ਗੁਆਚੇ ਹੋਏ ਦੀ ਭਾਲ ਕਰਨਾ
ਅਧਿਆਇ 85
ਗੁਆਚੇ ਹੋਏ ਦੀ ਭਾਲ ਕਰਨਾ
ਯਿਸੂ ਉਨ੍ਹਾਂ ਨੂੰ ਭਾਲਣ ਅਤੇ ਲੱਭਣ ਲਈ ਉਤਸੁਕ ਹੈ ਜਿਹੜੇ ਨਿਮਰਤਾ ਨਾਲ ਪਰਮੇਸ਼ੁਰ ਦੀ ਸੇਵਾ ਕਰਨਗੇ। ਇਸ ਲਈ ਉਹ ਭਾਲ ਕਰਦਾ ਹੈ ਅਤੇ ਹਰੇਕ ਨਾਲ, ਇੱਥੋਂ ਤਕ ਕਿ ਬਦਨਾਮ ਪਾਪੀਆਂ ਨਾਲ ਵੀ, ਰਾਜ ਬਾਰੇ ਗੱਲ ਕਰਦਾ ਹੈ। ਅਜਿਹੇ ਵਿਅਕਤੀ ਹੁਣ ਉਸ ਨੂੰ ਸੁਣਨ ਲਈ ਨੇੜੇ ਆਉਂਦੇ ਹਨ।
ਇਹ ਦੇਖਦੇ ਹੋਏ, ਫ਼ਰੀਸੀ ਅਤੇ ਗ੍ਰੰਥੀ, ਯਿਸੂ ਦੀ ਉਨ੍ਹਾਂ ਲੋਕਾਂ ਨਾਲ ਜਿਨ੍ਹਾਂ ਨੂੰ ਉਹ ਅਯੋਗ ਸਮਝਦੇ ਹਨ, ਸੰਗਤ ਰੱਖਣ ਕਰਕੇ ਆਲੋਚਨਾ ਕਰਦੇ ਹਨ। ਉਹ ਬੁੜਬੁੜਾਉਂਦੇ ਹਨ: “ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਅਤੇ ਉਨ੍ਹਾਂ ਨਾਲ ਖਾਂਦਾ ਹੈ!” ਉਨ੍ਹਾਂ ਦੀ ਸ਼ਾਨ ਤੋਂ ਕਿੰਨਾ ਹੀ ਨੀਚਾ! ਫ਼ਰੀਸੀ ਅਤੇ ਗ੍ਰੰਥੀ ਆਮ ਲੋਕਾਂ ਨਾਲ ਆਪਣੇ ਪੈਰਾਂ ਹੇਠ ਦੀ ਧੂਲ ਵਾਂਗ ਵਰਤਾਉ ਕਰਦੇ ਹਨ। ਅਸਲ ਵਿਚ, ਉਹ ਅਜਿਹੇ ਵਿਅਕਤੀਆਂ ਲਈ ਘਿਰਣਾ ਦਿਖਾਉਣ ਲਈ ਇਬਰਾਨੀ ਸ਼ਬਦ ਅਮਹਾਰੇੱਟਸ, ਅਰਥਾਤ “ਜਮੀਨ [ਧਰਤੀ] ਦੇ ਲੋਕ,” ਦਾ ਇਸਤੇਮਾਲ ਕਰਦੇ ਹਨ।
ਦੂਜੇ ਪਾਸੇ, ਯਿਸੂ ਹਰੇਕ ਨਾਲ ਮਾਣ, ਦਿਆਲਗੀ, ਅਤੇ ਦਇਆ ਨਾਲ ਵਰਤਾਉ ਕਰਦਾ ਹੈ। ਨਤੀਜੇ ਵਜੋਂ, ਇਨ੍ਹਾਂ ਦੀਨ ਵਿਅਕਤੀਆਂ ਵਿੱਚੋਂ ਅਨੇਕ ਲੋਕ, ਜਿਨ੍ਹਾਂ ਵਿਚ ਅਜਿਹੇ ਵਿਅਕਤੀ ਵੀ ਸ਼ਾਮਲ ਹਨ ਜਿਹੜੇ ਬੁਰੇ ਕੰਮ ਕਰਨ ਲਈ ਜਾਣੇ ਪਛਾਣੇ ਜਾਂਦੇ ਹਨ, ਉਸ ਨੂੰ ਸੁਣਨ ਲਈ ਉਤਸੁਕ ਹਨ। ਪਰੰਤੂ ਫ਼ਰੀਸੀਆਂ ਦੁਆਰਾ ਅਯੋਗ ਸਮਝੇ ਗਏ ਲੋਕਾਂ ਦੇ ਨਿਮਿੱਤ ਯਤਨ ਕਰਨ ਦੇ ਕਾਰਨ ਯਿਸੂ ਬਾਰੇ ਉਨ੍ਹਾਂ ਦੀ ਆਲੋਚਨਾ ਬਾਰੇ ਕੀ?
ਯਿਸੂ ਇਕ ਦ੍ਰਿਸ਼ਟਾਂਤ ਇਸਤੇਮਾਲ ਕਰਦੇ ਹੋਏ ਉਨ੍ਹਾਂ ਦੇ ਇਤਰਾਜ਼ ਦਾ ਜਵਾਬ ਦਿੰਦਾ ਹੈ। ਉਹ ਫ਼ਰੀਸੀਆਂ ਦੇ ਆਪਣੇ ਨਜ਼ਰੀਏ ਤੋਂ ਬੋਲਦਾ ਹੈ, ਜਿਵੇਂ ਕਿ ਉਹ ਧਰਮੀ ਅਤੇ ਪਰਮੇਸ਼ੁਰ ਦੇ ਵਾੜੇ ਵਿਚ ਸੁਰੱਖਿਅਤ ਹਨ, ਜਦੋਂ ਕਿ ਘਿਰਣਾ ਯੋਗ ਅਮਹਾਰੇੱਟਸ ਭਟਕ ਗਏ ਹਨ ਅਤੇ ਗੁਆਚੀ ਹੋਈ ਦਸ਼ਾ ਵਿਚ ਹਨ। ਸੁਣੋ ਜਿਵੇਂ ਉਹ ਪੁੱਛਦਾ ਹੈ:
“ਤੁਸਾਂ ਵਿੱਚੋਂ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਸੌ ਭੇਡਾਂ ਹੋਣ ਅਰ ਜੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਉਹ ਉਨ੍ਹਾਂ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਦੀ ਭਾਲ ਵਿੱਚ ਨਾ ਜਾਵੇ ਜਦ ਤਾਈਂ ਉਹ ਉਸ ਨੂੰ ਨਾ ਲੱਭੇ? ਅਰ ਜਾਂ ਲੱਭ ਪਵੇ ਤਾਂ ਉਹ ਨੂੰ ਖੁਸ਼ੀ ਨਾਲ ਆਪਣਿਆਂ ਮੋਢਿਆਂ ਉੱਤੇ ਰੱਖ ਲੈਂਦਾ। ਅਤੇ ਘਰ ਜਾ ਕੇ ਆਪਣੇ ਮਿੱਤ੍ਰਾਂ ਅਤੇ ਗੁਆਂਢੀਆਂ ਨੂੰ ਇਕੱਠੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਆਖਦਾ ਹੈ ਭਈ ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਭੇਡ ਲੱਭੀ ਹੈ।”
ਯਿਸੂ ਫਿਰ ਆਪਣੀ ਕਹਾਣੀ ਨੂੰ ਲਾਗੂ ਕਰਦੇ ਹੋਏ ਸਮਝਾਉਂਦਾ ਹੈ: “ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰਾਂ ਸੁਰਗ ਵਿੱਚ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਨੜਿੰਨਵਿਆਂ ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ।”
ਫ਼ਰੀਸੀ ਆਪਣੇ ਆਪ ਨੂੰ ਧਰਮੀ ਸਮਝਦੇ ਹਨ ਅਤੇ ਇਸ ਕਰਕੇ ਸੋਚਦੇ ਹਨ ਕਿ ਉਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਹੈ। ਜਦੋਂ ਉਨ੍ਹਾਂ ਵਿੱਚੋਂ ਕਈਆਂ ਨੇ ਕੁਝ ਵਰ੍ਹੇ ਪਹਿਲਾਂ ਮਸੂਲੀਆਂ ਅਤੇ ਪਾਪੀਆਂ ਨਾਲ ਭੋਜਨ ਖਾਣ ਲਈ ਯਿਸੂ ਦੀ ਆਲੋਚਨਾ ਕੀਤੀ ਸੀ, ਤਾਂ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ: “ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ।” ਸਵੈ-ਸਤਵਾਦੀ ਫ਼ਰੀਸੀ, ਜਿਹੜੇ ਤੋਬਾ ਕਰਨ ਦੀ ਆਪਣੀ ਲੋੜ ਨੂੰ ਨਹੀਂ ਦੇਖਦੇ ਹਨ, ਸਵਰਗ ਵਿਚ ਕੋਈ ਆਨੰਦ ਨਹੀਂ ਲਿਆਉਂਦੇ ਹਨ। ਪਰੰਤੂ ਸੱਚ-ਮੁੱਚ ਤੋਬਾ ਕੀਤੇ ਪਾਪੀ ਆਨੰਦ ਲਿਆਉਂਦੇ ਹਨ।
ਇਸ ਨੁਕਤੇ ਨੂੰ ਦੋਹਰਾ ਮਜ਼ਬੂਤ ਬਣਾਉਣ ਲਈ ਕਿ ਗੁਆਚੇ ਹੋਏ ਪਾਪੀਆਂ ਦੀ ਮੁੜ ਬਹਾਲੀ ਵੱਡੇ ਆਨੰਦ ਦਾ ਕਾਰਨ ਹੈ, ਯਿਸੂ ਇਕ ਹੋਰ ਦ੍ਰਿਸ਼ਟਾਂਤ ਦੱਸਦਾ ਹੈ। ਉਹ ਕਹਿੰਦਾ ਹੈ: “ਕਿਹੜੀ ਤੀਵੀਂ ਹੈ ਜਿਹ ਦੇ ਕੋਲ ਦੱਸ ਅਠੰਨੀਆਂ [“ਦਰਾਖਮੇ,” ਨਿ ਵ] ਹੋਣ ਜੇ ਇੱਕ ਅਠੰਨੀ [“ਦਰਾਖਮਾ,” ਨਿ ਵ] ਗੁਆਚ ਜਾਵੇ ਤਾਂ ਉਹ ਦੀਵਾ ਬਾਲ ਕੇ ਅਤੇ ਘਰ ਨੂੰ ਹੰਝੂ ਹਾਂਝ ਕੇ ਉਹ ਨੂੰ ਜਤਨ ਨਾਲ ਨਾ ਢੂੰਡੇ ਜਦ ਤੀਕੁਰ ਉਹ ਨੂੰ ਨਾ ਲੱਭੇ? ਅਰ ਜਾਂ ਲੱਭ ਲਏ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਢਣਾਂ ਨੂੰ ਇਕੱਠੀਆਂ ਬੁਲਾ ਕੇ ਆਖਦੀ ਹੈ, ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਅਠੰਨੀ [“ਦਰਾਖਮਾ,” ਨਿ ਵ] ਲਭੀ ਹੈ।”
ਯਿਸੂ ਫਿਰ ਇਸ ਦ੍ਰਿਸ਼ਟਾਂਤ ਨੂੰ ਉਸੇ ਤਰ੍ਹਾਂ ਲਾਗੂ ਕਰਦਾ ਹੈ। ਉਹ ਅੱਗੇ ਜਾ ਕੇ ਕਹਿੰਦਾ ਹੈ: “ਮੈਂ ਤੁਹਾਨੂੰ ਆਖਦਾ ਹਾਂ ਭਈ ਇਸੇ ਤਰਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ।”
ਗੁਆਚੇ ਹੋਏ ਪਾਪੀਆਂ ਦੀ ਮੁੜ ਬਹਾਲੀ ਲਈ ਪਰਮੇਸ਼ੁਰ ਦੇ ਦੂਤਾਂ ਦੀ ਇਹ ਪ੍ਰੇਮਪੂਰਣ ਚਿੰਤਾ ਕਿੰਨੀ ਮਾਅਰਕੇ ਵਾਲੀ ਹੈ! ਖ਼ਾਸ ਕਰਕੇ ਇਹ ਇਸ ਲਈ ਹੈ ਕਿਉਂਕਿ ਇਹ ਇਕ ਸਮੇਂ ਦੇ ਦੀਨ, ਘਿਰਣਿਤ ਅਮਹਾਰੇੱਟਸ ਆਖ਼ਰਕਾਰ ਪਰਮੇਸ਼ੁਰ ਦੇ ਸਵਰਗੀ ਰਾਜ ਦੀ ਸਦੱਸਤਾ ਪ੍ਰਾਪਤ ਕਰਦੇ ਹਨ। ਨਤੀਜੇ ਵਜੋਂ, ਉਹ ਸਵਰਗ ਵਿਚ ਖ਼ੁਦ ਦੂਤਾਂ ਨਾਲੋਂ ਇਕ ਉੱਚੀ ਪਦਵੀ ਹਾਸਲ ਕਰਦੇ ਹਨ! ਪਰੰਤੂ ਈਰਖਾ ਜਾਂ ਅਪਮਾਨਿਤ ਮਹਿਸੂਸ ਕਰਨ ਦੀ ਬਜਾਇ, ਦੂਤ ਨਿਮਰਤਾ ਨਾਲ ਕਦਰ ਕਰਦੇ ਹਨ ਕਿ ਇਨ੍ਹਾਂ ਪਾਪੀ ਮਨੁੱਖਾਂ ਨੇ ਜੀਵਨ ਵਿਚ ਅਜਿਹੀਆਂ ਸਥਿਤੀਆਂ ਦਾ ਸਾਮ੍ਹਣਾ ਕੀਤਾ ਹੈ ਅਤੇ ਉਨ੍ਹਾਂ ਉੱਤੇ ਜਿੱਤ ਹਾਸਲ ਕੀਤੀ ਹੈ ਜਿਹੜੀਆਂ ਉਨ੍ਹਾਂ ਨੂੰ ਹਮਦਰਦ ਅਤੇ ਦਇਆਵਾਨ ਸਵਰਗੀ ਰਾਜਿਆਂ ਅਤੇ ਜਾਜਕਾਂ ਦੇ ਤੌਰ ਤੇ ਸੇਵਾ ਕਰਨ ਲਈ ਤਿਆਰ ਕਰਨਗੀਆਂ। ਲੂਕਾ 15:1-10; ਮੱਤੀ 9:13; 1 ਕੁਰਿੰਥੀਆਂ 6:2, 3; ਪਰਕਾਸ਼ ਦੀ ਪੋਥੀ 20:6.
▪ ਯਿਸੂ ਜਾਣੇ-ਪਛਾਣੇ ਪਾਪੀਆਂ ਨਾਲ ਕਿਉਂ ਸੰਗਤ ਕਰਦਾ ਹੈ, ਅਤੇ ਫ਼ਰੀਸੀਆਂ ਵੱਲੋਂ ਉਸ ਦੀ ਕੀ ਆਲੋਚਨਾ ਹੁੰਦੀ ਹੈ?
▪ ਫ਼ਰੀਸੀ ਆਮ ਲੋਕਾਂ ਬਾਰੇ ਕਿਸ ਤਰ੍ਹਾਂ ਦੇ ਵਿਚਾਰ ਰੱਖਦੇ ਹਨ?
▪ ਯਿਸੂ ਕਿਹੜੇ ਦ੍ਰਿਸ਼ਟਾਂਤ ਇਸਤੇਮਾਲ ਕਰਦਾ ਹੈ, ਅਤੇ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?
▪ ਦੂਤਾਂ ਦਾ ਆਨੰਦਿਤ ਹੋਣਾ ਮਾਅਰਕੇ ਵਾਲੀ ਗੱਲ ਕਿਉਂ ਹੈ?