ਪਿਤਰਤਾ ਦਾ ਸਵਾਲ
ਅਧਿਆਇ 69
ਪਿਤਰਤਾ ਦਾ ਸਵਾਲ
ਪਰਬ ਦੇ ਦੌਰਾਨ, ਯਹੂਦੀ ਆਗੂਆਂ ਨਾਲ ਯਿਸੂ ਦਾ ਵਿਚਾਰ-ਵਟਾਂਦਰਾ ਹੋਰ ਤੇਜ਼ ਹੋ ਜਾਂਦਾ ਹੈ। “ਮੈਂ ਜਾਣਦਾ ਹਾਂ ਜੋ ਤੁਸੀਂ ਅਬਰਾਹਾਮ ਦੀ ਅੰਸ ਹੋ,” ਯਿਸੂ ਕਬੂਲ ਕਰਦਾ ਹੈ, “ਪਰ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ ਇਸ ਲਈ ਜੋ ਤੁਹਾਡੇ ਵਿੱਚ ਮੇਰੇ ਬਚਨ ਲਈ ਥਾਂ ਨਹੀਂ ਹੈ। ਮੈਂ ਜੋ ਕੁਝ ਆਪਣੇ ਪਿਤਾ ਦੇ ਕੋਲ ਵੇਖਿਆ ਹੈ ਸੋਈ ਕਹਿੰਦਾ ਹਾਂ। ਫੇਰ ਤੁਸਾਂ ਵੀ ਜੋ ਕੁਝ ਆਪਣੇ ਪਿਉ ਦੇ ਕੋਲੋਂ ਸੁਣਿਆ ਹੈ ਸੋ ਕਰਦੇ ਹੋ।”
ਹਾਲਾਂਕਿ ਯਿਸੂ ਉਨ੍ਹਾਂ ਦੇ ਪਿਤਾ ਦੀ ਸ਼ਨਾਖਤ ਨਹੀਂ ਕਰਦਾ ਹੈ, ਉਹ ਸਪੱਸ਼ਟ ਕਰ ਦਿੰਦਾ ਹੈ ਕਿ ਉਨ੍ਹਾਂ ਦਾ ਪਿਤਾ ਉਸ ਦੇ ਪਿਤਾ ਤੋਂ ਭਿੰਨ ਹੈ। ਯਿਸੂ ਦੇ ਮਨ ਵਿਚ ਕੌਣ ਹੈ, ਇਸ ਤੋਂ ਬੇਖ਼ਬਰ ਹੁੰਦੇ ਹੋਏ, ਯਹੂਦੀ ਆਗੂ ਜਵਾਬ ਦਿੰਦੇ ਹਨ: “ਸਾਡਾ ਪਿਤਾ ਅਬਰਾਹਾਮ ਹੈ।” ਉਹ ਸੋਚਦੇ ਹਨ ਕਿ ਉਨ੍ਹਾਂ ਦੀ ਵੀ ਉਹੋ ਨਿਹਚਾ ਹੈ ਜੋ ਅਬਰਾਹਾਮ ਦੀ ਸੀ, ਜਿਹੜਾ ਪਰਮੇਸ਼ੁਰ ਦਾ ਮਿੱਤਰ ਸੀ।
ਪਰੰਤੂ, ਯਿਸੂ ਉਨ੍ਹਾਂ ਨੂੰ ਇਸ ਜਵਾਬ ਨਾਲ ਚੌਂਕਾ ਦਿੰਦਾ ਹੈ: “ਜੇ ਤੁਸੀਂ ਅਬਰਾਹਾਮ ਦੀ ਉਲਾਦ ਹੁੰਦੇ ਤਾਂ ਅਬਰਾਹਾਮ ਜਿਹੇ ਕੰਮ ਕਰਦੇ।” ਸੱਚ-ਮੁੱਚ ਹੀ, ਇਕ ਅਸਲੀ ਪੁੱਤਰ ਆਪਣੇ ਪਿਤਾ ਦਾ ਅਨੁਕਰਣ ਕਰਦਾ ਹੈ। “ਪਰ ਹੁਣ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ,” ਯਿਸੂ ਕਹਿੰਦਾ ਹੈ, “ਜੋ ਇਹਾ ਜਿਹਾ ਮਨੁੱਖ ਹਾਂ ਜਿਨ੍ਹ ਤੁਹਾਨੂੰ ਉਹ ਸੱਚੀ ਗੱਲ ਦੱਸੀ ਹੈ ਜਿਹੜੀ ਮੈਂ ਪਰਮੇਸ਼ੁਰ ਕੋਲੋਂ ਸੁਣੀ। ਇਹ ਤਾਂ ਅਬਰਾਹਾਮ ਨੇ ਨਹੀਂ ਕੀਤਾ।” ਸੋ ਯਿਸੂ ਫਿਰ ਕਹਿੰਦਾ ਹੈ: “ਤੁਸੀਂ ਆਪਣੇ ਪਿਉ ਜਿਹੇ ਕੰਮ ਕਰਦੇ ਹੋ।”
ਉਹ ਅਜੇ ਵੀ ਨਹੀਂ ਸਮਝਦੇ ਹਨ ਕਿ ਯਿਸੂ ਕਿਸ ਦੇ ਬਾਰੇ ਗੱਲ ਕਰ ਰਿਹਾ ਹੈ। ਉਹ ਇਹ ਕਹਿੰਦੇ ਹੋਏ ਕਾਇਮ ਰਹਿੰਦੇ ਹਨ ਕਿ ਉਹ ਅਬਰਾਹਾਮ ਦੇ ਜਾਇਜ਼ ਪੁੱਤਰ ਹਨ: “ਅਸੀਂ ਹਰਾਮ ਦੇ ਨਹੀਂ ਹਾਂ।” ਇਸ ਲਈ, ਅਬਰਾਹਾਮ ਵਾਂਗ ਸੱਚੇ ਉਪਾਸਕ ਹੋਣ ਦਾ ਦਾਅਵਾ ਕਰਦੇ ਹੋਏ, ਉਹ ਜੋਸ਼ ਨਾਲ ਕਹਿੰਦੇ ਹਨ: “ਸਾਡਾ ਪਿਤਾ ਇੱਕ ਉਹ ਪਰਮੇਸ਼ੁਰ ਹੈ।”
ਪਰੰਤੂ ਕੀ ਪਰਮੇਸ਼ੁਰ ਸੱਚ-ਮੁੱਚ ਉਨ੍ਹਾਂ ਦਾ ਪਿਤਾ ਹੈ? “ਜੇ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ,” ਯਿਸੂ ਜਵਾਬ ਦਿੰਦਾ ਹੈ, “ਤਾਂ ਤੁਸੀਂ ਮੈਨੂੰ ਪਿਆਰ ਕਰਦੇ ਇਸ ਲਈ ਜੋ ਮੈਂ ਪਰਮੇਸ਼ੁਰ ਤੋਂ ਨਿੱਕਲਿਆ ਅਤੇ ਆਇਆ ਹਾਂ ਕਿਉਂਕਿ ਮੈਂ ਆਪ ਤੋਂ ਆਪ ਨਹੀਂ ਆਇਆ ਪਰ ਉਹ ਨੇ ਮੈਨੂੰ ਘੱਲਿਆ। ਤੁਸੀਂ ਮੇਰੇ ਬੋਲ ਕਿਉਂ ਨਹੀਂ ਸਮਝਦੇ?”
ਯਿਸੂ ਨੇ ਇਨ੍ਹਾਂ ਧਾਰਮਿਕ ਆਗੂਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਉਸ ਨੂੰ ਰੱਦਣ ਦੇ ਕੀ ਨਤੀਜੇ ਹੋਣਗੇ। ਪਰੰਤੂ ਹੁਣ ਉਹ ਸਾਫ਼-ਸਾਫ਼ ਕਹਿੰਦਾ ਹੈ: “ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ।” ਇਬਲੀਸ ਕਿਸ ਕਿਸਮ ਦਾ ਪਿਤਾ ਹੈ? ਯਿਸੂ ਨੇ ਉਸ ਦੀ ਸ਼ਨਾਖਤ ਇਕ ਮਨੁੱਖ-ਘਾਤਕ ਦੇ ਤੌਰ ਤੇ ਕੀਤੀ ਅਤੇ ਇਹ ਵੀ ਕਿਹਾ: “ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।” ਇਸ ਲਈ ਯਿਸੂ ਸਮਾਪਤ ਕਰਦਾ ਹੈ: “ਜੋ ਪਰਮੇਸ਼ੁਰ ਤੋਂ ਹੈ ਸੋ ਪਰਮੇਸ਼ੁਰ ਦੇ ਬਚਨ ਸੁਣਦਾ ਹੈ। ਤੁਸੀਂ ਇਸੇ ਕਾਰਨ ਨਹੀਂ ਸੁਣਦੇ ਜੋ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ।”
ਯਿਸੂ ਦੀ ਨਿੰਦਾ ਤੋਂ ਗੁੱਸੇ ਹੋ ਕੇ, ਯਹੂਦੀ ਜਵਾਬ ਦਿੰਦੇ ਹਨ: “ਕੀ ਅਸੀਂ ਠੀਕ ਨਹੀਂ ਕਹਿੰਦੇ ਜੋ ਤੂੰ ਸਾਮਰੀ ਹੈਂ ਅਤੇ ਤੈਨੂੰ ਇੱਕ ਭੂਤ [“ਪਿਸ਼ਾਚ,” ਨਿ ਵ] ਚਿੰਬੜਿਆ ਹੋਇਆ ਹੈਗਾ?” “ਸਾਮਰੀ” ਸ਼ਬਦ ਦਾ ਇਸਤੇਮਾਲ ਘਿਰਣਾ ਅਤੇ ਧਿਰਕਾਰ ਦੇ ਇਜ਼ਹਾਰ ਦੇ ਤੌਰ ਤੇ ਕੀਤਾ ਜਾਂਦਾ ਹੈ, ਕਿਉਂਕਿ ਸਾਮਰੀ ਯਹੂਦੀਆਂ ਦੁਆਰਾ ਨਫ਼ਰਤ ਕੀਤੇ ਜਾਣ ਵਾਲੇ ਲੋਕ ਸਨ।
ਇਕ ਸਾਮਰੀ ਹੋਣ ਦੇ ਘਿਰਣਾ-ਭਰੇ ਦੋਸ਼ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਯਿਸੂ ਜਵਾਬ ਦਿੰਦਾ ਹੈ: “ਮੈਨੂੰ ਭੂਤ [“ਪਿਸ਼ਾਚ,” ਨਿ ਵ] ਨਹੀਂ ਚਿੰਬੜਿਆ ਹੋਇਆ ਹੈ ਪਰ ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਅਤੇ ਤੁਸੀਂ ਮੇਰਾ ਨਿਆਦਰ ਕਰਦੇ ਹੋ।” ਅੱਗੇ ਕਹਿੰਦੇ ਹੋਏ, ਯਿਸੂ ਹੈਰਾਨੀਜਨਕ ਵਾਅਦਾ ਕਰਦਾ ਹੈ: “ਜੇ ਕੋਈ ਮੇਰੇ ਬਚਨ ਦੀ ਪਾਲਨਾ ਕਰੇ ਤਾਂ ਉਹ ਮੂਲੋਂ ਕਦੇ ਮੌਤ ਨਾ ਵੇਖੇਗਾ।” ਨਿਰਸੰਦੇਹ, ਯਿਸੂ ਦਾ ਇਹ ਮਤਲਬ ਨਹੀਂ ਕਿ ਸਾਰੇ ਜੋ ਉਸ ਦੇ ਮਗਰ ਚਲਣਗੇ ਸ਼ਾਬਦਿਕ ਰੂਪ ਵਿਚ ਕਦੀ ਮੌਤ ਨਾ ਦੇਖਣਗੇ। ਇਸ ਦੀ ਬਜਾਇ, ਉਸ ਦਾ ਮਤਲਬ ਹੈ ਕਿ ਉਹ ਕਦੀ ਸਦੀਪਕ ਨਾਸ, ਜਾਂ “ਦੂਈ ਮੌਤ,” ਨਾ ਦੇਖਣਗੇ ਜਿਸ ਤੋਂ ਕੋਈ ਪੁਨਰ-ਉਥਾਨ ਨਹੀਂ ਹੈ।
ਪਰੰਤੂ, ਯਹੂਦੀ ਲੋਕ ਯਿਸੂ ਦੇ ਸ਼ਬਦਾਂ ਨੂੰ ਸ਼ਾਬਦਿਕ ਰੂਪ ਵਿਚ ਲੈ ਲੈਂਦੇ ਹਨ। ਇਸ ਲਈ, ਉਹ ਕਹਿੰਦੇ ਹਨ: “ਹੁਣ ਅਸੀਂ ਜਾਣ ਗਏ ਜੋ ਤੈਨੂੰ ਇੱਕ ਭੂਤ [“ਪਿਸ਼ਾਚ,” ਨਿ ਵ] ਚਿੰਬੜਿਆ ਹੋਇਆ ਹੈ! ਅਬਰਾਹਾਮ ਮਰ ਗਿਆ, ਨਾਲੇ ਨਬੀ ਵੀ ਅਤੇ ਤੂੰ ਆਖਦਾ ਹੈਂ ਭਈ ਜੇ ਕੋਈ ਮੇਰੇ ਬਚਨ ਦੀ ਪਾਲਨਾ ਕਰੇ ਤਾਂ ਉਹ ਮੌਤ ਦਾ ਸੁਆਦ ਮੂਲੋਂ ਕਦੇ ਨਾ ਚੱਖੂ। ਭਲਾ, ਤੂੰ ਸਾਡੇ ਪਿਤਾ ਅਬਰਾਹਾਮ ਨਾਲੋਂ ਜੋ ਮਰ ਗਿਆ ਹੈ ਵੱਡਾ ਹੈਂ? ਨਾਲੇ ਨਬੀ ਵੀ ਮਰ ਗਏ। ਤੂੰ ਆਪ ਨੂੰ ਕੀ ਬਣਾਉਂਦਾ ਹੈਂ?”
ਇਸ ਪੂਰੇ ਵਿਚਾਰ-ਵਟਾਂਦਰੇ ਵਿਚ, ਇਹ ਜ਼ਾਹਰ ਹੈ ਕਿ ਯਿਸੂ ਇਨ੍ਹਾਂ ਆਦਮੀਆਂ ਦਾ ਇਸ ਹਕੀਕਤ ਵੱਲ ਧਿਆਨ ਦਿਵਾ ਰਿਹਾ ਹੈ ਕਿ ਉਹ ਵਾਅਦਾ ਕੀਤਾ ਹੋਇਆ ਮਸੀਹਾ ਹੈ। ਪਰੰਤੂ ਆਪਣੀ ਸ਼ਨਾਖਤ ਦੇ ਬਾਰੇ ਉਨ੍ਹਾਂ ਦੇ ਸਵਾਲ ਦਾ ਸਿੱਧੇ ਤੌਰ ਤੇ ਜਵਾਬ ਦੇਣ ਦੀ ਬਜਾਇ, ਯਿਸੂ ਕਹਿੰਦਾ ਹੈ: “ਜੇ ਮੈਂ ਆਪਣੀ ਵਡਿਆਈ ਕਰਾਂ ਤਾਂ ਮੇਰੀ ਵਡਿਆਈ ਕੁਝ ਨਹੀਂ ਹੈ। ਜੋ ਮੇਰੀ ਵਡਿਆਈ ਕਰਦਾ ਹੈ ਸੋ ਮੇਰਾ ਪਿਤਾ ਹੈ ਜਿਹ ਨੂੰ ਤੁਸੀਂ ਆਖਦੇ ਹੋ ਜੋ ਉਹ ਸਾਡਾ ਪਰਮੇਸ਼ੁਰ ਹੈ। ਅਤੇ ਤੁਸਾਂ ਉਹ ਨੂੰ ਨਹੀਂ ਜਾਤਾ ਪਰ ਮੈਂ ਉਹ ਨੂੰ ਜਾਣਦਾ ਹਾਂ ਅਰ ਜੇ ਮੈਂ ਆਖਾਂ ਭਈ ਮੈਂ ਉਹ ਨੂੰ ਨਹੀਂ ਜਾਣਦਾ ਤਾਂ ਤੁਹਾਡੇ ਵਾਂਙੁ ਝੂਠਾ ਹੋਵਾਂਗਾ।”
ਅੱਗੇ ਗੱਲ ਕਰਦੇ ਹੋਏ, ਯਿਸੂ ਫਿਰ ਵਫ਼ਾਦਾਰ ਅਬਰਾਹਾਮ ਦਾ ਜ਼ਿਕਰ ਕਰ ਕੇ ਕਹਿੰਦਾ ਹੈ: “ਤੁਹਾਡਾ ਪਿਤਾ ਅਬਰਾਹਾਮ ਮੇਰਾ ਦਿਨ ਵੇਖਣ ਨੂੰ ਅਨੰਦ ਸੀ ਅਰ ਉਸ ਨੇ ਵੇਖਿਆ ਅਤੇ ਪਰਸਿੰਨ ਹੋਇਆ।” ਜੀ ਹਾਂ, ਨਿਹਚਾ ਦੀਆਂ ਅੱਖਾਂ ਨਾਲ, ਅਬਰਾਹਾਮ ਨੇ ਵਾਅਦਾ ਕੀਤੇ ਹੋਏ ਮਸੀਹਾ ਦੇ ਆਗਮਨ ਨੂੰ ਉਤਸ਼ਾਹ ਨਾਲ ਉਡੀਕਿਆ। ਅਵਿਸ਼ਵਾਸ ਵਿਚ, ਯਹੂਦੀ ਜਵਾਬ ਦਿੰਦੇ ਹਨ: “ਤੇਰੀ ਉਮਰ ਤਾਂ ਅਜੇ ਪੰਜਾਹਾਂ ਵਰਿਹਾਂ ਦੀ ਨਹੀਂ ਅਤੇ ਤੈਂ ਅਬਰਾਹਾਮ ਨੂੰ ਵੇਖਿਆ ਹੈ?”
“ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ,” ਯਿਸੂ ਜਵਾਬ ਦਿੰਦਾ ਹੈ, “ਜੋ ਅਬਰਾਹਾਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ।” ਨਿਰਸੰਦੇਹ, ਯਿਸੂ ਸਵਰਗ ਵਿਚ ਇਕ ਸ਼ਕਤੀਸ਼ਾਲੀ ਆਤਮਿਕ ਵਿਅਕਤੀ ਦੇ ਤੌਰ ਤੇ ਆਪਣੀ ਪੂਰਵ-ਮਾਨਵੀ ਹੋਂਦ ਬਾਰੇ ਜ਼ਿਕਰ ਕਰ ਰਿਹਾ ਹੈ।
ਯਿਸੂ ਦਾ ਅਬਰਾਹਾਮ ਤੋਂ ਪਹਿਲਾਂ ਹੋਂਦ ਵਿਚ ਹੋਣ ਦੇ ਦਾਅਵੇ ਤੋਂ ਕ੍ਰੋਧਿਤ ਹੋ ਕੇ ਯਹੂਦੀ ਉਸ ਨੂੰ ਮਾਰਨ ਲਈ ਪੱਥਰ ਚੁੱਕ ਲੈਂਦੇ ਹਨ। ਪਰੰਤੂ ਉਹ ਛੁਪ ਜਾਂਦਾ ਹੈ ਅਤੇ ਸਹੀ-ਸਲਾਮਤ ਹੈਕਲ ਵਿੱਚੋਂ ਬਾਹਰ ਚਲਾ ਜਾਂਦਾ ਹੈ। ਯੂਹੰਨਾ 8:37-59; ਪਰਕਾਸ ਦੀ ਪੋਥੀ 3:14; 21:8.
▪ ਯਿਸੂ ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਉਸ ਦਾ ਅਤੇ ਉਸ ਦੇ ਵੈਰੀਆਂ ਦਾ ਪਿਤਾ ਭਿੰਨ ਹੈ?
▪ ਯਹੂਦੀਆਂ ਦਾ ਯਿਸੂ ਨੂੰ ਇਕ ਸਾਮਰੀ ਸੱਦਣ ਦਾ ਕੀ ਮਹੱਤਵ ਹੈ?
▪ ਯਿਸੂ ਦਾ ਕੀ ਮਤਲਬ ਹੈ ਕਿ ਉਸ ਦੇ ਅਨੁਯਾਈ ਕਦੀ ਮੌਤ ਨਾ ਦੇਖਣਗੇ?