ਕੀ ਇਨਸਾਨ ਵਿਚ ਆਤਮਾ ਹੁੰਦੀ ਹੈ?
ਦੁਨੀਆਂ ਭਰ ਵਿਚ ਕਈ ਲੋਕ ਵਿਸ਼ਵਾਸ ਕਰਦੇ ਹਨ ਕਿ ਸਾਡੇ ਅੰਦਰ ਆਤਮਾ ਹੁੰਦੀ ਹੈ ਜੋ ਸਾਡੇ ਮਰਨ ਤੋਂ ਬਾਅਦ ਵੀ ਜੀਉਂਦੀ ਰਹਿੰਦੀ ਹੈ। ਪਰ ਕਈ ਲੋਕ ਇਹ ਜਾਣ ਕੇ ਹੈਰਾਨ ਹੁੰਦੇ ਹਨ ਕਿ ਇਹ ਸਿੱਖਿਆ ਬਾਈਬਲ ਵਿਚ ਨਹੀਂ ਪਾਈ ਜਾਂਦੀ। ਤਾਂ ਫਿਰ, ਮਰਨ ਤੋਂ ਬਾਅਦ ਇਨਸਾਨਾਂ ਨੂੰ ਕੀ ਹੁੰਦਾ ਹੈ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
ਬਾਈਬਲ ਕਹਿੰਦੀ ਹੈ
ਪੰਜਾਬੀ ਦੀਆਂ ਜ਼ਿਆਦਾਤਰ ਬਾਈਬਲਾਂ ਵਿਚ ਇਬਰਾਨੀ ਸ਼ਬਦ “ਰੂਆਖ” ਅਤੇ ਯੂਨਾਨੀ ਸ਼ਬਦ “ਪਨੈਵਮਾ” ਦਾ ਅਨੁਵਾਦ “ਆਤਮਾ” ਕੀਤਾ ਗਿਆ ਹੈ। ਮਿਸਾਲ ਲਈ, ਯਾਕੂਬ 2:26 ਵਿਚ ਲਿਖਿਆ ਹੈ: “ਆਤਮਾ [ਪਨੈਵਮਾ] ਬਾਝੋਂ ਸਰੀਰ ਮੁਰਦਾ ਹੈ।” (ਪਵਿੱਤਰ ਬਾਈਬਲ, OV) ਪਰ ਇਹ ਸਹੀ ਤਰਜਮਾ ਨਹੀਂ ਹੈ। “ਰੂਆਖ” ਅਤੇ “ਪਨੈਵਮਾ” ਸ਼ਬਦਾਂ ਦਾ ਸਹੀ ਮਤਲਬ “ਜੀਵਨ ਦਾ ਸਾਹ” ਹੈ ਜੋ ਇਨਸਾਨ ਨੂੰ ਜੀਉਂਦਾ ਰੱਖਦਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਸ਼ਬਦਾਂ ਦੇ ਇਹ ਵੀ ਅਰਥ ਹਨ: (1) ਹਵਾ, (2) ਇਨਸਾਨਾਂ ਤੇ ਜਾਨਵਰਾਂ ਦੀ ਜੀਵਨ-ਸ਼ਕਤੀ, (3) ਇਨਸਾਨ ਦੇ ਮਨ ਦੀ ਪ੍ਰੇਰਣਾ-ਸ਼ਕਤੀ, (4) ਪਰਮੇਸ਼ੁਰ ਜਾਂ ਦੁਸ਼ਟ ਦੂਤਾਂ ਤੋਂ ਮਿਲਣ ਵਾਲੇ ਸੰਦੇਸ਼, (5) ਸਵਰਗੀ ਪ੍ਰਾਣੀ ਅਤੇ (6) ਪਰਮੇਸ਼ੁਰ ਦੀ ਕੰਮ ਕਰਨ ਦੀ ਸ਼ਕਤੀ ਯਾਨੀ ਪਵਿੱਤਰ ਸ਼ਕਤੀ।—ਕੂਚ 35:21; ਜ਼ਬੂਰ 104:29; ਮੱਤੀ 12:43; ਲੂਕਾ 11:13.
ਬਾਈਬਲ ਦੱਸਦੀ ਹੈ ਕਿ ਜਦੋਂ ਯਹੋਵਾਹ ਪਰਮੇਸ਼ੁਰ ਨੇ ਪਹਿਲੇ ਆਦਮੀ ਨੂੰ ਬਣਾਇਆ ਸੀ, ਤਾਂ ਉਸ ਨੇ ਆਦਮ ਦੀਆਂ “ਨਾਸਾਂ ਵਿਚ ਜੀਵਨ ਦਾ ਸਾਹ [ਰੂਆਖ] ਫੂਕਿਆ ਅਤੇ ਆਦਮੀ ਜੀਉਂਦਾ ਇਨਸਾਨ ਬਣ ਗਿਆ।” (ਉਤਪਤ 2:7) ਇਸ ਆਇਤ ਮੁਤਾਬਕ ‘ਜੀਵਨ ਦੇ ਸਾਹ’ ਦਾ ਮਤਲਬ ਹੈ ਉਹ ਸ਼ਕਤੀ ਜਿਸ ਨਾਲ ਇਨਸਾਨ ਦੀ ਜ਼ਿੰਦਗੀ ਬਰਕਰਾਰ ਰਹਿੰਦੀ ਹੈ। ਮਿਸਾਲ ਲਈ, ਜਦੋਂ ਪਰਮੇਸ਼ੁਰ ਨੇ ਨੂਹ ਦੇ ਦਿਨਾਂ ਵਿਚ ਜਲ-ਪਰਲੋ ਲਿਆ ਕੇ ਦੁਸ਼ਟ ਲੋਕਾਂ ਦਾ ਨਾਸ਼ ਕਰਨ ਦਾ ਫ਼ੈਸਲਾ ਕੀਤਾ, ਤਾਂ ਪਰਮੇਸ਼ੁਰ ਨੇ ਕਿਹਾ: “ਮੈਂ ਧਰਤੀ ਉੱਤੇ ਜਲ-ਪਰਲੋ ਲਿਆ ਕੇ ਆਕਾਸ਼ ਹੇਠ ਸਾਰੇ ਇਨਸਾਨਾਂ ਤੇ ਜੀਵ-ਜੰਤੂਆਂ ਨੂੰ ਜਿਨ੍ਹਾਂ ਵਿਚ ਜੀਵਨ ਦਾ ਸਾਹ [ਰੂਆਖ] ਹੈ, ਖ਼ਤਮ ਕਰਨ ਜਾ ਰਿਹਾ ਹਾਂ। ਧਰਤੀ ʼਤੇ ਹਰ ਚੀਜ਼ ਮਿਟ ਜਾਵੇਗੀ।” (ਉਤਪਤ 7:15, 22) ਹਾਂ, ਜੀਵਨ ਦੇ ਸਾਹ ਤੋਂ ਬਗੈਰ ਇਨਸਾਨ ਮਰ ਜਾਂਦਾ ਹੈ। ਤਾਂ ਫਿਰ, “ਰੂਆਖ” ਅਤੇ “ਪਨੈਵਮਾ” ਦਾ ਮਤਲਬ ਜੀਵਨ ਦਾ ਸਾਹ ਹੈ ਜਿਸ ਨਾਲ ਸਾਰੇ ਜੀਵਾਂ ਵਿਚ ਜਾਨ ਪੈਂਦੀ ਹੈ।
ਇਕ ਵਧੀਆ ਮਿਸਾਲ
ਅਸੀਂ ਜੀਵਨ ਦੇ ਸਾਹ ਦੀ ਤੁਲਨਾ ਬਿਜਲੀ ਨਾਲ ਕਰ ਸਕਦੇ ਹਾਂ। ਮਿਸਾਲ ਲਈ, ਰੇਡੀਓ ਨੂੰ ਚਲਾਉਣ ਲਈ ਬਿਜਲੀ ਦੀ ਜ਼ਰੂਰਤ ਹੁੰਦੀ ਹੈ। ਜਦੋਂ ਤੁਸੀਂ ਰੇਡੀਓ ਦਾ ਪਲੱਗ ਲਾਉਂਦੇ ਹੋ, ਤਾਂ ਬਿਜਲੀ ਉਸ ਨੂੰ ਚਾਲੂ ਕਰ ਦਿੰਦੀ ਹੈ ਮਾਨੋ ਰੇਡੀਓ ਵਿਚ ਜਾਨ ਪੈ ਜਾਂਦੀ ਹੈ। ਬਿਜਲੀ ਤੋਂ ਬਗੈਰ ਰੇਡੀਓ ਚੱਲ ਨਹੀਂ ਸਕਦਾ। ਇਸੇ ਤਰ੍ਹਾਂ, ਜੀਵਨ ਦੇ ਸਾਹ ਨਾਲ ਸਰੀਰ ਵਿਚ ਜਾਨ ਪੈਂਦੀ ਹੈ। ਪਰ ਬਿਜਲੀ ਵਾਂਗ ਜੀਵਨ ਦੇ ਸਾਹ ਵਿਚ ਦੇਖਣ, ਸੁਣਨ ਜਾਂ ਸੋਚਣ ਦੀ ਯੋਗਤਾ ਨਹੀਂ ਹੁੰਦੀ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ ਕਿ ਜੀਵਨ ਦੇ ਸਾਹ ਤੋਂ ਬਗੈਰ ਇਨਸਾਨ “ਮਰ ਕੇ ਮਿੱਟੀ ਵਿਚ ਮੁੜ ਜਾਂਦੇ ਹਨ।”—ਜ਼ਬੂਰ 104:29.
ਇਨਸਾਨਾਂ ਦੀ ਮੌਤ ਬਾਰੇ ਉਪਦੇਸ਼ਕ ਦੀ ਪੋਥੀ 12:7 ਵਿਚ ਲਿਖਿਆ ਹੈ: “ਮਿੱਟੀ ਦੁਬਾਰਾ ਮਿੱਟੀ ਵਿਚ ਮਿਲ ਜਾਵੇਗੀ ਜਿੱਥੇ ਇਹ ਪਹਿਲਾਂ ਸੀ ਅਤੇ ਜੀਵਨ-ਸ਼ਕਤੀ ਸੱਚੇ ਪਰਮੇਸ਼ੁਰ ਕੋਲ ਮੁੜ ਜਾਵੇਗੀ ਜਿਸ ਨੇ ਇਹ ਜੀਵਨ-ਸ਼ਕਤੀ ਦਿੱਤੀ ਸੀ।” ਤਾਂ ਫਿਰ, ਇਸ ਦਾ ਕੀ ਮਤਲਬ ਹੈ ਕਿ ਜੀਵਨ-ਸ਼ਕਤੀ ਪਰਮੇਸ਼ੁਰ ਦੇ ਕੋਲ ਮੁੜ ਜਾਂਦੀ ਹੈ? ਕੀ ਇਸ ਦਾ ਇਹ ਮਤਲਬ ਹੈ ਕਿ ਜੀਵਨ-ਸ਼ਕਤੀ ਸੱਚ-ਮੁੱਚ ਸਰੀਰ ਵਿੱਚੋਂ ਨਿਕਲ ਕੇ ਸਵਰਗ ਨੂੰ ਚਲੀ ਜਾਂਦੀ ਹੈ? ਨਹੀਂ! ਇਸ ਦਾ ਮਤਲਬ ਹੈ ਕਿ ਜਦ ਕੋਈ ਮਰ ਜਾਂਦਾ ਹੈ, ਤਾਂ ਉਸ ਦੀ ਜਾਨ ਹੁਣ ਪਰਮੇਸ਼ੁਰ ਦੇ ਹੱਥ ਵਿਚ ਹੈ। ਸਿਰਫ਼ ਪਰਮੇਸ਼ੁਰ ਉਸ ਨੂੰ ਮੁੜ ਜੀਉਂਦਾ ਕਰ ਸਕਦਾ ਹੈ।—ਜ਼ਬੂਰਾਂ ਦੀ ਪੋਥੀ 36:9.
ਆਤਮਾ ਦੀ ਸਿੱਖਿਆ ਕਿੱਥੋਂ ਆਈ?
ਆਤਮਾ ਦੀ ਸਿੱਖਿਆ ਬਾਈਬਲ ਵਿੱਚੋਂ ਨਹੀਂ ਲਈ ਗਈ, ਸਗੋਂ ਇਹ 4,000 ਤੋਂ ਜ਼ਿਆਦਾ ਸਾਲ ਪਹਿਲਾਂ ਪ੍ਰਾਚੀਨ ਸ਼ਹਿਰ ਬਾਬਲ ਦੇ ਲੋਕਾਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਯੂਨਾਨੀ ਫ਼ਿਲਾਸਫ਼ਰਾਂ ਦੀਆਂ ਸਿੱਖਿਆਵਾਂ ʼਤੇ ਆਧਾਰਿਤ ਹੈ। ਪਰਮੇਸ਼ੁਰ ਆਪਣੀ ਸਿੱਖਿਆ ਵਿਚ ਇਨਸਾਨੀ ਸਿੱਖਿਆਵਾਂ ਦੀ ਮਿਲਾਵਟ ਨੂੰ ਹਰਗਿਜ਼ ਮਨਜ਼ੂਰ ਨਹੀਂ ਕਰਦਾ। ਬਾਈਬਲ ਸਾਨੂੰ ਖ਼ਬਰਦਾਰ ਕਰਦੀ ਹੈ: “ਧਿਆਨ ਰੱਖੋ ਕਿ ਕੋਈ ਤੁਹਾਨੂੰ ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ ਦਾ ਗ਼ੁਲਾਮ ਨਾ ਬਣਾ ਲਵੇ ਜੋ ਇਨਸਾਨਾਂ ਦੇ ਰੀਤਾਂ-ਰਿਵਾਜਾਂ ਅਤੇ ਦੁਨੀਆਂ ਦੇ ਬੁਨਿਆਦੀ ਅਸੂਲਾਂ ਉੱਤੇ ਆਧਾਰਿਤ ਹਨ।”—ਕੁਲੁੱਸੀਆਂ 2:8.