ਤੁਸੀਂ ਰੱਬ ਨੂੰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦੇ ਹੋ?
ਬਾਈਬਲ ਕਹਿੰਦੀ ਹੈ
ਰੱਬ ਨੂੰ ਚੰਗੀ ਤਰ੍ਹਾਂ ਜਾਣਨ ਲਈ ਤੁਸੀਂ ਉਸ ਬਾਰੇ ਗਿਆਨ ਲੈ ਸਕਦੇ ਹੋ ਅਤੇ ਉਸ ਨੂੰ ਖ਼ੁਸ਼ ਕਰਨ ਵਾਲੇ ਕੰਮ ਕਰ ਸਕਦੇ ਹੋ। ਫਿਰ ਰੱਬ “ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ ਕਿ “ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।”—ਰਸੂਲਾਂ ਦੇ ਕੰਮ 17:27.
ਰੱਬ ਨੂੰ ਜਾਣਨ ਦੇ ਤਰੀਕੇ
ਬਾਈਬਲ ਪੜ੍ਹੋ
ਬਾਈਬਲ ਕੀ ਕਹਿੰਦੀ ਹੈ: “ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ।”—2 ਤਿਮੋਥਿਉਸ 3:16.
ਮਤਲਬ: ਬਾਈਬਲ ਰੱਬ ਨੇ ਲਿਖਾਈ ਹੈ। ਉਸ ਨੇ ਆਪਣੇ ਵਿਚਾਰ ਉਨ੍ਹਾਂ ਆਦਮੀਆਂ ਦੇ ਮਨਾਂ ਵਿਚ ਪਾਏ ਜਿਨ੍ਹਾਂ ਨੇ ਬਾਈਬਲ ਨੂੰ ਲਿਖਿਆ ਸੀ। ਉਸ ਨੇ ਇਸ ਅਨੋਖੀ ਕਿਤਾਬ ਰਾਹੀਂ ਦੱਸਿਆ ਹੈ ਕਿ ਉਹ ਸਾਨੂੰ ਕਿਹੋ ਜਿਹੀ ਜ਼ਿੰਦਗੀ ਦੇਣੀ ਚਾਹੁੰਦਾ ਹੈ। ਇਸ ਦੇ ਨਾਲ-ਨਾਲ ਉਸ ਨੇ ਆਪਣੀ ਸ਼ਖ਼ਸੀਅਤ ਬਾਰੇ ਵੀ ਬਹੁਤ ਕੁਝ ਦੱਸਿਆ ਹੈ, ਜਿਵੇਂ ਕਿ ਉਸ ਵਿਚ ਪਿਆਰ, ਨਿਆਂ ਅਤੇ ਦਇਆ ਦੇ ਗੁਣ ਹਨ।—ਕੂਚ 34:6; ਬਿਵਸਥਾ ਸਾਰ 32:4.
ਤੁਸੀਂ ਕੀ ਕਰ ਸਕਦੇ ਹੋ: ਰੋਜ਼ ਬਾਈਬਲ ਪੜ੍ਹੋ। (ਯਹੋਸ਼ੁਆ 1:8) ਜੋ ਤੁਸੀਂ ਪੜ੍ਹਿਆ ਹੈ, ਉਸ ਉੱਤੇ ਸੋਚ-ਵਿਚਾਰ ਕਰਦਿਆਂ ਖ਼ੁਦ ਨੂੰ ਪੁੱਛੋ: ‘ਇਸ ਤੋਂ ਮੈਨੂੰ ਰੱਬ ਬਾਰੇ ਕੀ ਪਤਾ ਲੱਗਦਾ ਹੈ?’—ਜ਼ਬੂਰ 77:12.
ਮਿਸਾਲ ਲਈ, ਯਿਰਮਿਯਾਹ 29:11 ਪੜ੍ਹੋ ਅਤੇ ਖ਼ੁਦ ਨੂੰ ਪੁੱਛੋ: ‘ਪਰਮੇਸ਼ੁਰ ਮੇਰੇ ਲਈ ਕੀ ਚਾਹੁੰਦਾ ਹੈ, ਸ਼ਾਂਤੀ ਜਾਂ ਬਿਪਤਾ? ਕੀ ਉਹ ਬਦਲਾ ਲੈਣ ਵਾਲਾ ਪਰਮੇਸ਼ੁਰ ਹੈ ਜਾਂ ਕੀ ਉਹ ਮੈਨੂੰ ਇਕ ਚੰਗਾ ਭਵਿੱਖ ਦੇਣਾ ਚਾਹੁੰਦਾ ਹੈ?’
ਸ੍ਰਿਸ਼ਟੀ ʼਤੇ ਗੌਰ ਕਰੋ
ਬਾਈਬਲ ਕੀ ਕਹਿੰਦੀ ਹੈ: “ਭਾਵੇਂ ਪਰਮੇਸ਼ੁਰ ਨੂੰ ਦੇਖਿਆ ਨਹੀਂ ਜਾ ਸਕਦਾ, ਪਰ ਦੁਨੀਆਂ ਨੂੰ ਸਿਰਜਣ ਦੇ ਸਮੇਂ ਤੋਂ ਹੀ ਉਸ ਦੇ ਗੁਣ ਸਾਫ਼-ਸਾਫ਼ ਦਿਖਾਈ ਦੇ ਰਹੇ ਹਨ। ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਇਹ ਗੁਣ ਦੇਖੇ ਜਾ ਸਕਦੇ ਹਨ।”—ਰੋਮੀਆਂ 1:20.
ਮਤਲਬ: ਜਿਸ ਤਰ੍ਹਾਂ ਕਿਸੇ ਸ਼ਾਨਦਾਰ ਕਲਾ ਤੋਂ ਉਸ ਨੂੰ ਬਣਾਉਣ ਵਾਲੇ ਬਾਰੇ ਜਾਂ ਇਕ ਗੁੰਝਲਦਾਰ ਮਸ਼ੀਨ ਤੋਂ ਉਸ ਦੀ ਖੋਜ ਕਰਨ ਵਾਲੇ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ, ਉਸੇ ਤਰ੍ਹਾਂ ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਤੋਂ ਉਸ ਦੀ ਸ਼ਖ਼ਸੀਅਤ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ। ਮਿਸਾਲ ਲਈ, ਮਨੁੱਖੀ ਦਿਮਾਗ਼ ਵਿਚ ਜਿੰਨੀ ਕਾਬਲੀਅਤ ਹੈ ਤੇ ਇਸ ਨੂੰ ਜਿੰਨੇ ਗੁੰਝਲਦਾਰ ਤਰੀਕੇ ਨਾਲ ਬਣਾਇਆ ਗਿਆ ਹੈ, ਉਸ ਤੋਂ ਪਰਮੇਸ਼ੁਰ ਦੀ ਬੁੱਧ ਜ਼ਾਹਰ ਹੁੰਦੀ ਹੈ। ਨਾਲੇ ਸੂਰਜ ਅਤੇ ਤਾਰਿਆਂ ਦੀ ਅਥਾਹ ਊਰਜਾ ਤੋਂ ਉਸ ਦੀ ਤਾਕਤ ਪਤਾ ਲੱਗਦੀ ਹੈ।—ਜ਼ਬੂਰ 104:24; ਯਸਾਯਾਹ 40:26.
ਤੁਸੀਂ ਕੀ ਕਰ ਸਕਦੇ ਹੋ: ਸਮਾਂ ਕੱਢ ਕੇ ਸ੍ਰਿਸ਼ਟੀ ਨੂੰ ਧਿਆਨ ਨਾਲ ਦੇਖੋ ਅਤੇ ਇਸ ਬਾਰੇ ਹੋਰ ਜਾਣੋ। ਇੱਦਾਂ ਕਰਦਿਆਂ ਖ਼ੁਦ ਨੂੰ ਪੁੱਛੋ, ‘ਸ੍ਰਿਸ਼ਟੀ ਦੀਆਂ ਚੀਜ਼ਾਂ ਨੂੰ ਜਿਸ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਹੈ, ਉਸ ਤੋਂ ਪਰਮੇਸ਼ੁਰ ਬਾਰੇ ਕੀ ਪਤਾ ਲੱਗਦਾ ਹੈ?’ a ਬੇਸ਼ੱਕ, ਸਿਰਜਣਹਾਰ ਬਾਰੇ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹਨ ਜੋ ਸਾਨੂੰ ਸ੍ਰਿਸ਼ਟੀ ਤੋਂ ਪਤਾ ਨਹੀਂ ਲੱਗ ਸਕਦੀਆਂ। ਇਸੇ ਕਰਕੇ ਉਸ ਨੇ ਸਾਨੂੰ ਬਾਈਬਲ ਦਿੱਤੀ ਹੈ।
ਪਰਮੇਸ਼ੁਰ ਦਾ ਨਾਂ ਵਰਤੋ
ਬਾਈਬਲ ਕੀ ਕਹਿੰਦੀ ਹੈ: “ਉਹ ਮੇਰਾ ਨਾਂ ਜਾਣਦਾ ਹੈ, ਇਸ ਲਈ ਮੈਂ ਉਸ ਦੀ ਰੱਖਿਆ ਕਰਾਂਗਾ। ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਸ ਨੂੰ ਜਵਾਬ ਦਿਆਂਗਾ।”—ਜ਼ਬੂਰ 91:14, 15.
ਮਤਲਬ: ਰੱਬ, ਜਿਸ ਦਾ ਨਾਂ ਯਹੋਵਾਹ ਹੈ ਉਨ੍ਹਾਂ ਵੱਲ ਖ਼ਾਸ ਧਿਆਨ ਦਿੰਦਾ ਹੈ ਜੋ ਉਸ ਦਾ ਨਾਂ ਜਾਣਦੇ ਹਨ ਅਤੇ ਆਦਰ ਨਾਲ ਉਸ ਦਾ ਲੈਂਦੇ ਹਨ। b (ਜ਼ਬੂਰ 83:18; ਮਲਾਕੀ 3:16) ਰੱਬ ਨੇ ਆਪਣਾ ਨਾਂ ਦੱਸ ਕੇ ਸਾਨੂੰ ਆਪਣੀ ਪਛਾਣ ਕਰਾਈ ਹੈ। ਉਹ ਕਹਿੰਦਾ ਹੈ: “ਮੈਂ ਯਹੋਵਾਹ ਹਾਂ। ਇਹੀ ਮੇਰਾ ਨਾਂ ਹੈ।”—ਯਸਾਯਾਹ 42:8.
ਤੁਸੀਂ ਕੀ ਕਰ ਸਕਦੇ ਹੋ: ਉਸ ਦਾ ਜ਼ਿਕਰ ਕਰਦੇ ਸਮੇਂ ਉਸ ਦਾ ਨਾਂ ਵਰਤੋ।
ਪ੍ਰਾਰਥਨਾ ਰਾਹੀਂ ਯਹੋਵਾਹ ਨਾਲ ਗੱਲ ਕਰੋ
ਬਾਈਬਲ ਕੀ ਕਹਿੰਦੀ ਹੈ: “ਯਹੋਵਾਹ ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜੋ ਉਸ ਨੂੰ ਪੁਕਾਰਦੇ ਹਨ।”—ਜ਼ਬੂਰ 145:18.
ਮਤਲਬ: ਯਹੋਵਾਹ ਉਨ੍ਹਾਂ ਦੇ ਨੇੜੇ ਆਉਂਦਾ ਹੈ ਜਿਹੜੇ ਨਿਹਚਾ ਨਾਲ ਪ੍ਰਾਰਥਨਾ ਕਰਦੇ ਹਨ। ਪ੍ਰਾਰਥਨਾ ਸਾਡੀ ਭਗਤੀ ਦਾ ਇਕ ਹਿੱਸਾ ਹੈ ਜਿਸ ਤੋਂ ਰੱਬ ਲਈ ਗਹਿਰਾ ਆਦਰ ਝਲਕਦਾ ਹੈ।
ਤੁਸੀਂ ਕੀ ਕਰ ਸਕਦੇ ਹੋ: ਰੱਬ ਨੂੰ ਅਕਸਰ ਪ੍ਰਾਰਥਨਾ ਕਰੋ। (1 ਥੱਸਲੁਨੀਕੀਆਂ 5:17) ਉਸ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸੋ ਅਤੇ ਇਹ ਵੀ ਦੱਸੋ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ।—ਜ਼ਬੂਰ 62:8. c
ਰੱਬ ʼਤੇ ਨਿਹਚਾ ਕਰੋ
ਬਾਈਬਲ ਕੀ ਕਹਿੰਦੀ ਹੈ: “ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ।”—ਇਬਰਾਨੀਆਂ 11:6.
ਮਤਲਬ: ਰੱਬ ਦੇ ਨੇੜੇ ਜਾਣ ਲਈ ਸਾਨੂੰ ਉਸ ʼਤੇ ਨਿਹਚਾ ਕਰਨੀ ਚਾਹੀਦੀ ਹੈ। ਬਾਈਬਲ ਮੁਤਾਬਕ ਨਿਹਚਾ ਕਰਨ ਦਾ ਮਤਲਬ ਸਿਰਫ਼ ਇਹੀ ਮੰਨਣਾ ਕਾਫ਼ੀ ਨਹੀਂ ਕਿ ਰੱਬ ਹੈ। ਇਸ ਦਾ ਇਹ ਵੀ ਮਤਲਬ ਹੈ ਕਿਅਸੀਂ ਰੱਬ ʼਤੇ ਪੂਰਾ ਭਰੋਸਾ ਰੱਖੀਏ ਅਤੇ ਯਕੀਨ ਕਰੀਏ ਕਿ ਉਸ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ ਤੇ ਉਸ ਦੇ ਅਸੂਲ ਹੀ ਸਹੀ ਹਨ। ਜੀ ਹਾਂ, ਉਸ ਨਾਲ ਚੰਗਾ ਰਿਸ਼ਤਾ ਜੋੜਨ ਲਈ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ।
ਤੁਸੀਂ ਕੀ ਕਰ ਸਕਦੇ ਹੋ: ਸੱਚੀ ਨਿਹਚਾ ਗਿਆਨ ਲੈਣ ਨਾਲ ਪੈਦਾ ਹੁੰਦੀ ਹੈ। (ਰੋਮੀਆਂ 10:17) ਇਸ ਲਈ ਬਾਈਬਲ ਦਾ ਅਧਿਐਨ ਕਰੋ ਅਤੇ ਖ਼ੁਦ ਨੂੰ ਯਕੀਨ ਦਿਵਾਓ ਕਿ ਤੁਸੀਂ ਰੱਬ ਅਤੇ ਉਸ ਦੀ ਸਲਾਹ ʼਤੇ ਭਰੋਸਾ ਕਰ ਸਕਦੇ ਹੋ। ਯਹੋਵਾਹ ਦੇ ਗਵਾਹਾਂ ਨੂੰ ਤੁਹਾਡੇ ਨਾਲ ਬਾਈਬਲ ਵਿਚੋਂ ਚਰਚਾ ਕਰ ਕੇ ਖ਼ੁਸ਼ੀ ਹੋਵੇਗੀ। d
ਰੱਬ ਨੂੰ ਖ਼ੁਸ਼ ਕਰਨ ਵਾਲੇ ਕੰਮ ਕਰੋ
ਬਾਈਬਲ ਕੀ ਕਹਿੰਦੀ ਹੈ: “ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ।”—1 ਯੂਹੰਨਾ 5:3.
ਮਤਲਬ: ਯਹੋਵਾਹ ਉਨ੍ਹਾਂ ਦੇ ਨੇੜੇ ਹੈ ਜੋ ਉਸ ਦੇ ਹੁਕਮਾਂ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰ ਕੇ ਉਸ ਲਈ ਪਿਆਰ ਦਿਖਾਉਂਦੇ ਹਨ।
ਤੁਸੀਂ ਕੀ ਕਰ ਸਕਦੇ ਹੋ: ਬਾਈਬਲ ਦਾ ਅਧਿਐਨ ਕਰਦਿਆਂ ਧਿਆਨ ਦਿਓ ਕਿ ਰੱਬ ਨੂੰ ਕੀ ਪਸੰਦ ਹੈ ਤੇ ਕੀ ਨਹੀਂ। ਆਪਣੇ ਆਪ ਤੋਂ ਪੁੱਛੋ, ‘ਆਪਣੇ ਸਿਰਜਣਹਾਰ ਨੂੰ ਖ਼ੁਸ਼ ਕਰਨ ਲਈ ਮੈਂ ਆਪਣੇ ਵਿਚ ਕੀ ਸੁਧਾਰ ਕਰ ਸਕਦਾ ਹਾਂ?’—1 ਥੱਸਲੁਨੀਕੀਆਂ 4:1.
ਉਸ ਦੀ ਸਲਾਹ ਅਜ਼ਮਾਓ ਤੇ ਦੇਖੋ ਕਿ ਰੱਬ ਨੂੰ ਤੁਹਾਡੀ ਪਰਵਾਹ ਹੈ
ਬਾਈਬਲ ਕੀ ਕਹਿੰਦੀ ਹੈ: “ਚੱਖੋ ਅਤੇ ਦੇਖੋ ਕਿ ਯਹੋਵਾਹ ਭਲਾ ਹੈ।”—ਜ਼ਬੂਰ 34:8.
ਮਤਲਬ: ਰੱਬ ਤੁਹਾਨੂੰ ਸੱਦਾ ਦਿੰਦਾ ਹੈ ਕਿ ਤੁਸੀਂ ਖ਼ੁਦ ਅਜ਼ਮਾ ਕੇ ਦੇਖੋ ਕਿ ਉਹ ਕਿੰਨਾ ਭਲਾ ਹੈ। ਜਦੋਂ ਤੁਸੀਂ ਦੇਖੋਗੇ ਕਿ ਰੱਬ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਤੁਹਾਡਾ ਸਾਥ ਦਿੰਦਾ ਹੈ, ਤਾਂ ਤੁਸੀਂ ਉਸ ਦੇ ਨੇੜੇ ਜਾਣਾ ਚਾਹੋਗੇ।
ਤੁਸੀਂ ਕੀ ਕਰ ਸਕਦੇ ਹੋ: ਬਾਈਬਲ ਦਾ ਅਧਿਐਨ ਕਰਦਿਆਂ ਰੱਬ ਦੀ ਸਲਾਹ ਮੰਨੋ ਅਤੇ ਦੇਖੋ ਕਿ ਤੁਹਾਨੂੰ ਇਸ ਦੇ ਕਿਹੜੇ ਫ਼ਾਇਦੇ ਹੁੰਦੇ ਹਨ। (ਯਸਾਯਾਹ 48:17, 18) ਬਾਈਬਲ ਦਾ ਅਧਿਐਨ ਕਰਦਿਆਂ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ʼਤੇ ਗੌਰ ਕਰੋ ਜੋ ਰੱਬ ਦੀ ਮਦਦ ਨਾਲ ਮੁਸ਼ਕਲਾਂ ਝੱਲ ਸਕੇ, ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਸੁਧਾਰ ਸਕੇ ਅਤੇ ਸੱਚੀ ਖ਼ੁਸ਼ੀ ਪਾ ਸਕੇ। e
ਰੱਬ ਨੂੰ ਜਾਣਨ ਬਾਰੇ ਗ਼ਲਤਫ਼ਹਿਮੀਆਂ
ਗ਼ਲਤਫ਼ਹਿਮੀ: ਸਭ ਤੋਂ ਸ਼ਕਤੀਸ਼ਾਲੀ ਅਤੇ ਬ੍ਰਹਿਮੰਡ ਵਿਚ ਸਭ ਤੋਂ ਮਹਾਨ ਰੱਬ ਬਿਲਕੁਲ ਵੀ ਨਹੀਂ ਚਾਹੇਗਾ ਕਿ ਅਸੀਂ ਉਸ ਦੇ ਨੇੜੇ ਜਾਈਏ।
ਸੱਚਾਈ: ਭਾਵੇਂ ਰੱਬ ਸਭ ਤੋਂ ਸ਼ਕਤੀਸ਼ਾਲੀ ਅਤੇ ਬ੍ਰਹਿਮੰਡ ਵਿਚ ਸਭ ਤੋਂ ਮਹਾਨ ਹੈ, ਫਿਰ ਵੀ ਉਹ ਸਾਨੂੰ ਆਪਣੇ ਨੇੜੇ ਆਉਣ ਦਾ ਸੱਦਾ ਦਿੰਦਾ ਹੈ। ਬਾਈਬਲ ਵਿਚ ਬਹੁਤ ਸਾਰੇ ਆਦਮੀਆਂ ਤੇ ਔਰਤਾਂ ਦੀਆਂ ਮਿਸਾਲਾਂ ਹਨ ਜੋ ਪਰਮੇਸ਼ੁਰ ਦੇ ਜਿਗਰੀ ਦੋਸਤ ਸਨ।—ਰਸੂਲਾਂ ਦੇ ਕੰਮ 13:22; ਯਾਕੂਬ 2:23.
ਗ਼ਲਤਫ਼ਹਿਮੀ: ਅਸੀਂ ਰੱਬ ਨੂੰ ਨਹੀਂ ਜਾਣ ਸਕਦੇ ਕਿਉਂਕਿ ਉਸ ਦੇ ਭੇਤ ਨੂੰ ਪਾਇਆ ਨਹੀਂ ਜਾ ਸਕਦਾ।
ਸੱਚਾਈ: ਰੱਬ ਬਾਰੇ ਕੁਝ ਗੱਲਾਂ ਸਮਝਣੀਆਂ ਔਖੀਆਂ ਹਨ, ਜਿਵੇਂ ਕਿ ਉਹ ਅਦਿੱਖ ਹੈ। ਫਿਰ ਵੀ ਅਸੀਂ ਉਸ ਨੂੰ ਜਾਣ ਸਕਦੇ ਹਾਂ। ਅਸਲ ਵਿਚ, ਬਾਈਬਲ ਕਹਿੰਦੀ ਹੈ ਕਿ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਰੱਬ ਨੂੰ ਜਾਣਨਾ ਬਹੁਤ ਜ਼ਰੂਰੀ ਹੈ। (ਯੂਹੰਨਾ 17:3) ਬਾਈਬਲ ਵਿਚ ਸਾਡੇ ਸਿਰਜਣਹਾਰ, ਉਸ ਦੀ ਸ਼ਖ਼ਸੀਅਤ, ਇਨਸਾਨਾਂ ਤੇ ਧਰਤੀ ਲਈ ਉਸ ਦੇ ਮਕਸਦ ਅਤੇ ਉਸ ਦੇ ਮਿਆਰਾਂ ਬਾਰੇ ਇਸ ਤਰੀਕੇ ਨਾਲ ਦੱਸਿਆ ਹੈ ਕਿ ਅਸੀਂ ਆਸਾਨੀ ਨਾਲ ਸਮਝ ਸਕੀਏ। (ਯਸਾਯਾਹ 45:18, 19; 1 ਤਿਮੋਥਿਉਸ 2:4) ਜਿਵੇਂ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਬਾਈਬਲ ਰੱਬ ਦਾ ਨਾਂ ਵੀ ਦੱਸਦੀ ਹੈ। (ਜ਼ਬੂਰ 83:18) ਇਸ ਤਰ੍ਹਾਂ ਅਸੀਂ ਨਾ ਸਿਰਫ਼ ਰੱਬ ਬਾਰੇ ਜਾਣ ਸਕਦੇ ਹਾਂ, ਸਗੋਂ ਉਸ ਦੇ ਨੇੜੇ ਵੀ ਜਾ ਸਕਦੇ ਹਾਂ।—ਯਾਕੂਬ 4:8.
a ਸ੍ਰਿਸ਼ਟੀ ਤੋਂ ਜ਼ਾਹਰ ਹੁੰਦੀ ਰੱਬ ਦੀ ਬੁੱਧ ਦੀਆਂ ਮਿਸਾਲਾਂ ਬਾਰੇ “ਇਹ ਕਿਸ ਦਾ ਕਮਾਲ ਹੈ?” ਲੜੀਵਾਰ ਲੇਖ ਦੇਖੋ।
b ਯਹੋਵਾਹ ਨਾਂ ਦਾ ਮਤਲਬ ਹੈ “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ।” ਰੱਬ ਸਾਨੂੰ ਆਪਣਾ ਨਾਂ ਦੱਸ ਕੇ ਅਸਲ ਵਿਚ ਕਹਿ ਰਿਹਾ ਹੈ: ‘ਮੈਂ ਆਪਣੀ ਇੱਛਾ ਅਤੇ ਮਕਸਦ ਪੂਰਾ ਕਰਾਂਗਾ। ਮੈਂ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹਾਂ।’
c “ਪ੍ਰਾਰਥਨਾ ਕਿਉਂ ਕਰੀਏ? ਕੀ ਰੱਬ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ?” (ਹਿੰਦੀ) ਨਾਂ ਦਾ ਲੇਖ ਦੇਖੋ।
d ਹੋਰ ਜਾਣਕਾਰੀ ਲੈਣ ਲਈ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਨਾਂ ਦੀ ਵੀਡੀਓ ਦੇਖੋ।
e “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਨਾਂ ਦੇ ਲੜੀਵਾਰ ਲੇਖ ਦੇਖੋ।