Skip to content

ਗ੍ਰੀਨਲੈਂਡਿਕ ਭਾਸ਼ਾ ਦੇ ਪਹਿਰਾਬੁਰਜ ਨੇ ਖੱਟੀ ਟੀ.ਵੀ. ʼਤੇ ਵਾਹ-ਵਾਹੀ

ਗ੍ਰੀਨਲੈਂਡਿਕ ਭਾਸ਼ਾ ਦੇ ਪਹਿਰਾਬੁਰਜ ਨੇ ਖੱਟੀ ਟੀ.ਵੀ. ʼਤੇ ਵਾਹ-ਵਾਹੀ

ਜਨਵਰੀ 2013 ਤਕ ਗ੍ਰੀਨਲੈਂਡਿਕ ਭਾਸ਼ਾ ਵਿਚ ਪਹਿਰਾਬੁਰਜ ਮੈਗਜ਼ੀਨ ਨੂੰ ਛਪਦਿਆਂ 40 ਸਾਲ ਹੋ ਚੁੱਕੇ ਸਨ। ਗ੍ਰੀਨਲੈਂਡਿਕ ਐਸਕੀਮੋ ਲੋਕਾਂ ਦੀ ਭਾਸ਼ਾ ਹੈ ਅਤੇ ਸਿਰਫ਼ 57,000 ਲੋਕ ਇਸ ਨੂੰ ਬੋਲਦੇ ਹਨ।

ਗ੍ਰੀਨਲੈਂਡ ਵਿਚ ਤਕਰੀਬਨ 150 ਯਹੋਵਾਹ ਦੇ ਗਵਾਹ ਹਨ, ਪਰ ਗ੍ਰੀਨਲੈਂਡਿਕ ਭਾਸ਼ਾ ਵਿਚ ਪਹਿਰਾਬੁਰਜ ਦੀਆਂ 2,300 ਕਾਪੀਆਂ ਵੰਡੀਆਂ ਜਾਂਦੀਆਂ ਹਨ। ਇਸ ਦਾ ਮਤਲਬ ਇਹ ਹੋਇਆ ਕਿ ਇਸ ਦੇ ਪੜ੍ਹਨ ਵਾਲਿਆਂ ਵਿੱਚੋਂ ਜ਼ਿਆਦਾਤਰ ਲੋਕ ਯਹੋਵਾਹ ਦੇ ਗਵਾਹ ਨਹੀਂ ਹਨ।

ਨੂਕ ਕਸਬੇ ਵਿਚ ਟ੍ਰਾਂਸਲੇਸ਼ਨ ਆਫ਼ਿਸ ਦੇ ਓਵਸੀਅਰ ਨੇ ਇਕ ਟੀ.ਵੀ. ਇੰਟਰਵਿਊ ਵਿਚ ਕਿਹਾ: “ਗ੍ਰੀਨਲੈਂਡ ਦੇ ਕਈ ਲੋਕਾਂ ਨੂੰ ਬਾਈਬਲ ਵਿਚ ਬੜੀ ਦਿਲਚਸਪੀ ਹੈ ਅਤੇ ਇਸੇ ਕਾਰਨ ਉਹ [ਪਹਿਰਾਬੁਰਜ] ਮੈਗਜ਼ੀਨ ਪੜ੍ਹਦੇ ਹਨ।”

ਜਦ ਇੰਟਰਵਿਊ ਲੈਣ ਵਾਲੇ ਨੇ ਗ੍ਰੀਨਲੈਂਡਿਕ ਬੋਲਦੇ ਅਨੁਵਾਦਕ ਨੂੰ ਇਹ ਪੁੱਛਿਆ ਕਿ ਉਸ ਨੂੰ ਮੈਗਜ਼ੀਨ ਕਿਉਂ ਪਸੰਦ ਹੈ, ਤਾਂ ਉਸ ਨੇ ਜਵਾਬ ਦਿੱਤਾ: “ਇਹ ਮੈਗਜ਼ੀਨ ਪੜ੍ਹ ਕੇ ਮੈਨੂੰ ਖ਼ੁਦ ਬਹੁਤ ਫ਼ਾਇਦਾ ਹੋਇਆ ਹੈ। ਮਿਸਾਲ ਲਈ, ਮੈਂ ਜਾਣਿਆ ਹੈ ਕਿ ਸਿਹਤਮੰਦ ਜ਼ਿੰਦਗੀ ਕਿੱਦਾਂ ਜੀ ਸਕਦੀ ਹਾਂ। ਮੈਂ ਪਹਿਲਾਂ ਬਹੁਤ ਸਿਗਰਟਾਂ ਪੀਂਦੀ ਹੁੰਦੀ ਸੀ ਹਾਲਾਂਕਿ ਮੈਨੂੰ ਪਤਾ ਸੀ ਕਿ ਇਸ ਨਾਲ ਮੇਰੀ ਸਿਹਤ ਵਿਗੜ ਸਕਦੀ ਸੀ। ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਜੇ ਅਸੀਂ ਸਿਹਤਮੰਦ ਰਹਿਣਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਆਪਣੇ ਸਰੀਰ ਨੂੰ ਸਾਫ਼-ਸੁਥਰਾ ਰੱਖੀਏ।”

ਇਸ ਟੀ.ਵੀ. ਪ੍ਰੋਗ੍ਰਾਮ ਵਿਚ ਇਹ ਵੀ ਦੱਸਿਆ ਗਿਆ ਕਿ ਯਹੋਵਾਹ ਦੇ ਗਵਾਹ ਲਗਭਗ 1955 ਤੋਂ ਗ੍ਰੀਨਲੈਂਡ ਵਿਚ ਕੰਮ ਕਰਦੇ ਆਏ ਹਨ। ਉਨ੍ਹਾਂ ਨੇ ਗ੍ਰੀਨਲੈਂਡਿਕ ਭਾਸ਼ਾ ਵਿਚ ਕਿਤਾਬਾਂ ਅਤੇ ਬਰੋਸ਼ਰ ਛਾਪੇ ਹਨ। ਟ੍ਰਾਂਸਲੇਸ਼ਨ ਦਾ ਕੰਮ ਡੈਨਿਸ਼ ਅਤੇ ਗ੍ਰੀਨਲੈਂਡਿਕ ਭਾਸ਼ਾਵਾਂ ਦੇ ਵਲੰਟੀਅਰਾਂ ਦੁਆਰਾ ਕੀਤਾ ਜਾਂਦਾ ਹੈ। ਉਨ੍ਹਾਂ ਦਾ ਹਮੇਸ਼ਾ ਟੀਚਾ ਰਿਹਾ ਹੈ ਕਿ ਗ੍ਰੀਨਲੈਂਡਿਕ ਭਾਸ਼ਾ ਦਾ ਅਨੁਵਾਦ ਸਹੀ-ਸਹੀ ਅਤੇ ਲੋਕਾਂ ਦੀ ਆਮ ਬੋਲੀ ਵਿਚ ਕੀਤਾ ਜਾਵੇ।

ਗ੍ਰੀਨਲੈਂਡ ਵਿਚ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਇਕ ਗਵਾਹ ਨੇ ਕਿਹਾ: “ਮੈਂ 25 ਸਾਲਾਂ ਤੋਂ ਗ੍ਰੀਨਲੈਂਡ ਦੇ ਲੋਕਾਂ ਨੂੰ ਗਵਾਹੀ ਦੇਣ ਦਾ ਕੰਮ ਕਰ ਰਿਹਾ ਹਾਂ ਅਤੇ ਮੈਂ ਦੇਖਿਆ ਹੈ ਕਿ ਇਸ ਭਾਸ਼ਾ ਦੇ ਪ੍ਰਕਾਸ਼ਨ ਬਹੁਤ ਫ਼ਾਇਦੇਮੰਦ ਰਹੇ ਹਨ। ਦੂਰ-ਦੂਰ ਦੇ ਕੁਝ ਇੱਦਾਂ ਦੇ ਇਲਾਕੇ ਹਨ ਜਿੱਥੇ ਸਿਰਫ਼ ਕਿਸ਼ਤੀ ਰਾਹੀਂ ਹੀ ਜਾਇਆ ਜਾ ਸਕਦਾ ਹੈ, ਉਹ ਵੀ ਸਾਲ ਦੇ ਕੁਝ ਮਹੀਨੇ। ਉੱਥੇ ਦੇ ਲੋਕਾਂ ਨੂੰ ਸਾਡੇ ਮੈਗਜ਼ੀਨ ਪੜ੍ਹਨੇ ਬਹੁਤ ਪਸੰਦ ਹਨ। ਜਦ ਅਸੀਂ ਕਦੇ-ਕਦਾਈਂ ਉੱਥੇ ਨਹੀਂ ਜਾ ਪਾਉਂਦੇ, ਤਾਂ ਵੀ ਅਸੀਂ ਉਨ੍ਹਾਂ ਨੂੰ ਲਗਾਤਾਰ ਚਿੱਠੀਆਂ ਅਤੇ ਪ੍ਰਕਾਸ਼ਨ ਭੇਜਦੇ ਰਹਿੰਦੇ ਹਾਂ।

ਜਨਵਰੀ 2013 ਤੋਂ ਗ੍ਰੀਨਲੈਂਡਿਕ ਭਾਸ਼ਾ ਵਿਚ ਪਹਿਰਾਬੁਰਜ ਦਾ ਸਟੱਡੀ ਅਤੇ ਪਬਲਿਕ ਐਡੀਸ਼ਨ ਛਪ ਰਿਹਾ ਹੈ। ਇਨ੍ਹਾਂ ਨੂੰ jw.org ʼਤੇ ਪੜ੍ਹਨ ਜਾਂ ਡਾਊਨਲੋਡ ਕਰਨ ਲਈ ਗ੍ਰੀਨਲੈਂਡਿਕ ਭਾਸ਼ਾ ਚੁਣੋ, ਫਿਰ “ਲੱਭੋ” ਤੇ ਕਲਿੱਕ ਕਰ ਕੇ “ਕਿਤਾਬਾਂ ਅਤੇ ਮੈਗਜ਼ੀਨ” ਹੇਠਾਂ ਦੇਖੋ।