਸਹੀ ਨਹੀਂ ਸੀ। ਬਾਈਬਲ ਦੀ ਇਸ ਘਟਨਾ ਵਿਚ ਦੱਸਿਆ ਹੈ: “ਯਹੋਵਾਹ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ।” (ਗਿਣਤੀ 12:2, 3) ਇਸ ਕਰਕੇ ਉਹ ਖ਼ਤਰੇ ਵਿਚ ਸਨ।

ਯਹੋਵਾਹ ਨੇ ਅਚਾਨਕ ਮੂਸਾ, ਹਾਰੂਨ ਅਤੇ ਮਿਰੀਅਮ ਤਿੰਨਾਂ ਨੂੰ ਮੰਡਲੀ ਦੇ ਤੰਬੂ ਕੋਲ ਬੁਲਾਇਆ। ਯਹੋਵਾਹ ਬੱਦਲ ਦੇ ਥੰਮ੍ਹ ਵਿਚ ਥੱਲੇ ਉੱਤਰਿਆ ਅਤੇ ਤੰਬੂ ਦੇ ਦਰਵਾਜ਼ੇ ’ਤੇ ਖੜ੍ਹਾ ਹੋ ਗਿਆ। ਇਹ ਥੰਮ੍ਹ ਯਹੋਵਾਹ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ। ਫਿਰ ਯਹੋਵਾਹ ਨੇ ਮਿਰੀਅਮ ਤੇ ਹਾਰੂਨ ਨੂੰ ਝਿੜਕਿਆ। ਯਹੋਵਾਹ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਉਸ ਦਾ ਮੂਸਾ ਨਾਲ ਇਕ ਖ਼ਾਸ ਰਿਸ਼ਤਾ ਸੀ ਅਤੇ ਉਹ ਆਪਣੇ ਇਸ ਚੁਣੇ ਹੋਏ ਆਦਮੀ ’ਤੇ ਕਿੰਨਾ ਭਰੋਸਾ ਕਰਦਾ ਸੀ। ਯਹੋਵਾਹ ਨੇ ਉਨ੍ਹਾਂ ਨੂੰ ਪੁੱਛਿਆ: “ਤਾਂ ਫਿਰ, ਤੁਸੀਂ ਮੇਰੇ ਦਾਸ ਮੂਸਾ ਦੇ ਖ਼ਿਲਾਫ਼ ਬੋਲਣ ਦੀ ਜੁਰਅਤ ਕਿਵੇਂ ਕੀਤੀ?” ਬਿਨਾਂ ਸ਼ੱਕ, ਮਿਰੀਅਮ ਤੇ ਹਾਰੂਨ ਡਰ ਦੇ ਮਾਰੇ ਕੰਬਣ ਲੱਗ ਪਏ ਹੋਣੇ। ਉਹ ਮੂਸਾ ਖ਼ਿਲਾਫ਼ ਜੋ ਬੋਲੇ ਸਨ, ਉਹ ਯਹੋਵਾਹ ਨੂੰ ਇੱਦਾਂ ਲੱਗਾ ਜਿੱਦਾਂ ਉਹ ਮੂਸਾ ਦਾ ਨਿਰਾਦਰ ਨਹੀਂ, ਸਗੋਂ ਉਸ ਦਾ ਨਿਰਾਦਰ ਕਰ ਰਹੇ ਸਨ।—ਗਿਣਤੀ 12:4-8.

ਲੱਗਦਾ ਹੈ ਕਿ ਪਹਿਲਾਂ ਮਿਰੀਅਮ ਨੇ ਹੀ ਆਪਣੀ ਭਰਜਾਈ ਦੀ ਬੁਰਾਈ ਕਰਨੀ ਸ਼ੁਰੂ ਕੀਤੀ ਸੀ ਅਤੇ ਬਾਅਦ ਵਿਚ ਹਾਰੂਨ ਵੀ ਉਸ ਨਾਲ ਰਲ਼ ਗਿਆ। ਇਸ ਕਰਕੇ ਮਿਰੀਅਮ ਨੂੰ ਸਜ਼ਾ ਮਿਲੀ। ਯਹੋਵਾਹ ਨੇ ਉਸ ਨੂੰ ਕੋੜ੍ਹ ਦੀ ਬੀਮਾਰੀ ਲਾ ਦਿੱਤੀ। ਇਸ ਭਿਆਨਕ ਬੀਮਾਰੀ ਕਰਕੇ ਉਸ ਦੀ “ਚਮੜੀ ਬਰਫ਼ ਵਾਂਗ ਚਿੱਟੀ ਹੋ ਗਈ।” ਹਾਰੂਨ ਨੇ ਉਸੇ ਵੇਲੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਮੂਸਾ ਨੂੰ ਮਿੰਨਤਾਂ ਕੀਤੀਆਂ ਕਿ ਉਹ ਯਹੋਵਾਹ ਤੋਂ ਉਨ੍ਹਾਂ ਲਈ ਮਾਫ਼ੀ ਮੰਗੇ ਅਤੇ ਕਿਹਾ: “ਅਸੀਂ ਵਾਕਈ ਬਹੁਤ ਵੱਡੀ ਬੇਵਕੂਫ਼ੀ ਕੀਤੀ ਹੈ।” ਮੂਸਾ ਬਹੁਤ ਹੀ ਹਲੀਮ ਆਦਮੀ ਸੀ, ਉਸ ਨੇ ਯਹੋਵਾਹ ਨੂੰ ਗਿੜਗਿੜਾਉਂਦੇ ਹੋਏ ਕਿਹਾ: “ਹੇ ਪਰਮੇਸ਼ੁਰ, ਕਿਰਪਾ ਕਰ ਕੇ ਉਸ ਨੂੰ ਠੀਕ ਕਰ ਦੇ!” (ਗਿਣਤੀ 12:9-13) ਮਿਰੀਅਮ ਨੂੰ ਕੋੜ੍ਹ ਹੋਣ ਤੇ ਦੋਵੇਂ ਭਰਾ ਬਹੁਤ ਦੁਖੀ ਹੋਏ ਅਤੇ ਉਹ ਚਾਹੁੰਦੇ ਸਨ ਕਿ ਉਹ ਠੀਕ ਹੋ ਜਾਵੇ। ਜ਼ਾਹਰ ਹੈ ਕਿ ਮਿਰੀਅਮ ਦੀਆਂ ਗ਼ਲਤੀਆਂ ਦੇ ਬਾਵਜੂਦ ਵੀ ਉਸ ਦੇ ਦੋਵੇਂ ਭਰਾ ਆਪਣੀ ਵੱਡੀ ਭੈਣ ਨੂੰ ਬਹੁਤ ਪਿਆਰ ਕਰਦੇ ਸਨ।

ਮਿਰੀਅਮ ਨੂੰ ਮਾਫ਼ੀ ਮਿਲ ਗਈ

ਯਹੋਵਾਹ ਨੇ ਮਿਰੀਅਮ ’ਤੇ ਦਇਆ ਕੀਤੀ। ਨਾਲੇ ਉਸ ਨੇ ਮਿਰੀਅਮ ਨੂੰ ਠੀਕ ਕਰ ਦਿੱਤਾ ਕਿਉਂਕਿ ਉਸ ਨੇ ਦਿਲੋਂ ਪਛਤਾਵਾ ਕੀਤਾ ਸੀ। ਪਰ ਫਿਰ ਵੀ ਯਹੋਵਾਹ ਚਾਹੁੰਦਾ ਸੀ ਕਿ ਉਹ ਸੱਤ ਦਿਨਾਂ ਤਕ ਇਜ਼ਰਾਈਲੀ ਛਾਉਣੀ ਤੋਂ ਬਾਹਰ ਰਹੇ। ਮਿਰੀਅਮ ਲਈ ਇਹ ਹੁਕਮ ਮੰਨਣਾ ਬੇਇੱਜ਼ਤੀ ਵਾਲੀ ਗੱਲ ਸੀ ਕਿਉਂਕਿ ਇਸ ਨੂੰ ਮੰਨਣ ਨਾਲ ਛਾਉਣੀ ਦੇ ਬਾਕੀ ਲੋਕਾਂ ਨੂੰ ਪਤਾ ਲੱਗ ਜਾਣਾ ਸੀ ਕਿ ਉਸ ਨੂੰ ਤਾੜਨਾ ਦਿੱਤੀ ਗਈ ਸੀ। ਪਰ ਉਸ ਦੀ ਨਿਹਚਾ ਨੇ ਉਸ ਦੀ ਜਾਨ ਬਚਾਈ। ਬਿਨਾਂ ਸ਼ੱਕ, ਉਹ ਆਪਣੇ ਦਿਲ ਵਿਚ ਇਹ ਗੱਲ ਜਾਣਦੀ ਸੀ ਕਿ ਉਸ ਦਾ ਪਿਤਾ ਯਹੋਵਾਹ ਨਿਆਂ ਦਾ ਪਰਮੇਸ਼ੁਰ ਹੈ ਅਤੇ ਉਸ ਨਾਲ ਪਿਆਰ ਹੋਣ ਕਰਕੇ ਉਸ ਨੇ ਉਸ ਨੂੰ ਤਾੜਨਾ ਦਿੱਤੀ ਸੀ। ਇਸ ਲਈ ਉਸ ਨੇ ਉਹੀ ਕੀਤਾ ਜੋ ਉਸ ਨੂੰ ਕਰਨ ਲਈ ਕਿਹਾ ਗਿਆ ਸੀ। ਮਿਰੀਅਮ ਸੱਤ ਦਿਨਾਂ ਤਕ ਛਾਉਣੀ ਤੋਂ ਬਾਹਰ ਰਹੀ ਅਤੇ ਜਿੰਨਾ ਚਿਰ ਉਹ ਛਾਉਣੀ ਵਿਚ ਵਾਪਸ ਨਹੀਂ ਆਈ, ਲੋਕ ਉੱਥੋਂ ਹੋਰ ਜਗ੍ਹਾ ਨਹੀਂ ਗਏ। ਮਿਰੀਅਮ ਨੇ ਆਪਣੇ ਆਪ ਨੂੰ ਨਿਮਰ ਕਰ ਕੇ ਉਸ ਸਮੇਂ ਦੀ ਉਡੀਕ ਕੀਤੀ ਜਦ ਤਕ ਉਸ ਨੂੰ ਛਾਉਣੀ ਵਿਚ ਵਾਪਸ ਨਹੀਂ ਲਿਆਂਦਾ ਗਿਆ। ਇਸ ਤਰ੍ਹਾਂ ਉਸ ਨੇ ਇਕ ਵਾਰ ਫਿਰ ਆਪਣੀ ਨਿਹਚਾ ਦਾ ਸਬੂਤ ਦਿੱਤਾ।—ਗਿਣਤੀ 12:14, 15.

ਯਹੋਵਾਹ ਉਸ ਨੂੰ ਹੀ ਅਨੁਸ਼ਾਸਨ ਦਿੰਦਾ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ। (ਇਬਰਾਨੀਆਂ 12:5, 6) ਯਹੋਵਾਹ ਮਿਰੀਅਮ ਨੂੰ ਪਿਆਰ ਕਰਦਾ ਸੀ, ਇਸ ਲਈ ਜਦੋਂ ਮਿਰੀਅਮ ਨੇ ਘਮੰਡ ਕੀਤਾ, ਤਾਂ ਯਹੋਵਾਹ ਨੇ ਉਸ ਨੂੰ ਸੁਧਾਰਿਆ। ਅਨੁਸ਼ਾਸਨ ਮਿਲਣ ਤੇ ਮਿਰੀਅਮ ਨੂੰ ਬੁਰਾ ਤਾਂ ਜ਼ਰੂਰ ਲੱਗਾ ਹੋਣਾ, ਪਰ ਇਸ ਨਾਲ ਉਸ ਦਾ ਬਚਾਅ ਹੋਇਆ। ਉਸ ਨੇ ਨਿਮਰਤਾ ਨਾਲ ਤਾੜਨਾ ਨੂੰ ਕਬੂਲ ਕੀਤਾ ਜਿਸ ਕਰਕੇ ਉਸ ਨੂੰ ਪਰਮੇਸ਼ੁਰ ਦੀ ਮਿਹਰ ਦੁਬਾਰਾ ਮਿਲੀ। ਉਜਾੜ ਵਿਚ ਇਜ਼ਰਾਈਲੀਆਂ ਦੇ ਸਫ਼ਰ ਦੇ ਅਖ਼ੀਰ ਤਕ ਉਹ ਜੀਉਂਦੀ ਰਹੀ। ਸਿਨ ਦੀ ਉਜਾੜ ਵਿਚ ਕਾਦੇਸ਼ ਵਿਚ ਮਿਰੀਅਮ ਦੀ ਮੌਤ ਹੋ ਗਈ। ਉਸ ਵੇਲੇ ਉਸ ਦੀ ਉਮਰ ਲਗਭਗ 130 ਸਾਲ ਦੀ ਸੀ। * (ਗਿਣਤੀ 20:1) ਸਦੀਆਂ ਬਾਅਦ ਯਹੋਵਾਹ ਨੇ ਪਿਆਰ ਨਾਲ ਮਿਰੀਅਮ ਦੀ ਵਫ਼ਾਦਾਰੀ ਲਈ ਉਸ ਨੂੰ ਮਾਣ ਦਿੱਤਾ। ਆਪਣੇ ਨਬੀ ਮੀਕਾਹ ਰਾਹੀਂ ਉਸ ਨੇ ਆਪਣੇ ਲੋਕਾਂ ਨੂੰ ਚੇਤੇ ਕਰਾਇਆ: “ਮੈਂ ਤੁਹਾਨੂੰ ਗ਼ੁਲਾਮੀ ਦੇ ਘਰ ਤੋਂ ਛੁਡਾਇਆ; ਮੈਂ ਤੁਹਾਡੇ ਅੱਗੇ-ਅੱਗੇ ਮੂਸਾ, ਹਾਰੂਨ ਅਤੇ ਮਿਰੀਅਮ ਨੂੰ ਘੱਲਿਆ।”—ਮੀਕਾਹ 6:4.

ਯਹੋਵਾਹ ਵੱਲੋਂ ਅਨੁਸ਼ਾਸਨ ਮਿਲਣ ਤੇ ਮਿਰੀਅਮ ਦੀ ਨਿਹਚਾ ਨੇ ਉਸ ਦੀ ਨਿਮਰ ਬਣੇ ਰਹਿਣ ਵਿਚ ਮਦਦ ਕੀਤੀ

ਅਸੀਂ ਮਿਰੀਅਮ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਸਾਨੂੰ ਮਿਰੀਅਮ ਵਾਂਗ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਦਲੇਰੀ ਦਿਖਾਉਂਦੇ ਹੋਏ ਸਹੀ ਗੱਲਾਂ ਦੇ ਪੱਖ ਵਿਚ ਬੋਲਣਾ ਚਾਹੀਦਾ ਹੈ। (ਯਾਕੂਬ 1:27) ਉਸ ਵਾਂਗ ਸਾਨੂੰ ਵੀ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦਾ ਸੰਦੇਸ਼ ਦੂਜਿਆਂ ਨੂੰ ਦੱਸਣਾ ਚਾਹੀਦਾ ਹੈ। (ਰੋਮੀਆਂ 10:15) ਸਾਨੂੰ ਵੀ ਉਸ ਵਾਂਗ ਆਪਣੇ ਦਿਲ ਵਿੱਚੋਂ ਈਰਖਾ ਅਤੇ ਕੁੜੱਤਣ ਦਾ ਜ਼ਹਿਰ ਕੱਢ ਦੇਣਾ ਚਾਹੀਦਾ ਹੈ। (ਕਹਾਉਤਾਂ 14:30) ਨਾਲੇ ਉਸ ਦੀ ਰੀਸ ਕਰਦਿਆਂ ਸਾਨੂੰ ਨਿਮਰਤਾ ਨਾਲ ਯਹੋਵਾਹ ਵੱਲੋਂ ਮਿਲਦਾ ਅਨੁਸ਼ਾਸਨ ਕਬੂਲ ਕਰਨਾ ਚਾਹੀਦਾ ਹੈ। (ਇਬਰਾਨੀਆਂ 12:5) ਇਨ੍ਹਾਂ ਸਾਰੀਆਂ ਗੱਲਾਂ ’ਤੇ ਚੱਲ ਕੇ ਅਸੀਂ ਪੂਰੀ ਤਰ੍ਹਾਂ ਮਿਰੀਅਮ ਦੀ ਰੀਸ ਕਰ ਰਹੇ ਹੋਵਾਂਗੇ।

^ ਪੈਰਾ 21 ਸਿੱਪੋਰਾਹ ਦੇ ਮਾਮਲੇ ਵਿਚ ਵਰਤੇ ‘ਕੂਸ਼ੀ’ ਸ਼ਬਦ ਦਾ ਮਤਲਬ ਸੀ ਕਿ ਉਹ ਬਾਕੀ ਮਿਦਿਆਨੀਆਂ ਵਾਂਗ ਅਰਬ ਤੋਂ ਸੀ, ਨਾ ਕਿ ਇਥੋਪੀਆ ਤੋਂ।

^ ਪੈਰਾ 26 ਇੱਕੋ ਸਾਲ ਦੇ ਵਿਚ-ਵਿਚ ਮਿਰੀਅਮ ਤੇ ਉਸ ਦੇ ਦੋਹਾਂ ਭਰਾਵਾਂ ਦੀ ਮੌਤ ਹੋ ਗਈ। ਸਭ ਤੋਂ ਪਹਿਲਾਂ ਵੱਡੀ ਭੈਣ ਮਿਰੀਅਮ ਦੀ, ਫਿਰ ਉਸ ਤੋਂ ਛੋਟੇ ਹਾਰੂਨ ਦੀ ਅਤੇ ਫਿਰ ਸਭ ਤੋਂ ਛੋਟੇ ਭਰਾ ਮੂਸਾ ਦੀ ਵੀ ਮੌਤ ਹੋ ਗਈ।