ਮਹਾਂਕਸ਼ਟ ਕੀ ਹੈ?
ਬਾਈਬਲ ਕਹਿੰਦੀ ਹੈ
ਮਹਾਂਕਸ਼ਟ ਦਾ ਸਮਾਂ ਇਨਸਾਨਾਂ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਔਖਾ ਸਮਾਂ ਹੋਵੇਗਾ। ਬਾਈਬਲ ਦੀ ਭਵਿੱਖਬਾਣੀ ਮੁਤਾਬਕ ਇਹ ਸਮਾਂ ’ਆਖ਼ਰੀ ਦਿਨਾਂ’ ਯਾਨੀ “ਅੰਤ ਦੇ ਸਮੇਂ” ਦੌਰਾਨ ਆਵੇਗਾ। (2 ਤਿਮੋਥਿਉਸ 3:1; ਦਾਨੀਏਲ 12:4) “ਅਜਿਹਾ ਕਸ਼ਟ ਪਰਮੇਸ਼ੁਰ ਦੁਆਰਾ ਰਚੀ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਨਾ ਕਦੇ ਆਇਆ ਹੈ ਅਤੇ ਨਾ ਦੁਬਾਰਾ ਕਦੇ ਆਵੇਗਾ।”—ਮਰਕੁਸ 13:19; ਦਾਨੀਏਲ 12:1; ਮੱਤੀ 24:21, 22.
ਮਹਾਂਕਸ਼ਟ ਦੌਰਾਨ ਹੋਣ ਵਾਲੀਆਂ ਘਟਨਾਵਾਂ
ਝੂਠੇ ਧਰਮਾਂ ਦਾ ਨਾਸ਼। ਬੜੀ ਤੇਜ਼ੀ ਨਾਲ ਝੂਠੇ ਧਰਮਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। (ਪ੍ਰਕਾਸ਼ ਦੀ ਕਿਤਾਬ 17:1, 5; 18:9, 10, 21) ਸੰਯੁਕਤ ਰਾਸ਼ਟਰ-ਸੰਘ, ਜੋ ਦੁਨੀਆਂ ਭਰ ਦੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦਾ ਹੈ, ਪਰਮੇਸ਼ੁਰ ਦੀ ਇੱਛਾ ਮੁਤਾਬਕ ਇੱਦਾਂ ਕਰੇਗਾ।—ਪ੍ਰਕਾਸ਼ ਦੀ ਕਿਤਾਬ 17:3, 15-18. a
ਸੱਚੇ ਧਰਮ ʼਤੇ ਹਮਲਾ। ਕੌਮਾਂ ਦਾ ਗਠਜੋੜ, ਜਿਸ ਨੂੰ ਹਿਜ਼ਕੀਏਲ ਦੇ ਦਰਸ਼ਣ ਵਿਚ ‘ਮਾਗੋਗ ਦੇਸ਼ ਦਾ ਗੋਗ’ ਕਿਹਾ ਗਿਆ ਹੈ, ਸੱਚੇ ਧਰਮ ਮੁਤਾਬਕ ਚੱਲਣ ਵਾਲਿਆਂ ਦਾ ਖੁਰਾ-ਖੋਜ ਮਿਟਾਉਣ ਦੀ ਕੋਸ਼ਿਸ਼ ਕਰੇਗਾ। ਪਰ ਪਰਮੇਸ਼ੁਰ ਆਪਣੇ ਸੇਵਕਾਂ ਨੂੰ ਮਿਟਣ ਨਹੀਂ ਦੇਵੇਗਾ।—ਹਿਜ਼ਕੀਏਲ 38:1, 2, 9-12, 18-23.
ਧਰਤੀ ਦੇ ਵਾਸੀਆਂ ਦਾ ਨਿਆਂ। ਯਿਸੂ ਸਾਰੇ ਲੋਕਾਂ ਦਾ ਨਿਆਂ ਕਰੇਗਾ। “ਉਹ ਲੋਕਾਂ ਨੂੰ ਇਸ ਤਰ੍ਹਾਂ ਇਕ-ਦੂਸਰੇ ਤੋਂ ਅੱਡ ਕਰੇਗਾ, ਜਿਸ ਤਰ੍ਹਾਂ ਚਰਵਾਹਾ ਭੇਡਾਂ ਅਤੇ ਬੱਕਰੀਆਂ ਨੂੰ ਅੱਡੋ-ਅੱਡ ਕਰਦਾ ਹੈ।” (ਮੱਤੀ 25:31-33) ਯਿਸੂ ਹਰ ਇਨਸਾਨ ਦਾ ਨਿਆਂ ਇਸ ਆਧਾਰ ʼਤੇ ਕਰੇਗਾ ਕਿ ਉਹ ਭਵਿੱਖ ਵਿਚ ਉਸ ਨਾਲ ਸਵਰਗ ਵਿਚ ਰਾਜ ਕਰਨ ਵਾਲੇ ਉਸ ਦੇ “ਭਰਾਵਾਂ” ਦਾ ਸਾਥ ਦਿੰਦਾ ਹੈ ਜਾਂ ਨਹੀਂ।—ਮੱਤੀ 25:34-46.
ਪਰਮੇਸ਼ੁਰ ਦੇ ਰਾਜ ਦੇ ਰਾਜਿਆਂ ਨੂੰ ਇਕੱਠਾ ਕਰਨਾ। ਮਸੀਹ ਨਾਲ ਰਾਜ ਕਰਨ ਲਈ ਚੁਣੇ ਹੋਏ ਵਫ਼ਾਦਾਰ ਮਸੀਹੀ ਮੌਤ ਦੀ ਨੀਂਦ ਸੌਂ ਜਾਣਗੇ ਅਤੇ ਉਨ੍ਹਾਂ ਨੂੰ ਉਸੇ ਵੇਲੇ ਦੁਬਾਰਾ ਜੀਉਂਦਾ ਕਰ ਕੇ ਸਵਰਗ ਲਿਜਾਇਆ ਜਾਵੇਗਾ।—ਮੱਤੀ 24:31; 1 ਕੁਰਿੰਥੀਆਂ 15:50-53; 1 ਥੱਸਲੁਨੀਕੀਆਂ 4:15-17.
ਆਰਮਾਗੇਡਨ। ਇਹ ‘ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਹੋਣ ਵਾਲਾ ਯੁੱਧ’ ਹੈ ਜਿਸ ਨੂੰ “ਯਹੋਵਾਹ ਦਾ ਦਿਨ” ਵੀ ਕਿਹਾ ਜਾਂਦਾ ਹੈ। (ਪ੍ਰਕਾਸ਼ ਦੀ ਕਿਤਾਬ 16:14, 16; ਯਸਾਯਾਹ 13:9; 2 ਪਤਰਸ 3:12) ਯਿਸੂ ਜਿਨ੍ਹਾਂ ਲੋਕਾਂ ਨੂੰ ਦੁਸ਼ਟ ਠਹਿਰਾਵੇਗਾ, ਉਨ੍ਹਾਂ ਦਾ ਨਾਸ਼ ਕਰ ਦਿੱਤਾ ਜਾਵੇਗਾ। (ਸਫ਼ਨਯਾਹ 1:18; 2 ਥੱਸਲੁਨੀਕੀਆਂ 1:6-10) ਦੁਨੀਆਂ ਭਰ ਦੀਆਂ ਰਾਜਨੀਤਿਕ ਤਾਕਤਾਂ ਦਾ ਵੀ ਨਾਸ਼ ਕਰ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਬਾਈਬਲ ਵਿਚ ਸੱਤ ਸਿਰਾਂ ਵਾਲੇ ਵਹਿਸ਼ੀ ਦਰਿੰਦੇ ਨਾਲ ਦਰਸਾਇਆ ਗਿਆ ਹੈ।—ਪ੍ਰਕਾਸ਼ ਦੀ ਕਿਤਾਬ 19:19-21.
ਮਹਾਂਕਸ਼ਟ ਤੋਂ ਬਾਅਦ ਦੀਆਂ ਘਟਨਾਵਾਂ
ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ ਕੈਦ ਵਿਚ ਰੱਖਿਆ ਜਾਵੇਗਾ। ਇਕ ਮਹਾਂ ਦੂਤ ਦੁਆਰਾ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ “ਅਥਾਹ ਕੁੰਡ” ਵਿਚ ਸੁੱਟਿਆ ਜਾਵੇਗਾ ਜਿੱਥੇ ਉਨ੍ਹਾਂ ਦੀ ਹਾਲਤ ਮਰਿਆਂ ਵਰਗੀ ਹੋਵੇਗੀ। (ਪ੍ਰਕਾਸ਼ ਦੀ ਕਿਤਾਬ 20:1-3) ਅਥਾਹ ਕੁੰਡ ਵਿਚ ਸ਼ੈਤਾਨ ਦੀ ਹਾਲਤ ਜੇਲ੍ਹ ਵਿਚ ਬੰਦ ਇਕ ਕੈਦੀ ਵਰਗੀ ਹੋਵੇਗੀ। ਇਸ ਕਰਕੇ ਉਹ ਕਿਸੇ ਵੀ ਚੀਜ਼ ਜਾਂ ਵਿਅਕਤੀ ʼਤੇ ਕੋਈ ਪ੍ਰਭਾਵ ਨਹੀਂ ਪਾ ਸਕੇਗਾ।—ਪ੍ਰਕਾਸ਼ ਦੀ ਕਿਤਾਬ 20:7.
ਹਜ਼ਾਰ ਸਾਲ ਸ਼ੁਰੂ ਹੋਵੇਗਾ। ਪਰਮੇਸ਼ੁਰ ਦਾ ਰਾਜ ਆਪਣੀ 1,000 ਸਾਲ ਦੀ ਹਕੂਮਤ ਸ਼ੁਰੂ ਕਰੇਗਾ ਜਿਸ ਕਰਕੇ ਇਨਸਾਨਾਂ ਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ। (ਪ੍ਰਕਾਸ਼ ਦੀ ਕਿਤਾਬ 5:9, 10; 20:4, 6) ਇਕ “ਵੱਡੀ ਭੀੜ” ਜਿਸ ਨੂੰ ਕੋਈ ਵੀ ਗਿਣ ਨਹੀਂ ਸਕੇਗਾ, ‘ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇਗੀ।’ ਉਹ ਧਰਤੀ ʼਤੇ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੁੰਦਾ ਦੇਖੇਗੀ।—ਪ੍ਰਕਾਸ਼ ਦੀ ਕਿਤਾਬ 7:9, 14; ਜ਼ਬੂਰ 37:9-11.
a ਪ੍ਰਕਾਸ਼ ਦੀ ਕਿਤਾਬ ਵਿਚ ਝੂਠੇ ਧਰਮਾਂ ਨੂੰ “ਵੱਡੀ ਵੇਸਵਾ” ਯਾਨੀ ਮਹਾਂ ਬਾਬਲ ਕਿਹਾ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 17:1, 5) ਮਹਾਂ ਬਾਬਲ ਦਾ ਨਾਸ਼ ਕਰਨ ਵਾਲਾ ਗੂੜ੍ਹੇ ਲਾਲ ਰੰਗ ਦਾ ਵਹਿਸ਼ੀ ਦਰਿੰਦਾ ਉਸ ਸੰਗਠਨ ਨੂੰ ਦਰਸਾਉਂਦਾ ਹੈ ਜਿਸ ਦਾ ਮਕਸਦ ਹੈ, ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਨੂੰ ਇਕਜੁੱਟ ਕਰਨਾ ਅਤੇ ਉਨ੍ਹਾਂ ਦੀ ਨੁਮਾਇੰਦਗੀ ਕਰਨੀ। ਇਸ ਸੰਗਠਨ ਨੂੰ ਪਹਿਲਾਂ ਰਾਸ਼ਟਰ-ਸੰਘ ਕਿਹਾ ਜਾਂਦਾ ਸੀ, ਪਰ ਹੁਣ ਇਸ ਨੂੰ ਸੰਯੁਕਤ ਰਾਸ਼ਟਰ-ਸੰਘ ਕਿਹਾ ਜਾਂਦਾ ਹੈ।