ਕੀ ਰੱਬ ਸਰਬ-ਵਿਆਪੀ ਹੈ, ਉਹ ਕਣ-ਕਣ ਵਿਚ ਵੱਸਦਾ ਹੈ?
ਬਾਈਬਲ ਕਹਿੰਦੀ ਹੈ
ਰੱਬ ਸਭ ਕੁਝ ਦੇਖ ਸਕਦਾ ਹੈ ਅਤੇ ਜਿੱਥੇ ਚਾਹੇ ਉੱਥੇ ਕੁਝ ਵੀ ਕਰ ਸਕਦਾ ਹੈ। (ਕਹਾਉਤਾਂ 15:3; ਇਬਰਾਨੀਆਂ 4:13) ਪਰ ਬਾਈਬਲ ਇਹ ਨਹੀਂ ਕਹਿੰਦੀ ਕਿ ਰੱਬ ਹਰ ਪਾਸੇ ਮੌਜੂਦ ਹੈ ਜਾਂ ਉਹ ਕਣ-ਕਣ ਵਿਚ ਵੱਸਦਾ ਹੈ। ਸਗੋਂ ਇਹ ਕਹਿੰਦੀ ਹੈ ਕਿ ਪਰਮੇਸ਼ੁਰ ਇਕ ਸ਼ਖ਼ਸ ਹੈ ਅਤੇ ਉਸ ਦਾ ਆਪਣਾ ਇਕ ਨਿਵਾਸ-ਸਥਾਨ ਹੈ।
ਰੱਬ ਦਾ ਰੂਪ: ਰੱਬ ਅਦਿੱਖ ਹੈ। (ਯੂਹੰਨਾ 4:24) ਇਨਸਾਨ ਉਸ ਨੂੰ ਦੇਖ ਨਹੀਂ ਸਕਦੇ। (ਯੂਹੰਨਾ 1:18) ਬਾਈਬਲ ਵਿਚ ਲਿਖਿਆ ਹੈ ਕਿ ਕੁਝ ਇਨਸਾਨਾਂ ਨੇ ਪਰਮੇਸ਼ੁਰ ਦੇ ਦਰਸ਼ਨ ਦੇਖੇ ਅਤੇ ਇਨ੍ਹਾਂ ਦਰਸ਼ਣਾਂ ਵਿਚ ਰੱਬ ਇਕ ਖ਼ਾਸ ਜਗ੍ਹਾ ʼਤੇ ਸੀ। ਬਾਈਬਲ ਵਿਚ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਕਿ ਰੱਬ ਹਰ ਪਾਸੇ ਵੱਸਦਾ ਹੈ।—ਯਸਾਯਾਹ 6:1, 2; ਪ੍ਰਕਾਸ਼ ਦੀ ਕਿਤਾਬ 4:2, 3, 8.
ਰੱਬ ਕਿੱਥੇ ਰਹਿੰਦਾ ਹੈ? ਬਾਈਬਲ ਦੱਸਦੀ ਹੈ ਕਿ ਰੱਬ ਦਾ ‘ਨਿਵਾਸ-ਸਥਾਨ ਸਵਰਗ ਵਿਚ’ ਹੈ। (1 ਰਾਜਿਆਂ 8:30) ਇਸ ਦਾ ਮਤਲਬ ਹੈ ਕਿ ਰੱਬ ਨਾ ਤਾਂ ਧਰਤੀ ʼਤੇ ਰਹਿੰਦਾ ਹੈ ਤੇ ਨਾ ਹੀ ਬ੍ਰਹਿਮੰਡ ਵਿਚ, ਸਗੋਂ ਉਹ ਸਵਰਗ ਵਿਚ ਰਹਿੰਦਾ ਹੈ। ਬਾਈਬਲ ਦੱਸਦੀ ਹੈ ਕਿ ਦੂਤ ਇਕ ਮੌਕੇ ʼਤੇ “ਯਹੋਵਾਹ ਸਾਮ੍ਹਣੇ ਹਾਜ਼ਰ ਹੋਏ।” a ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਇਕ ਖ਼ਾਸ ਜਗ੍ਹਾ ʼਤੇ ਰਹਿੰਦਾ ਹੈ।—ਅੱਯੂਬ 1:6
ਜੇ ਰੱਬ ਹਰ ਪਾਸੇ ਮੌਜੂਦ ਨਹੀਂ ਹੈ, ਤਾਂ ਕੀ ਉਹ ਮੇਰਾ ਖ਼ਿਆਲ ਰੱਖ ਸਕਦਾ ਹੈ?
ਜੀ ਹਾਂ। ਰੱਬ ਹਰੇਕ ਇਨਸਾਨ ਦੀ ਦਿਲੋਂ ਪਰਵਾਹ ਕਰਦਾ ਹੈ। ਭਾਵੇਂ ਰੱਬ ਸਵਰਗ ਵਿਚ ਰਹਿੰਦਾ ਹੈ ਪਰ ਉਹ ਧਰਤੀ ʼਤੇ ਰਹਿੰਦੇ ਹਰ ਉਸ ਇਨਸਾਨ ਵੱਲ ਧਿਆਨ ਦਿੰਦਾ ਹੈ ਜੋ ਸੱਚ-ਮੁੱਚ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ ਅਤੇ ਰੱਬ ਉਸ ਦੀ ਮਦਦ ਵੀ ਕਰਦਾ ਹੈ। (1 ਰਾਜਿਆਂ 8:39; 2 ਇਤਿਹਾਸ 16:9) ਧਿਆਨ ਦਿਓ ਕਿ ਰੱਬ ਉਨ੍ਹਾਂ ਲੋਕਾਂ ਦਾ ਖ਼ਿਆਲ ਕਿਵੇਂ ਰੱਖਦਾ ਹੈ ਜੋ ਦਿਲੋਂ ਉਸ ਦੀ ਸੇਵਾ ਕਰਦੇ ਹਨ।
ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ: ਜਿੱਦਾਂ ਹੀ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋ, ਤਾਂ ਉਹ ਉਸੇ ਪਲ ਤੁਹਾਡੀ ਸੁਣ ਲੈਂਦਾ ਹੈ।—2 ਇਤਿਹਾਸ 18:31.
ਜਦੋਂ ਤੁਸੀਂ ਨਿਰਾਸ਼ ਹੁੰਦੇ ਹੋ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ; ਉਹ ਕੁਚਲੇ ਮਨ ਵਾਲਿਆਂ ਨੂੰ ਬਚਾਉਂਦਾ ਹੈ।”—ਜ਼ਬੂਰ 34:18.
ਜਦੋਂ ਤੁਹਾਨੂੰ ਸਲਾਹ ਦੀ ਲੋੜ ਹੁੰਦੀ ਹੈ: ਯਹੋਵਾਹ ਤੁਹਾਨੂੰ ਆਪਣੇ ਬਚਨ ਬਾਈਬਲ ਰਾਹੀਂ ‘ਡੂੰਘੀ ਸਮਝ ਦੇਵੇਗਾ ਅਤੇ ਸਿਖਾਵੇਗਾ ਕਿ ਤੁਹਾਨੂੰ ਕਿਹੜੇ ਰਾਹ ਜਾਣਾ ਚਾਹੀਦਾ ਹੈ।’—ਜ਼ਬੂਰ 32:8.
ਰੱਬ ਦੇ ਨਿਵਾਸ ਬਾਰੇ ਗ਼ਲਤਫ਼ਹਿਮੀਆਂ
ਗ਼ਲਤਫ਼ਹਿਮੀ: ਰੱਬ ਹਰ ਪਾਸੇ ਹੈ।
ਸੱਚਾਈ: ਰੱਬ ਨਾ ਤਾਂ ਧਰਤੀ ʼਤੇ ਰਹਿੰਦਾ ਹੈ ਅਤੇ ਨਾ ਹੀ ਬ੍ਰਹਿਮੰਡ ਵਿਚ ਕਿਸੇ ਹੋਰ ਜਗ੍ਹਾ ʼਤੇ। (1 ਰਾਜਿਆਂ 8:27) ਇਸ ਵਿਚ ਕੋਈ ਸ਼ੱਕ ਨਹੀਂ ਕਿ ਤਾਰੇ ਅਤੇ ਸ੍ਰਿਸ਼ਟੀ ਦੀਆਂ ਹੋਰ ਚੀਜ਼ਾਂ ਪਰਮੇਸ਼ੁਰ ਦੀ “ਮਹਿਮਾ ਦਾ ਐਲਾਨ” ਕਰਦੀਆਂ ਹਨ। (ਜ਼ਬੂਰ 19:1) ਪਰ ਰੱਬ ਆਪਣੀ ਬਣਾਈ ਸ੍ਰਿਸ਼ਟੀ ਵਿਚ ਨਹੀਂ ਵੱਸਦਾ, ਠੀਕ ਜਿਵੇਂ ਇਕ ਚਿੱਤਰਕਾਰ ਆਪਣੇ ਬਣਾਏ ਚਿੱਤਰ ਵਿਚ ਨਹੀਂ ਵੱਸਦਾ। ਹਾਂ, ਕਿਸੇ ਪੇਂਟਿੰਗ ਤੋਂ ਉਸ ਦੇ ਚਿੱਤਰਕਾਰ ਬਾਰੇ ਅਸੀਂ ਬਹੁਤ ਕੁਝ ਜਾਣ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਰੱਬ ਦੀ ਬਣਾਈ ਸ੍ਰਿਸ਼ਟੀ ਤੋਂ ਉਸ ਦੇ ਅਦਿੱਖ ‘ਗੁਣਾਂ’ ਬਾਰੇ ਜਾਣ ਸਕਦੇ ਹਾਂ, ਜਿਵੇਂ ਉਸ ਦੀ ਸ਼ਕਤੀ, ਬੁੱਧ ਅਤੇ ਪਿਆਰ।—ਰੋਮੀਆਂ 1:20.
ਗ਼ਲਤਫ਼ਹਿਮੀ: ਰੱਬ ਸਰਬ-ਵਿਆਪੀ ਹੈ, ਤਾਂ ਹੀ ਤਾਂ ਉਸ ਨੂੰ ਸਾਰਾ ਕੁਝ ਪਤਾ ਹੈ ਅਤੇ ਉਸ ਵਿਚ ਇੰਨੀ ਸ਼ਕਤੀ ਹੈ।
ਸੱਚਾਈ: ਰੱਬ ਪਵਿੱਤਰ ਸ਼ਕਤੀ ਰਾਹੀਂ ਆਪਣੇ ਕੰਮ ਕਰਦਾ ਹੈ। ਉਹ ਆਪਣੀ ਪਵਿੱਤਰ ਸ਼ਕਤੀ ਵਰਤ ਕੇ ਕਿਸੇ ਵੀ ਵੇਲੇ, ਕਿਸੇ ਵੀ ਥਾਂ, ਕੁਝ ਵੀ ਦੇਖ ਸਕਦਾ ਹੈ ਅਤੇ ਕੁਝ ਵੀ ਕਰ ਸਕਦਾ ਹੈ। ਉਸ ਨੂੰ ਉੱਥੇ ਮੌਜੂਦ ਹੋਣ ਦੀ ਲੋੜ ਨਹੀਂ ਹੈ।—ਜ਼ਬੂਰ 139:7.
ਗ਼ਲਤਫ਼ਹਿਮੀ: ਕੁਝ ਲੋਕਾਂ ਦਾ ਕਹਿਣਾ ਹੈ ਕਿ ਜ਼ਬੂਰ 139:8 ਮੁਤਾਬਕ ਰੱਬ ਹਰ ਜਗ੍ਹਾ ਮੌਜੂਦ ਹੈ ਕਿਉਂਕਿ ਉੱਥੇ ਲਿਖਿਆ ਹੈ: “ਜੇ ਮੈਂ ਆਕਾਸ਼ ʼਤੇ ਚੜ੍ਹ ਜਾਵਾਂ, ਤਾਂ ਤੂੰ ਉੱਥੇ ਹੈਂ, ਜੇ ਮੈਂ ਕਬਰ ਵਿਚ ਆਪਣਾ ਬਿਸਤਰਾ ਵਿਛਾਵਾਂ, ਤਾਂ ਦੇਖ! ਤੂੰ ਉੱਥੇ ਵੀ ਹੈਂ।”
ਸੱਚਾਈ: ਇਸ ਆਇਤ ਵਿਚ ਰੱਬ ਦੇ ਨਿਵਾਸ-ਸਥਾਨ ਬਾਰੇ ਗੱਲ ਨਹੀਂ ਕੀਤੀ ਗਈ, ਸਗੋਂ ਇਸ ਵਿਚ ਕਵਿਤਾ ਦੇ ਰੂਪ ਵਿਚ ਇਹ ਦੱਸਿਆ ਗਿਆ ਹੈ ਕਿ ਅਜਿਹੀ ਕੋਈ ਥਾਂ ਨਹੀਂ ਹੈ ਜਿੱਥੇ ਰੱਬ ਸਾਡੀ ਮਦਦ ਨਾ ਕਰ ਸਕੇ।
a ਬਾਈਬਲ ਵਿਚ ਦੱਸਿਆ ਗਿਆ ਹੈ ਕਿ ਰੱਬ ਦਾ ਨਾਮ ਯਹੋਵਾਹ ਹੈ।