ਉਹ ਉਸ ਨੂੰ ਗਿਰਫ਼ਤਾਰ ਕਰਨ ਵਿਚ ਅਸਫਲ ਹੁੰਦੇ ਹਨ
ਅਧਿਆਇ 67
ਉਹ ਉਸ ਨੂੰ ਗਿਰਫ਼ਤਾਰ ਕਰਨ ਵਿਚ ਅਸਫਲ ਹੁੰਦੇ ਹਨ
ਜਦੋਂ ਕਿ ਡੇਰਿਆਂ ਦਾ ਪਰਬ ਅਜੇ ਚਲ ਰਿਹਾ ਹੁੰਦਾ ਹੈ, ਧਾਰਮਿਕ ਆਗੂ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਪੁਲਸ ਅਫ਼ਸਰਾਂ ਨੂੰ ਭੇਜਦੇ ਹਨ। ਉਹ ਲੁਕਣ ਦੀ ਕੋਸ਼ਿਸ਼ ਨਹੀਂ ਕਰਦਾ ਹੈ। ਇਸ ਦੀ ਬਜਾਇ, ਯਿਸੂ ਖੁਲ੍ਹੇਆਮ ਸਿਖਾਉਣਾ ਜਾਰੀ ਰੱਖਦੇ ਹੋਏ ਇਹ ਕਹਿੰਦਾ ਹੈ: “ਅਜੇ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ ਅਤੇ ਜਿਨ ਮੈਨੂੰ ਘੱਲਿਆ ਉਹ ਦੇ ਕੋਲ ਚੱਲਿਆ ਜਾਂਦਾ ਹਾਂ। ਤੁਸੀਂ ਮੈਨੂੰ ਭਾਲੋਗੇ ਅਤੇ ਮੈਨੂੰ ਨਾ ਲੱਭੋਗੇ ਪਰ ਜਿੱਥੇ ਮੈਂ ਹਾਂ ਤੁਸੀਂ ਨਹੀਂ ਆ ਸੱਕਦੇ।”
ਯਹੂਦੀ ਇਹ ਨਹੀਂ ਸਮਝਦੇ ਹਨ, ਅਤੇ ਇਸ ਲਈ ਉਹ ਆਪੋ ਵਿਚ ਪੁੱਛ-ਗਿੱਛ ਕਰਨ ਲੱਗਦੇ ਹਨ: “ਉਹ ਕਿੱਥੇ ਜਾਊ ਜੋ ਅਸੀਂ ਉਹ ਨੂੰ ਨਾ ਲੱਭਾਂਗੇ? ਭਲਾ, ਉਹ ਉਨ੍ਹਾਂ ਕੋਲ ਜਾਊ ਜਿਹੜੇ ਯੂਨਾਨੀਆਂ ਵਿੱਚ ਖਿੰਡੇ ਹੋਏ ਹਨ ਅਤੇ ਯੂਨਾਨੀਆਂ ਨੂੰ ਉਪਦੇਸ਼ ਕਰੂ? ਇਹ ਕੀ ਗੱਲ ਹੈ ਜਿਹੜੀ ਉਹ ਨੇ ਆਖੀ ਕਿ ਤੁਸੀਂ ਮੈਨੂੰ ਭਾਲੋਗੇ ਅਤੇ ਮੈਨੂੰ ਨਾ ਲੱਭੋਗੇ ਅਰ ਜਿੱਥੇ ਮੈਂ ਹਾਂ ਤੁਸੀਂ ਨਹੀਂ ਆ ਸੱਕਦੇ?” ਨਿਰਸੰਦੇਹ, ਯਿਸੂ ਆਪਣੀ ਆਉਣ ਵਾਲੀ ਮੌਤ ਅਤੇ ਸਵਰਗ, ਜਿੱਥੇ ਉਸ ਦੇ ਵੈਰੀ ਪਿੱਛਾ ਨਹੀਂ ਕਰ ਸਕਦੇ ਹਨ, ਵਿਚ ਜੀਵਨ ਦੇ ਪੁਨਰ-ਉਥਾਨ ਬਾਰੇ ਗੱਲ ਕਰ ਰਿਹਾ ਹੈ।
ਪਰਬ ਦਾ ਸੱਤਵਾਂ ਅਤੇ ਆਖ਼ਰੀ ਦਿਨ ਆ ਪਹੁੰਚਦਾ ਹੈ। ਪਰਬ ਦੀ ਹਰ ਸਵੇਰ ਇਕ ਜਾਜਕ ਪਾਣੀ ਡੋਲ੍ਹਦਾ ਹੈ, ਜੋ ਉਹ ਸਿਲੋਆਮ ਦੇ ਕੁੰਡ ਤੋਂ ਲਿਆਉਂਦਾ ਹੈ, ਤਾਂਕਿ ਇਹ ਜਗਵੇਦੀ ਦੀ ਨੀਂਹ ਤਕ ਵਗੇ। ਸ਼ਾਇਦ ਲੋਕਾਂ ਨੂੰ ਇਹ ਰੋਜ਼ਾਨਾ ਦੀ ਵਿਧੀ ਯਾਦ ਕਰਵਾਉਂਦੇ ਹੋਏ, ਯਿਸੂ ਚਿਲਾ ਉਠਦਾ ਹੈ: “ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ! ਜੋ ਕੋਈ ਮੇਰੇ ਉੱਤੇ ਨਿਹਚਾ ਕਰਦਾ ਹੈ ਲਿਖਤ ਅਨੁਸਾਰ ਅੰਮ੍ਰਿਤ ਜਲ [“ਜੀਉਂਦੇ ਪਾਣੀ,” ਨਿ ਵ] ਦੀਆਂ ਨਦੀਆਂ ਉਹ ਦੇ ਅੰਦਰੋਂ ਵਗਣਗੀਆਂ!”
ਅਸਲ ਵਿਚ, ਯਿਸੂ ਇੱਥੇ ਉਸ ਮਹਾਨ ਨਤੀਜੇ ਬਾਰੇ ਜ਼ਿਕਰ ਕਰ ਰਿਹਾ ਹੈ, ਜਦੋਂ ਪਵਿੱਤਰ ਆਤਮਾ ਵਹਾਈ ਜਾਵੇਗੀ। ਇਹ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਅਗਲੇ ਵਰ੍ਹੇ ਦੇ ਪੰਤੇਕੁਸਤ ਵਿਖੇ ਹੋਇਆ। ਉੱਥੇ, ਜੀਉਂਦੇ ਪਾਣੀ ਦੀਆਂ ਨਦੀਆਂ ਵਗੀਆਂ ਜਦੋਂ 120 ਚੇਲਿਆਂ ਨੇ ਲੋਕਾਂ ਦੀ ਸੇਵਕਾਈ ਕਰਨੀ ਸ਼ੁਰੂ ਕੀਤੀ। ਪਰੰਤੂ ਉਦੋਂ ਤਕ, ਇਸ ਅਰਥ ਵਿਚ ਕੋਈ ਆਤਮਾ ਨਹੀਂ ਹੈ ਕਿ ਯਿਸੂ ਦੇ ਚੇਲਿਆਂ ਵਿੱਚੋਂ ਕਿਸੇ ਨੂੰ ਵੀ ਅਜੇ ਪਵਿੱਤਰ ਆਤਮਾ ਨਾਲ ਮਸਹ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਸਵਰਗੀ ਜੀਵਨ ਲਈ ਸੱਦਿਆ ਗਿਆ ਹੈ।
ਯਿਸੂ ਦੀ ਸਿੱਖਿਆ ਦੇ ਪ੍ਰਤੀ, ਕਈ ਕਹਿਣ ਲੱਗਦੇ ਹਨ: “ਸੱਚੀ ਮੁੱਚੀ ਇਹ ਉਹੋ ਨਬੀ ਹੈ,” ਸਪੱਸ਼ਟ ਤੌਰ ਤੇ ਉਹ ਮੂਸਾ ਤੋਂ ਵੀ ਮਹਾਨ ਉਸ ਨਬੀ ਦਾ ਜ਼ਿਕਰ ਕਰ ਰਹੇ ਹਨ ਜਿਸ ਦੇ ਆਉਣ ਦਾ ਵਾਅਦਾ ਕੀਤਾ ਗਿਆ ਸੀ। ਦੂਜੇ ਕਹਿੰਦੇ ਹਨ: “ਇਹ ਮਸੀਹ ਹੈ!” ਪਰੰਤੂ ਕਈ ਵਿਰੋਧ ਕਰਦੇ ਹਨ: “ਭਲਾ, ਮਸੀਹ ਗਲੀਲ ਵਿੱਚੋਂ ਆਉਂਦਾ ਹੈ? ਕੀ ਕਤੇਬ ਨੇ ਨਹੀਂ ਆਖਿਆ ਜੋ ਮਸੀਹ ਦਾਊਦ ਦੀ ਅੰਸ ਵਿੱਚੋਂ ਅਤੇ ਬੈਤਲਹਮ ਦੀ ਨਗਰੀ ਤੋਂ ਜਿੱਥੇ ਦਾਊਦ ਸੀ ਆਉਂਦਾ ਹੈ?”
ਇਸ ਲਈ ਭੀੜ ਵਿਚ ਫੁੱਟ ਪੈ ਜਾਂਦੀ ਹੈ। ਕਈ ਲੋਕ ਯਿਸੂ ਨੂੰ ਗਿਰਫ਼ਤਾਰ ਕਰਵਾਉਣਾ ਚਾਹੁੰਦੇ ਹਨ, ਪਰੰਤੂ ਕੋਈ ਉਸ ਤੇ ਹੱਥ ਨਹੀਂ ਪਾਉਂਦਾ ਹੈ। ਜਦੋਂ ਪੁਲਸ ਅਫ਼ਸਰ ਯਿਸੂ ਦੇ ਬਿਨਾਂ ਮੁੜਦੇ ਹਨ, ਤਾਂ ਮੁੱਖ ਜਾਜਕ ਅਤੇ ਫ਼ਰੀਸੀ ਪੁੱਛਦੇ ਹਨ: “ਤੁਸੀਂ ਉਹ ਨੂੰ ਕਿਉਂ ਨਾ ਲਿਆਏ?”
“ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ!” ਅਫ਼ਸਰ ਜਵਾਬ ਦਿੰਦੇ ਹਨ।
ਗੁੱਸੇ ਨਾਲ ਭਰ ਕੇ, ਧਾਰਮਿਕ ਆਗੂ ਮਖੌਲ ਉਡਾਉਣ, ਗ਼ਲਤਬਿਆਨੀ, ਅਤੇ ਗਾਲ੍ਹਾਂ ਕੱਢਣ ਤੇ ਉਤਰ ਆਉਂਦੇ ਹਨ। ਉਹ ਤਾਅਨਾ ਮਾਰਦੇ ਹਨ: “ਕੀ ਤੁਸੀਂ ਭੀ ਭਰਮਾਏ ਗਏ? ਭਲਾ, ਸਰਦਾਰਾਂ ਅਤੇ ਫ਼ਰੀਸੀਆਂ ਵਿੱਚੋਂ ਕਿਹ ਨੇ ਉਸ ਉੱਤੇ ਨਿਹਚਾ ਕੀਤੀ ਹੈ? ਪਰ ਲਾਨਤ ਹੈ ਇਨ੍ਹਾਂ ਲੋਕਾਂ ਉੱਤੇ ਜਿਹੜੇ ਸ਼ਰਾ ਨੂੰ ਨਹੀਂ ਜਾਣਦੇ ਹਨ!”
ਇਸ ਤੇ, ਨਿਕੁਦੇਮੁਸ, ਜੋ ਕਿ ਇਕ ਫ਼ਰੀਸੀ ਅਤੇ ਯਹੂਦੀਆਂ ਦਾ ਇਕ ਸ਼ਾਸਕ (ਯਾਨੀ, ਮਹਾਸਭਾ ਦਾ ਇਕ ਸਦੱਸ) ਹੈ, ਯਿਸੂ ਦੇ ਪੱਖ ਵਿਚ ਬੋਲਣ ਦਾ ਹੌਸਲਾ ਕਰਦਾ ਹੈ। ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਢਾਈ ਵਰ੍ਹੇ ਪਹਿਲਾਂ, ਨਿਕੁਦੇਮੁਸ ਯਿਸੂ ਕੋਲ ਰਾਤ ਵੇਲੇ ਆਇਆ ਸੀ ਅਤੇ ਉਸ ਉੱਤੇ ਨਿਹਚਾ ਪ੍ਰਗਟ ਕੀਤੀ ਸੀ। ਹੁਣ ਨਿਕੁਦੇਮੁਸ ਕਹਿੰਦਾ ਹੈ: “ਕੀ ਸਾਡੀ ਸ਼ਰਾ ਕਿਸੇ ਮਨੁੱਖ ਨੂੰ ਉਹ ਦੀ ਸੁਣਨ ਅਤੇ ਇਹ ਜਾਣਨ ਤੋਂ ਪਹਿਲਾਂ ਭਈ ਉਹ ਕੀ ਕਰਦਾ ਹੈਗਾ ਦੋਸ਼ੀ ਠਹਿਰਾਉਂਦੀ ਹੈ?”
ਫ਼ਰੀਸੀ ਪਹਿਲਾਂ ਨਾਲੋਂ ਹੋਰ ਜ਼ਿਆਦਾ ਗੁੱਸੇ ਹੁੰਦੇ ਹਨ ਕਿ ਉਨ੍ਹਾਂ ਦਾ ਆਪਣਾ ਇਕ ਸਾਥੀ, ਯਿਸੂ ਦੀ ਤਰਫ਼ਦਾਰੀ ਕਰੇ। “ਭਲਾ, ਤੂੰ ਭੀ ਗਲੀਲ ਤੋਂ ਹੈਂ?” ਉਹ ਚੁਭਵੇਂ ਢੰਗ ਨਾਲ ਟਿੱਪਣੀ ਕਰਦੇ ਹਨ। “ਭਾਲ ਅਤੇ ਵੇਖ, ਜੋ ਗਲੀਲ ਵਿੱਚੋਂ ਕੋਈ ਨਬੀ ਨਹੀਂ ਉੱਠਦਾ।”
ਭਾਵੇਂ ਕਿ ਸ਼ਾਸਤਰ ਸਿੱਧੇ ਤੌਰ ਤੇ ਨਹੀਂ ਕਹਿੰਦੇ ਹਨ ਕਿ ਇਕ ਨਬੀ ਗਲੀਲ ਵਿੱਚੋਂ ਆਵੇਗਾ, ਉਹ ਸੰਕੇਤ ਕਰਦੇ ਹਨ ਕਿ ਮਸੀਹ ਉੱਥੋਂ ਆਵੇਗਾ, ਇਹ ਕਹਿੰਦੇ ਹੋਏ ਕਿ “ਵੱਡਾ ਚਾਨਣ” ਇਸ ਖੇਤਰ ਵਿਚ ਦੇਖਿਆ ਜਾਵੇਗਾ। ਇਸ ਤੋਂ ਇਲਾਵਾ, ਯਿਸੂ ਬੈਤਲਹਮ ਵਿਚ ਪੈਦਾ ਹੋਇਆ ਸੀ, ਅਤੇ ਉਹ ਦਾਊਦ ਦੀ ਇਕ ਅੰਸ ਸੀ। ਜਦੋਂ ਕਿ ਫ਼ਰੀਸੀ ਸ਼ਾਇਦ ਇਸ ਤੋਂ ਜਾਣੂ ਹਨ, ਸੰਭਵ ਹੈ ਕਿ ਉਹ ਯਿਸੂ ਦੇ ਬਾਰੇ ਲੋਕਾਂ ਦੀਆਂ ਗ਼ਲਤ-ਫ਼ਹਿਮੀਆਂ ਨੂੰ ਫੈਲਾਉਣ ਦੇ ਜ਼ਿੰਮੇਵਾਰ ਹਨ। ਯੂਹੰਨਾ 7:32-52; ਯਸਾਯਾਹ 9:1, 2; ਮੱਤੀ 4:13-17.
▪ ਪਰਬ ਦੀ ਹਰ ਸਵੇਰ ਨੂੰ ਕੀ ਹੁੰਦਾ ਹੈ, ਅਤੇ ਯਿਸੂ ਇਸ ਦੇ ਪ੍ਰਤੀ ਸ਼ਾਇਦ ਕਿਸ ਤਰ੍ਹਾਂ ਧਿਆਨ ਖਿੱਚ ਰਿਹਾ ਹੈ?
▪ ਅਫ਼ਸਰ ਯਿਸੂ ਨੂੰ ਗਿਰਫ਼ਤਾਰ ਕਰਨ ਤੋਂ ਕਿਉਂ ਅਸਫਲ ਹੁੰਦੇ ਹਨ, ਅਤੇ ਧਾਰਮਿਕ ਆਗੂ ਕਿਸ ਤਰ੍ਹਾਂ ਪ੍ਰਤਿਕ੍ਰਿਆ ਕਰਦੇ ਹਨ?
▪ ਨਿਕੁਦੇਮੁਸ ਕੌਣ ਹੈ, ਯਿਸੂ ਦੇ ਪ੍ਰਤੀ ਉਸ ਦਾ ਕੀ ਰਵੱਈਆ ਹੈ, ਅਤੇ ਉਸ ਦੇ ਸਾਥੀ ਫ਼ਰੀਸੀ ਉਸ ਦੇ ਨਾਲ ਕਿਸ ਤਰ੍ਹਾਂ ਸਲੂਕ ਕਰਦੇ ਹਨ?
▪ ਕੀ ਸਬੂਤ ਹੈ ਕਿ ਮਸੀਹ ਗਲੀਲ ਵਿੱਚੋਂ ਆਵੇਗਾ?