ਜਨਮ ਦਿਨ ਪਾਰਟੀ ਦੇ ਦੌਰਾਨ ਕਤਲ
ਅਧਿਆਇ 51
ਜਨਮ ਦਿਨ ਪਾਰਟੀ ਦੇ ਦੌਰਾਨ ਕਤਲ
ਆਪਣੇ ਰਸੂਲਾਂ ਨੂੰ ਹਿਦਾਇਤਾਂ ਦੇਣ ਤੋਂ ਬਾਅਦ, ਯਿਸੂ ਉਨ੍ਹਾਂ ਨੂੰ ਜੋੜਿਆਂ ਵਿਚ ਖੇਤਰ ਵਿਚ ਭੇਜ ਦਿੰਦਾ ਹੈ। ਸ਼ਾਇਦ ਦੋਨੋਂ ਭਰਾ ਪਤਰਸ ਅਤੇ ਅੰਦ੍ਰਿਯਾਸ ਇਕੱਠੇ ਜਾਂਦੇ ਹਨ, ਜਿਸ ਤਰ੍ਹਾਂ ਯਾਕੂਬ ਅਤੇ ਯੂਹੰਨਾ, ਫ਼ਿੱਲਿਪੁਸ ਅਤੇ ਬਰਥੁਲਮਈ, ਥੋਮਾ ਅਤੇ ਮੱਤੀ, ਯਾਕੂਬ ਅਤੇ ਥੱਦਈ, ਅਤੇ ਸ਼ਮਊਨ ਅਤੇ ਯਹੂਦਾ ਇਸਕਰਿਯੋਤੀ ਇਕੱਠੇ ਜਾਂਦੇ ਹਨ। ਇੰਜੀਲ-ਪ੍ਰਚਾਰਕਾਂ ਦੇ ਛੇ ਜੋੜੇ ਜਿੱਥੇ ਕਿਤੇ ਜਾਂਦੇ ਹਨ, ਉਹ ਉੱਥੇ ਰਾਜ ਦੀ ਖ਼ੁਸ਼ ਖ਼ਬਰੀ ਦੀ ਘੋਸ਼ਣਾ ਅਤੇ ਚਮਤਕਾਰੀ ਚੰਗਾਈ ਸੰਪੰਨ ਕਰਦੇ ਹਨ।
ਇਸ ਸਮੇਂ ਦੇ ਦੌਰਾਨ, ਯੂਹੰਨਾ ਬਪਤਿਸਮਾ ਦੇਣ ਵਾਲਾ ਅਜੇ ਤਕ ਕੈਦ ਵਿਚ ਹੈ। ਉਸ ਨੂੰ ਉੱਥੇ ਹੁਣ ਲਗਭਗ ਦੋ ਵਰ੍ਹੇ ਹੋ ਚੁੱਕੇ ਹਨ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਯੂਹੰਨਾ ਨੇ ਖੁਲ੍ਹੇਆਮ ਇਹ ਘੋਸ਼ਣਾ ਕੀਤੀ ਸੀ ਕਿ ਹੇਰੋਦੇਸ ਅੰਤਿਪਾਸ ਦਾ ਆਪਣੇ ਭਰਾ ਫ਼ਿੱਲਿਪੁਸ ਦੀ ਪਤਨੀ, ਹੇਰੋਦਿਯਾਸ ਨੂੰ ਆਪਣੀ ਪਤਨੀ ਕਰ ਕੇ ਰੱਖ ਲੈਣਾ ਗ਼ਲਤ ਸੀ। ਕਿਉਂਕਿ ਹੇਰੋਦੇਸ ਅੰਤਿਪਾਸ, ਮੂਸਾ ਦੀ ਬਿਵਸਥਾ ਦਾ ਅਨੁਕਰਣ ਕਰਨ ਦਾ ਦਾਅਵਾ ਕਰਦਾ ਹੈ, ਯੂਹੰਨਾ ਨੇ ਉਚਿਤ ਤੌਰ ਤੇ ਇਸ ਜ਼ਨਾਹਕਾਰੀ ਸੰਬੰਧ ਦਾ ਭੇਤ ਖੋਲ੍ਹਿਆ। ਇਸ ਲਈ ਹੇਰੋਦੇਸ ਸ਼ਾਇਦ ਹੇਰੋਦਿਯਾਸ ਦੀ ਉਤੇਜਨਾ ਤੇ ਯੂਹੰਨਾ ਨੂੰ ਕੈਦ ਵਿਚ ਸੁੱਟਵਾ ਦਿੰਦਾ ਹੈ।
ਹੇਰੋਦੇਸ ਅੰਤਿਪਾਸ ਅਹਿਸਾਸ ਕਰਦਾ ਹੈ ਕਿ ਯੂਹੰਨਾ ਇਕ ਧਰਮੀ ਆਦਮੀ ਹੈ, ਇੱਥੋਂ ਤਕ ਕਿ ਉਹ ਖ਼ੁਸ਼ੀ ਨਾਲ ਉਸ ਦੀਆਂ ਗੱਲਾਂ ਨੂੰ ਸੁਣਦਾ ਵੀ ਹੈ। ਇਸ ਲਈ, ਉਸ ਨੂੰ ਸਮਝ ਨਹੀਂ ਆਉਂਦੀ ਕਿ ਉਸ ਨਾਲ ਕੀ ਕੀਤਾ ਜਾਵੇ। ਦੂਜੇ ਪਾਸੇ, ਹੇਰੋਦਿਯਾਸ ਯੂਹੰਨਾ ਨਾਲ ਨਫ਼ਰਤ ਕਰਦੀ ਹੈ ਅਤੇ ਉਹ ਉਸ ਨੂੰ ਮਰਵਾਉਣ ਦਾ ਮੌਕਾ ਭਾਲਦੀ ਰਹਿੰਦੀ ਹੈ। ਆਖ਼ਰਕਾਰ, ਜਿਸ ਮੌਕੇ ਲਈ ਉਹ ਇੰਤਜ਼ਾਰ ਕਰ ਰਹੀ ਸੀ, ਉਹ ਮੌਕਾ ਆ ਜਾਂਦਾ ਹੈ।
ਸੰਨ 32 ਸਾ.ਯੁ. ਦੇ ਪਸਾਹ ਦੇ ਥੋੜ੍ਹੇ ਸਮੇਂ ਪਹਿਲਾਂ, ਹੇਰੋਦੇਸ ਆਪਣੇ ਜਨਮ ਦਿਨ ਦੇ ਇਕ ਵੱਡੇ ਜਸ਼ਨ ਦਾ ਪ੍ਰਬੰਧ ਕਰਦਾ ਹੈ। ਹੇਰੋਦੇਸ ਦੇ ਸਾਰੇ ਉੱਚ-ਪਦਵੀਆਂ ਵਾਲੇ ਅਫ਼ਸਰ ਅਤੇ ਫ਼ੌਜੀ ਅਫ਼ਸਰਾਂ ਦੇ ਨਾਲ-ਨਾਲ ਗਲੀਲ ਦੇ ਪ੍ਰਮੁੱਖ ਨਾਗਰਿਕ ਵੀ ਜਸ਼ਨ ਵਿਚ ਇਕੱਠੇ ਹੋਏ ਹਨ। ਜਿਉਂ ਹੀ ਸ਼ਾਮ ਗੁਜ਼ਰਦੀ ਜਾਂਦੀ ਹੈ, ਹੇਰੋਦਿਯਾਸ ਦੀ ਜਵਾਨ ਧੀ, ਸਲੋਮੀ, ਜਿਹੜੀ ਉਸ ਦੇ ਸਾਬਕਾ ਪਤੀ ਫ਼ਿੱਲਿਪੁਸ ਤੋਂ ਪੈਦਾ ਹੋਈ ਸੀ, ਮਹਿਮਾਨਾਂ ਲਈ ਨੱਚਣ ਵਾਸਤੇ ਅੰਦਰ ਭੇਜੀ ਜਾਂਦੀ ਹੈ। ਨਰ ਹਾਜ਼ਰੀਨ ਉਸ ਦੀ ਅਦਾਕਾਰੀ ਤੋਂ ਮੋਹਿਤ ਹੋ ਜਾਂਦੇ ਹਨ।
ਹੇਰੋਦੇਸ ਸਲੋਮੀ ਤੋਂ ਬਹੁਤ ਖ਼ੁਸ਼ ਹੁੰਦਾ ਹੈ। “ਜੋ ਤੂੰ ਚਾਹੇਂ ਸੋ ਮੈਥੋਂ ਮੰਗ ਤਾਂ ਮੈਂ ਤੈਨੂੰ ਦਿਆਂਗਾ,” ਉਹ ਐਲਾਨ ਕਰਦਾ ਹੈ। ਉਹ ਸੌਂਹ ਵੀ ਖਾਂਦਾ ਹੈ: “ਜੋ ਕੁਝ ਤੂੰ ਮੈਥੋਂ ਮੰਗੇਂ ਮੈਂ ਆਪਣੇ ਅੱਧੇ ਰਾਜ ਤੀਕਰ ਭੀ ਤੈਨੂੰ ਦਿਆਂਗਾ।”
ਜਵਾਬ ਦੇਣ ਤੋਂ ਪਹਿਲਾਂ, ਸਲੋਮੀ ਆਪਣੀ ਮਾਂ ਨਾਲ ਸਲਾਹ ਕਰਨ ਨੂੰ ਬਾਹਰ ਚਲੀ ਜਾਂਦੀ ਹੈ। “ਮੈਂ ਕੀ ਮੰਗਾਂ?” ਉਹ ਪੁੱਛਦੀ ਹੈ।
ਆਖ਼ਰਕਾਰ ਮੌਕਾ ਆ ਹੀ ਗਿਆ! “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ,” ਹੇਰੋਦਿਯਾਸ ਬਿਨਾਂ ਝਿਜਕ ਦੇ ਜਵਾਬ ਦਿੰਦੀ ਹੈ।
ਸਲੋਮੀ ਜਲਦੀ ਨਾਲ ਹੇਰੋਦੇਸ ਕੋਲ ਮੁੜਦੀ ਹੈ ਅਤੇ ਮੰਗ ਕਰਦੀ ਹੈ: “ਮੈਂ ਇਹ ਚਾਹੁੰਦੀ ਹਾਂ ਜੋ ਤੁਸੀਂ ਇੱਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੈਨੂੰ ਹੁਣੇ ਦੇ ਦਿਓ!”
ਹੇਰੋਦੇਸ ਬਹੁਤ ਦੁਖੀ ਹੁੰਦਾ ਹੈ। ਪਰ ਕਿਉਂਕਿ ਉਸ ਦੇ ਮਹਿਮਾਨਾਂ ਨੇ ਉਸ ਦੀ ਸੌਂਹ ਨੂੰ ਸੁਣਿਆ ਸੀ, ਉਹ ਇਸ ਨੂੰ ਨਾ ਪੂਰਾ ਕਰਨ ਵਿਚ ਸ਼ਰਮਿੰਦਗੀ ਮਹਿਸੂਸ ਕਰਦਾ ਹੈ, ਭਾਵੇਂ ਕਿ ਇਸ ਦਾ ਮਤਲਬ ਇਕ ਨਿਰਦੋਸ਼ ਆਦਮੀ ਦਾ ਕਤਲ ਕਰਨਾ ਹੈ। ਇਕ ਜਲਾਦ ਨੂੰ ਤੁਰੰਤ ਹੀ ਉਸ ਦੀਆਂ ਸਖ਼ਤ ਹਿਦਾਇਤਾਂ ਦੇ ਨਾਲ ਕੈਦਖ਼ਾਨੇ ਵਿਚ ਭੇਜਿਆ ਜਾਂਦਾ ਹੈ। ਥੋੜ੍ਹੀ ਦੇਰ ਬਾਅਦ ਉਹ ਯੂਹੰਨਾ ਦਾ ਸਿਰ ਇਕ ਥਾਲ ਵਿਚ ਲੈ ਕੇ ਮੁੜਦਾ ਹੈ, ਅਤੇ ਉਹ ਇਸ ਨੂੰ ਸਲੋਮੀ ਨੂੰ ਦੇ ਦਿੰਦਾ ਹੈ। ਉਹ, ਵਾਰੀ ਸਿਰ, ਇਸ ਨੂੰ ਆਪਣੀ ਮਾਂ ਕੋਲ ਲੈ ਜਾਂਦੀ ਹੈ। ਜਦੋਂ ਯੂਹੰਨਾ ਦੇ ਚੇਲੇ ਸੁਣਦੇ ਹਨ ਕਿ ਕੀ ਵਾਪਰਿਆ ਹੈ, ਤਾਂ ਉਹ ਆ ਕੇ ਉਸ ਦੀ ਲਾਸ਼ ਨੂੰ ਲਿਜਾ ਕੇ ਦੱਬ ਦਿੰਦੇ ਹਨ, ਅਤੇ ਫਿਰ ਉਹ ਇਸ ਮਾਮਲੇ ਦੀ ਖ਼ਬਰ ਯਿਸੂ ਨੂੰ ਦਿੰਦੇ ਹਨ।
ਬਾਅਦ ਵਿਚ, ਜਦੋਂ ਹੇਰੋਦੇਸ ਯਿਸੂ ਦਾ ਲੋਕਾਂ ਨੂੰ ਚੰਗੇ ਕਰਨ ਅਤੇ ਪਿਸ਼ਾਚਾਂ ਨੂੰ ਕੱਢਣ ਦੇ ਬਾਰੇ ਸੁਣਦਾ ਹੈ ਤਾਂ ਉਹ ਡਰ ਜਾਂਦਾ ਹੈ, ਇਹ ਡਰਦੇ ਹੋਏ ਕਿ ਯਿਸੂ ਅਸਲ ਵਿਚ ਯੂਹੰਨਾ ਹੈ ਜਿਹੜਾ ਮੁਰਦਿਆਂ ਵਿੱਚੋਂ ਜੀ ਉਠਾਇਆ ਗਿਆ ਹੈ। ਇਸ ਤੋਂ ਬਾਅਦ, ਉਹ ਯਿਸੂ ਨੂੰ ਦੇਖਣ ਦੀ ਵੱਡੀ ਇੱਛਾ ਕਰਦਾ ਹੈ, ਉਸ ਦੇ ਪ੍ਰਚਾਰ ਨੂੰ ਸੁਣਨ ਲਈ ਨਹੀਂ, ਪਰੰਤੂ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿ ਉਸ ਦੇ ਡਰ ਦਾ ਕੋਈ ਆਧਾਰ ਹੈ ਜਾਂ ਨਹੀਂ। ਮੱਤੀ 10:1-5; 11:1; 14:1-12; ਮਰਕੁਸ 6:14-29; ਲੂਕਾ 9:7-9.
▪ ਯੂਹੰਨਾ ਕੈਦ ਵਿਚ ਕਿਉਂ ਹੈ, ਅਤੇ ਹੇਰੋਦੇਸ ਉਸ ਨੂੰ ਕਿਉਂ ਨਹੀਂ ਮਰਵਾਉਣਾ ਚਾਹੁੰਦਾ ਹੈ?
▪ ਆਖ਼ਰਕਾਰ ਹੇਰੋਦਿਯਾਸ ਕਿਸ ਤਰ੍ਹਾਂ ਯੂਹੰਨਾ ਨੂੰ ਮਰਵਾਉਣ ਵਿਚ ਸਫਲ ਹੁੰਦੀ ਹੈ?
▪ ਯੂਹੰਨਾ ਦੀ ਮੌਤ ਤੋਂ ਬਾਅਦ, ਹੇਰੋਦੇਸ ਕਿਉਂ ਯਿਸੂ ਨੂੰ ਦੇਖਣਾ ਚਾਹੁੰਦਾ ਹੈ?