ਇਹ ਕਿਸ ਦਾ ਕਮਾਲ ਹੈ?
ਓਕਟੋਪਸ ਦੀਆਂ ਸ਼ਾਨਦਾਰ ਬਾਹਾਂ
ਰੋਬੋਟ ਬਣਾਉਣ ਵਾਲੇ ਇਸ ਤਰ੍ਹਾਂ ਦੀ ਮਸ਼ੀਨ ਬਣਾ ਰਹੇ ਹਨ ਜਿਸ ਦੀ ਮਦਦ ਨਾਲ ਡਾਕਟਰ ਸਰੀਰ ਦੀ ਜ਼ਿਆਦਾ ਚੀਰ-ਫਾੜ ਕੀਤੇ ਬਿਨਾਂ ਬਾਰੀਕੀ ਨਾਲ ਓਪਰੇਸ਼ਨ ਕਰ ਸਕਣ। ਓਕਟੋਪਸ ਦੀਆਂ ਬੇਹੱਦ ਲਚਕਦਾਰ ਬਾਹਾਂ ਤੋਂ ਪ੍ਰੇਰਿਤ ਹੋ ਕੇ ਉਹ ਓਪਰੇਸ਼ਨ ਕਰਨ ਲਈ ਰੋਬੋਟਿਕ ਬਾਂਹ ਬਣਾ ਰਹੇ ਹਨ।
ਜ਼ਰਾ ਸੋਚੋ: ਓਕਟੋਪਸ ਆਪਣੀਆਂ ਅੱਠ ਲੰਬੀਆਂ ਤੇ ਲਚਕਦਾਰ ਬਾਹਾਂ ਨਾਲ ਛੋਟੀਆਂ-ਛੋਟੀਆਂ ਥਾਵਾਂ ਤੋਂ ਵੀ ਚੀਜ਼ਾਂ ਨੂੰ ਚੁੱਕ ਸਕਦਾ ਅਤੇ ਘੁੱਟ ਕੇ ਫੜ ਸਕਦਾ ਹੈ। ਉਹ ਬਾਹਾਂ ਨੂੰ ਨਾ ਸਿਰਫ਼ ਕਿਸੇ ਵੀ ਦਿਸ਼ਾ ਵਿਚ ਮੋੜ ਸਕਦਾ ਹੈ, ਸਗੋਂ ਉਹ ਲੋੜ ਅਨੁਸਾਰ ਇਨ੍ਹਾਂ ਨੂੰ ਅਕੜਾ ਵੀ ਸਕਦਾ ਹੈ।
ਖੋਜਕਾਰਾਂ ਦਾ ਮੰਨਣਾ ਹੈ ਕਿ ਇਸੇ ਤਰ੍ਹਾਂ ਦੀ ਨਰਮ ਤੇ ਲਚਕਦਾਰ ਬਾਂਹ ਨਾਲ ਓਪਰੇਸ਼ਨ ਕਰਨ ਵਿਚ ਡਾਕਟਰਾਂ ਦੀ ਬਹੁਤ ਮਦਦ ਹੋਵੇਗੀ। ਇਸ ਤਰ੍ਹਾਂ ਦੀ ਰੋਬੋਟਿਕ ਬਾਂਹ ਕਰਕੇ ਉਨ੍ਹਾਂ ਮਰੀਜ਼ਾਂ ਦਾ ਓਪਰੇਸ਼ਨ ਕਰਨਾ ਮੁਮਕਿਨ ਹੋਵੇਗਾ ਜਿਨ੍ਹਾਂ ਨੂੰ ਗੁੰਝਲਦਾਰ ਓਪਰੇਸ਼ਨ ਕਰਾਉਣ ਦੀ ਲੋੜ ਹੈ।
ਜ਼ਰਾ ਓਕਟੋਪਸ ਦੀਆਂ ਲਚਕਦਾਰ ਬਾਹਾਂ ਦੇਖੋ
ਇਸ ਤਰ੍ਹਾਂ ਦੀ ਰੋਬੋਟਿਕ ਬਾਂਹ ਤਿਆਰ ਕੀਤੀ ਗਈ ਹੈ ਜਿਸ ਨੂੰ ਓਪਰੇਸ਼ਨ ਕਰਨ ਵਿਚ ਅਜ਼ਮਾਇਆ ਜਾ ਰਿਹਾ ਹੈ। 5 ਇੰਚ (135 ਮਿਲੀਮੀਟਰ) ਦੀ ਬਾਂਹ ਦਾ ਇਕ ਹਿੱਸਾ ਬਿਨਾਂ ਕੋਈ ਨੁਕਸਾਨ ਪਹੁੰਚਾਏ ਅੰਦਰੂਨੀ ਅੰਗਾਂ ਨੂੰ ਚੁੱਕ ਕੇ ਫੜੀ ਰੱਖ ਸਕਦਾ ਹੈ ਜਦ ਕਿ ਦੂਜਾ ਹਿੱਸਾ ਓਪਰੇਸ਼ਨ ਕਰ ਸਕਦਾ ਹੈ। ਇਸ ਰੋਬੋਟਿਕ ਬਾਂਹ ਨੂੰ ਤਿਆਰ ਕਰਨ ਵਾਲੇ ਇਕ ਮਾਹਰ ਡਾ. ਟੌਮਾਜ਼ੋ ਰਾਂਜ਼ਾਨੀ ਨੇ ਕਿਹਾ: “ਅਸੀਂ ਮੰਨਦੇ ਹਾਂ ਕਿ ਇਹ ਤਾਂ ਇਕ ਸ਼ੁਰੂਆਤ ਹੈ। ਅਸੀਂ ਇਸ ਵਿਚ ਹੋਰ ਵੀ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ।”
ਤੁਹਾਡਾ ਕੀ ਖ਼ਿਆਲ ਹੈ? ਕੀ ਓਕਟੋਪਸ ਦੀਆਂ ਬਾਹਾਂ ਵਿਕਾਸਵਾਦ ਦਾ ਨਤੀਜਾ ਹਨ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ?