ਵਿਆਹ ਤੋਂ ਬਗੈਰ ਇਕੱਠੇ ਰਹਿਣ ਬਾਰੇ ਬਾਈਬਲ ਕੀ ਕਹਿੰਦੀ ਹੈ?
ਬਾਈਬਲ ਕਹਿੰਦੀ ਹੈ
ਬਾਈਬਲ ਮੁਤਾਬਕ ਰੱਬ ਦੀ ਇੱਛਾ ਹੈ ਕਿ ਲੋਕ ‘ਹਰਾਮਕਾਰੀ ਤੋਂ ਦੂਰ ਰਹਿਣ।’ (1 ਥੱਸਲੁਨੀਕੀਆਂ 4:3) ਬਾਈਬਲ ਵਿਚ ਵਰਤੇ ਗਏ ਸ਼ਬਦ “ਹਰਾਮਕਾਰੀ” ਵਿਚ ਸ਼ਾਮਲ ਹੈ ਕਿਸੇ ਵਿਆਹੁਤਾ ਵਿਅਕਤੀ ਦੇ ਕਿਸੇ ਹੋਰ ਨਾਲ ਸਰੀਰਕ ਸੰਬੰਧ, ਸਮਲਿੰਗੀ ਸੰਬੰਧ ਅਤੇ ਅਣਵਿਆਹੇ ਵਿਅਕਤੀਆਂ ਵਿਚ ਸਰੀਰਕ ਸੰਬੰਧ।
ਰੱਬ ਲਈ ਇਹ ਗੱਲ ਮਾਅਨੇ ਕਿਉਂ ਰੱਖਦੀ ਹੈ ਕਿ ਇਕੱਠੇ ਰਹਿਣ ਵਾਲੇ ਆਦਮੀ ਤੇ ਔਰਤ ਵਿਆਹੇ ਹੋਏ ਹਨ ਜਾਂ ਨਹੀਂ?
ਵਿਆਹ ਦਾ ਇੰਤਜ਼ਾਮ ਰੱਬ ਨੇ ਕੀਤਾ ਹੈ। ਰੱਬ ਨੇ ਵਿਆਹ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਉਸ ਨੇ ਪਹਿਲੇ ਆਦਮੀ ਤੇ ਔਰਤ ਨੂੰ ਇਕ ਜੋੜੇ ਦੇ ਤੌਰ ਤੇ ਇਕੱਠਾ ਕੀਤਾ। (ਉਤਪਤ 2:22-24) ਉਹ ਇਹ ਨਹੀਂ ਚਾਹੁੰਦਾ ਸੀ ਕਿ ਇਕ ਆਦਮੀ ਤੇ ਔਰਤ ਵਿਆਹ ਦੇ ਬੰਧਨ ਵਿਚ ਬੱਝਣ ਤੋਂ ਬਗੈਰ ਇਕੱਠੇ ਰਹਿਣ।
ਰੱਬ ਜਾਣਦਾ ਹੈ ਕਿ ਇਨਸਾਨਾਂ ਦੀ ਭਲਾਈ ਕਿਸ ਗੱਲ ਵਿਚ ਹੈ। ਰੱਬ ਨੇ ਵਿਆਹ ਦੇ ਬੰਧਨ ਨੂੰ ਹਮੇਸ਼ਾ ਕਾਇਮ ਰਹਿਣ ਲਈ ਬਣਾਇਆ ਹੈ ਜਿਸ ਨਾਲ ਪੂਰੇ ਪਰਿਵਾਰ ਨੂੰ ਫ਼ਾਇਦਾ ਹੁੰਦਾ ਹੈ ਤੇ ਉਹ ਮਹਿਫੂਜ਼ ਰਹਿੰਦਾ ਹੈ। ਇਸ ਬਾਰੇ ਇਕ ਸਾਦੀ ਜਿਹੀ ਮਿਸਾਲ ʼਤੇ ਗੌਰ ਕਰੋ। ਜਦੋਂ ਤੁਸੀਂ ਕੋਈ ਫਰਨੀਚਰ ਖ਼ਰੀਦਦੇ ਹੋ, ਤਾਂ ਉਸ ਨੂੰ ਬਣਾਉਣ ਵਾਲੀ ਕੰਪਨੀ ਕੁਝ ਹਿਦਾਇਤਾਂ ਦਿੰਦੀ ਹੈ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਫਰਨੀਚਰ ਦੇ ਵੱਖੋ-ਵੱਖਰੇ ਹਿੱਸੇ ਸਹੀ-ਸਹੀ ਜੋੜ ਸਕਦੇ ਹੋ। ਇਸੇ ਤਰ੍ਹਾਂ ਰੱਬ ਸਾਨੂੰ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਸੰਬੰਧੀ ਹਿਦਾਇਤਾਂ ਦਿੰਦਾ ਹੈ। ਜੋ ਲੋਕ ਰੱਬ ਦੇ ਮਿਆਰਾਂ ਉੱਤੇ ਚੱਲਦੇ ਹਨ, ਉਨ੍ਹਾਂ ਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ।—ਯਸਾਯਾਹ 48:17, 18.
ਕਿਸੇ ਗ਼ੈਰ ਨਾਲ ਸਰੀਰਕ ਸੰਬੰਧ ਰੱਖਣ ਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ। ਮਿਸਾਲ ਲਈ, ਇਸ ਕਾਰਨ ਅਣਚਾਹਿਆ ਗਰਭ ਠਹਿਰ ਸਕਦਾ ਹੈ, ਕੋਈ ਜਿਨਸੀ ਬੀਮਾਰੀ ਲੱਗ ਸਕਦੀ ਹੈ ਅਤੇ ਮਾਨਸਿਕ ਪੀੜ ਸਹਿਣੀ ਪੈ ਸਕਦੀ ਹੈ।
ਰੱਬ ਨੇ ਆਦਮੀ ਤੇ ਔਰਤ ਨੂੰ ਸਰੀਰਕ ਸੰਬੰਧਾਂ ਦੇ ਜ਼ਰੀਏ ਬੱਚੇ ਪੈਦਾ ਕਰਨ ਦੀ ਕਾਬਲੀਅਤ ਦਿੱਤੀ ਹੈ। ਰੱਬ ਦੀਆਂ ਨਜ਼ਰਾਂ ਵਿਚ ਜ਼ਿੰਦਗੀ ਪਵਿੱਤਰ ਹੈ ਅਤੇ ਬੱਚੇ ਪੈਦਾ ਕਰਨ ਦੀ ਕਾਬਲੀਅਤ ਇਕ ਅਨਮੋਲ ਦਾਤ ਹੈ। ਉਹ ਚਾਹੁੰਦਾ ਹੈ ਕਿ ਵਿਆਹ ਦੇ ਇੰਤਜ਼ਾਮ ਦਾ ਆਦਰ ਕਰ ਕੇ ਅਸੀਂ ਇਸ ਦਾਤ ਲਈ ਕਦਰ ਦਿਖਾਈਏ।—ਇਬਰਾਨੀਆਂ 13:4.
ਕੀ ਇਕ ਆਦਮੀ ਤੇ ਔਰਤ ਇਹ ਜਾਣਨ ਲਈ ਵਿਆਹ ਤੋਂ ਬਗੈਰ ਇਕੱਠੇ ਰਹਿ ਸਕਦੇ ਹਨ ਕਿ ਉਨ੍ਹਾਂ ਦੀ ਆਪਸ ਵਿਚ ਨਿੱਭੇਗੀ ਜਾਂ ਨਹੀਂ?
ਪਤੀ-ਪਤਨੀ ਆਪਣੇ ਵਿਆਹੁਤਾ ਬੰਧਨ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਨ?
ਵਿਆਹੁਤਾ ਜੀਵਨ ਵਿਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਹਨ। ਪਰ ਉਹ ਬਾਈਬਲ ਵਿਚ ਦਿੱਤੀਆਂ ਸਲਾਹਾਂ ਮੰਨ ਕੇ ਆਪਣੇ ਵਿਆਹੁਤਾ ਜੀਵਨ ਨੂੰ ਸਫ਼ਲ ਬਣਾ ਸਕਦੇ ਹਨ। ਇਨ੍ਹਾਂ ਕੁਝ ਸਲਾਹਾਂ ʼਤੇ ਗੌਰ ਕਰੋ:
ਆਪਣੀਆਂ ਲੋੜਾਂ ਨਾਲੋਂ ਜ਼ਿਆਦਾ ਆਪਣੇ ਜੀਵਨ ਸਾਥੀਆਂ ਦੀਆਂ ਲੋੜਾਂ ਨੂੰ ਅਹਿਮੀਅਤ ਦਿਓ।—1 ਕੁਰਿੰਥੀਆਂ 7:3-5; ਫ਼ਿਲਿੱਪੀਆਂ 2:3, 4.
ਇਕ-ਦੂਜੇ ਲਈ ਪਿਆਰ ਅਤੇ ਆਦਰ ਦਿਖਾਓ।—ਅਫ਼ਸੀਆਂ 5:25, 33.
ਆਪਣੀ ਜ਼ਬਾਨ ʼਤੇ ਕਾਬੂ ਰੱਖਣਾ ਸਿੱਖੋ।—ਕਹਾਉਤਾਂ 12:18.
ਧੀਰਜ ਰੱਖੋ ਅਤੇ ਮਾਫ਼ ਕਰਨ ਲਈ ਤਿਆਰ ਰਹੋ।—ਕੁਲੁੱਸੀਆਂ 3:13, 14.
a ਜਾਗਰੂਕ ਬਣੋ! ਨੰ. 2 2018 ਵਿਚ ਲੇਖ “1 ਸਾਥ ਨਿਭਾਓ” ਦੇਖੋ।