ਪਰਮੇਸ਼ੁਰ ਦੇ ਸੱਜੇ ਹੱਥ
ਅਧਿਆਇ 132
ਪਰਮੇਸ਼ੁਰ ਦੇ ਸੱਜੇ ਹੱਥ
ਪੰਤੇਕੁਸਤ ਦੇ ਦੌਰਾਨ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਸਬੂਤ ਹੈ ਕਿ ਯਿਸੂ ਵਾਪਸ ਸਵਰਗ ਵਿਚ ਪਹੁੰਚ ਗਿਆ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਚੇਲੇ ਇਸਤੀਫ਼ਾਨ ਨੂੰ ਦਿੱਤਾ ਗਿਆ ਦਰਸ਼ਨ ਵੀ ਸਾਬਤ ਕਰਦਾ ਹੈ ਕਿ ਯਿਸੂ ਉੱਥੇ ਪਹੁੰਚ ਚੁੱਕਾ ਹੈ। ਆਪਣੇ ਵਫ਼ਾਦਾਰ ਗਵਾਹੀ ਕਾਰਜ ਦੇ ਲਈ ਪਥਰਾਉ ਕੀਤੇ ਜਾਣ ਤੋਂ ਥੋੜ੍ਹੀ ਹੀ ਦੇਰ ਪਹਿਲਾਂ, ਇਸਤੀਫ਼ਾਨ ਉੱਚੀ ਆਵਾਜ਼ ਵਿਚ ਕਹਿੰਦਾ ਹੈ: “ਵੇਖੋ ਮੈਂ ਅਕਾਸ਼ ਨੂੰ ਖੁਲ੍ਹਾ ਅਤੇ ਮਨੁੱਖ ਦੇ ਪੁੱਤ੍ਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ ਵੇਖਦਾ ਹਾਂ!”
ਜਦੋਂ ਕਿ ਯਿਸੂ ਪਰਮੇਸ਼ੁਰ ਦੇ ਸੱਜੇ ਹੱਥ ਹੈ, ਉਹ ਆਪਣੇ ਪਿਤਾ ਤੋਂ ਇਸ ਹੁਕਮ ਦਾ ਇੰਤਜ਼ਾਰ ਕਰਦਾ ਹੈ: “ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ।” ਪਰੰਤੂ ਇਸ ਸਮੇਂ ਦੇ ਦੌਰਾਨ, ਜਦ ਤਕ ਉਹ ਆਪਣੇ ਵੈਰੀਆਂ ਦੇ ਵਿਰੁੱਧ ਕਦਮ ਨਹੀਂ ਚੁੱਕਦਾ ਹੈ, ਯਿਸੂ ਕੀ ਕਰਦਾ ਹੈ? ਉਹ ਆਪਣੇ ਮਸਹ ਕੀਤੇ ਹੋਏ ਚੇਲਿਆਂ ਨੂੰ ਉਨ੍ਹਾਂ ਦੇ ਪ੍ਰਚਾਰ ਕੰਮ ਵਿਚ ਨਿਰਦੇਸ਼ਨ ਦਿੰਦੇ ਹੋਏ ਅਤੇ ਉਨ੍ਹਾਂ ਨੂੰ ਪੁਨਰ-ਉਥਾਨ ਦੇ ਦੁਆਰਾ, ਉਸ ਦੇ ਪਿਤਾ ਦੇ ਰਾਜ ਵਿਚ ਉਸ ਨਾਲ ਸੰਗੀ ਰਾਜੇ ਬਣਨ ਦੇ ਲਈ ਤਿਆਰ ਕਰਦੇ ਹੋਏ, ਉਨ੍ਹਾਂ ਉੱਤੇ ਸ਼ਾਸਨ, ਜਾਂ ਰਾਜ ਕਰਦਾ ਹੈ।
ਉਦਾਹਰਣ ਲਈ, ਯਿਸੂ ਸੌਲੁਸ (ਜਿਹੜਾ ਬਾਅਦ ਵਿਚ ਆਪਣੇ ਰੋਮੀ ਨਾਂ ਪੌਲੁਸ ਤੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ) ਨੂੰ ਹੋਰਨਾਂ ਦੇਸ਼ਾਂ ਵਿਚ ਚੇਲੇ-ਬਣਾਉਣ ਦੇ ਕੰਮ ਨੂੰ ਅੱਗੇ ਵਧਾਉਣ ਲਈ ਚੁਣਦਾ ਹੈ। ਸੌਲੁਸ ਪਰਮੇਸ਼ੁਰ ਦੀ ਬਿਵਸਥਾ ਲਈ ਬਹੁਤ ਜੋਸ਼ੀਲਾ ਹੈ, ਹਾਲਾਂ ਕਿ ਉਹ ਯਹੂਦੀ ਧਾਰਮਿਕ ਆਗੂਆਂ ਦੁਆਰਾ ਭਰਮਾਇਆ ਗਿਆ ਹੈ। ਨਤੀਜੇ ਵਜੋਂ, ਸੌਲੁਸ ਨਾ ਸਿਰਫ਼ ਇਸਤੀਫ਼ਾਨ ਦੇ ਕਤਲ ਦਾ ਸਮਰਥਨ ਕਰਦਾ ਹੈ, ਬਲਕਿ ਉਹ ਪਰਧਾਨ ਜਾਜਕ ਕਯਾਫ਼ਾ ਕੋਲੋਂ ਅਧਿਕਾਰ ਪ੍ਰਾਪਤ ਕਰ ਕੇ ਦੰਮਿਸਕ ਨੂੰ ਜਾਂਦਾ ਹੈ ਤਾਂਕਿ ਉੱਥੇ ਜਿਹੜੇ ਆਦਮੀ ਅਤੇ ਔਰਤ ਉਸ ਨੂੰ ਮਿਲਣ, ਜੋ ਯਿਸੂ ਦੇ ਅਨੁਯਾਈ ਹਨ, ਉਨ੍ਹਾਂ ਨੂੰ ਗਿਰਫ਼ਤਾਰ ਕਰ ਕੇ ਯਰੂਸ਼ਲਮ ਵਾਪਸ ਲੈ ਆਵੇ। ਪਰੰਤੂ, ਜਦੋਂ ਕਿ ਸੌਲੁਸ ਰਾਹ ਵਿਚ ਹੀ ਹੁੰਦਾ ਹੈ, ਤਾਂ ਅਚਾਨਕ ਇਕ ਤੇਜ਼ ਰੌਸ਼ਨੀ ਉਸ ਦੇ ਆਲੇ-ਦੁਆਲੇ ਚਮਕਦੀ ਹੈ ਅਤੇ ਉਹ ਜਮੀਨ ਉੱਤੇ ਡਿੱਗ ਪੈਂਦਾ ਹੈ।
“ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?” ਇਕ ਆਵਾਜ਼ ਅਦਿੱਖ ਸ੍ਰੋਤ ਤੋਂ ਉਸ ਨੂੰ ਪੁੱਛਦੀ ਹੈ। “ਪ੍ਰਭੁ ਜੀ, ਤੂੰ ਕੌਣ ਹੈਂ?” ਸੌਲੁਸ ਪੁੱਛਦਾ ਹੈ।
“ਮੈਂ ਯਿਸੂ ਹਾਂ ਜਿਹ ਨੂੰ ਤੂੰ ਸਤਾਉਂਦਾ ਹੈਂ,” ਜਵਾਬ ਆਉਂਦਾ ਹੈ।
ਸੌਲੁਸ, ਜਿਹੜਾ ਕਿ ਚਮਤਕਾਰੀ ਰੌਸ਼ਨੀ ਨਾਲ ਅੰਨ੍ਹਾ ਹੋ ਗਿਆ ਹੈ, ਯਿਸੂ ਦੁਆਰਾ ਦੰਮਿਸਕ ਅੰਦਰ ਪ੍ਰਵੇਸ਼ ਹੋਣ ਅਤੇ ਹਿਦਾਇਤਾਂ ਦੀ ਇੰਤਜ਼ਾਰ ਕਰਨ ਲਈ ਆਖਿਆ ਜਾਂਦਾ ਹੈ। ਫਿਰ ਯਿਸੂ ਆਪਣੇ ਚੇਲਿਆਂ ਵਿੱਚੋਂ ਇਕ, ਹਨਾਨਿਯਾਹ, ਨੂੰ ਇਕ ਦਰਸ਼ਨ ਵਿਚ ਪ੍ਰਗਟ ਹੁੰਦਾ ਹੈ। ਸੌਲੁਸ ਦੇ ਸੰਬੰਧ ਵਿਚ, ਯਿਸੂ ਹਨਾਨਿਯਾਹ ਨੂੰ ਦੱਸਦਾ ਹੈ: “ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ ਭਈ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਅੰਸ ਅੱਗੇ ਮੇਰਾ ਨਾਮ ਪੁਚਾਵੇ।”
ਸੱਚ-ਮੁੱਚ, ਯਿਸੂ ਦੇ ਸਮਰਥਨ ਨਾਲ, ਸੌਲੁਸ (ਜੋ ਹੁਣ ਪੌਲੁਸ ਅਖਵਾਉਂਦਾ ਹੈ) ਅਤੇ ਦੂਜੇ ਇੰਜੀਲ ਪ੍ਰਚਾਰਕ ਆਪਣੇ ਪ੍ਰਚਾਰ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਬੇਹੱਦ ਸਫਲਤਾ ਪਾਉਂਦੇ ਹਨ। ਅਸਲ ਵਿਚ, ਦੰਮਿਸਕ ਦੇ ਰਾਹ ਤੇ ਯਿਸੂ ਦੇ ਉਸ ਨੂੰ ਪ੍ਰਗਟ ਹੋਣ ਤੋਂ ਲਗਭਗ 25 ਵਰ੍ਹਿਆਂ ਬਾਅਦ, ਪੌਲੁਸ ਲਿਖਦਾ ਹੈ ਕਿ ‘ਖੁਸ਼ ਖਬਰੀ ਦਾ ਪਰਚਾਰ ਅਕਾਸ਼ ਦੇ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਗਿਆ ਹੈ।’
ਹੋਰ ਕਈ ਵਰ੍ਹੇ ਬੀਤਣ ਦੇ ਬਾਅਦ, ਯਿਸੂ ਆਪਣੇ ਪਿਆਰੇ ਰਸੂਲ, ਯੂਹੰਨਾ ਨੂੰ ਦਰਸ਼ਨਾਂ ਦੀ ਇਕ ਲੜੀ ਪੇਸ਼ ਕਰਦਾ ਹੈ। ਇਨ੍ਹਾਂ ਦਰਸ਼ਨਾਂ ਦੇ ਜ਼ਰੀਏ, ਜਿਹੜੇ ਯੂਹੰਨਾ ਨੇ ਬਾਈਬਲ ਦੀ ਪਰਕਾਸ਼ ਦੀ ਪੋਥੀ ਵਿਚ ਵਿਆਖਿਆ ਕੀਤੇ ਹਨ, ਅਸਲ ਵਿਚ, ਉਹ ਯਿਸੂ ਨੂੰ ਰਾਜ ਸ਼ਕਤੀ ਵਿਚ ਵਾਪਸ ਆਉਂਦੇ ਹੋਏ ਦੇਖਣ ਲਈ ਜੀਉਂਦਾ ਰਹਿੰਦਾ ਹੈ। ਯੂਹੰਨਾ ਕਹਿੰਦਾ ਹੈ ਕਿ “ਆਤਮਾ ਵਿੱਚ” ਉਹ ਸਮੇਂ ਵਿਚ ਅੱਗੇ “ਪ੍ਰਭੁ ਦੇ ਦਿਨ” ਵਿਚ ਲਿਜਾਇਆ ਗਿਆ। ਇਹ “ਦਿਨ” ਕੀ ਹੈ?
ਬਾਈਬਲ ਭਵਿੱਖਬਾਣੀਆਂ, ਜਿਸ ਵਿਚ ਅੰਤ ਦੇ ਦਿਨਾਂ ਦੇ ਸੰਬੰਧ ਵਿਚ ਯਿਸੂ ਦੀਆਂ ਆਪਣੀਆਂ ਭਵਿੱਖਬਾਣੀਆਂ ਸ਼ਾਮਲ ਹਨ, ਦਾ ਧਿਆਨਪੂਰਵਕ ਅਧਿਐਨ ਪ੍ਰਗਟ ਕਰਦਾ ਹੈ ਕਿ ‘ਪ੍ਰਭੁ ਦਾ ਦਿਨ’ 1914 ਦੇ ਇਤਿਹਾਸ ਬਣਾਉਣ ਵਾਲੇ ਵਰ੍ਹੇ ਵਿਚ ਸ਼ੁਰੂ ਹੋਇਆ, ਜੀ ਹਾਂ, ਇਸ ਪੀੜ੍ਹੀ ਦੇ ਵਿਚ! ਇਸ ਲਈ ਇਹ 1914 ਵਿਚ ਸੀ ਕਿ ਯਿਸੂ ਅਦਿੱਖ ਰੂਪ ਵਿਚ ਵਾਪਸ ਆਇਆ, ਬਿਨਾਂ ਜਨਤਕ ਧੂਮ-ਧਮਾਕੇ ਦੇ ਅਤੇ ਸਿਰਫ਼ ਉਸ ਦੇ ਵਫ਼ਾਦਾਰ ਸੇਵਕ ਹੀ ਉਸ ਦੀ ਵਾਪਸੀ ਬਾਰੇ ਸਚੇਤ ਸਨ। ਉਸ ਵਰ੍ਹੇ ਵਿਚ ਯਹੋਵਾਹ ਨੇ ਯਿਸੂ ਨੂੰ ਉਸ ਦੇ ਵੈਰੀਆਂ ਵਿਚਕਾਰ ਰਾਜ ਕਰਨ ਦਾ ਹੁਕਮ ਦਿੱਤਾ!
ਆਪਣੇ ਪਿਤਾ ਦੇ ਹੁਕਮ ਦੀ ਪਾਲਨਾ ਕਰਦੇ ਹੋਏ, ਯਿਸੂ ਨੇ ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਸਵਰਗ ਤੋਂ ਸਾਫ਼ ਕਰ ਕੇ ਧਰਤੀ ਉੱਤੇ ਸੁੱਟ ਦਿੱਤਾ। ਇਸ ਘਟਨਾ ਨੂੰ ਦਰਸ਼ਨ ਵਿਚ ਦੇਖਣ ਤੋਂ ਬਾਅਦ, ਯੂਹੰਨਾ ਇਕ ਸਵਰਗੀ ਆਵਾਜ਼ ਨੂੰ ਇਹ ਐਲਾਨ ਕਰਦੇ ਹੋਏ ਸੁਣਦਾ ਹੈ: “ਹੁਣ ਸਾਡੇ ਪਰਮੇਸ਼ੁਰ ਦੀ ਮੁਕਤੀ ਅਤੇ ਸਮਰੱਥਾ ਅਤੇ ਰਾਜ ਅਤੇ ਉਹ ਦੇ ਮਸੀਹ ਦਾ ਇਖ਼ਤਿਆਰ ਹੋ ਗਿਆ!” ਜੀ ਹਾਂ, 1914 ਵਿਚ ਮਸੀਹ ਨੇ ਰਾਜੇ ਦੇ ਤੌਰ ਤੇ ਸ਼ਾਸਨ ਕਰਨਾ ਸ਼ੁਰੂ ਕੀਤਾ!
ਸਵਰਗ ਵਿਚ ਯਹੋਵਾਹ ਦੇ ਉਪਾਸਕਾਂ ਲਈ ਇਹ ਕਿੰਨੀ ਹੀ ਖ਼ੁਸ਼ੀ ਦੀ ਖ਼ਬਰ! ਉਨ੍ਹਾਂ ਨੂੰ ਜ਼ੋਰ ਦਿੱਤਾ ਜਾਂਦਾ ਹੈ: “ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ!” ਪਰੰਤੂ ਜਿਹੜੇ ਧਰਤੀ ਉੱਤੇ ਹਨ ਉਨ੍ਹਾਂ ਦੀ ਦਸ਼ਾ ਕੀ ਹੈ? “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ!” ਸਵਰਗ ਤੋਂ ਇਹ ਆਵਾਜ਼ ਅੱਗੇ ਕਹਿੰਦੀ ਹੈ, “ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”
ਅਸੀਂ ਹੁਣ ਠੀਕ ਉਸ ਥੋੜ੍ਹੇ ਸਮੇਂ ਵਿਚ ਰਹਿ ਰਹੇ ਹਾਂ। ਲੋਕੀ ਹੁਣੇ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਦਾਖ਼ਲ ਹੋਣ ਲਈ ਜਾਂ ਨਾਸ਼ ਭੋਗਣ ਲਈ ਅਲੱਗ ਕੀਤੇ ਜਾ ਰਹੇ ਹਨ। ਸੱਚਾਈ ਇਹ ਹੈ ਕਿ ਤੁਹਾਡਾ ਭਵਿੱਖ ਹੁਣ ਇਸ ਆਧਾਰ ਤੇ ਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ, ਜੋ ਮਸੀਹ ਦੇ ਨਿਰਦੇਸ਼ਨ ਅਧੀਨ ਧਰਤੀ ਉੱਤੇ ਪ੍ਰਚਾਰ ਕੀਤੀ ਜਾ ਰਹੀ ਹੈ, ਦੇ ਪ੍ਰਤੀ ਕੀ ਪ੍ਰਤਿਕ੍ਰਿਆ ਦਿਖਾਉਂਦੇ ਹੋ।
ਜਦੋਂ ਲੋਕਾਂ ਦਾ ਵੱਖਰੇ ਕੀਤੇ ਜਾਣਾ ਸਮਾਪਤ ਹੋ ਜਾਵੇਗਾ, ਤਦ ਯਿਸੂ ਮਸੀਹ ਪਰਮੇਸ਼ੁਰ ਦੇ ਕਾਰਿੰਦੇ ਦੇ ਤੌਰ ਤੇ ਕੰਮ ਕਰਦੇ ਹੋਏ ਸ਼ਤਾਨ ਦੀ ਸਾਰੀ ਰੀਤੀ-ਵਿਵਸਥਾ ਅਤੇ ਇਸ ਦਾ ਸਮਰਥਨ ਕਰਨ ਵਾਲਿਆਂ ਉਨ੍ਹਾਂ ਸਾਰਿਆਂ ਨੂੰ ਧਰਤੀ ਤੋਂ ਸਾਫ਼ ਕਰੇਗਾ। ਯਿਸੂ ਸਾਰੀ ਦੁਸ਼ਟਤਾ ਨੂੰ ਹਟਾਉਣ ਦਾ ਇਹ ਕੰਮ ਉਸ ਯੁੱਧ ਵਿਚ ਪੂਰਾ ਕਰੇਗਾ ਜਿਸ ਨੂੰ ਬਾਈਬਲ ਵਿਚ ਹਰਮਗਿੱਦੋਨ, ਜਾਂ ਆਰਮਾਗੇਡਨ ਕਿਹਾ ਜਾਂਦਾ ਹੈ। ਇਸ ਪਿੱਛੋਂ ਯਿਸੂ, ਜੋ ਖ਼ੁਦ ਯਹੋਵਾਹ ਪਰਮੇਸ਼ੁਰ ਦੇ ਬਾਅਦ ਦੂਜੀ ਥਾਂ ਤੇ ਵਿਸ਼ਵ ਦਾ ਸਭ ਤੋਂ ਸਰਬ ਮਹਾਨ ਵਿਅਕਤੀ ਹੈ, ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਫੜ ਕੇ ਉਨ੍ਹਾਂ ਨੂੰ ਇਕ ਹਜ਼ਾਰ ਵਰ੍ਹਿਆਂ ਲਈ “ਅਥਾਹ ਕੁੰਡ,” ਯਾਨੀ ਕਿ, ਮੌਤ ਵਾਂਗ ਨਿਸ਼ਕ੍ਰਿਆ ਦੀ ਦਸ਼ਾ ਵਿਚ ਬੰਦ ਕਰ ਦੇਵੇਗਾ। ਰਸੂਲਾਂ ਦੇ ਕਰਤੱਬ 7:55-60; 8:1-3; 9:1-19; 16:6-10; ਜ਼ਬੂਰ 110:1, 2; ਇਬਰਾਨੀਆਂ 10:12, 13; 1 ਪਤਰਸ 3:22; ਲੂਕਾ 22:28-30; ਕੁਲੁੱਸੀਆਂ 1:13, 23; ਪਰਕਾਸ਼ ਦੀ ਪੋਥੀ 1:1, 10; 12:7-12; 16:14-16; 20:1-3; ਮੱਤੀ 24:14; 25:31-33.
▪ ਯਿਸੂ ਦੇ ਸਵਰਗ ਨੂੰ ਚੜ੍ਹਨ ਮਗਰੋਂ, ਉਹ ਕਿੱਥੇ ਸਥਿਤ ਹੁੰਦਾ ਹੈ, ਅਤੇ ਉਹ ਕਿਸ ਚੀਜ਼ ਦੀ ਇੰਤਜ਼ਾਰ ਕਰਦਾ ਹੈ?
▪ ਸਵਰਗ ਨੂੰ ਚੜ੍ਹਨ ਤੋਂ ਬਾਅਦ ਯਿਸੂ ਕਿਨ੍ਹਾਂ ਉੱਪਰ ਸ਼ਾਸਨ ਕਰਦਾ ਹੈ, ਅਤੇ ਉਸ ਦਾ ਸ਼ਾਸਨ ਕਿਸ ਤਰ੍ਹਾਂ ਪ੍ਰਗਟ ਹੁੰਦਾ ਹੈ?
▪ ‘ਪ੍ਰਭੁ ਦਾ ਦਿਨ’ ਕਦੋਂ ਸ਼ੁਰੂ ਹੋਇਆ, ਅਤੇ ਇਸ ਦੇ ਸ਼ੁਰੂ ਵਿਚ ਕੀ ਵਾਪਰਿਆ?
▪ ਅੱਜ ਵੱਖਰੇ ਕਰਨ ਦਾ ਕਿਹੜਾ ਕੰਮ ਚਾਲੂ ਹੈ ਜਿਹੜਾ ਸਾਡੇ ਵਿੱਚੋਂ ਹਰੇਕ ਨੂੰ ਨਿੱਜੀ ਤੌਰ ਤੇ ਅਸਰ ਕਰਦਾ ਹੈ, ਅਤੇ ਵੱਖਰੇ ਕਰਨ ਦਾ ਕੰਮ ਕਿਸ ਆਧਾਰ ਤੇ ਕੀਤਾ ਜਾ ਰਿਹਾ ਹੈ?
▪ ਜਦੋਂ ਵੱਖਰੇ ਕਰਨ ਦਾ ਕੰਮ ਸਮਾਪਤ ਹੋਵੇਗਾ, ਤਦ ਉਸ ਦੇ ਮਗਰੋਂ ਕਿਹੜੀਆਂ ਘਟਨਾਵਾਂ ਹੋਣਗੀਆਂ?