ਸਵਰਗ ਕੌਣ ਜਾਣਗੇ?
ਬਾਈਬਲ ਕਹਿੰਦੀ ਹੈ
ਪਰਮੇਸ਼ੁਰ ਨੇ ਸਿਰਫ਼ ਕੁਝ ਵਫ਼ਾਦਾਰ ਮਸੀਹੀਆਂ ਨੂੰ ਚੁਣਿਆ ਹੈ ਜਿਹੜੇ ਸਵਰਗ ਜਾਣਗੇ। (1 ਪਤਰਸ 1:3, 4) ਚੁਣੇ ਗਏ ਮਸੀਹੀਆਂ ਨੂੰ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਪਵਿੱਤਰ ਚਾਲ-ਚਲਣ ਅਤੇ ਮਜ਼ਬੂਤ ਨਿਹਚਾ ਬਣਾਈ ਰੱਖਣ ਦੀ ਲੋੜ ਹੁੰਦੀ ਹੈ ਤਾਂਕਿ ਉਹ ਸਵਰਗ ਵਿਚ ਰਹਿਣ ਦਾ ਆਪਣਾ ਇਨਾਮ ਗੁਆ ਨਾ ਬੈਠਣ।—ਅਫ਼ਸੀਆਂ 5:5; ਫ਼ਿਲਿੱਪੀਆਂ 3:12-14.
ਜਿਹੜੇ ਲੋਕ ਸਵਰਗ ਜਾਣਗੇ, ਉਹ ਉੱਥੇ ਕੀ ਕੰਮ ਕਰਨਗੇ?
ਉਹ 1,000 ਸਾਲ ਲਈ ਯਿਸੂ ਨਾਲ ਰਾਜਿਆਂ ਅਤੇ ਪੁਜਾਰੀਆਂ ਦੇ ਤੌਰ ਤੇ ਸੇਵਾ ਕਰਨਗੇ। (ਪ੍ਰਕਾਸ਼ ਦੀ ਕਿਤਾਬ 5:9, 10; 20:6) ਉਹ ਉੱਥੇ ਸਵਰਗੀ ਸਰਕਾਰ ਦਾ ਹਿੱਸਾ ਹੋਣਗੇ। ਬਾਈਬਲ ਵਿਚ ਇਸ ਸਰਕਾਰ ਨੂੰ “ਨਵਾਂ ਆਕਾਸ਼” ਕਿਹਾ ਗਿਆ ਹੈ ਜੋ “ਨਵੀਂ ਧਰਤੀ” ਯਾਨੀ ਧਰਤੀ ਉੱਤੇ ਰਹਿਣ ਵਾਲੇ ਲੋਕਾਂ ʼਤੇ ਰਾਜ ਕਰੇਗੀ। ਇਹ ਰਾਜੇ ਧਰਤੀ ਉੱਤੇ ਵਧੀਆ ਹਾਲਾਤ ਲਿਆਉਣਗੇ, ਜਿਵੇਂ ਪਰਮੇਸ਼ੁਰ ਨੇ ਇਨਸਾਨਾਂ ਲਈ ਸ਼ੁਰੂ ਵਿਚ ਚਾਹਿਆ ਸੀ।—ਯਸਾਯਾਹ 65:17; 2 ਪਤਰਸ 3:13.
ਕੁੱਲ ਕਿੰਨੇ ਲੋਕ ਸਵਰਗ ਜਾਣਗੇ?
ਬਾਈਬਲ ਵਿਚ ਲਿਖਿਆ ਹੈ ਕਿ 1,44,000 ਲੋਕਾਂ ਨੂੰ ਸਵਰਗ ਲਿਜਾਇਆ ਜਾਵੇਗਾ। (ਪ੍ਰਕਾਸ਼ ਦੀ ਕਿਤਾਬ 7:4) ਪ੍ਰਕਾਸ਼ ਦੀ ਕਿਤਾਬ 14:1-3 ਵਿਚ ਯੂਹੰਨਾ ਰਸੂਲ ਨੇ ਦਰਸ਼ਣ ਵਿਚ “ਸੀਓਨ ਪਹਾੜ ਉੱਤੇ ਲੇਲੇ ਨੂੰ ਖੜ੍ਹਾ ਦੇਖਿਆ ਅਤੇ ਉਸ ਦੇ ਨਾਲ 1,44,000 ਜਣੇ ਖੜ੍ਹੇ ਸਨ।” ਇਸ ਦਰਸ਼ਣ ਵਿਚ “ਲੇਲਾ” ਦੁਬਾਰਾ ਜੀਉਂਦਾ ਕੀਤਾ ਗਿਆ ਯਿਸੂ ਹੈ। (ਯੂਹੰਨਾ 1:29; 1 ਪਤਰਸ 1:19) “ਸੀਓਨ ਪਹਾੜ” ਉਸ ਉੱਚੇ ਅਹੁਦੇ ਨੂੰ ਦਰਸਾਉਂਦਾ ਹੈ ਜੋ ਸਵਰਗ ਵਿਚ ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲੇ 1,44,000 ਜਣਿਆਂ ਨੂੰ ਮਿਲਿਆ ਹੈ।—ਜ਼ਬੂਰ 2:6; ਇਬਰਾਨੀਆਂ 12:22.
ਯਿਸੂ ਨਾਲ ਰਾਜ ਕਰਨ ਲਈ ਜਿਨ੍ਹਾਂ ਨੂੰ “ਸੱਦਿਆ ਅਤੇ ਚੁਣਿਆ” ਗਿਆ ਹੈ, ਉਨ੍ਹਾਂ ਨੂੰ ‘ਛੋਟਾ ਝੁੰਡ’ ਕਿਹਾ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 17:14; ਲੂਕਾ 12:32) ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਪੂਰੇ ਝੁੰਡ ਦੇ ਮੁਕਾਬਲੇ ਇਸ ਝੁੰਡ ਦੀ ਗਿਣਤੀ ਬਹੁਤ ਘੱਟ ਹੈ।—ਯੂਹੰਨਾ 10:16.
ਸਵਰਗ ਜਾਣ ਵਾਲਿਆਂ ਬਾਰੇ ਕੁਝ ਗ਼ਲਤਫ਼ਹਿਮੀਆਂ
ਗ਼ਲਤਫ਼ਹਿਮੀ: ਸਾਰੇ ਚੰਗੇ ਲੋਕ ਸਵਰਗ ਜਾਣਗੇ।
ਸੱਚਾਈ: ਜ਼ਿਆਦਾਤਰ ਚੰਗੇ ਲੋਕਾਂ ਨੂੰ ਪਰਮੇਸ਼ੁਰ ਨੇ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ।—ਜ਼ਬੂਰ 37:11, 29, 34.
ਯਿਸੂ ਨੇ ਕਿਹਾ: “ਕੋਈ ਵੀ ਇਨਸਾਨ ਸਵਰਗ ਨੂੰ ਨਹੀਂ ਗਿਆ ਹੈ।” (ਯੂਹੰਨਾ 3:13) ਯਿਸੂ ਦੀ ਇਸ ਗੱਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜੋ ਵਫ਼ਾਦਾਰ ਲੋਕ ਉਸ ਤੋਂ ਪਹਿਲਾਂ ਮਰੇ ਸਨ, ਉਹ ਸਵਰਗ ਨਹੀਂ ਗਏ, ਜਿਵੇਂ ਅਬਰਾਹਾਮ, ਮੂਸਾ, ਅੱਯੂਬ ਅਤੇ ਦਾਊਦ। (ਰਸੂਲਾਂ ਦੇ ਕੰਮ 2:29, 34) ਇਸ ਦੀ ਬਜਾਇ, ਉਨ੍ਹਾਂ ਕੋਲ ਇਹ ਉਮੀਦ ਸੀ ਕਿ ਉਨ੍ਹਾਂ ਨੂੰ ਧਰਤੀ ʼਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਿੱਤੀ ਜਾਵੇਗੀ।—ਅੱਯੂਬ 14:13-15.
ਸਵਰਗ ਜਾਣ ਵਾਲਿਆਂ ਨੂੰ “ਮਰੇ ਹੋਇਆਂ ਵਿੱਚੋਂ ਪਹਿਲਾਂ ਜੀਉਂਦਾ ਕੀਤਾ ਜਾਂਦਾ ਹੈ।” (ਪ੍ਰਕਾਸ਼ ਦੀ ਕਿਤਾਬ 20:6) ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਤੋਂ ਬਾਅਦ ਹੋਰਾਂ ਨੂੰ ਵੀ ਜੀਉਂਦਾ ਕੀਤਾ ਜਾਵੇਗਾ। ਪਰ ਉਨ੍ਹਾਂ ਨੂੰ ਧਰਤੀ ʼਤੇ ਜੀਉਂਦਾ ਕੀਤਾ ਜਾਵੇਗਾ।
ਬਾਈਬਲ ਸਿਖਾਉਂਦੀ ਹੈ ਕਿ ਪਰਮੇਸ਼ੁਰ ਦੇ ਰਾਜ ਵਿਚ “ਮੌਤ ਨਹੀਂ ਰਹੇਗੀ।” (ਪ੍ਰਕਾਸ਼ ਦੀ ਕਿਤਾਬ 21:3, 4) ਸਵਰਗ ਵਿਚ ਕਿਸੇ ਦੀ ਮੌਤ ਨਹੀਂ ਹੁੰਦੀ, ਸਗੋਂ ਧਰਤੀ ʼਤੇ ਲੋਕ ਮਰਦੇ ਹਨ। ਇਸ ਲਈ ਇਹ ਗੱਲ ਧਰਤੀ ਉੱਤੇ ਰਹਿਣ ਵਾਲੇ ਲੋਕਾਂ ʼਤੇ ਪੂਰੀ ਹੋਵੇਗੀ।
ਗ਼ਲਤਫ਼ਹਿਮੀ: ਹਰ ਵਿਅਕਤੀ ਖ਼ੁਦ ਫ਼ੈਸਲਾ ਕਰਦਾ ਹੈ ਕਿ ਮਰਨ ਤੋਂ ਬਾਅਦ ਉਹ ਸਵਰਗ ਜਾਵੇਗਾ ਜਾਂ ਧਰਤੀ ʼਤੇ ਰਹੇਗਾ।
ਸੱਚਾਈ: ਪਰਮੇਸ਼ੁਰ ਫ਼ੈਸਲਾ ਕਰਦਾ ਹੈ ਕਿ ਵਫ਼ਾਦਾਰ ਮਸੀਹੀਆਂ ਵਿੱਚੋਂ ਕਿਨ੍ਹਾਂ ਨੂੰ “ਸਵਰਗੀ ਸੱਦੇ ਦਾ ਇਨਾਮ” ਦਿੱਤਾ ਜਾਵੇਗਾ ਯਾਨੀ ਸਵਰਗ ਜਾਣ ਦੀ ਉਮੀਦ ਮਿਲੇਗੀ। (ਫ਼ਿਲਿੱਪੀਆਂ 3:14) ਕਿਸੇ ਵੀ ਇਨਸਾਨ ਨੂੰ ਸਵਰਗ ਜਾਣ ਲਈ ਉਸ ਦੀ ਖ਼ਾਹਸ਼ ਮੁਤਾਬਕ ਨਹੀਂ ਚੁਣਿਆ ਜਾਂਦਾ।—ਮੱਤੀ 20:20-23.
ਗ਼ਲਤਫ਼ਹਿਮੀ: ਸਵਰਗ ਵਿਚ ਜੀਉਣਾ ਧਰਤੀ ʼਤੇ ਰਹਿਣ ਨਾਲੋਂ ਕਿਤੇ ਵਧੀਆ ਹੈ। ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਉਨ੍ਹਾਂ ਨੂੰ ਮਿਲਦੀ ਹੈ ਜਿਹੜੇ ਸਵਰਗ ਜਾਣ ਦੇ ਲਾਇਕ ਨਹੀਂ।
ਸੱਚਾਈ: ਪਰਮੇਸ਼ੁਰ ਨੇ ਜਿਨ੍ਹਾਂ ਨੂੰ ਧਰਤੀ ʼਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਦਿੱਤੀ ਹੈ, ਉਨ੍ਹਾਂ ਬਾਰੇ ਉਹ ਕਹਿੰਦਾ ਹੈ ਕਿ ਉਹ “ਮੇਰੀ ਪਰਜਾ” ਤੇ “ਮੇਰੇ ਚੁਣੇ ਹੋਏ” ਹਨ ਅਤੇ ‘ਉਨ੍ਹਾਂ ਉੱਤੇ ਯਹੋਵਾਹ ਦੀ ਬਰਕਤ ਹੈ।’ (ਯਸਾਯਾਹ 65:21-23) ਉਹ ਲੋਕ ਪਰਮੇਸ਼ੁਰ ਦੇ ਮਕਸਦ ਮੁਤਾਬਕ ਮੁਕੰਮਲ ਹੋ ਜਾਣਗੇ ਤੇ ਖ਼ੂਬਸੂਰਤ ਧਰਤੀ ʼਤੇ ਹਮੇਸ਼ਾ ਲਈ ਜੀਉਣਗੇ। ਇਹ ਉਨ੍ਹਾਂ ਲਈ ਕਿੰਨਾ ਵੱਡਾ ਸਨਮਾਨ ਹੈ!—ਉਤਪਤ 1:28; ਜ਼ਬੂਰ 115:16; ਯਸਾਯਾਹ 45:18.
ਗ਼ਲਤਫ਼ਹਿਮੀ: ਪ੍ਰਕਾਸ਼ ਦੀ ਕਿਤਾਬ ਵਿਚ ਦੱਸੀ ਗਈ 1,44,000 ਗਿਣਤੀ ਸੱਚ-ਮੁੱਚ ਦੀ ਗਿਣਤੀ ਨਹੀਂ ਹੈ।
ਸੱਚਾਈ: ਪ੍ਰਕਾਸ਼ ਦੀ ਕਿਤਾਬ ਵਿਚ ਦਿੱਤੇ ਕੁਝ ਨੰਬਰ ਕਿਸੇ ਗੱਲ ਨੂੰ ਦਰਸਾਉਂਦੇ ਹਨ, ਪਰ ਸਾਰੇ ਨਹੀਂ। ਮਿਸਾਲ ਲਈ, ਇਸ ਵਿਚ “ਲੇਲੇ ਦੇ 12 ਰਸੂਲਾਂ ਦੇ 12 ਨਾਂ” ਹਨ। (ਪ੍ਰਕਾਸ਼ ਦੀ ਕਿਤਾਬ 21:14) ਆਓ ਇਕ ਅਜਿਹੇ ਸਬੂਤ ʼਤੇ ਗੌਰ ਕਰੀਏ ਜਿਸ ਤੋਂ ਪਤਾ ਲੱਗਦਾ ਹੈ ਕਿ 1,44,000 ਗਿਣਤੀ ਸੱਚ-ਮੁੱਚ ਦੀ ਗਿਣਤੀ ਹੈ।
ਪ੍ਰਕਾਸ਼ ਦੀ ਕਿਤਾਬ 7:4 ਵਿਚ ਦੱਸਿਆ ਹੈ ਕਿ ‘ਜਿਨ੍ਹਾਂ ਉੱਤੇ ਮੁਹਰ ਲਾਈ ਗਈ ਸੀ [ਜਾਂ ਜਿਨ੍ਹਾਂ ਨੂੰ ਸਵਰਗ ਜਾਣ ਦੀ ਪੱਕੀ ਉਮੀਦ ਦਿੱਤੀ ਗਈ ਹੈ], ਉਨ੍ਹਾਂ ਦੀ ਗਿਣਤੀ 1,44,000 ਸੀ।’ ਇਸ ਆਇਤ ਦੇ ਆਲੇ-ਦੁਆਲੇ ਦੀਆਂ ਆਇਤਾਂ ਵਿਚ ਇਕ ਹੋਰ ਸਮੂਹ ਦੀ ਗੱਲ ਕੀਤੀ ਗਈ ਹੈ ਜਿਸ ਨੂੰ “ਵੱਡੀ ਭੀੜ” ਕਿਹਾ ਗਿਆ ਹੈ ਤੇ ਇਸ ਨੂੰ “ਕੋਈ ਵੀ ਗਿਣ ਨਾ ਸਕਿਆ।” ਇਸ “ਵੱਡੀ ਭੀੜ” ਦੇ ਲੋਕਾਂ ਨੂੰ ਵੀ ਪਰਮੇਸ਼ੁਰ ਵੱਲੋਂ ਮੁਕਤੀ ਮਿਲੇਗੀ। (ਪ੍ਰਕਾਸ਼ ਦੀ ਕਿਤਾਬ 7:9, 10) ਜੇ 1,44,000 ਅਸਲੀ ਗਿਣਤੀ ਨਾ ਹੁੰਦੀ, ਤਾਂ ਇਸ ਸਮੂਹ ਵਿਚ ਅਤੇ ਵੱਡੀ ਭੀੜ ਵਿਚ ਫ਼ਰਕ ਕਿਵੇਂ ਪਤਾ ਲੱਗਦਾ। a
ਇਸ ਤੋਂ ਇਲਾਵਾ, 1,44,000 ਲੋਕਾਂ ਬਾਰੇ ਇਹ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ‘ਪਹਿਲੇ ਫਲਾਂ ਦੇ ਤੌਰ ਤੇ ਮਨੁੱਖਜਾਤੀ ਵਿੱਚੋਂ ਮੁੱਲ ਲਿਆ ਗਿਆ ਹੈ।’ (ਪ੍ਰਕਾਸ਼ ਦੀ ਕਿਤਾਬ 14:4) ਸ਼ਬਦ “ਪਹਿਲੇ ਫਲਾਂ” ਤੋਂ ਪਤਾ ਲੱਗਦਾ ਹੈ ਕਿ ਸਿਰਫ਼ ਕੁਝ ਹੀ ਲੋਕ ਚੁਣੇ ਗਏ ਹਨ। ਇਸ ਲਈ ਇਹ ਸ਼ਬਦ ਉਨ੍ਹਾਂ ਥੋੜ੍ਹੇ ਲੋਕਾਂ ʼਤੇ ਢੁਕਦੇ ਹਨ ਜੋ ਯਿਸੂ ਦੇ ਨਾਲ ਸਵਰਗ ਤੋਂ ਧਰਤੀ ਉੱਤੇ ਰਹਿਣ ਵਾਲੇ ਅਣਗਿਣਤ ਲੋਕਾਂ ਉੱਤੇ ਰਾਜ ਕਰਨਗੇ।—ਪ੍ਰਕਾਸ਼ ਦੀ ਕਿਤਾਬ 5:10.
a ਪ੍ਰੋਫ਼ੈਸਰ ਰੌਬਰਟ ਐੱਲ. ਟੌਮਸ ਨੇ ਪ੍ਰਕਾਸ਼ ਦੀ ਕਿਤਾਬ 7:4 ਵਿਚ ਨੰਬਰ 1,44,000 ਬਾਰੇ ਕਿਹਾ: “ਇਹ ਇਕ ਨਿਸ਼ਚਿਤ ਸੰਖਿਆ ਹੈ ਜਦ ਕਿ ਆਇਤ 9 ਵਿਚ ਦੱਸੀ ਵੱਡੀ ਭੀੜ ਦੇ ਲੋਕ ਅਣਗਿਣਤ ਹਨ। ਜੇ 1,44,000 ਸੰਖਿਆ ਅਸਲੀ ਗਿਣਤੀ ਨਾ ਹੁੰਦੀ, ਤਾਂ ਇਸ ਕਿਤਾਬ ਦੀਆਂ ਬਾਕੀ ਸੰਖਿਆਵਾਂ ਵੀ ਅਸਲੀ ਗਿਣਤੀ ਨਹੀਂ ਹੋ ਸਕਦੀਆਂ।”—ਰੈਵਲੇਸ਼ਨ 1-7: ਐਨ ਐਕਸੇਜੈਟਿਕਲ ਕਮੈਂਟਰੀ, ਸਫ਼ਾ 474.