ਇਕ ਭਿਆਨਕ ਤੁਫ਼ਾਨ ਨੂੰ ਸ਼ਾਂਤ ਕਰਨਾ
ਅਧਿਆਇ 44
ਇਕ ਭਿਆਨਕ ਤੁਫ਼ਾਨ ਨੂੰ ਸ਼ਾਂਤ ਕਰਨਾ
ਯਿਸੂ ਦਾ ਦਿਨ ਕੰਮਾਂ ਨਾਲ ਭਰਪੂਰ ਰਿਹਾ ਹੈ, ਜਿਸ ਵਿਚ ਝੀਲ ਦੇ ਕੰਢੇ ਤੇ ਬੈਠੀ ਹੋਈ ਭੀੜ ਨੂੰ ਸਿਖਾਉਣਾ ਅਤੇ ਉਸ ਤੋਂ ਬਾਅਦ ਇਕਾਂਤ ਵਿਚ ਆਪਣੇ ਚੇਲਿਆਂ ਨੂੰ ਦ੍ਰਿਸ਼ਟਾਂਤਾਂ ਦੀ ਵਿਆਖਿਆ ਦੇਣੀ ਸ਼ਾਮਲ ਸੀ। ਜਦੋਂ ਸ਼ਾਮ ਹੋ ਜਾਂਦੀ ਹੈ, ਤਾਂ ਉਹ ਕਹਿੰਦਾ ਹੈ: “ਅਸੀਂ ਪਾਰ ਚੱਲੀਏ।”
ਗਲੀਲ ਦੀ ਝੀਲ ਦੇ ਪੂਰਬੀ ਕੰਢੇ ਤੇ ਦਿਕਾਪੁਲਿਸ ਅਖਵਾਉਣ ਵਾਲਾ ਖੇਤਰ ਹੈ, ਜੋ ਯੂਨਾਨੀ ਸ਼ਬਦ ਦਿਕਾ, ਅਰਥਾਤ “ਦਸ,” ਅਤੇ ਪੁਲਿਸ ਅਰਥਾਤ “ਨਗਰ,” ਤੋਂ ਆਉਂਦਾ ਹੈ। ਦਿਕਾਪੁਲਿਸ ਦੇ ਨਗਰ ਯੂਨਾਨੀ ਸਭਿਅਤਾ ਦਾ ਇਕ ਕੇਂਦਰ ਹਨ, ਹਾਲਾਂਕਿ ਕੋਈ ਸ਼ੱਕ ਨਹੀਂ ਹੈ ਕਿ ਉਹ ਬਹੁਤ ਸਾਰੇ ਯਹੂਦੀਆਂ ਦਾ ਘਰ ਵੀ ਹੈ। ਫਿਰ ਵੀ, ਇਸ ਖੇਤਰ ਵਿਚ ਯਿਸੂ ਦਾ ਕੰਮ ਬਹੁਤ ਸੀਮਤ ਹੈ। ਇਸ ਯਾਤਰਾ ਦੇ ਦੌਰਾਨ ਵੀ, ਜਿਵੇਂ ਕਿ ਅਸੀਂ ਬਾਅਦ ਵਿਚ ਦੇਖਾਂਗੇ, ਉਸ ਨੂੰ ਜ਼ਿਆਦਾ ਚਿਰ ਲਈ ਠਹਿਰਨ ਨਹੀਂ ਦਿੱਤਾ ਜਾਂਦਾ ਹੈ।
ਜਦੋਂ ਯਿਸੂ ਬੇਨਤੀ ਕਰਦਾ ਹੈ ਕਿ ਉਹ ਝੀਲ ਦੇ ਦੂਜੇ ਪਾਸੇ ਚੱਲਣ ਤਾਂ ਚੇਲੇ ਉਸ ਨੂੰ ਬੇੜੀ ਵਿਚ ਲੈ ਜਾਂਦੇ ਹਨ। ਪਰ, ਉਨ੍ਹਾਂ ਦੀ ਰਵਾਨਗੀ ਛੁਪੀ ਨਹੀਂ ਰਹਿੰਦੀ ਹੈ। ਜਲਦੀ ਹੀ ਦੂਸਰੇ ਲੋਕ ਉਨ੍ਹਾਂ ਨਾਲ ਜਾਣ ਲਈ ਆਪਣੀਆਂ ਬੇੜੀਆਂ ਵਿਚ ਚੜ੍ਹ ਜਾਂਦੇ ਹਨ। ਦੂਸਰਾ ਪਾਸਾ ਜ਼ਿਆਦਾ ਦੂਰ ਨਹੀਂ ਹੈ। ਅਸਲ ਵਿਚ, ਗਲੀਲ ਦੀ ਝੀਲ ਲਗਭਗ 21 ਕਿਲੋਮੀਟਰ ਲੰਬੀ ਅਤੇ ਵੱਧ ਤੋਂ ਵੱਧ 12 ਕਿਲੋਮੀਟਰ ਚੌੜੀ ਹੈ।
ਇਹ ਸਮਝਣਯੋਗ ਗੱਲ ਹੈ ਕਿ ਯਿਸੂ ਥੱਕਿਆ ਹੋਇਆ ਹੈ। ਇਸ ਲਈ, ਉਨ੍ਹਾਂ ਦੇ ਠਿਲ੍ਹਣ ਤੋਂ ਥੋੜ੍ਹੀ ਦੇਰ ਮਗਰੋਂ, ਉਹ ਬੇੜੀ ਦੇ ਪਿਛਲੇ ਪਾਸੇ ਲੇਟ ਕੇ ਸਰਾਣੇ ਉੱਤੇ ਸਿਰ ਰੱਖ ਕੇ ਗੂੜੀ ਨੀਂਦ ਸੌਂ ਜਾਂਦਾ ਹੈ। ਗਲੀਲ ਦੀ ਝੀਲ ਵਿਚ ਵਿਆਪਕ ਰੂਪ ਵਿਚ ਮੱਛੀਆਂ ਫੜਨ ਕਰਕੇ ਅਨੇਕ ਰਸੂਲ ਅਨੁਭਵੀ ਮਲਾਹ ਹਨ। ਇਸ ਲਈ ਉਹ ਬੇੜੀ ਚਲਾਉਣ ਦੀ ਜ਼ਿੰਮੇਵਾਰੀ ਲੈ ਲੈਂਦੇ ਹਨ।
ਪਰੰਤੂ ਇਹ ਸਫਰ ਸੌਖਾ ਨਹੀਂ ਸੀ ਹੋਣਾ। ਝੀਲ ਦੇ ਤਲ ਉੱਤੇ, ਜੋ ਸਮੁੰਦਰ ਤਲ ਤੋਂ ਲਗਭਗ 213 ਮੀਟਰ ਹੇਠਾਂ ਹੈ, ਗਰਮ ਤਾਪਮਾਨ ਹੋਣ ਕਰਕੇ ਅਤੇ ਨੇੜੇ ਦੇ ਪਹਾੜਾਂ ਤੇ ਠੰਡੀ ਹਵਾ ਕਰਕੇ, ਕਈ ਵਾਰੀ ਤੇਜ਼ ਹਵਾ ਹੇਠਾਂ ਵੱਲ ਆਉਂਦੀ ਹੈ ਅਤੇ ਝੀਲ ਉੱਤੇ ਅਚਾਨਕ ਹੀ ਜ਼ੋਰਦਾਰ ਤੁਫ਼ਾਨ ਪੈਦਾ ਕਰਦੀ ਹੈ। ਇਹੋ ਹੀ ਹੁਣ ਵਾਪਰਦਾ ਹੈ। ਛੇਤੀ ਹੀ ਲਹਿਰਾਂ ਬੇੜੀ ਦੇ ਨਾਲ ਟਕਰਾਉਣ ਲੱਗਦੀਆਂ ਹਨ ਅਤੇ ਉਸ ਵਿਚ ਆਉਣ ਲੱਗਦੀਆਂ ਹਨ ਅਤੇ ਬੇੜੀ ਡੁੱਬਣ ਵਾਲੀ ਹੁੰਦੀ ਹੈ। ਫਿਰ ਵੀ, ਯਿਸੂ ਸੁੱਤਾ ਰਹਿੰਦਾ ਹੈ!
ਅਨੁਭਵੀ ਮਲਾਹ ਤੀਬਰਤਾ ਨਾਲ ਬੇੜੀ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਹਨ। ਕੋਈ ਸ਼ੱਕ ਨਹੀਂ ਹੈ ਕਿ ਉਹ ਪਹਿਲਾਂ ਵੀ ਤੁਫ਼ਾਨ ਵਿੱਚੋਂ ਨਿਕਲ ਚੁੱਕੇ ਹਨ। ਪਰੰਤੂ ਇਸ ਵਾਰੀ ਇਹ ਉਨ੍ਹਾਂ ਦੀ ਹੱਦ ਤੋਂ ਬਾਹਰ ਹੈ। ਆਪਣੀਆਂ ਜਾਨਾਂ ਲਈ ਡਰਦੇ ਹੋਏ, ਉਹ ਯਿਸੂ ਨੂੰ ਜਗਾਉਂਦੇ ਹਨ। ‘ਸੁਆਮੀ ਜੀ, ਕੀ ਤੈਨੂੰ ਕੋਈ ਫ਼ਿਕਰ ਨਹੀਂ? ਅਸੀਂ ਡੁੱਬ ਰਹੇ ਹਾਂ!’ ਉਹ ਚਿਲਾਉਂਦੇ ਹਨ। ‘ਸਾਨੂੰ ਬਚਾ, ਅਸੀਂ ਡੁੱਬਣ ਵਾਲੇ ਹਾਂ!’
ਯਿਸੂ ਉਠ ਕੇ ਹਵਾ ਅਤੇ ਝੀਲ ਨੂੰ ਹੁਕਮ ਦਿੰਦਾ ਹੈ: “ਚੁੱਪ ਕਰ ਥੰਮ੍ਹ ਜਾਹ!” ਅਤੇ ਪ੍ਰਚੰਡ ਹਵਾ ਰੁਕ ਜਾਂਦੀ ਹੈ ਅਤੇ ਝੀਲ ਸ਼ਾਂਤ ਹੋ ਜਾਂਦੀ ਹੈ। ਆਪਣੇ ਚੇਲਿਆਂ ਵੱਲ ਮੁੜ ਕੇ ਉਹ ਪੁੱਛਦਾ ਹੈ: ‘ਤੁਸੀਂ ਕਿਉਂ ਇੰਨੇ ਡਰੇ ਹੋਏ ਹੋ? ਕੀ ਅਜੇ ਤਕ ਤੁਹਾਨੂੰ ਕੋਈ ਨਿਹਚਾ ਨਹੀਂ ਹੈ?’
ਇਸ ਤੇ, ਚੇਲਿਆਂ ਉੱਤੇ ਇਕ ਅਸਾਧਾਰਣ ਡਰ ਛਾ ਜਾਂਦਾ ਹੈ। ਉਹ ਇਕ ਦੂਜੇ ਨੂੰ ਪੁੱਛਦੇ ਹਨ, ‘ਇਹ ਆਦਮੀ ਅਸਲ ਵਿਚ ਕੌਣ ਹੈ? ਕਿਉਂਕਿ ਉਹ ਹਵਾ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਮੰਨ ਲੈਂਦੇ ਹਨ।’
ਯਿਸੂ ਕੀ ਸ਼ਕਤੀ ਦਿਖਾਉਂਦਾ ਹੈ! ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਸਾਡਾ ਰਾਜਾ ਕੁਦਰਤੀ ਤਾਕਤਾਂ ਉੱਤੇ ਵੀ ਸ਼ਕਤੀ ਰੱਖਦਾ ਹੈ ਅਤੇ ਕਿ ਜਦੋਂ ਉਹ ਆਪਣੇ ਰਾਜ ਦੇ ਦੌਰਾਨ ਆਪਣਾ ਪੂਰਾ ਧਿਆਨ ਸਾਡੀ ਧਰਤੀ ਵੱਲ ਨਿਰਦੇਸ਼ਿਤ ਕਰੇਗਾ, ਤਦ ਸਾਰੇ ਲੋਕੀ ਭਿਆਨਕ ਕੁਦਰਤੀ ਆਫ਼ਤਾਂ ਤੋਂ ਸੁਰੱਖਿਅਤ ਰਹਿਣਗੇ!
ਤੁਫ਼ਾਨ ਦੇ ਸ਼ਾਂਤ ਹੋ ਜਾਣ ਦੇ ਕੁਝ ਸਮੇਂ ਬਾਅਦ, ਯਿਸੂ ਅਤੇ ਉਸ ਦੇ ਚੇਲੇ ਪੂਰਬੀ ਕੰਢੇ ਉੱਤੇ ਸੁਰੱਖਿਅਤ ਪਹੁੰਚਦੇ ਹਨ। ਸ਼ਾਇਦ ਦੂਜੀਆਂ ਬੇੜੀਆਂ ਤੁਫ਼ਾਨ ਦੀ ਤੀਬਰਤਾ ਤੋਂ ਬਚ ਗਈਆਂ ਸਨ ਅਤੇ ਸੁਰੱਖਿਅਤ ਹੀ ਘਰ ਵਾਪਸ ਮੁੜ ਗਈਆਂ ਸਨ। ਮਰਕੁਸ 4:35–5:1; ਮੱਤੀ 8:18, 23-27; ਲੂਕਾ 8:22-26.
▪ ਦਿਕਾਪੁਲਿਸ ਕੀ ਹੈ, ਅਤੇ ਇਹ ਕਿੱਥੇ ਸਥਿਤ ਹੈ?
▪ ਗਲੀਲ ਦੀ ਝੀਲ ਉੱਤੇ ਜ਼ੋਰਦਾਰ ਤੁਫ਼ਾਨ ਆਉਣ ਲਈ ਕਿਹੜੀਆਂ ਭੌਤਿਕ ਵਿਸ਼ੇਸ਼ਤਾਈਆਂ ਜ਼ਿੰਮੇਵਾਰ ਹਨ?
▪ ਜਦੋਂ ਬੇੜੀ ਚਲਾਉਣ ਦੀ ਉਨ੍ਹਾਂ ਦੀ ਕੁਸ਼ਲਤਾ ਉਨ੍ਹਾਂ ਨੂੰ ਬਚਾ ਨਾ ਸਕੀ, ਤਾਂ ਚੇਲੇ ਕੀ ਕਰਦੇ ਹਨ?