ਚੈਮਸਫੋਰਡ ਵਿਚ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣਾ
ਬਰਤਾਨੀਆ ਵਿਚ ਯਹੋਵਾਹ ਦੇ ਗਵਾਹਾਂ ਨੇ ਆਪਣਾ ਨਵਾਂ ਸ਼ਾਖ਼ਾ ਦਫ਼ਤਰ ਐਸੈਕਸ ਸ਼ਹਿਰ ਵਿਚ ਚੈਮਸਫੋਰਡ ਦੇ ਨੇੜੇ ਬਣਾਉਣਾ ਸ਼ੁਰੂ ਕੀਤਾ ਹੈ। ਇਸ ਇਲਾਕੇ ਵਿਚ ਅਲੱਗ-ਅਲੱਗ ਤਰ੍ਹਾਂ ਦੇ ਜੀਵ-ਜੰਤੂ ਰਹਿੰਦੇ ਹਨ। ਬਰਤਾਨੀਆ ਵਿਚ ਬਣਾਏ ਗਏ ਵਾਈਲਡ ਲਾਈਫ਼ ਅਤੇ ਕੰਟ੍ਰੀ-ਸਾਈਡ ਐਕਟ 1981 ਅਧੀਨ ਇਨ੍ਹਾਂ ਜੀਵ-ਜੰਤੂਆਂ ਦੀ ਰਾਖੀ ਕੀਤੀ ਜਾਂਦੀ ਹੈ। ਉਸਾਰੀ ਦੌਰਾਨ ਯਹੋਵਾਹ ਦੇ ਗਵਾਹ ਇਸ ਐਕਟ ਨੂੰ ਮੰਨਣ ਅਤੇ ਇਨ੍ਹਾਂ ਜੀਵ-ਜੰਤੂਆਂ ਨੂੰ ਬਚਾਉਣ ਲਈ ਕੀ ਕਰ ਰਹੇ ਹਨ?
ਗਵਾਹਾਂ ਨੇ ਇਸ ਥਾਂ ਤੋਂ ਲੱਕੜੀਆਂ ਲੈ ਕੇ ਛੋਟੇ-ਛੋਟੇ ਬਕਸੇ ਬਣਾਏ ਤਾਂਕਿ ਚੂਹਿਆਂ ਵਰਗੇ ਦਿੱਸਦੇ ਜੀਵ-ਜੰਤੂ ਰਹਿ ਸਕਣ। ਇਨ੍ਹਾਂ ਬਕਸਿਆਂ ਨੂੰ ਉਸਾਰੀ ਵਾਲੀ ਥਾਂ ਤੋਂ ਦੂਰ ਰੱਖਿਆ ਗਿਆ ਹੈ। ਉਨ੍ਹਾਂ ਨੇ ਅੰਦਰ ਜਾਂਦੀ ਨਵੀਂ ਸੜਕ ʼਤੇ ਇਨ੍ਹਾਂ ਜੀਵ-ਜੰਤੂਆਂ ਵਾਸਤੇ ਇਕ ਪੁਲ ਬਣਾਇਆ ਤਾਂਕਿ ਉਹ ਦਰਖ਼ਤ ਅਤੇ ਖੇਤਾਂ ਦੀਆਂ ਵਾੜਾਂ ਆਪਸ ਵਿਚ ਜੁੜੀਆਂ ਰਹਿਣ ਜਿੱਥੇ ਇਹ ਜੀਵ-ਜੰਤੂ ਰਹਿੰਦੇ ਹਨ। ਨਾਲੇ ਗਵਾਹਾਂ ਨੇ ਇਨ੍ਹਾਂ ਵਾੜਾਂ ਦੀ ਸਾਂਭ-ਸੰਭਾਲ ਦਾ ਵੀ ਪ੍ਰਬੰਧ ਕੀਤਾ ਹੈ ਜਿਸ ਤੋਂ ਇਨ੍ਹਾਂ ਜੰਤੂਆਂ ਨੂੰ ਫ਼ਾਇਦਾ ਹੋਵੇ। ਹਰ ਸਾਲ ਸਰਦੀਆਂ ਵਿਚ ਇਨ੍ਹਾਂ ਵਾੜਾਂ ਦਾ ਕੁਝ ਹਿੱਸਾ ਹਟਾ ਦਿੱਤਾ ਜਾਂਦਾ ਹੈ। ਇਹ ਇਸ ਲਈ ਕੀਤਾ ਜਾਂਦਾ ਹੈ ਤਾਂਕਿ ਇਨ੍ਹਾਂ ਜੀਵ-ਜੰਤੂਆਂ ਨੂੰ ਘੱਟ ਪਰੇਸ਼ਾਨੀ ਹੋਵੇ, ਇਨ੍ਹਾਂ ਦੇ ਘਰ ਸੁਰੱਖਿਅਤ ਰਹਿਣ ਅਤੇ ਇਨ੍ਹਾਂ ਕੋਲ ਹਮੇਸ਼ਾ ਖਾਣ ਨੂੰ ਕੁਝ ਹੋਵੇ।
ਗਵਾਹ ਸੱਪਾਂ, ਕਿਰਲੀਆਂ ਅਤੇ ਬਿਨਾਂ ਹੱਥਾਂ-ਪੈਰਾਂ ਵਾਲੀਆਂ ਛੋਟੀਆਂ ਕਿਰਲੀਆਂ ਨੂੰ ਵੀ ਬਚਾਉਂਦੇ ਹਨ ਜਿਨ੍ਹਾਂ ਨੂੰ ਅੰਨ੍ਹੇ ਕੀੜੇ ਕਿਹਾ ਜਾਂਦਾ ਹੈ। ਵਾਤਾਵਰਣ-ਵਿਗਿਆਨੀਆਂ ਨੇ ਇਨ੍ਹਾਂ ਜੀਵ-ਜੰਤੂਆਂ ਨੂੰ ਛੱਤਾਂ ਬਣਾਉਣ ਵਾਲੀਆਂ ਟਾਈਲਾਂ ਦੇ ਥੱਲਿਓਂ ਚੁੱਕਿਆ ਜੋ ਥੋੜ੍ਹੇ ਸਮੇਂ ਲਈ ਉਨ੍ਹਾਂ ਦੇ ਰਹਿਣ ਵਾਸਤੇ ਰੱਖੀਆਂ ਗਈਆਂ ਸਨ। ਫਿਰ ਇਨ੍ਹਾਂ ਨੂੰ ਉਸਾਰੀ ਵਾਲੀ ਜਗ੍ਹਾ ਤੋਂ ਦੂਰ ਕਿਸੇ ਸੁਰੱਖਿਅਤ ਜਗ੍ਹਾ ʼਤੇ ਛੱਡ ਦਿੱਤਾ ਗਿਆ। ਇਸ ਨਵੀਂ ਜਗ੍ਹਾ ਤੇ ਇਨ੍ਹਾਂ ਜੀਵ-ਜੰਤੂਆਂ ਦੇ ਰਹਿਣ ਲਈ ਖੁੱਡਾਂ ਬਣਾਈਆਂ ਹਨ ਜਿੱਥੇ ਉਹ ਸਰਦੀਆਂ ਦੌਰਾਨ ਸੌਂ ਸਕਦੇ ਹਨ ਤੇ ਇਸ ਜਗ੍ਹਾ ਨੂੰ ਵਗਲ਼ਿਆ ਗਿਆ ਹੈ। ਗਵਾਹ ਬਾਕਾਇਦਾ ਇਸ ਵਗਲ਼ੀ ਹੋਈ ਥਾਂ ਨੂੰ ਦੇਖਣ ਜਾਂਦੇ ਹਨ ਕਿ ਜੀਵ-ਜੰਤੂ ਕਿਤੇ ਉਸਾਰੀ ਵਾਲੀ ਜਗ੍ਹਾ ਵਾਪਸ ਤਾਂ ਨਹੀਂ ਚਲੇ ਗਏ ਜਿੱਥੇ ਉਨ੍ਹਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਚਾਮਚੜਿੱਕਾਂ ਨੂੰ ਰਾਤ ਨੂੰ ਕੋਈ ਸਮੱਸਿਆ ਨਾ ਹੋਵੇ, ਇਸ ਕਰਕੇ ਉਸਾਰੀ ਵਾਲੀ ਜਗ੍ਹਾ ʼਤੇ ਖ਼ਾਸ ਲਾਈਟਾਂ (LED) ਲਾਈਆਂ ਹਨ ਤਾਂਕਿ ਰੌਸ਼ਨੀ ਦੂਰ ਤਕ ਨਾ ਪਹੁੰਚੇ। ਇਹ ਲਾਈਟਾਂ ਉਦੋਂ ਹੀ ਜਗਦੀਆਂ ਹਨ ਜਦੋਂ ਕੋਈ ਗੱਡੀ ਆਉਂਦੀ ਹੈ ਅਤੇ ਇਸ ਤਰ੍ਹਾਂ ਜਿੰਨਾ ਹੋ ਸਕੇ ਚਾਮਚੜਿੱਕਾਂ ਖ਼ਾਤਰ ਹਨੇਰਾ ਰੱਖਿਆ ਜਾਂਦਾ ਹੈ। ਚਾਮਚੜਿੱਕਾਂ ਉਸਾਰੀ ਵਾਲੀ ਜਗ੍ਹਾ ʼਤੇ ਰਾਤ ਨੂੰ ਵਾੜਾਂ ਵਿਚ ਖਾਣਾ ਲੱਭਦੀਆਂ ਹਨ, ਇਸ ਕਰਕੇ ਜ਼ਿਆਦਾਤਰ ਵਾੜਾਂ ਨੂੰ ਹਟਾਇਆ ਨਹੀਂ ਜਾਵੇਗਾ। ਨਾਲੇ ਢਾਈ ਕਿਲੋਮੀਟਰ (1.6 ਮੀਲ) ਦੀ ਦੂਰੀ ʼਤੇ ਹੋਰ ਵਾੜਾਂ ਲਾਈਆਂ ਜਾਣਗੀਆਂ। ਕੁਝ ਦਰਖ਼ਤਾਂ ਨੂੰ ਵੱਢਣਾ ਹੀ ਪੈਣਾ ਸੀ ਜਿਸ ਕਰਕੇ ਕਈ ਚਾਮਚੜਿੱਕਾਂ ਦੇ ਰਹਿਣ ਦੀਆਂ ਥਾਵਾਂ ਵੀ ਨਹੀਂ ਰਹੀਆਂ। ਇਸ ਲਈ ਕਾਮਿਆਂ ਨੇ ਚਾਮਚੜਿੱਕਾਂ ਦੇ ਰਹਿਣ ਲਈ ਬਕਸੇ ਬਣਾਏ।
ਗਵਾਹ ਕਈ ਸਾਲ ਪੁਰਾਣੇ ਦਰਖ਼ਤਾਂ ਨੂੰ ਨਹੀਂ ਵੱਢ ਰਹੇ ਤੇ ਉਹ ਉਸ ਜਗ੍ਹਾ ਉਸਾਰੀ ਨਹੀਂ ਕਰ ਰਹੇ ਜਿੱਥੇ ਦਰਖ਼ਤਾਂ ਦੀਆਂ ਜੜ੍ਹਾਂ ਹਨ ਜਾਂ ਜੜ੍ਹਾਂ ਵਧ ਰਹੀਆਂ ਹਨ। ਇਹ ਪੁਰਾਣੇ ਦਰਖ਼ਤ ਕਈ ਤਰ੍ਹਾਂ ਦੇ ਜਾਨਵਰਾਂ, ਚਾਮਚੜਿੱਕਾਂ ਅਤੇ ਹੋਰ ਪੰਛੀਆਂ ਦਾ ਬਸੇਰਾ ਹਨ। ਇਨ੍ਹਾਂ ਤਰੀਕਿਆਂ ਨਾਲ ਗਵਾਹਾਂ ਨੇ ਚੈਮਸਫੋਰਡ ਵਿਚ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣ ਦਾ ਪੱਕਾ ਇਰਾਦਾ ਕੀਤਾ ਹੈ।