ਟੈਟੂ ਬਣਵਾਉਣ ਬਾਰੇ ਬਾਈਬਲ ਕੀ ਕਹਿੰਦੀ ਹੈ?
ਬਾਈਬਲ ਕਹਿੰਦੀ ਹੈ
ਬਾਈਬਲ ਵਿਚ ਆਪਣੇ ਸਰੀਰ ʼਤੇ ਗੋਦਨੇ ਜਾਂ ਟੈਟੂ ਬਣਵਾਉਣ ਦਾ ਜ਼ਿਕਰ ਸਿਰਫ਼ ਲੇਵੀਆਂ 19:28 ਵਿਚ ਮਿਲਦਾ ਹੈ ਜਿੱਥੇ ਲਿਖਿਆ ਹੈ: “ਆਪਣੇ ਸਰੀਰ ਉੱਤੇ ਗੋਦਨੇ (“ਟੈਟੂ,” ਫੁਟਨੋਟ) ਨਾ ਗੁੰਦਵਾਓ।” ਯਹੋਵਾਹ ਪਰਮੇਸ਼ੁਰ ਨੇ ਇਹ ਹੁਕਮ ਇਜ਼ਰਾਈਲ ਕੌਮ ਨੂੰ ਦਿੱਤਾ ਸੀ ਤਾਂਕਿ ਉਹ ਉਨ੍ਹਾਂ ਕੌਮਾਂ ਤੋਂ ਵੱਖਰੇ ਨਜ਼ਰ ਆਉਣ ਜਿਹੜੀਆਂ ਆਪਣੇ ਸਰੀਰ ʼਤੇ ਆਪਣੇ ਦੇਵਤਿਆਂ ਦੇ ਨਾਂ ਜਾਂ ਚਿੰਨ੍ਹ ਬਣਵਾਉਂਦੀਆਂ ਸਨ। (ਬਿਵਸਥਾ ਸਾਰ 14:2) ਇਹ ਸੱਚ ਹੈ ਕਿ ਅੱਜ ਮਸੀਹੀ ਇਜ਼ਰਾਈਲੀਆਂ ਨੂੰ ਦਿੱਤੇ ਕਾਨੂੰਨ ਦੇ ਅਧੀਨ ਨਹੀਂ ਹਨ, ਪਰ ਸਾਨੂੰ ਇਸ ਕਾਨੂੰਨ ਵਿਚ ਦਿੱਤੇ ਅਸੂਲ ʼਤੇ ਗੌਰ ਕਰਨਾ ਚਾਹੀਦਾ ਹੈ।
ਕੀ ਮਸੀਹੀਆਂ ਨੂੰ ਆਪਣੇ ਸਰੀਰ ʼਤੇ ਟੈਟੂ ਬਣਵਾਉਣੇ ਚਾਹੀਦੇ ਹਨ?
ਇਸ ਮਾਮਲੇ ਵਿਚ ਬਾਈਬਲ ਦੀਆਂ ਕੁਝ ਆਇਤਾਂ ʼਤੇ ਗੌਰ ਕਰੋ:
‘ਤੀਵੀਆਂ ਦੇ ਪਹਿਰਾਵੇ ਤੋਂ ਸ਼ਰਮ-ਹਯਾ ਝਲਕਣੀ ਚਾਹੀਦੀ ਹੈ।’ (1 ਤਿਮੋਥਿਉਸ 2:9) ਇਹ ਅਸੂਲ ਔਰਤਾਂ ਅਤੇ ਆਦਮੀਆਂ ਦੋਵਾਂ ʼਤੇ ਲਾਗੂ ਹੁੰਦਾ ਹੈ। ਸਾਨੂੰ ਦੂਸਰਿਆਂ ਦੀਆਂ ਭਾਵਨਾਵਾਂ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਆਪਣੇ ਵੱਲ ਧਿਆਨ ਨਹੀਂ ਖਿੱਚਣਾ ਚਾਹੀਦਾ।
ਕੁਝ ਲੋਕ ਟੈਟੂ ਬਣਵਾ ਕੇ ਆਪਣੀ ਅਲੱਗ ਪਛਾਣ ਬਣਾਉਣੀ ਚਾਹੁੰਦੇ ਹਨ ਜਾਂ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਹ ਆਪਣੇ ਸਰੀਰ ਨਾਲ ਜੋ ਮਰਜ਼ੀ ਕਰ ਸਕਦੇ ਹਨ। ਪਰ ਬਾਈਬਲ ਮਸੀਹੀਆਂ ਨੂੰ ਹੱਲਾਸ਼ੇਰੀ ਦਿੰਦੀ ਹੈ: “ਤੁਸੀਂ ਆਪਣੇ ਸਰੀਰ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਓ ਜੋ ਜੀਉਂਦਾ, ਪਵਿੱਤਰ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ। ਨਾਲੇ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਭਗਤੀ ਕਰੋ।” (ਰੋਮੀਆਂ 12:1) “ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ” ਜਾਂਚ ਕਰੋ ਕਿ ਤੁਸੀਂ ਟੈਟੂ ਕਿਉਂ ਬਣਵਾਉਣਾ ਚਾਹੁੰਦੇ ਹੋ। ਕੀ ਇਸ ਲਈ ਤਾਂਕਿ ਤੁਸੀਂ ਕਿਸੇ ਗਰੁੱਪ ਦੇ ਮੈਂਬਰ ਲੱਗੋ ਜਾਂ ਫਿਰ ਸਿਰਫ਼ ਫ਼ੈਸ਼ਨ ਲਈ? ਜੇ ਇਹ ਗੱਲ ਹੈ, ਤਾਂ ਯਾਦ ਰੱਖੋ ਕਿ ਸਮੇਂ ਦੇ ਬੀਤਣ ਨਾਲ ਤੁਹਾਡੀ ਸੋਚ ਬਦਲ ਜਾਵੇਗੀ, ਪਰ ਟੈਟੂ ਨਹੀਂ ਮਿਟੇਗਾ। ਇਸ ਲਈ ਆਪਣੇ ਇਰਾਦਿਆਂ ਦੀ ਜਾਂਚ ਕਰੋ ਤਾਂਕਿ ਤੁਸੀਂ ਸਹੀ ਫ਼ੈਸਲਾ ਕਰ ਸਕੋ।—ਕਹਾਉਤਾਂ 4:7.
“ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ, ਪਰ ਛੇਤੀ ਕਰਨ ਵਾਲੇ ਦੇ ਹੱਥ ਕੁਝ ਨਹੀਂ ਆਉਂਦਾ।” (ਕਹਾਉਤਾਂ 21:5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਹੁਤ ਸਾਰੇ ਲੋਕ ਜਲਦਬਾਜ਼ੀ ਵਿਚ ਟੈਟੂ ਬਣਵਾਉਣ ਦਾ ਫ਼ੈਸਲਾ ਕਰਦੇ ਹਨ। ਪਰ ਇਸ ਦਾ ਅਸਰ ਉਨ੍ਹਾਂ ਦੀ ਨੌਕਰੀ ਅਤੇ ਰਿਸ਼ਤਿਆਂ ʼਤੇ ਹਮੇਸ਼ਾ ਲਈ ਪੈ ਸਕਦਾ ਹੈ। ਇਸ ਤੋਂ ਇਲਾਵਾ, ਟੈਟੂ ਮਿਟਾਉਣ ਲਈ ਕਾਫ਼ੀ ਖ਼ਰਚਾ ਕਰਨਾ ਪੈਂਦਾ ਹੈ ਅਤੇ ਬਹੁਤ ਦਰਦ ਵੀ ਸਹਿਣਾ ਪੈਂਦਾ ਹੈ। ਖੋਜਾਂ ਤੋਂ ਪਤਾ ਲੱਗਾ ਹੈ ਕਿ ਟੈਟੂ ਬਣਵਾਉਣ ਵਾਲੇ ਬਹੁਤ ਸਾਰੇ ਲੋਕ ਬਾਅਦ ਵਿਚ ਪਛਤਾਉਂਦੇ ਹਨ ਅਤੇ ਸੋਚਦੇ ਹਨ ਕਿ ਕਾਸ਼! ਉਨ੍ਹਾਂ ਨੇ ਟੈਟੂ ਨਾ ਬਣਵਾਇਆ ਹੁੰਦਾ।