ਆਪਣੇ ਰਸੂਲਾਂ ਨੂੰ ਚੁਣਨਾ
ਅਧਿਆਇ 34
ਆਪਣੇ ਰਸੂਲਾਂ ਨੂੰ ਚੁਣਨਾ
ਲਗਭਗ ਡੇਢ ਵਰ੍ਹਾ ਬੀਤ ਚੁੱਕਿਆ ਹੈ ਜਦੋਂ ਤੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਦਾ ਪਰਮੇਸ਼ੁਰ ਦੇ ਲੇਲੇ ਵਜੋਂ ਪਰਿਚੈ ਦਿੱਤਾ ਅਤੇ ਯਿਸੂ ਨੇ ਆਪਣੀ ਜਨਤਕ ਸੇਵਕਾਈ ਸ਼ੁਰੂ ਕੀਤੀ। ਉਸ ਸਮੇਂ ਅੰਦ੍ਰਿਯਾਸ, ਸ਼ਮਊਨ ਪਤਰਸ, ਯੂਹੰਨਾ, ਅਤੇ ਸ਼ਾਇਦ ਯਾਕੂਬ (ਯੂਹੰਨਾ ਦਾ ਭਰਾ), ਨਾਲੇ ਫ਼ਿਲਿੱਪੁਸ ਅਤੇ ਨਥਾਨਿਏਲ (ਜੋ ਬਰਥੁਲਮਈ ਵੀ ਅਖਵਾਉਂਦਾ ਹੈ), ਉਸ ਦੇ ਪਹਿਲੇ ਚੇਲੇ ਬਣੇ ਸਨ। ਸਮਾਂ ਬੀਤਣ ਤੇ, ਹੋਰ ਬਹੁਤ ਸਾਰੇ ਲੋਕ ਮਸੀਹ ਦੇ ਮਗਰ ਚਲਣ ਵਿਚ ਉਨ੍ਹਾਂ ਨਾਲ ਸ਼ਾਮਲ ਹੋ ਗਏ।
ਹੁਣ ਯਿਸੂ ਆਪਣੇ ਰਸੂਲਾਂ ਨੂੰ ਚੁਣਨ ਲਈ ਤਿਆਰ ਹੈ। ਇਹ ਉਸ ਦੇ ਗੂੜ੍ਹੇ ਸਾਥੀ ਹੋਣਗੇ ਜਿਨ੍ਹਾਂ ਨੂੰ ਖ਼ਾਸ ਸਿਖਲਾਈ ਦਿੱਤੀ ਜਾਵੇਗੀ। ਪਰੰਤੂ ਉਨ੍ਹਾਂ ਨੂੰ ਚੁਣਨ ਤੋਂ ਪਹਿਲਾਂ, ਯਿਸੂ ਇਕ ਪਹਾੜੀ ਤੇ ਜਾਂਦਾ ਹੈ ਅਤੇ ਪ੍ਰਾਰਥਨਾ ਵਿਚ ਸਾਰੀ ਰਾਤ ਬਿਤਾਉਂਦਾ ਹੈ, ਸੰਭਵ ਹੈ ਕਿ ਬੁੱਧੀ ਅਤੇ ਪਰਮੇਸ਼ੁਰ ਦੀ ਬਰਕਤ ਮੰਗਣ ਲਈ। ਜਦੋਂ ਦਿਨ ਚੜ੍ਹਦਾ ਹੈ, ਤਾਂ ਉਹ ਆਪਣੇ ਚੇਲਿਆਂ ਨੂੰ ਸੱਦਦਾ ਹੈ ਅਤੇ ਉਨ੍ਹਾਂ ਵਿੱਚੋਂ 12 ਨੂੰ ਚੁਣਦਾ ਹੈ। ਫਿਰ ਵੀ, ਕਿਉਂਕਿ ਉਹ ਯਿਸੂ ਦੇ ਸ਼ਗਿਰਦ ਹੀ ਰਹਿੰਦੇ ਹਨ, ਉਹ ਅਜੇ ਵੀ ਚੇਲੇ ਅਖਵਾਉਂਦੇ ਹਨ।
ਯਿਸੂ ਦੁਆਰਾ ਚੁਣੇ ਗਏ ਛੇ, ਜਿਨ੍ਹਾਂ ਦੇ ਨਾਂ ਉੱਪਰ ਦਿੱਤੇ ਗਏ ਹਨ, ਉਹੋ ਹਨ ਜੋ ਉਸ ਦੇ ਪਹਿਲੇ ਚੇਲੇ ਬਣੇ ਸਨ। ਮੱਤੀ, ਜਿਸ ਨੂੰ ਯਿਸੂ ਨੇ ਉਸ ਦੀ ਮਸੂਲ ਦੀ ਚੌਂਕੀ ਤੋਂ ਸੱਦਿਆ ਸੀ, ਵੀ ਚੁਣਿਆ ਜਾਂਦਾ ਹੈ। ਚੁਣੇ ਗਏ ਬਾਕੀ ਦੇ ਪੰਜ ਹਨ, ਯਹੂਦਾ (ਜੋ ਥੱਦਈ ਵੀ ਅਖਵਾਉਂਦਾ ਹੈ), ਯਹੂਦਾ ਇਸਕਰਿਯੋਤੀ, ਸ਼ਮਊਨ ਕਨਾਨੀ, ਥੋਮਾ, ਅਤੇ ਹਲਫ਼ਈ ਦਾ ਪੁੱਤਰ ਯਾਕੂਬ। ਇਹ ਯਾਕੂਬ, ਛੋਟਾ ਯਾਕੂਬ ਵੀ ਅਖਵਾਉਂਦਾ ਹੈ, ਸ਼ਾਇਦ ਕਿਉਂਕਿ ਉਹ ਕੱਦ ਵਿਚ ਜਾਂ ਉਮਰ ਵਿਚ ਦੂਜੇ ਰਸੂਲ ਯਾਕੂਬ ਨਾਲੋਂ ਛੋਟਾ ਹੈ।
ਹੁਣ ਤਕ ਇਹ 12 ਕੁਝ ਸਮੇਂ ਲਈ ਯਿਸੂ ਦੇ ਨਾਲ ਰਹਿ ਚੁੱਕੇ ਹਨ, ਅਤੇ ਉਹ ਇਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਅਸਲ ਵਿਚ, ਉਨ੍ਹਾਂ ਵਿੱਚੋਂ ਕੁਝ ਉਸ ਦੇ ਆਪਣੇ ਰਿਸ਼ਤੇਦਾਰ ਹਨ। ਸਪੱਸ਼ਟ ਤੌਰ ਤੇ ਯਾਕੂਬ ਅਤੇ ਉਸ ਦਾ ਭਰਾ ਯੂਹੰਨਾ ਯਿਸੂ ਦੇ ਮਸੇਰੇ ਭਰਾ ਹਨ। ਅਤੇ ਇਹ ਸੰਭਵ ਹੈ ਕਿ ਹਲਫ਼ਈ ਯਿਸੂ ਦੇ ਲੈਪਾਲਕ ਪਿਤਾ, ਯੂਸੁਫ਼ ਦਾ ਭਰਾ ਸੀ। ਇਸ ਤਰ੍ਹਾਂ ਹਲਫ਼ਈ ਦਾ ਪੁੱਤਰ, ਰਸੂਲ ਯਾਕੂਬ ਵੀ ਯਿਸੂ ਦਾ ਇਕ ਚਚੇਰਾ ਭਰਾ ਹੋਵੇਗਾ।
ਨਿਸ਼ਚੇ ਹੀ, ਯਿਸੂ ਨੂੰ ਆਪਣੇ ਰਸੂਲਾਂ ਦੇ ਨਾਵਾਂ ਨੂੰ ਚੇਤੇ ਰੱਖਣ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ ਹੈ। ਪਰੰਤੂ ਕੀ ਤੁਸੀਂ ਉਨ੍ਹਾਂ ਨੂੰ ਚੇਤੇ ਰੱਖ ਸਕਦੇ ਹੋ? ਖ਼ੈਰ, ਸਿਰਫ਼ ਇਹ ਯਾਦ ਰੱਖੋ ਕਿ ਦੋ ਦੇ ਨਾਂ ਸ਼ਮਊਨ, ਦੋ ਦੇ ਨਾਂ ਯਾਕੂਬ, ਅਤੇ ਦੋ ਦੇ ਨਾਂ ਯਹੂਦਾ ਹਨ, ਅਤੇ ਕਿ ਸ਼ਮਊਨ ਦਾ ਇਕ ਭਰਾ ਅੰਦ੍ਰਿਯਾਸ ਹੈ, ਅਤੇ ਕਿ ਯਾਕੂਬ ਦਾ ਇਕ ਭਰਾ ਯੂਹੰਨਾ ਹੈ। ਇਹ ਹੈ ਅੱਠ ਰਸੂਲਾਂ ਨੂੰ ਚੇਤੇ ਰੱਖਣ ਦੀ ਕੁੰਜੀ। ਬਾਕੀ ਚਾਰਾਂ ਵਿਚ ਸ਼ਾਮਲ ਹਨ ਇਕ ਮਸੂਲੀਆ (ਮੱਤੀ), ਇਕ ਜਿਸ ਨੇ ਬਾਅਦ ਵਿਚ ਸ਼ੱਕ ਕੀਤਾ (ਥੋਮਾ), ਇਕ ਜਿਸ ਨੂੰ ਦਰਖ਼ਤ ਹੇਠਿਓਂ ਸੱਦਿਆ ਗਿਆ (ਨਥਾਨਿਏਲ), ਅਤੇ ਉਸ ਦਾ ਮਿੱਤਰ ਫ਼ਿਲਿੱਪੁਸ।
ਰਸੂਲਾਂ ਵਿੱਚੋਂ ਗਿਆਰਾਂ, ਯਿਸੂ ਦੇ ਜੱਦੀ ਇਲਾਕੇ ਗਲੀਲ ਤੋਂ ਹਨ। ਨਥਾਨਿਏਲ ਕਾਨਾ ਤੋਂ ਹੈ। ਫ਼ਿਲਿੱਪੁਸ, ਪਤਰਸ, ਅਤੇ ਅੰਦ੍ਰਿਯਾਸ ਮੂਲ ਤੌਰ ਤੇ ਬੈਤਸੈਦੇ ਤੋਂ ਹਨ, ਬਾਅਦ ਵਿਚ ਪਤਰਸ ਅਤੇ ਅੰਦ੍ਰਿਯਾਸ ਕਫ਼ਰਨਾਹੂਮ ਨੂੰ ਚਲੇ ਜਾਂਦੇ ਹਨ, ਜੋ ਕਿ ਮੱਤੀ ਦਾ ਨਿਵਾਸ-ਸਥਾਨ ਜਾਪਦਾ ਹੈ। ਯਾਕੂਬ ਅਤੇ ਯੂਹੰਨਾ ਮਾਹੀਗੀਰੀ ਦੇ ਧੰਦੇ ਵਿਚ ਸਨ ਅਤੇ ਸ਼ਾਇਦ ਉਹ ਵੀ ਕਫ਼ਰਨਾਹੂਮ ਵਿਚ ਜਾਂ ਉਸ ਦੇ ਨੇੜੇ ਹੀ ਰਹਿੰਦੇ ਹਨ। ਇੰਜ ਜਾਪਦਾ ਹੈ ਕਿ ਯਹੂਦਾ ਇਸਕਰਿਯੋਤੀ, ਜਿਸ ਨੇ ਬਾਅਦ ਵਿਚ ਯਿਸੂ ਨਾਲ ਵਿਸ਼ਵਾਸਘਾਤ ਕੀਤਾ, ਹੀ ਇਕੱਲਾ ਰਸੂਲ ਹੈ ਜੋ ਯਹੂਦਿਯਾ ਤੋਂ ਹੈ। ਮਰਕੁਸ 3:13-19; ਲੂਕਾ 6:12-16.
▪ ਕਿਹੜੇ ਰਸੂਲ ਸ਼ਾਇਦ ਯਿਸੂ ਦੇ ਰਿਸ਼ਤੇਦਾਰ ਸਨ?
▪ ਯਿਸੂ ਦੇ ਰਸੂਲ ਕੌਣ ਹਨ, ਅਤੇ ਤੁਸੀਂ ਉਨ੍ਹਾਂ ਦੇ ਨਾਂ ਕਿਸ ਤਰ੍ਹਾਂ ਚੇਤੇ ਰੱਖ ਸਕਦੇ ਹੋ?
▪ ਰਸੂਲ ਕਿਹੜੇ ਇਲਾਕਿਆਂ ਤੋਂ ਆਏ ਸਨ?