ਕੈਨੇਡਾ ਦੇ ਆਦਿਵਾਸੀ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣੀ
ਕੈਨੇਡਾ ਵਿਚ 60 ਤੋਂ ਜ਼ਿਆਦਾ ਦੇਸੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਤਕਰੀਬਨ 2,13,000 ਲੋਕ ਕਹਿੰਦੇ ਹਨ ਕਿ ਇਨ੍ਹਾਂ 60 ਭਾਸ਼ਾਵਾਂ ਵਿੱਚੋਂ ਇਕ ਉਨ੍ਹਾਂ ਦੀ ਮਾਂ-ਬੋਲੀ ਹੈ।
ਆਦਿਵਾਸੀ ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਨੇ ਇਨ੍ਹਾਂ ਵਿੱਚੋਂ ਕੋਈ ਨਾ ਕੋਈ ਭਾਸ਼ਾ ਸਿੱਖੀ ਹੈ। 2015 ਦੇ ਅਖ਼ੀਰ ਤਕ ਗਵਾਹਾਂ ਦੁਆਰਾ ਚਲਾਈਆਂ ਗਈਆਂ ਆਦਿਵਾਸੀ ਭਾਸ਼ਾਵਾਂ ਦੀਆਂ ਕਲਾਸਾਂ ਵਿਚ 250 ਤੋਂ ਜ਼ਿਆਦਾ ਜਣਿਆਂ ਨੇ ਇਹ ਭਾਸ਼ਾਵਾਂ ਸਿੱਖੀਆਂ ਹਨ।
ਇਸ ਦੇ ਨਾਲ-ਨਾਲ, ਯਹੋਵਾਹ ਦੇ ਗਵਾਹਾਂ ਨੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ, ਜਿਨ੍ਹਾਂ ਵਿਚ ਕੁਝ ਛੋਟੇ-ਛੋਟੇ ਵੀਡੀਓ ਵੀ ਹਨ, ਨੂੰ ਕੈਨੇਡਾ ਦੀਆਂ 8 ਦੇਸੀ ਭਾਸ਼ਾਵਾਂ ਵਿਚ ਅਨੁਵਾਦ ਕੀਤਾ। ਇਹ ਭਾਸ਼ਾਵਾਂ ਹਨ: ਐਲਗੋਂਕਵਿਨ, ਬਲੈਕਫੁੱਟ, ਪਲੇਨਸ ਕ੍ਰੀ, ਪੱਛਮੀ ਸਵੌਂਪੀ ਕ੍ਰੀ, ਇਨੂਕਟਿਟੂਟ, ਮੋਹੌਕ, ਓਡਾਵਾ ਅਤੇ ਉੱਤਰੀ ਓਜੀਬਵਾ। a
ਜਿਨ੍ਹਾਂ ਨੇ ਵੀ ਕੋਈ ਦੇਸੀ ਭਾਸ਼ਾ ਸਿੱਖੀ ਹੈ, ਉਹ ਇਹ ਗੱਲ ਮੰਨਦੇ ਹਨ ਕਿ ਭਾਸ਼ਾ ਸਿੱਖਣੀ ਇੰਨੀ ਆਸਾਨ ਨਹੀਂ। ਕਾਰਮਾ ਕਹਿੰਦੀ ਹੈ: “ਜਦੋਂ ਮੈਂ ਬਲੈਕਫੁੱਟ ਭਾਸ਼ਾ ਦੀ ਅਨੁਵਾਦ ਟੀਮ ਨਾਲ ਕੰਮ ਕਰਨਾ ਸ਼ੁਰੂ ਕੀਤਾ, ਤਾਂ ਮੈਨੂੰ ਇੱਦਾਂ ਲੱਗਾ ਜਿਵੇਂ ਮੈਂ ਅੱਖਾਂ ਬੰਦ ਕਰ ਕੇ ਕੰਮ ਕਰ ਰਹੀ ਹੋਵਾਂ। ਮੈਨੂੰ ਇਹ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ। ਮੈਂ ਨਾ ਤਾਂ ਬਲੈਕਫੁੱਟ ਭਾਸ਼ਾ ਪੜ੍ਹ ਸਕਦੀ ਸੀ ਤੇ ਨਾ ਹੀ ਭਾਸ਼ਾ ਦੀ ਕਿਸੇ ਧੁਨੀ ਨੂੰ ਪਛਾਣ ਸਕਦੀ ਸੀ।”
ਪੱਛਮੀ ਸਵੌਂਪੀ ਕ੍ਰੀ ਭਾਸ਼ਾ ਦੀ ਅਨੁਵਾਦ ਟੀਮ ਨਾਲ ਕੰਮ ਕਰਨ ਵਾਲਾ ਟੇਰੰਸ ਦੱਸਦਾ ਹੈ: “ਬਹੁਤ ਸਾਰੇ ਸ਼ਬਦ ਲੰਬੇ-ਲੰਬੇ ਹਨ ਜਿਨ੍ਹਾਂ ਦਾ ਉਚਾਰਣ ਔਖਾ ਹੈ।” ਆਂਟੇਰੀਓ ਦੇ ਮਨੈਟੁਲਿਨ ਟਾਪੂ ʼਤੇ ਪੂਰਾ ਸਮਾਂ ਪ੍ਰਚਾਰ ਕਰਨ ਵਾਲਾ ਡਾਨੀਏਲ ਕਹਿੰਦਾ ਹੈ: “ਇਨ੍ਹਾਂ ਭਾਸ਼ਾਵਾਂ ਵਿਚ ਸ਼ਬਦ-ਕੋਸ਼ ਤੇ ਵਿਆਕਰਣ ਦੀਆਂ ਕਿਤਾਬਾਂ ਬਹੁਤ ਹੀ ਘੱਟ ਹਨ। ਇਨ੍ਹਾਂ ਭਾਸ਼ਾਵਾਂ ਨੂੰ ਸਿੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਕਿਸੇ ਬਜ਼ੁਰਗ ਆਦਮੀ ਜਾਂ ਔਰਤ ਨੂੰ ਲੱਭੋ ਜਿਸ ਨੂੰ ਚੰਗੀ ਤਰ੍ਹਾਂ ਭਾਸ਼ਾ ਆਉਂਦੀ ਹੈ।”
ਕੀ ਇੰਨੀ ਮਿਹਨਤ ਕਰਨ ਦਾ ਕੋਈ ਫ਼ਾਇਦਾ ਹੁੰਦਾ ਹੈ? ਓਜੀਬਵਾ ਭਾਸ਼ਾ ਬੋਲਣ ਵਾਲੀ ਇਕ ਔਰਤ ਕਹਿੰਦੀ ਹੈ ਕਿ ਯਹੋਵਾਹ ਦੇ ਗਵਾਹ ਜੋ ਕੋਸ਼ਿਸ਼ਾਂ ਕਰਦੇ ਹਨ, ਉਨ੍ਹਾਂ ਕਰਕੇ ਉਹ ਬਾਕੀ ਧਰਮਾਂ ਤੋਂ ਅਲੱਗ ਹਨ। ਉਹ ਦੱਸਦੀ ਹੈ ਕਿ ਲੋਕਾਂ ਦੇ ਘਰਾਂ ਵਿਚ ਜਾ ਕੇ ਅਤੇ ਓਜੀਬਵਾ ਭਾਸ਼ਾ ਵਿਚ ਹਵਾਲੇ ਪੜ੍ਹ ਕੇ ਗਵਾਹ, ਲੋਕਾਂ ਲਈ ਬਾਈਬਲ ਵਿੱਚੋਂ ਚਰਚਾ ਕਰਨੀ ਸੌਖੀ ਬਣਾ ਦਿੰਦੇ ਹਨ।
ਬਲੱਡ ਟਰਾਈਬ ਰਿਜ਼ਰਵ, ਅਲਬਰਟਾ ਵਿਚ ਵੱਡੇ ਹੋਏ ਬਰਟ ਨਾਂ ਦੇ ਇਕ ਅਨੁਵਾਦਕ ਨੇ ਕਿਹਾ: “ਮੈਂ ਬਲੈਕਫੁੱਟ ਭਾਸ਼ਾ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਛਾਤੀ ਨਾਲ ਪ੍ਰਕਾਸ਼ਨਾਂ ਨੂੰ ਲਾਈ ਇਹ ਕਹਿੰਦੇ ਹੋਏ ਸੁਣਿਆ, ‘ਇਹ ਮੇਰੀ ਭਾਸ਼ਾ ਹੈ। ਇਹ ਮੇਰੇ ਲਈ ਹੈ!’ ਮੈਂ ਅਕਸਰ ਦੇਖਦਾ ਹਾਂ ਕਿ ਜਦੋਂ ਉਹ ਆਪਣੀ ਭਾਸ਼ਾ ਵਿਚ ਕੋਈ ਵੀਡੀਓ ਦੇਖਦੇ ਹਨ, ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ।”
ਕ੍ਰੀ ਭਾਸ਼ਾ ਬੋਲਣ ਵਾਲੀ ਇਕ ਔਰਤ ਆਪਣੀ ਮਾਂ-ਬੋਲੀ ਵਿਚ ਬਾਈਬਲ ਕਿਉਂ ਪੜ੍ਹੀਏ? ਵੀਡੀਓ ਲਈ ਦਿਲੋਂ ਸ਼ੁਕਰਗੁਜ਼ਾਰ ਹੈ। ਉਹ ਕਹਿੰਦੀ ਹੈ ਕਿ ਉਸ ਨੂੰ ਇੱਦਾਂ ਲੱਗਦਾ ਹੈ ਜਿਵੇਂ ਉਸ ਦੀ ਮਾਂ ਉਸ ਨਾਲ ਗੱਲਾਂ ਕਰ ਰਹੀ ਹੋਵੇ।
ਦੂਰ-ਦੁਰਾਡੀਆਂ ਥਾਵਾਂ ਤੇ ਜੀ ਜਾਨ ਲਾ ਕੇ ਪ੍ਰਚਾਰ ਕਰਨਾ
ਬਹੁਤ ਸਾਰੇ ਗਵਾਹਾਂ ਨੇ ਆਦਿਵਾਸੀ ਲੋਕਾਂ ਨਾਲ ਬਾਈਬਲ ਦਾ ਦਿਲਾਸੇ ਭਰਿਆ ਸੰਦੇਸ਼ ਸਾਂਝਾ ਕਰਨ ਲਈ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਹਨ। ਟੇਰੰਸ ਅਤੇ ਉਸ ਦੀ ਪਤਨੀ ਓਰਲੀਨ ਨੇ ਵੀ ਇਸ ਤਰ੍ਹਾਂ ਕੀਤਾ। ਉਹ ਦੱਸਦੇ ਹਨ: “ਅਸੀਂ ਕਈ ਜਣੇ ਮਿਲ ਕੇ ਬਰਫ਼ ਨਾਲ ਢਕੀ ਸੜਕ ʼਤੇ 12 ਘੰਟੇ ਸਫ਼ਰ ਕਰ ਕੇ ਲਿਟਲ ਗ੍ਰੈਂਡ ਰੈਪਿਡਸ ਨਾਂ ਦੀ ਜਗ੍ਹਾ ʼਤੇ ਪ੍ਰਚਾਰ ਕਰਨ ਗਏ। ਉੱਥੇ ਜਾਣ ਨਾਲ ਬਹੁਤ ਵਧੀਆ ਨਤੀਜੇ ਨਿਕਲੇ!”
ਕਈ ਆਪਣੇ ਘਰ ਦੇ ਐਸ਼ੋ-ਆਰਾਮ ਛੱਡ ਕੇ ਇਨ੍ਹਾਂ ਕਬੀਲਿਆਂ ਦੇ ਨੇੜੇ ਜਾ ਕੇ ਰਹਿਣ ਲੱਗ ਪਏ। ਮਨੈਟੁਲਿਨ ਟਾਪੂ ʼਤੇ ਪ੍ਰਚਾਰ ਦੀ ਤਿੰਨ ਮਹੀਨਿਆਂ ਦੀ ਮੁਹਿੰਮ ਦਾ ਮਜ਼ਾ ਲੈਣ ਤੋਂ ਬਾਅਦ ਡਾਨੀਏਲ ਅਤੇ ਉਸ ਦੀ ਪਤਨੀ ਲਿਆਨ ਨੇ ਉੱਥੇ ਜਾ ਕੇ ਰਹਿਣ ਦਾ ਫ਼ੈਸਲਾ ਕੀਤਾ। ਡਾਨੀਏਲ ਦੱਸਦਾ ਹੈ: “ਹੁਣ ਸਾਡੇ ਕੋਲ ਆਪਣਾ ਭਰੋਸਾ ਪੱਕਾ ਕਰਨ ਅਤੇ ਲੋਕਾਂ ਅੰਦਰ ਸੱਚਾਈ ਲਈ ਦਿਲਚਸਪੀ ਜਗਾਉਣ ਦਾ ਹੋਰ ਵੀ ਸਮਾਂ ਹੈ।”
“ਮੈਂ ਉਨ੍ਹਾਂ ਨੂੰ ਦਿਲੋਂ ਪਿਆਰ ਕਰਦਾ ਹਾਂ”
ਯਹੋਵਾਹ ਦੇ ਗਵਾਹ ਆਦਿਵਾਸੀ ਲੋਕਾਂ ਤਕ ਖ਼ੁਸ਼ ਖ਼ਬਰ ਪਹੁੰਚਾਉਣ ਲਈ ਇੰਨੀ ਮਿਹਨਤ ਕਿਉਂ ਕਰ ਰਹੇ ਹਨ? ਬਰਟ ਦੀ ਪਤਨੀ ਰੋਜ਼ ਦੱਸਦੀ ਹੈ: “ਮੈਂ ਖ਼ੁਦ ਵੀ ਆਦਿਵਾਸੀ ਪਰਿਵਾਰ ਤੋਂ ਹਾਂ ਅਤੇ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਮੈਨੂੰ ਬਹੁਤ ਫ਼ਾਇਦਾ ਹੋਇਆ ਹੈ, ਇਸ ਲਈ ਮੈਂ ਦੂਜਿਆਂ ਦੀ ਮਦਦ ਕਰਨੀ ਚਾਹੁੰਦੀ ਹਾਂ।”
ਓਰਲੀਨ ਕਹਿੰਦੀ ਹੈ: “ਮੈਂ ਚਾਹੁੰਦੀ ਹਾਂ ਕਿ ਕ੍ਰੀ ਲੋਕਾਂ ਨੂੰ ਸਾਡੇ ਸਰਿਸ਼ਟੀਕਰਤਾ ਦੀ ਸੇਧ ਅਨੁਸਾਰ ਚੱਲਣ ਦਾ ਮੌਕਾ ਮਿਲੇ। ਇਹ ਬਹੁਤ ਵੱਡਾ ਸਨਮਾਨ ਹੈ ਕਿ ਮੈਂ ਲੋਕਾਂ ਦੀ ਯਹੋਵਾਹ ਦੇ ਨੇੜੇ ਆਉਣ ਵਿਚ ਅਤੇ ਰੋਜ਼ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰ ਰਹੀ ਹਾਂ।”
ਮਾਰਕ ਬਲੈਕਫੁੱਟ ਅਨੁਵਾਦ ਟੀਮ ਨਾਲ ਕੰਮ ਕਰਦਾ ਹੈ। ਉਹ ਆਪਣੀ ਬਰਾਦਰੀ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਕਿਉਂ ਸੁਣਾਉਣੀ ਚਾਹੁੰਦਾ ਹੈ? ਉਹ ਕਹਿੰਦਾ ਹੈ: “ਮੈਂ ਉਨ੍ਹਾਂ ਨੂੰ ਦਿਲੋਂ ਪਿਆਰ ਕਰਦਾ ਹਾਂ।”
a ਅਮਰੀਕਾ ਦੇ ਆਦਿਵਾਸੀ ਲੋਕ ਵੀ ਇਨ੍ਹਾਂ ਵਿੱਚੋਂ ਕੁਝ ਭਾਸ਼ਾਵਾਂ ਬੋਲਦੇ ਹਨ।