ਅੰਨਾਸ ਕੋਲ ਲਿਜਾਇਆ ਗਿਆ, ਫਿਰ ਕਯਾਫ਼ਾ ਕੋਲ
ਅਧਿਆਇ 119
ਅੰਨਾਸ ਕੋਲ ਲਿਜਾਇਆ ਗਿਆ, ਫਿਰ ਕਯਾਫ਼ਾ ਕੋਲ
ਯਿਸੂ, ਇਕ ,ਆਮ ਅਪਰਾਧੀ ਵਾਂਗ ਬੰਨ੍ਹਿਆਂ ਹੋਇਆਂ, ਪ੍ਰਭਾਵਸ਼ਾਲੀ ਸਾਬਕਾ ਪਰਧਾਨ ਜਾਜਕ, ਅੰਨਾਸ ਕੋਲ ਲਿਜਾਇਆ ਜਾਂਦਾ ਹੈ। ਅੰਨਾਸ ਉਦੋਂ ਪਰਧਾਨ ਜਾਜਕ ਸੀ ਜਦੋਂ ਯਿਸੂ ਨੇ 12 ਵਰ੍ਹਿਆਂ ਦੀ ਉਮਰ ਵਿਚ ਹੈਕਲ ਵਿਖੇ ਰਾਬਿਨੀ ਗੁਰੂਆਂ ਨੂੰ ਹੈਰਾਨ ਕੀਤਾ ਸੀ। ਮਗਰੋਂ ਅੰਨਾਸ ਦੇ ਕਈ ਪੁੱਤਰਾਂ ਨੇ ਪਰਧਾਨ ਜਾਜਕ ਵਜੋਂ ਸੇਵਾ ਕੀਤੀ, ਅਤੇ ਹੁਣ ਉਸ ਦਾ ਜੁਆਈ ਕਯਾਫ਼ਾ ਇਸ ਪਦਵੀ ਤੇ ਹੈ।
ਯਿਸੂ ਨੂੰ ਪਹਿਲਾਂ ਅੰਨਾਸ ਦੇ ਘਰ ਲਿਜਾਇਆ ਜਾਂਦਾ ਹੈ, ਸ਼ਾਇਦ ਇਸ ਲਈ ਕਿਉਂਕਿ ਉਹ ਮੁੱਖ ਜਾਜਕ ਯਹੂਦੀ ਧਾਰਮਿਕ ਜੀਵਨ ਵਿਚ ਲੰਬੇ ਸਮੇਂ ਤੋਂ ਉੱਘਾ ਰਿਹਾ ਹੈ। ਅੰਨਾਸ ਨੂੰ ਮਿਲਣ ਲਈ ਰੁਕਣ ਨਾਲ ਪਰਧਾਨ ਜਾਜਕ ਕਯਾਫ਼ਾ ਨੂੰ ਮਹਾਸਭਾ, ਅਰਥਾਤ 71-ਸਦੱਸਾਂ ਦੀ ਯਹੂਦੀ ਉੱਚ ਅਦਾਲਤ, ਅਤੇ ਨਾਲ ਹੀ ਝੂਠੇ ਗਵਾਹ ਇਕੱਠੇ ਕਰਨ ਦਾ ਸਮਾਂ ਮਿਲ ਜਾਂਦਾ ਹੈ।
ਹੁਣ ਮੁੱਖ ਜਾਜਕ ਅੰਨਾਸ ਯਿਸੂ ਨੂੰ ਉਸ ਦੇ ਚੇਲਿਆਂ ਅਤੇ ਉਸ ਦੀ ਸਿੱਖਿਆ ਬਾਰੇ ਸਵਾਲ ਕਰਦਾ ਹੈ। ਲੇਕਿਨ, ਜਵਾਬ ਵਿਚ ਯਿਸੂ ਕਹਿੰਦਾ ਹੈ: “ਮੈਂ ਜਗਤ ਨਾਲ ਖੋਲ੍ਹ ਕੇ ਗੱਲਾਂ ਕੀਤੀਆਂ ਹਨ। ਮੈਂ ਸਮਾਜ ਅਤੇ ਹੈਕਲ ਵਿੱਚ ਜਿੱਥੇ ਸਭ ਯਹੂਦੀ ਇਕੱਠੇ ਹੁੰਦੇ ਹਨ ਸਦਾ ਉਪਦੇਸ਼ ਕੀਤਾ ਹੈ ਅਤੇ ਮੈਂ ਓਹਲੇ ਵਿੱਚ ਕੁਝ ਨਹੀਂ ਕਿਹਾ। ਤੂੰ ਮੈਥੋਂ ਕਿਉਂ ਪੁੱਛਦਾ ਹੈਂ? ਜਿਨ੍ਹਾਂ ਸੁਣਿਆ ਹੈ ਉਨ੍ਹਾਂ ਕੋਲੋਂ ਪੁੱਛ ਲੈ ਜੋ ਮੈਂ ਉਨ੍ਹਾਂ ਨੂੰ ਕੀ ਆਖਿਆ। ਵੇਖੋ ਮੈਂ ਜੋ ਕੁਝ ਆਖਿਆ ਸੋ ਓਹ ਜਾਣਦੇ ਹਨ।”
ਇਸ ਤੇ, ਕੋਲ ਖੜ੍ਹੇ ਇਕ ਅਫ਼ਸਰ ਨੇ ਇਹ ਕਹਿੰਦੇ ਹੋਏ ਯਿਸੂ ਦੇ ਮੂੰਹ ਤੇ ਚਪੇੜ ਮਾਰੀ: “ਤੂੰ ਸਰਦਾਰ ਜਾਜਕ ਨੂੰ ਇਉਂ ਉੱਤਰ ਦਿੰਦਾ ਹੈਂ?”
“ਜੇ ਮੈਂ ਬੁਰਾ ਕਿਹਾ,” ਯਿਸੂ ਜਵਾਬ ਦਿੰਦਾ ਹੈ, “ਤਾਂ ਤੂੰ ਬੁਰੇ ਦੀ ਗਵਾਹੀ ਦਿਹ ਪਰ ਜੇ ਮੈਂ ਚੰਗਾ ਕਿਹਾ ਤਾਂ ਮੈਨੂੰ ਕਿਉਂ ਮਾਰਦਾ ਹੈਂ?” ਇਸ ਵਿਚਾਰ-ਵਟਾਂਦਰੇ ਮਗਰੋਂ, ਅੰਨਾਸ ਬੰਨ੍ਹੇ ਹੋਏ ਯਿਸੂ ਨੂੰ ਕਯਾਫ਼ਾ ਕੋਲ ਭੇਜ ਦਿੰਦਾ ਹੈ।
ਇੰਨੇ ਨੂੰ ਮੁੱਖ ਜਾਜਕ ਅਤੇ ਬਜ਼ੁਰਗ ਅਤੇ ਗ੍ਰੰਥੀ, ਜੀ ਹਾਂ, ਸਾਰੀ ਮਹਾਸਭਾ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਸਪੱਸ਼ਟ ਤੌਰ ਤੇ ਉਨ੍ਹਾਂ ਦੇ ਮਿਲਣ ਦੀ ਥਾਂ ਕਯਾਫ਼ਾ ਦਾ ਘਰ ਹੈ। ਪਸਾਹ ਦੀ ਰਾਤ ਨੂੰ ਅਜਿਹਾ ਮੁਕੱਦਮਾ ਚਲਾਉਣਾ ਸਪੱਸ਼ਟ ਤੌਰ ਤੇ ਯਹੂਦੀ ਨਿਯਮ ਦੇ ਵਿਰੁੱਧ ਹੈ। ਪਰੰਤੂ ਇਹ ਧਾਰਮਿਕ ਆਗੂਆਂ ਨੂੰ ਉਨ੍ਹਾਂ ਦੇ ਦੁਸ਼ਟ ਮਕਸਦ ਤੋਂ ਨਹੀਂ ਰੋਕਦਾ ਹੈ।
ਕਈ ਹਫ਼ਤੇ ਪਹਿਲਾਂ, ਜਦੋਂ ਯਿਸੂ ਨੇ ਲਾਜ਼ਰ ਨੂੰ ਪੁਨਰ-ਉਥਿਤ ਕੀਤਾ ਸੀ, ਉਦੋਂ ਹੀ ਮਹਾਸਭਾ ਆਪੋ ਵਿਚ ਧਾਰਨ ਕਰ ਚੁੱਕੀ ਸੀ ਕਿ ਉਸ ਨੂੰ ਜ਼ਰੂਰ ਮਰਨਾ ਹੈ। ਅਤੇ ਸਿਰਫ਼ ਦੋ ਦਿਨ ਪਹਿਲਾਂ ਹੀ, ਬੁੱਧਵਾਰ ਨੂੰ, ਧਾਰਮਿਕ ਅਧਿਕਾਰੀਆਂ ਨੇ ਇਕੱਠਿਆਂ ਮਿਲ ਕੇ ਯਿਸੂ ਨੂੰ ਚਲਾਕ ਜੁਗਤ ਨਾਲ ਫੜ ਕੇ ਮਾਰਨ ਦੀ ਸਲਾਹ ਕੀਤੀ ਸੀ। ਕਲਪਨਾ ਕਰੋ, ਉਸ ਨੂੰ ਅਸਲ ਵਿਚ ਉਸ ਦੇ ਮੁਕੱਦਮੇ ਤੋਂ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਿਆ ਸੀ!
ਹੁਣ ਉਨ੍ਹਾਂ ਗਵਾਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਝੂਠੇ ਸਬੂਤ ਪੇਸ਼ ਕਰਨਗੇ ਤਾਂ ਜੋ ਯਿਸੂ ਵਿਰੁੱਧ ਇਕ ਮੁਕੱਦਮਾ ਖੜ੍ਹਾ ਕੀਤਾ ਜਾ ਸਕੇ। ਲੇਕਿਨ, ਅਜਿਹੇ ਕੋਈ ਗਵਾਹ ਨਾ ਮਿਲ ਸਕੇ ਜਿਹੜੇ ਆਪਣੀ ਸਾਖੀ ਵਿਚ ਸਹਿਮਤ ਹਨ। ਆਖ਼ਰਕਾਰ, ਦੋ ਵਿਅਕਤੀ ਅੱਗੇ ਆ ਕੇ ਦਾਅਵਾ ਕਰਦੇ ਹਨ: “ਅਸਾਂ ਉਹ ਨੂੰ ਇਹ ਆਖਦੇ ਸੁਣਿਆ ਜੋ ਮੈਂ ਇਸ ਹੈਕਲ ਨੂੰ ਜਿਹੜੀ ਹੱਥਾਂ ਨਾਲ ਬਣਾਈ ਹੋਈ ਹੈ ਢਾਹ ਦਿਆਂਗਾ ਅਰ ਤਿੰਨਾਂ ਦਿਨਾਂ ਵਿੱਚ ਇੱਕ ਹੋਰ ਨੂੰ ਬਿਨਾ ਹੱਥ ਲਾਏ ਬਣਾਵਾਂਗਾ।”
“ਕੀ ਤੂੰ ਕੁਝ ਜਵਾਬ ਨਹੀਂ ਦਿੰਦਾ?” ਕਯਾਫ਼ਾ ਪੁੱਛਦਾ ਹੈ। “ਏਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ?” ਪਰੰਤੂ ਯਿਸੂ ਚੁੱਪ ਰਹਿੰਦਾ ਹੈ। ਮਹਾਸਭਾ ਲਈ ਇਹ ਸ਼ਰਮਿੰਦਗੀ ਦੀ ਗੱਲ ਸੀ ਕਿ ਇਸ ਝੂਠੇ ਦੋਸ਼ ਉੱਤੇ ਵੀ ਗਵਾਹ ਆਪਣੀਆਂ ਕਹਾਣੀਆਂ ਵਿਚ ਸਹਿਮਤੀ ਨਹੀਂ ਰੱਖ ਸਕੇ। ਇਸ ਲਈ ਪਰਧਾਨ ਜਾਜਕ ਇਕ ਵੱਖਰੀ ਜੁਗਤ ਇਸਤੇਮਾਲ ਕਰਦਾ ਹੈ।
ਕਯਾਫ਼ਾ ਜਾਣਦਾ ਹੈ ਕਿ ਯਹੂਦੀ ਕਿੰਨੇ ਭਾਵੁਕ ਹੁੰਦੇ ਹਨ ਜਦੋਂ ਕੋਈ ਪਰਮੇਸ਼ੁਰ ਦਾ ਅਸਲੀ ਪੁੱਤਰ ਹੋਣ ਦਾ ਦਾਅਵਾ ਕਰਦਾ ਹੈ। ਪਹਿਲਿਆਂ ਦੋ ਮੌਕਿਆਂ ਤੇ, ਉਨ੍ਹਾਂ ਨੇ ਬਿਨਾਂ ਵਿਚਾਰੇ ਹੀ ਯਿਸੂ ਤੇ ਮੌਤ ਦੇ ਲਾਇਕ ਕਾਫ਼ਰ ਦਾ ਇਲਜ਼ਾਮ ਲਾਇਆ ਸੀ, ਅਤੇ ਇਕ ਵਾਰੀ ਤਾਂ ਗਲਤੀ ਨਾਲ ਇਹ ਵੀ ਮੰਨ ਲਿਆ ਕਿ ਉਹ ਪਰਮੇਸ਼ੁਰ ਦੇ ਤੁਲ ਹੋਣ ਦਾ ਦਾਅਵਾ ਕਰ ਰਿਹਾ ਸੀ। ਹੁਣ ਕਯਾਫ਼ਾ ਚਲਾਕੀ ਨਾਲ ਮੰਗ ਕਰਦਾ ਹੈ: “ਮੈਂ ਤੈਨੂੰ ਜੀਉਂਦੇ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਭਈ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਸਾਨੂੰ ਦੱਸ।”
ਯਹੂਦੀ ਜੋ ਮਰਜ਼ੀ ਸੋਚਣ, ਪਰ ਯਿਸੂ ਅਸਲ ਵਿਚ ਪਰਮੇਸ਼ੁਰ ਦਾ ਪੁੱਤਰ ਹੈ। ਅਤੇ ਚੁੱਪ ਰਹਿਣਾ ਉਸ ਦਾ ਮਸੀਹ ਹੋਣ ਤੋਂ ਇਨਕਾਰ ਕਰਨਾ ਸਮਝਿਆ ਜਾ ਸਕਦਾ ਹੈ। ਇਸ ਲਈ ਯਿਸੂ ਦਲੇਰੀ ਨਾਲ ਜਵਾਬ ਦਿੰਦਾ ਹੈ: “ਮੈਂ ਹਾਂ ਅਰ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ।”
ਇਸ ਤੇ ਕਯਾਫ਼ਾ, ਇਕ ਨਾਟਕੀ ਪ੍ਰਦਰਸ਼ਨ ਵਿਚ, ਆਪਣੇ ਕੱਪੜੇ ਪਾੜ ਕੇ ਚਿਲਾਉਂਦਾ ਹੈ: “ਏਸ ਕੁਫ਼ਰ ਬਕਿਆ ਹੈ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ? ਵੇਖੋ ਹੁਣੇ ਤੁਸੀਂ ਇਹ ਕੁਫ਼ਰ ਸੁਣਿਆ। ਤੁਹਾਡੀ ਕੀ ਸਲਾਹ ਹੈ?”
“ਇਹ ਮਾਰੇ ਜਾਣ ਦੇ ਜੋਗ ਹੈ,” ਮਹਾਸਭਾ ਐਲਾਨ ਕਰਦੀ ਹੈ। ਫਿਰ ਉਹ ਉਸ ਦਾ ਠੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ, ਅਤੇ ਉਸ ਦੇ ਵਿਰੁੱਧ ਕੁਫ਼ਰ ਵਿਚ ਬਹੁਤ ਕੁਝ ਬੋਲਦੇ ਹਨ। ਉਹ ਉਸ ਦੇ ਮੂੰਹ ਤੇ ਚਪੇੜਾਂ ਮਾਰਦੇ ਹਨ ਅਤੇ ਥੁੱਕਦੇ ਹਨ। ਦੂਜੇ ਉਸ ਦੇ ਮੂੰਹ ਨੂੰ ਢੱਕ ਕੇ ਮੁੱਕੇ ਮਾਰਦੇ ਹਨ ਅਤੇ ਤਾਅਨੇ ਮਾਰਦੇ ਹੋਏ ਕਹਿੰਦੇ ਹਨ: “ਹੇ ਮਸੀਹ, ਸਾਨੂੰ ਅਗੰਮ ਗਿਆਨ ਨਾਲ ਦੱਸ, ਤੈਨੂੰ ਕਿਹ ਨੇ ਮਾਰਿਆ?” ਇਹ ਅਪਮਾਨਜਨਕ ਅਤੇ ਗ਼ੈਰ-ਕਾਨੂੰਨੀ ਵਰਤਾਊ ਰਾਤ ਦੇ ਸਮੇਂ ਦੇ ਮੁਕੱਦਮੇ ਦੇ ਦੌਰਾਨ ਵਾਪਰਦਾ ਹੈ। ਮੱਤੀ 26:57-68; 26:3, 4; ਮਰਕੁਸ 14:53-65; ਲੂਕਾ 22:54, 63-65; ਯੂਹੰਨਾ 18:13-24; 11:45-53; 10:31-39; 5:16-18.
▪ ਯਿਸੂ ਪਹਿਲਾਂ ਕਿੱਥੇ ਲਿਜਾਇਆ ਜਾਂਦਾ ਹੈ, ਅਤੇ ਉੱਥੇ ਉਸ ਦਾ ਕੀ ਹੁੰਦਾ ਹੈ?
▪ ਫਿਰ ਯਿਸੂ ਕਿੱਥੇ ਲਿਜਾਇਆ ਜਾਂਦਾ ਹੈ, ਅਤੇ ਕਿਸ ਮਕਸਦ ਲਈ?
▪ ਕਯਾਫ਼ਾ ਕਿਸ ਤਰ੍ਹਾਂ ਮਹਾਸਭਾ ਤੋਂ ਇਹ ਐਲਾਨ ਕਰਵਾ ਸਕਿਆ ਕਿ ਯਿਸੂ ਮੌਤ ਦੇ ਯੋਗ ਹੈ?
▪ ਮੁਕੱਦਮੇ ਦੇ ਦੌਰਾਨ ਕਿਹੜਾ ਅਪਮਾਨਜਨਕ ਅਤੇ ਗ਼ੈਰ-ਕਾਨੂੰਨੀ ਵਰਤਾਊ ਕੀਤਾ ਜਾਂਦਾ ਹੈ?