ਯੂਹੰਨਾ ਬਪਤਿਸਮਾ ਦੇਣ ਵਾਲਾ ਕੌਣ ਸੀ?
ਬਾਈਬਲ ਕੀ ਕਹਿੰਦੀ ਹੈ?
ਯੂਹੰਨਾ ਬਪਤਿਸਮਾ ਦੇਣ ਵਾਲਾ ਪਰਮੇਸ਼ੁਰ ਦਾ ਇਕ ਨਬੀ ਸੀ। (ਲੂਕਾ 1:76) ਉਸ ਦਾ ਜਨਮ ਯਿਸੂ ਤੋਂ ਪਹਿਲਾਂ ਹੋਇਆ ਸੀ। ਪਰਮੇਸ਼ੁਰ ਨੇ ਉਸ ਨੂੰ ਮਸੀਹ ਲਈ ਰਾਹ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ। ਯੂਹੰਨਾ ਨੇ ਯਹੂਦੀਆਂ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾ ਕੇ ਇਸ ਜ਼ਿੰਮੇਵਾਰੀ ਨੂੰ ਪੂਰਾ ਕੀਤਾ ਅਤੇ ਇਸ ਤਰ੍ਹਾਂ ਯਹੂਦੀਆਂ ਨੂੰ ਪਰਮੇਸ਼ੁਰ ਵੱਲ ਮੁੜਨ ਦਾ ਮੌਕਾ ਮਿਲਿਆ।—ਮਰਕੁਸ 1:1-4; ਲੂਕਾ 1:13, 16, 17.
ਯੂਹੰਨਾ ਦੇ ਸੰਦੇਸ਼ ਕਰਕੇ ਨੇਕ ਦਿਲ ਲੋਕ ਪਛਾਣ ਸਕੇ ਕਿ ਨਾਸਰਤ ਦਾ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਹੈ। (ਮੱਤੀ 11:10) ਯੂਹੰਨਾ ਨੇ ਆਪਣੇ ਸੁਣਨ ਵਾਲਿਆਂ ਨੂੰ ਗੁਜ਼ਾਰਸ਼ ਕੀਤੀ ਕਿ ਉਹ ਆਪਣੇ ਪਾਪਾਂ ਤੋਂ ਤੋਬਾ ਕਰਨ ਅਤੇ ਇਸ ਦਾ ਸਬੂਤ ਦੇਣ ਲਈ ਬਪਤਿਸਮਾ ਲੈਣ। (ਲੂਕਾ 3:3-6) ਯੂਹੰਨਾ ਨੇ ਕਾਫ਼ੀ ਸਾਰੇ ਲੋਕਾਂ ਨੂੰ ਬਪਤਿਸਮਾ ਦਿੱਤਾ ਸੀ, ਇਸ ਕਰਕੇ ਉਸ ਦਾ ਨਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਪੈ ਗਿਆ। ਉਸ ਨੇ ਜੋ ਸਭ ਤੋਂ ਅਹਿਮ ਬਪਤਿਸਮਾ ਦਿੱਤਾ ਸੀ, ਉਹ ਯਿਸੂ ਦਾ ਸੀ। a—ਮਰਕੁਸ 1:9.
ਇਸ ਲੇਖ ਵਿਚ ਦੇਖੋ
ਯੂਹੰਨਾ ਬਪਤਿਸਮਾ ਦੇਣ ਵਾਲਾ ਕਿਹੜੀ ਗੱਲ ਕਰਕੇ ਖ਼ਾਸ ਬਣਿਆ?
ਭਵਿੱਖਬਾਣੀ ਕੀਤੀ ਗਈ ਸੀ ਕਿ ਯੂਹੰਨਾ ਕੀ ਕਰੇਗਾ: ਯੂਹੰਨਾ ਨੇ ਪ੍ਰਚਾਰ ਦਾ ਕੰਮ ਕੀਤਾ, ਇਸ ਤਰ੍ਹਾਂ ਉਸ ਨੇ ਉਹ ਭਵਿੱਖਬਾਣੀ ਪੂਰੀ ਕੀਤੀ ਜੋ ਯਹੋਵਾਹ ਨੇ ਸੰਦੇਸ਼ ਦੇਣ ਵਾਲੇ ਬਾਰੇ ਕੀਤੀ ਸੀ। (ਮਲਾਕੀ 3:1; ਮੱਤੀ 3:1-3) ਉਸ ਨੇ ਸਾਬਤ ਕੀਤਾ ਕਿ ਉਹੀ ਉਹ ਵਿਅਕਤੀ ਹੈ ਜੋ “ਯਹੋਵਾਹ ਲਈ ਲੋਕਾਂ ਨੂੰ ਤਿਆਰ ਕਰੇਗਾ।” ਇਸ ਦਾ ਮਤਲਬ ਹੈ ਕਿ ਉਸ ਨੇ ਆਪਣੇ ਨਾਲ ਦੇ ਯਹੂਦੀਆਂ ਲਈ ਰਾਹ ਤਿਆਰ ਕੀਤਾ ਕਿ ਉਹ ਯਿਸੂ ਮਸੀਹ ਦਾ ਸੰਦੇਸ਼ ਕਬੂਲ ਕਰਨ ਜਿਸ ਨੂੰ ਯਹੋਵਾਹ ਪਰਮੇਸ਼ੁਰ ਨੇ ਭੇਜਿਆ ਸੀ।—ਲੂਕਾ 1:17.
ਵਿਰਾਸਤ: ਯਿਸੂ ਨੇ ਕਿਹਾ ਕਿ “ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਨਹੀਂ ਹੈ, ਪਰ ਸਵਰਗ ਦੇ ਰਾਜ ਵਿਚ ਜਿਹੜਾ ਛੋਟਾ ਵੀ ਹੈ, ਉਹ ਯੂਹੰਨਾ ਨਾਲੋਂ ਵੱਡਾ ਹੈ।” (ਮੱਤੀ 11:11) ਕਿਉਂ? ਕਿਉਂਕਿ ਯੂਹੰਨਾ ਨਾ ਸਿਰਫ਼ ਇਕ ਨਬੀ ਸੀ, ਸਗੋਂ ਉਹ ‘ਸੰਦੇਸ਼ ਦੇਣ ਵਾਲਾ’ ਵੀ ਸੀ ਜਿਸ ਬਾਰੇ ਭਵਿੱਖਬਾਣੀ ਕੀਤੀ ਗਈ ਸੀ। ਉਸ ਤੋਂ ਪਹਿਲਾਂ ਕਿਸੇ ਵੀ ਪਰਮੇਸ਼ੁਰ ਦੇ ਸੇਵਕ ਨੂੰ ਵੱਡਾ ਨਹੀਂ ਕਿਹਾ ਗਿਆ ਸੀ। ਯਿਸੂ ਦੇ ਸ਼ਬਦਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯੂਹੰਨਾ ਸਵਰਗ ਨਹੀਂ ਜਾਵੇਗਾ ਯਾਨੀ ਉਹ ਪਰਮੇਸ਼ੁਰ ਦੇ ਰਾਜ ਵਿਚ ਰਾਜਿਆਂ ਵਜੋਂ ਰਾਜ ਨਹੀਂ ਕਰੇਗਾ। b ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਕਿਉਂਕਿ ਜਦੋਂ ਮਸੀਹ ਨੇ ਲੋਕਾਂ ਲਈ ਸਵਰਗ ਜਾਣ ਦਾ ਰਾਹ ਖੋਲ੍ਹਿਆ ਉਸ ਤੋਂ ਪਹਿਲਾਂ ਹੀ ਵਫ਼ਾਦਾਰ ਨਬੀ ਯੂਹੰਨਾ ਦੀ ਮੌਤ ਹੋ ਗਈ ਸੀ। (ਇਬਰਾਨੀਆਂ 10:19, 20) ਪਰ ਯੂਹੰਨਾ ਕੋਲ ਪਰਮੇਸ਼ੁਰ ਦੇ ਰਾਜ ਵਿਚ ਬਾਗ਼ ਵਰਗੀ ਸੋਹਣੀ ਧਰਤੀ ʼਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਹੈ।—ਜ਼ਬੂਰ 37:29; ਲੂਕਾ 23:43.
ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਮਾਤਾ-ਪਿਤਾ ਕੌਣ ਸਨ?
ਇਲੀਸਬਤ ਅਤੇ ਜ਼ਕਰਯਾਹ ਨਾਂ ਦਾ ਇਕ ਵਿਆਹਿਆ ਜੋੜਾ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਮਾਤਾ-ਪਿਤਾ ਸਨ। ਜ਼ਕਰਯਾਹ ਇਕ ਯਹੂਦੀ ਪੁਜਾਰੀ ਸੀ। ਯੂਹੰਨਾ ਦਾ ਜਨਮ ਇਕ ਚਮਤਕਾਰ ਸੀ ਕਿਉਂਕਿ ਉਸ ਦੀ ਮਾਂ ਬਾਂਝ ਸੀ। ਨਾਲੇ ਇਲੀਸਬਤ ਅਤੇ ਜ਼ਕਰਯਾਹ “ਦੋਵੇਂ ਬੁੱਢੇ ਸਨ।”—ਲੂਕਾ 1:5-7, 13.
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮੌਤ ਪਿੱਛੇ ਕਿਸ ਦਾ ਹੱਥ ਸੀ ?
ਰਾਜਾ ਹੇਰੋਦੇਸ ਅੰਤਿਪਾਸ ਦਾ ਜੋ ਯਹੂਦੀ ਹੋਣ ਦਾ ਦਾਅਵਾ ਕਰਦਾ ਸੀ। ਉਸ ਨੇ ਆਪਣੀ ਪਤਨੀ ਹੇਰੋਦਿਆਸ ਦੇ ਕਹਿਣ ʼਤੇ ਯੂਹੰਨਾ ਦਾ ਸਿਰ ਵਢਵਾ ਦਿੱਤਾ ਸੀ। ਉਹ ਯੂਹੰਨਾ ਨਾਲ ਨਫ਼ਰਤ ਕਰਦੀ ਸੀ ਕਿਉਂਕਿ ਯੂਹੰਨਾ ਨੇ ਹੇਰੋਦੇਸ ਨੂੰ ਕਿਹਾ ਕਿ ਯਹੂਦੀ ਕਾਨੂੰਨ ਮੁਤਾਬਕ ਉਨ੍ਹਾਂ ਦਾ ਵਿਆਹ ਨਾਜਾਇਜ਼ ਸੀ।—ਮੱਤੀ 14:1-12; ਮਰਕੁਸ 6:16-19.
ਕੀ ਯੂਹੰਨਾ ਬਪਤਿਸਮਾ ਦੇਣ ਵਾਲਾ ਅਤੇ ਯਿਸੂ ਇਕ-ਦੂਜੇ ਦੇ ਵਿਰੋਧੀ ਸਨ?
ਬਾਈਬਲ ਵਿਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਉਹ ਦੋਵੇਂ ਇਕ-ਦੂਜੇ ਦੇ ਵਿਰੋਧੀ ਸਨ। (ਯੂਹੰਨਾ 3:25-30) ਸੱਚ ਤਾਂ ਇਹ ਹੈ ਕਿ ਯੂਹੰਨਾ ਨੇ ਸਾਰਿਆਂ ਸਾਮ੍ਹਣੇ ਇਹ ਗੱਲ ਮੰਨੀ ਸੀ ਕਿ ਮਸੀਹ ਲਈ ਰਾਹ ਤਿਆਰ ਕਰਨਾ ਉਸ ਦੀ ਜ਼ਿੰਮੇਵਾਰੀ ਸੀ, ਨਾ ਕਿ ਉਸ ਨਾਲ ਮੁਕਾਬਲਾ ਕਰਨਾ। ਯੂਹੰਨਾ ਨੇ ਕਿਹਾ: “ਮੈਂ ਪਾਣੀ ਵਿਚ ਬਪਤਿਸਮਾ ਇਸੇ ਕਰਕੇ ਦਿੰਦਾ ਹਾਂ ਤਾਂਕਿ ਉਹ ਇਜ਼ਰਾਈਲ ਅੱਗੇ ਪ੍ਰਗਟ ਹੋਵੇ।” ਅੱਗੇ ਉਸ ਨੇ ਕਿਹਾ: “ਇਹੀ ਪਰਮੇਸ਼ੁਰ ਦਾ ਪੁੱਤਰ ਹੈ।” (ਯੂਹੰਨਾ 1:26-34) ਇਸ ਤੋਂ ਪਤਾ ਲੱਗਦਾ ਹੈ ਕਿ ਯੂਹੰਨਾ ਯਿਸੂ ਦੀ ਸੇਵਕਾਈ ਵਿਚ ਮਿਲੀ ਸਫ਼ਲਤਾ ਬਾਰੇ ਸੁਣ ਕੇ ਖ਼ੁਸ਼ ਸੀ।
a ਯਿਸੂ “ਨੇ ਕੋਈ ਪਾਪ ਨਹੀਂ ਕੀਤਾ।” (1 ਪਤਰਸ 2:21, 22) ਇਸ ਲਈ ਉਸ ਨੇ ਬਪਤਿਸਮਾ ਆਪਣੇ ਪਾਪਾਂ ਤੋਂ ਤੋਬਾ ਕਰਨ ਲਈ ਨਹੀਂ, ਸਗੋਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਖ਼ੁਦ ਨੂੰ ਪੇਸ਼ ਕਰਨ ਵਾਸਤੇ ਲਿਆ। ਨਾਲੇ ਸਾਡੇ ਲਈ ਆਪਣੀ ਜਾਨ ਕੁਰਬਾਨ ਕਰਨਾ ਵੀ ਇਸ ਵਿਚ ਸ਼ਾਮਲ ਸੀ।—ਇਬਰਾਨੀਆਂ 10:7-10.
b “ਸਵਰਗ ਕੌਣ ਜਾਣਗੇ?” ਨਾਂ ਦਾ ਲੇਖ ਦੇਖੋ।