ਹੜ੍ਹ ਦੌਰਾਨ ਖ਼ੁਸ਼ ਖ਼ਬਰੀ
2017 ਦੀ ਗੱਲ ਹੈ ਕਿ ਕੁਝ ਭੈਣਾਂ-ਭਰਾਵਾਂ ਨੇ ਸਮੁੰਦਰੀ ਕਿਨਾਰੇ ʼਤੇ ਵੱਸੇ ਨਿਕਾਰਾਗੁਆ ਦੇ ਮਿਸਕੀਟੋ ਇਲਾਕੇ ਤੋਂ ਕਿਸ਼ਤੀ ਰਾਹੀਂ ਆਪਣਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਦੀ ਕਿਸ਼ਤੀ ਦਾ ਨਾਂ ਸੱਟੂਰੀ ਯਾਮਨੀ ਸੀ। ਕਿਸ਼ਤੀ ਚਲਾਉਣ ਵਾਲੇ ਭਰਾਵਾਂ ਵਿੱਚੋਂ ਇਕ ਭਰਾ ਸਟੀਵਨ ਯਾਦ ਕਰਦਾ ਹੈ: “ਅਸੀਂ ਦੂਰ-ਦੁਰਾਡੇ ਰਹਿੰਦੇ ਗਵਾਹਾਂ ਨੂੰ ਹੱਲਾਸ਼ੇਰੀ ਦੇਣੀ ਚਾਹੁੰਦੇ ਸੀ ਤੇ ਜ਼ਿਆਦਾ ਤੋਂ ਜ਼ਿਆਦਾ ਇਲਾਕੇ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਸੀ।”
12 ਗਵਾਹ ਪਰਲ ਲਗੂਨ ਤੋਂ 200 ਕਿਲੋਮੀਟਰ (125 ਮੀਲ) ਦਾ ਸਫ਼ਰ ਕਰ ਕੇ ਰੀਓ ਗਰਾਂਡੇ ਡੇ ਮਾਟੇਗਲਪਾ ਪਹੁੰਚੇ। ਗਵਾਹਾਂ ਨੂੰ ਪਤਾ ਨਹੀਂ ਸੀ ਕਿ ਮਿਸਕੀਟੋ ਭਾਸ਼ਾ ਵਿਚ ਉਨ੍ਹਾਂ ਦੀ ਕਿਸ਼ਤੀ ਦੇ ਨਾਂ ਦਾ ਮਤਲਬ ‘ਖ਼ੁਸ਼ ਖ਼ਬਰੀ’ ਸੀ ਅਤੇ ਨਦੀ ਕਿਨਾਰੇ ਰਹਿੰਦੇ ਲੋਕਾਂ ਲਈ ਇਹ ਨਾਂ ਬਹੁਤ ਅਹਿਮ ਹੋਣ ਵਾਲਾ ਸੀ। ਬਿਨਾਂ ਰੁਕੇ 12 ਘੰਟਿਆਂ ਦਾ ਸਫ਼ਰ ਕਰ ਕੇ ਗਵਾਹ ਲਾ ਕਰੂਜ਼ ਡੇ ਰੀਓ ਗਰਾਂਡੇ ਦੇ ਇਲਾਕੇ ਵਿਚ ਪਹੁੰਚੇ। ਉੱਥੇ ਦੇ ਛੇ ਭੈਣਾਂ-ਭਰਾਵਾਂ ਨੇ ਇਨ੍ਹਾਂ ਗਵਾਹਾਂ ਦਾ ਸੁਆਗਤ ਕੀਤਾ।
ਉਸੇ ਰਾਤ ਇਕ ਭਿਆਨਕ ਘਟਨਾ ਵਾਪਰੀ। ਰਾਤ ਨੂੰ ਰੀਓ ਗਰਾਂਡੇ ਡੇ ਮਾਟੇਗਲਪਾ ਵਿਚ ਬਹੁਤ ਤੇਜ਼ ਤੂਫ਼ਾਨ ਤੇ ਮੀਂਹ ਆਇਆ। ਕੁਝ ਹੀ ਘੰਟਿਆਂ ਵਿਚ ਨਦੀ ਵਿਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਅਤੇ ਲਗਾਤਾਰ ਦੋ ਦਿਨ ਤਕ ਨਦੀ ਦਾ ਪਾਣੀ ਵਧਦਾ ਹੀ ਗਿਆ। ਇਸ ਕਰਕੇ ਲਾ ਕਰੂਜ਼ ਵਿਚ ਹੜ੍ਹ ਆ ਗਿਆ ਅਤੇ ਉੱਥੋਂ ਦੇ ਕਿੰਗਡਮ ਹਾਲ ਵਿਚ ਅਤੇ ਬਹੁਤ ਸਾਰੇ ਘਰਾਂ ਵਿਚ ਪਾਣੀ ਭਰ ਗਿਆ। ਜਿਹੜੇ ਗਵਾਹ ਸਫ਼ਰ ਕਰ ਕੇ ਇੱਥੇ ਆਏ ਸਨ, ਉਨ੍ਹਾਂ ਨੇ ਇੱਥੋਂ ਦੇ ਭੈਣਾਂ-ਭਰਾਵਾਂ ਦੀ ਉਨ੍ਹਾਂ ਦੇ ਘਰਾਂ ਵਿੱਚੋਂ ਬਾਹਰ ਨਿਕਲਣ ਵਿਚ ਮਦਦ ਕੀਤੀ। ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਅਗਲੀਆਂ ਦੋ ਰਾਤਾਂ ਦੋ ਮੰਜ਼ਲੀ ਇਮਾਰਤ ਵਿਚ ਹੀ ਗੁਜ਼ਾਰੀਆਂ, ਜੋ ਯਹੋਵਾਹ ਦੇ ਗਵਾਹਾਂ ਦੀ ਸੀ।
ਤੀਜੀ ਰਾਤ ਨੂੰ ਲਾ ਕਰੂਜ਼ ਦਾ ਮੇਅਰ ਯਹੋਵਾਹ ਦੇ ਗਵਾਹਾਂ ਨੂੰ ਮਿਲਣ ਲਈ ਉੱਥੇ ਆਇਆ ਅਤੇ ਉਨ੍ਹਾਂ ਤੋਂ ਮਦਦ ਮੰਗੀ। ਸੱਟੂਰੀ ਯਾਮਨੀ ਹੀ ਇਕ ਅਜਿਹੀ ਕਿਸ਼ਤੀ ਸੀ ਜੋ ਇਸ ਹੜ੍ਹ ਵਿਚ ਚਲਾਈ ਜਾ ਸਕਦੀ ਸੀ। ਉੱਥੋਂ ਦਾ ਮੇਅਰ ਚਾਹੁੰਦਾ ਸੀ ਕਿ ਕਿਸ਼ਤੀ ਨੂੰ ਚਲਾਉਣ ਵਾਲੇ ਭਰਾ ਰਾਹਤ ਕਾਮਿਆਂ ਨੂੰ ਆਪਣੀ ਕਿਸ਼ਤੀ ਰਾਹੀਂ ਨੀਵੇਂ ਇਲਾਕਿਆਂ ਤਕ ਪਹੁੰਚਾਉਣ ਤਾਂਕਿ ਉੱਥੋਂ ਦੇ ਲੋਕਾਂ ਦੀ ਮਦਦ ਕੀਤੀ ਜਾ ਸਕੇ। ਗਵਾਹਾਂ ਨੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਮਦਦ ਕੀਤੀ।
ਅਗਲੀ ਸਵੇਰ ਤਿੰਨ ਗਵਾਹ ਰਾਹਤ ਕਾਮਿਆਂ ਨਾਲ ਮਦਦ ਕਰਨ ਲਈ ਗਏ। ਸਟੀਵਨ ਦੱਸਦਾ ਹੈ: “ਨਦੀ ਦਾ ਪਾਣੀ ਇੰਨਾ ਤੇਜ਼ ਸੀ ਕਿ ਵੱਡੇ-ਵੱਡੇ ਦਰਖ਼ਤ ਵੀ ਜੜ੍ਹੋਂ ਉੱਖੜ ਕੇ ਪਾਣੀ ʼਤੇ ਤਰ ਰਹੇ ਸਨ। ਪਾਣੀ ਵਿਚ ਬਹੁਤ ਵੱਡੇ-ਵੱਡੇ ਚੱਕਰਵਾਤ ਬਣ ਰਹੇ ਸਨ ਅਤੇ ਨਦੀ ਦਾ ਪਾਣੀ 18 ਕਿਲੋਮੀਟਰ [11 ਮੀਲ] ਪ੍ਰਤੀ ਘੰਟੇ ਦੀ ਰਫ਼ਤਾਰ ਨਾਲੋਂ ਵੀ ਜ਼ਿਆਦਾ ਤੇਜ਼ ਵਹਿ ਰਿਹਾ ਸੀ।” ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਉਹ ਕਿਸ਼ਤੀ ਰਾਹੀਂ ਤਿੰਨ ਪਿੰਡਾਂ ਵਿਚ ਪਹੁੰਚ ਸਕੇ।
ਇਸ ਮੌਕੇ ਤੇ ਇਨ੍ਹਾਂ ਤਿੰਨਾਂ ਗਵਾਹਾਂ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਬਹੁਤ ਦਿਲਾਸਾ ਦਿੱਤਾ। ਗਵਾਹਾਂ ਨੇ ਉਨ੍ਹਾਂ ਨੂੰ ਸਾਲ 2017 ਦੇ ਜਾਗਰੂਕ ਬਣੋ! ਰਸਾਲੇ ਵੀ ਵੰਡੇ। ਇਸ ਰਸਾਲੇ ਦਾ ਵਿਸ਼ਾ ਸੀ, “ਕੁਦਰਤੀ ਆਫ਼ਤ ਆਉਣ ʼਤੇ ਕੁਝ ਕਦਮ ਚੁੱਕੋ ਤੇ ਜਾਨ ਬਚਾਓ।”
ਭਰਾਵਾਂ ਨੇ ਨਦੀ ਕਿਨਾਰੇ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਦੀ ਜੋ ਮਦਦ ਕੀਤੀ ਅਤੇ ਉਨ੍ਹਾਂ ਨੂੰ ਬਾਈਬਲ ਵਿੱਚੋਂ ਜੋ ਦਿਲਾਸਾ ਦਿੱਤਾ, ਉਸ ਲਈ ਪਿੰਡ ਦੇ ਲੋਕ ਬਹੁਤ ਸ਼ੁਕਰਗੁਜ਼ਾਰ ਸਨ। ਪਿੰਡ ਦੇ ਕੁਝ ਲੋਕਾਂ ਨੇ ਕਿਹਾ: “[ਗਵਾਹਾਂ] ਨੇ ਇਸ ਔਖੀ ਘੜੀ ਵਿਚ ਉਨ੍ਹਾਂ ਦੀ ਖ਼ੁਸ਼ੀ-ਖ਼ੁਸ਼ੀ ਮਦਦ ਕੀਤੀ। ਸੱਚ-ਮੁੱਚ ਉਹ ਆਪਣੇ ਗੁਆਂਢੀ ਨੂੰ ਦਿਲੋਂ ਪਿਆਰ ਕਰਦੇ ਹਨ।” ਜਦੋਂ ਪਿੰਡ ਦੇ ਲੋਕਾਂ ਨੇ ਦੇਖਿਆਂ ਕਿ ਗਵਾਹ ਨੇ ਕਿੰਨੇ ਜਤਨ ਕਰ ਕੇ ਆਪਣੇ ਭੈਣਾਂ-ਭਰਾਵਾਂ ਅਤੇ ਹੋਰ ਲੋਕਾਂ ਦੀ ਮਦਦ ਕੀਤੀ, ਤਾਂ ਪਿੰਡ ਦੇ ਲੋਕ ਹੋਰ ਵੀ ਜ਼ਿਆਦਾ ਬਾਈਬਲ ਦਾ ਸੰਦੇਸ਼ ਸੁਣਨ ਲਈ ਤਿਆਰ ਹੋ ਗਏ।
ਕਿਸ਼ਤੀ ਚਲਾਉਣ ਵਾਲਾ ਇਕ ਭਰਾ ਮਾਰਕੋ ਕਿਸ਼ਤੀ ਸੱਟੂਰੀ ਯਾਮਨੀ ਤੋਂ ਉੱਤਰ ਕੇ ਪਿੰਡ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਤਿਆਰ ਖੜ੍ਹਾ
ਹੜ੍ਹ ਆਏ ਇਕ ਪਿੰਡ ਵਿਚ ਨਦੀ ਦੇ ਕਿਨਾਰੇ ਸੱਟੂਰੀ ਯਾਮਨੀ ਕਿਸ਼ਤੀ ਬੰਨ੍ਹੀ ਹੋਈ