ਬਾਈਬਲ ਗਰਭਪਾਤ ਬਾਰੇ ਕੀ ਕਹਿੰਦੀ ਹੈ?
ਬਾਈਬਲ ਕਹਿੰਦੀ ਹੈ
ਭਾਵੇਂ ਕਿ ਬਾਈਬਲ ਵਿਚ “ਗਰਭਪਾਤ” ਸ਼ਬਦ ਨਹੀਂ ਵਰਤਿਆ ਗਿਆ, ਪਰ ਬਾਈਬਲ ਦੀਆਂ ਬਹੁਤ ਸਾਰੀਆਂ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਇਨਸਾਨ ਦੀ ਜ਼ਿੰਦਗੀ ਦੇ ਨਾਲ-ਨਾਲ ਅਣਜੰਮੇ ਬੱਚੇ ਬਾਰੇ ਕੀ ਸੋਚਦਾ ਹੈ।
ਜ਼ਿੰਦਗੀ ਪਰਮੇਸ਼ੁਰ ਵੱਲੋਂ ਤੋਹਫ਼ਾ ਹੈ। (ਉਤਪਤ 9:6; ਜ਼ਬੂਰ 36:9) ਉਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਨੂੰ ਅਨਮੋਲ ਸਮਝੀਏ ਜਿਸ ਵਿਚ ਗਰਭ ਵਿਚ ਪਲ ਰਹੀ ਜਾਨ ਵੀ ਸ਼ਾਮਲ ਹੈ। ਇਸ ਲਈ ਜੇ ਕੋਈ ਜਾਣ-ਬੁੱਝ ਕੇ ਅਣਜੰਮੇ ਬੱਚੇ ਨੂੰ ਮਾਰਦਾ ਹੈ, ਤਾਂ ਇਹ ਕਤਲ ਕਰਨ ਦੇ ਬਰਾਬਰ ਹੈ।
ਪਰਮੇਸ਼ੁਰ ਦੇ ਕਾਨੂੰਨ ਵਿਚ ਇਜ਼ਰਾਈਲੀਆਂ ਨੂੰ ਕਿਹਾ ਗਿਆ ਸੀ: “ਜੇ ਆਦਮੀ ਆਪਸ ਵਿਚ ਹੱਥੋਪਾਈ ਹੁੰਦੇ ਹਨ ਅਤੇ ਉਨ੍ਹਾਂ ਕਰਕੇ ਕੋਈ ਗਰਭਵਤੀ ਔਰਤ ਜ਼ਖ਼ਮੀ ਹੋ ਜਾਂਦੀ ਹੈ ਅਤੇ ਸਮੇਂ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੰਦੀ ਹੈ, ਪਰ ਮਾਂ ਅਤੇ ਬੱਚੇ ਵਿੱਚੋਂ ਕਿਸੇ ਦੀ ਜਾਨ ਨਹੀਂ ਜਾਂਦੀ, ਤਾਂ ਗੁਨਾਹਗਾਰ ਨੂੰ ਉੱਨਾ ਹਰਜਾਨਾ ਭਰਨਾ ਪਵੇਗਾ ਜਿੰਨਾ ਔਰਤ ਦਾ ਪਤੀ ਮੰਗ ਕਰਦਾ ਹੈ। ਉਸ ਨੂੰ ਇਹ ਹਰਜਾਨਾ ਨਿਆਂਕਾਰਾਂ ਦੇ ਫ਼ੈਸਲੇ ਮੁਤਾਬਕ ਭਰਨਾ ਪਵੇਗਾ। ਪਰ ਜੇ ਮਾਂ ਜਾਂ ਬੱਚੇ ਦੀ ਮੌਤ ਹੋ ਜਾਂਦੀ ਹੈ, ਤਾਂ ਜਾਨ ਦੇ ਬਦਲੇ ਜਾਨ ਲਈ ਜਾਵੇ।”—ਕੂਚ 21:22, 23. a
ਇਨਸਾਨ ਦੀ ਜ਼ਿੰਦਗੀ ਦੀ ਸ਼ੁਰੂਆਤ ਕਦੋਂ ਹੁੰਦੀ ਹੈ?
ਜਦੋਂ ਇਕ ਔਰਤ ਗਰਭ ਧਾਰਨ ਕਰਦੀ ਹੈ, ਉਦੋਂ ਹੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੱਚਾ ਜੀਉਂਦੀ ਜਾਨ ਹੁੰਦਾ ਹੈ। ਪਰਮੇਸ਼ੁਰ ਨੇ ਆਪਣੇ ਬਚਨ ਬਾਈਬਲ ਵਿਚ ਅਣਜੰਮੇ ਬੱਚੇ ਨੂੰ ਅਕਸਰ ਜੀਉਂਦੀ ਜਾਨ ਕਿਹਾ ਹੈ। ਜ਼ਰਾ ਕੁਝ ਮਿਸਾਲਾਂ ʼਤੇ ਗੌਰ ਕਰੋ ਜਿਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗਰਭ ਵਿਚ ਪਲ ਰਿਹਾ ਬੱਚਾ ਵੀ ਇਕ ਜੀਉਂਦੇ-ਜਾਗਦੇ ਵਿਅਕਤੀ ਵਾਂਗ ਅਨਮੋਲ ਹੈ।
ਰਾਜਾ ਦਾਊਦ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੇ ਸ਼ਬਦਾਂ ਵਿਚ ਪਰਮੇਸ਼ੁਰ ਨੂੰ ਕਿਹਾ: “ਤੇਰੀਆਂ ਅੱਖਾਂ ਨੇ ਮੇਰੇ ਭਰੂਣ ਨੂੰ ਦੇਖਿਆ।” (ਜ਼ਬੂਰ 139:16) ਪਰਮੇਸ਼ੁਰ ਦਾਊਦ ਨੂੰ ਉਸ ਦੇ ਜਨਮ ਲੈਣ ਤੋਂ ਪਹਿਲਾਂ ਹੀ ਉਸ ਨੂੰ ਇਕ ਜੀਉਂਦਾ ਵਿਅਕਤੀ ਸਮਝਦਾ ਸੀ।
ਨਾਲੇ ਯਿਰਮਿਯਾਹ ਦੇ ਜਨਮ ਤੋਂ ਪਹਿਲਾਂ ਹੀ ਪਰਮੇਸ਼ੁਰ ਜਾਣਦਾ ਸੀ ਕਿ ਉਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਉਸ ਨੂੰ ਨਬੀ ਵਜੋਂ ਵਰਤੇਗਾ। ਪਰਮੇਸ਼ੁਰ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਕੁੱਖ ਵਿਚ ਰਚਣ ਤੋਂ ਪਹਿਲਾਂ ਹੀ ਜਾਣਦਾ ਸੀ, ਤੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਮੈਂ ਤੈਨੂੰ ਪਵਿੱਤਰ ਕੰਮ ਲਈ ਚੁਣਿਆ। ਹਾਂ, ਮੈਂ ਤੈਨੂੰ ਕੌਮਾਂ ਲਈ ਇਕ ਨਬੀ ਬਣਾਇਆ।”—ਯਿਰਮਿਯਾਹ 1:5.
ਬਾਈਬਲ ਲਿਖਾਰੀ ਲੂਕਾ, ਜੋ ਕਿ ਇਕ ਹਕੀਮ ਸੀ, ਨੇ ਨਵਜੰਮੇ ਬੱਚੇ ਲਈ ਵੀ ਉਹੀ ਯੂਨਾਨੀ ਸ਼ਬਦ ਵਰਤਿਆ ਜੋ ਅਣਜੰਮੇ ਬੱਚੇ ਲਈ ਵਰਤਿਆ ਜਾਂਦਾ ਸੀ।—ਲੂਕਾ 1:41; 2:12, 16.
ਕੀ ਪਰਮੇਸ਼ੁਰ ਉਸ ਵਿਅਕਤੀ ਨੂੰ ਮਾਫ਼ ਕਰੇਗਾ ਜਿਸ ਨੇ ਗਰਭਪਾਤ ਕਰਾਇਆ ਹੈ?
ਜਿਨ੍ਹਾਂ ਨੇ ਗਰਭਪਾਤ ਕਰਾਇਆ ਹੈ, ਉਹ ਪਰਮੇਸ਼ੁਰ ਤੋਂ ਮਾਫ਼ੀ ਪਾ ਸਕਦੇ ਹਨ। ਜੇ ਉਹ ਹੁਣ ਜ਼ਿੰਦਗੀ ਪ੍ਰਤੀ ਪਰਮੇਸ਼ੁਰ ਦਾ ਨਜ਼ਰੀਆ ਅਪਣਾਉਂਦੇ ਹਨ, ਤਾਂ ਉਨ੍ਹਾਂ ਨੂੰ ਦੋਸ਼ੀ ਮਹਿਸੂਸ ਨਹੀਂ ਕਰਨਾ ਚਾਹੀਦਾ। “ਯਹੋਵਾਹ ਦਇਆਵਾਨ ਅਤੇ ਰਹਿਮਦਿਲ ਹੈ, . . . ਜਿੰਨਾ ਪੂਰਬ ਪੱਛਮ ਤੋਂ ਦੂਰ ਹੈ, ਉੱਨੇ ਹੀ ਉਸ ਨੇ ਸਾਡੇ ਅਪਰਾਧ ਸਾਡੇ ਤੋਂ ਦੂਰ ਸੁੱਟ ਦਿੱਤੇ ਹਨ।” b (ਜ਼ਬੂਰ 103:8-12) ਯਹੋਵਾਹ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰੇਗਾ ਜਿਨ੍ਹਾਂ ਵਿਚ ਗਰਭਪਾਤ ਕਰਾਉਣ ਵਾਲੇ ਵੀ ਸ਼ਾਮਲ ਹਨ।—ਜ਼ਬੂਰ 86:5.
ਕੀ ਉਦੋਂ ਗਰਭਪਾਤ ਕਰਾਉਣਾ ਗ਼ਲਤ ਹੈ ਜਦੋਂ ਮਾਂ ਜਾਂ ਬੱਚੇ ਦੀ ਜ਼ਿੰਦਗੀ ਖ਼ਤਰੇ ਵਿਚ ਹੈ?
ਬਾਈਬਲ ਅਣਜੰਮੇ ਬੱਚੇ ਦੀ ਜ਼ਿੰਦਗੀ ਬਾਰੇ ਜੋ ਕਹਿੰਦੀ ਹੈ, ਉਸ ਅਨੁਸਾਰ ਗਰਭਪਾਤ ਕਰਾਉਣ ਨੂੰ ਇਸ ਲਈ ਸਹੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਮਾਂ ਜਾਂ ਬੱਚੇ ਦੀ ਜ਼ਿੰਦਗੀ ਨੂੰ ਖ਼ਤਰਾ ਹੈ।
ਉਦੋਂ ਕੀ ਜਦੋਂ ਬੱਚੇ ਦੇ ਜਨਮ ਵੇਲੇ ਇਹ ਐਮਰਜੈਂਸੀ ਪੈਦਾ ਹੋ ਜਾਂਦੀ ਹੈ ਕਿ ਸਿਰਫ਼ ਮਾਂ ਜਾਂ ਬੱਚੇ ਨੂੰ ਹੀ ਬਚਾਇਆ ਜਾ ਸਕਦਾ ਹੈ? ਇਸ ਸਮੇਂ ਦੌਰਾਨ ਘਰਦਿਆਂ ਨੂੰ ਫ਼ੈਸਲਾ ਲੈਣਾ ਪਵੇਗਾ ਕਿ ਉਹ ਕਿਸ ਦੀ ਜ਼ਿੰਦਗੀ ਬਚਾਉਣਗੇ।
a ਕੁਝ ਅਨੁਵਾਦਾਂ ਵਿਚ ਦੱਸਿਆ ਗਿਆ ਹੈ ਕਿ ਇਸ ਕਾਨੂੰਨ ਅਨੁਸਾਰ ਮਾਮਲਾ ਉਦੋਂ ਗੰਭੀਰ ਹੁੰਦਾ ਸੀ ਜਦੋਂ ਮਾਂ ਨੂੰ ਕੁਝ ਹੁੰਦਾ ਸੀ, ਨਾ ਕਿ ਭਰੂਣ ਨੂੰ। ਪਰ ਇਬਰਾਨੀ ਲਿਖਤ ਅਨੁਸਾਰ ਇੱਥੇ ਮਾਂ ਜਾਂ ਬੱਚੇ ਦੀ ਜਾਨ ਜਾਣ ਦੀ ਗੱਲ ਕੀਤੀ ਗਈ ਹੈ।
b ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।—ਜ਼ਬੂਰ 83:18.