ਕੀ ਰੱਬ ਸੱਚ-ਮੁੱਚ ਹੈ?
ਬਾਈਬਲ ਕਹਿੰਦੀ ਹੈ
ਹਾਂਜੀ, ਬਾਈਬਲ ਤੋਂ ਠੋਸ ਸਬੂਤ ਮਿਲਦੇ ਹਨ ਕਿ ਰੱਬ ਸੱਚ-ਮੁੱਚ ਹੈ। ਇਹ ਸਾਨੂੰ ਕਿਸੇ ਵੀ ਧਾਰਮਿਕ ਫ਼ਲਸਫ਼ੇ ʼਤੇ ਅੰਨ੍ਹੇਵਾਹ ਵਿਸ਼ਵਾਸ ਕਰਨ ਲਈ ਨਹੀਂ ਕਹਿੰਦੀ। ਸਗੋਂ ਇਹ ਸਾਨੂੰ ਆਪਣੀ “ਸੋਚਣ-ਸਮਝਣ ਦੀ ਕਾਬਲੀਅਤ” ਅਤੇ “ਡੂੰਘੀ ਸਮਝ” ਵਰਤ ਕੇ ਪਰਮੇਸ਼ੁਰ ʼਤੇ ਵਿਸ਼ਵਾਸ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। (ਰੋਮੀਆਂ 12:1; 1 ਯੂਹੰਨਾ 5:20) ਆਓ ਆਪਾਂ ਬਾਈਬਲ ਵਿੱਚੋਂ ਮਿਲਦੇ ਕੁਝ ਸਬੂਤਾਂ ʼਤੇ ਗੌਰ ਕਰੀਏ:
ਬ੍ਰਹਿਮੰਡ ਵਿਚ ਸਾਰਾ ਕੁਝ ਤਰਤੀਬ ਅਨੁਸਾਰ ਕੰਮ ਕਰਦਾ ਹੈ। ਨਾਲੇ ਧਰਤੀ ʼਤੇ ਵੱਖੋ-ਵੱਖਰੀ ਕਿਸਮ ਦੇ ਜੀਉਂਦੇ ਪ੍ਰਾਣੀ ਹਨ। ਇਹ ਸਾਰੀਆਂ ਗੱਲਾਂ ਇਕ ਸ੍ਰਿਸ਼ਟੀਕਰਤਾ ਵੱਲ ਇਸ਼ਾਰਾ ਕਰਦੀਆਂ ਹਨ। ਬਾਈਬਲ ਵਿਚ ਲਿਖਿਆ ਹੈ: “ਬੇਸ਼ੱਕ ਹਰ ਘਰ ਨੂੰ ਕਿਸੇ-ਨਾ-ਕਿਸੇ ਨੇ ਬਣਾਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਹੈ, ਉਹ ਪਰਮੇਸ਼ੁਰ ਹੈ।” (ਇਬਰਾਨੀਆਂ 3:4) ਭਾਵੇਂ ਇਹ ਗੱਲ ਸੁਣ ਕੇ ਸਾਨੂੰ ਹੈਰਾਨੀ ਨਹੀਂ ਹੁੰਦੀ, ਪਰ ਬਹੁਤ ਸਾਰੇ ਪੜ੍ਹੇ-ਲਿਖੇ ਲੋਕ ਇਸ ਗੱਲ ਨੂੰ ਬਹੁਤ ਅਸਰਦਾਰ ਮੰਨਦੇ ਹਨ। a
ਇਨਸਾਨ ਹੋਣ ਦੇ ਨਾਤੇ ਸਾਡੇ ਸਾਰਿਆਂ ਵਿਚ ਜ਼ਿੰਦਗੀ ਦਾ ਮਕਸਦ ਜਾਣਨ ਦੀ ਇੱਛਾ ਜਾਂ ਭੁੱਖ ਹੈ। ਇਹ ਉਹ ਭੁੱਖ ਹੈ ਜਿਹੜੀ ਖਾਣ ਨਾਲ ਨਹੀਂ ਮਿਟਦੀ। ਬਾਈਬਲ ਵਿਚ ਇਸ ਭੁੱਖ ਦੀ ਤੁਲਨਾ ‘ਪਰਮੇਸ਼ੁਰ ਦੀ ਅਗਵਾਈ ਲਈ ਤਰਸਣ’ ਨਾਲ ਕੀਤੀ ਗਈ ਹੈ ਜਿਸ ਕਰਕੇ ਸਾਡੇ ਵਿਚ ਪਰਮੇਸ਼ੁਰ ਨੂੰ ਜਾਣਨ ਅਤੇ ਉਸ ਦੀ ਭਗਤੀ ਕਰਨ ਦੀ ਇੱਛਾ ਹੁੰਦੀ ਹੈ। (ਮੱਤੀ 5:3; ਪ੍ਰਕਾਸ਼ ਦੀ ਕਿਤਾਬ 4:11) ਇਸ ਤਰ੍ਹਾਂ ਦੀ ਭੁੱਖ ਤੋਂ ਇਹ ਸਾਬਤ ਹੁੰਦਾ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ। ਨਾਲੇ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਪਿਆਰ ਕਰਨ ਵਾਲਾ ਸ੍ਰਿਸ਼ਟੀਕਰਤਾ ਹੈ ਜੋ ਸਾਡੀ ਅਗਵਾਈ ਕਰਨੀ ਚਾਹੁੰਦਾ ਹੈ।—ਮੱਤੀ 4:4.
ਸਦੀਆਂ ਪਹਿਲਾਂ ਬਾਈਬਲ ਵਿਚ ਬਹੁਤ ਸਾਰੀਆਂ ਭਵਿੱਖਬਾਣੀਆਂ ਦਰਜ ਕੀਤੀਆਂ ਗਈਆਂ ਸਨ ਜੋ ਬਿਲਕੁਲ ਉਸੇ ਤਰ੍ਹਾਂ ਪੂਰੀਆਂ ਹੋਈਆਂ ਜਿੱਦਾਂ ਲਿਖੀਆਂ ਗਈਆਂ ਸਨ। ਇਹ ਭਵਿੱਖਬਾਣੀਆਂ ਜਿਸ ਤਰੀਕੇ ਨਾਲ ਪੂਰੀਆਂ ਹੋਈਆਂ ਉਸ ਤੋਂ ਸਾਬਤ ਹੁੰਦਾ ਹੈ ਕਿ ਇਨ੍ਹਾਂ ਪਿੱਛੇ ਕਿਸੇ ਜ਼ਬਰਦਸਤ ਸ਼ਕਤੀ ਦਾ ਹੱਥ ਹੈ।—2 ਪਤਰਸ 1:21.
ਬਾਈਬਲ ਦੇ ਲਿਖਾਰੀਆਂ ਨੂੰ ਵਿਗਿਆਨ ਬਾਰੇ ਆਪਣੇ ਸਮੇਂ ਦੇ ਲੋਕਾਂ ਨਾਲੋਂ ਜ਼ਿਆਦਾ ਜਾਣਕਾਰੀ ਸੀ। ਮਿਸਾਲ ਲਈ, ਉਸ ਜ਼ਮਾਨੇ ਦੇ ਬਹੁਤ ਸਾਰੇ ਲੋਕ ਮੰਨਦੇ ਸਨ ਕਿ ਧਰਤੀ ਕਿਸੇ ਹਾਥੀ, ਸੂਰ ਜਾਂ ਬਲਦ ʼਤੇ ਟਿਕੀ ਹੋਈ ਹੈ। ਇਸ ਦੇ ਉਲਟ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ “ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕਾਉਂਦਾ ਹੈ।” (ਅੱਯੂਬ 26:7) ਬਾਈਬਲ ਧਰਤੀ ਦੇ ਆਕਾਰ ਬਾਰੇ ਵੀ ਸਹੀ ਜਾਣਕਾਰੀ ਦਿੰਦੀ ਹੈ ਕਿ ਇਹ ਗੋਲ ਹੈ। (ਯਸਾਯਾਹ 40:22) ਬਹੁਤ ਸਾਰੇ ਲੋਕ ਮੰਨਦੇ ਹਨ ਕਿ ਬਾਈਬਲ ਦੇ ਲਿਖਾਰੀਆਂ ਨੇ ਇਹ ਜਾਣਕਾਰੀ ਆਪਣੇ ਵੱਲੋਂ ਨਹੀਂ ਲਿਖੀ, ਸਗੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤੀ ਸੀ।
ਬਾਈਬਲ ਵਿਚ ਬਹੁਤ ਸਾਰੇ ਔਖੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਉਹ ਸਵਾਲ ਵੀ ਜਿਨ੍ਹਾਂ ਦਾ ਜਵਾਬ ਨਾ ਮਿਲਣ ʼਤੇ ਕੋਈ ਜਣਾ ਰੱਬ ʼਤੇ ਵਿਸ਼ਵਾਸ ਕਰਨਾ ਛੱਡ ਸਕਦਾ ਹੈ। ਮਿਸਾਲ ਲਈ: ਜੇ ਰੱਬ ਪਿਆਰ ਕਰਨ ਵਾਲਾ ਹੈ ਅਤੇ ਉਸ ਵਿਚ ਬਹੁਤ ਸ਼ਕਤੀ ਹੈ, ਤਾਂ ਦੁਨੀਆਂ ਵਿਚ ਇੰਨੀਆਂ ਦੁੱਖ-ਤਕਲੀਫ਼ਾਂ ਅਤੇ ਬੁਰਾਈ ਕਿਉਂ ਹੈ? ਇਸ ਤਰ੍ਹਾਂ ਕਿਉਂ ਹੈ ਕਿ ਅੱਜ ਲੋਕ ਧਰਮ ਦੇ ਨਾਂ ʼਤੇ ਚੰਗੇ ਕੰਮ ਕਰਨ ਦੀ ਬਜਾਇ ਮਾੜੇ ਕੰਮ ਕਰਦੇ ਹਨ?—ਤੀਤੁਸ 1:16.
a ਮਿਸਾਲ ਲਈ, ਇਕ ਖਗੋਲ ਵਿਗਿਆਨੀ ਐਲਨ ਸੈਂਡੇਜ ਨੇ ਇਕ ਵਾਰ ਬ੍ਰਹਿਮੰਡ ਬਾਰੇ ਕਿਹਾ: “ਮੈਨੂੰ ਇਹ ਗੱਲ ਕਾਫ਼ੀ ਹੱਦ ਤਕ ਨਾਮੁਮਕਿਨ ਲੱਗਦੀ ਹੈ ਕਿ ਇੰਨਾ ਵਧੀਆ ਤਾਲਮੇਲ ਕਿਸੇ ਗੜਬੜੀ ਤੋਂ ਸ਼ੁਰੂ ਹੋਇਆ ਸੀ। ਇਸ ਤਾਲਮੇਲ ਪਿੱਛੇ ਜ਼ਰੂਰ ਕੋਈ-ਨਾ-ਕੋਈ ਨਿਯਮ ਜਾਂ ਸਿਧਾਂਤ ਹੋਣਾ। ਮੇਰੇ ਲਈ ਤਾਂ ਰੱਬ ਇਕ ਪਹੇਲੀ ਹੈ, ਪਰ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਚੀਜ਼ਾਂ ਦੇਖ ਕੇ ਰੱਬ ਦੀ ਹੋਂਦ ʼਤੇ ਸ਼ੱਕ ਕਰਨ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਜੇ ਰੱਬ ਹੈ ਹੀ ਨਹੀਂ, ਤਾਂ ਇਹ ਸਭ ਕੁਝ ਆਇਆ ਕਿੱਥੋਂ।”