ਯਰੂਸ਼ਲਮ ਨੂੰ ਸਫਰ
ਅਧਿਆਇ 10
ਯਰੂਸ਼ਲਮ ਨੂੰ ਸਫਰ
ਬਸੰਤ ਰੁੱਤ ਆ ਗਈ ਹੈ। ਅਤੇ ਹੁਣ ਸਮਾਂ ਆ ਗਿਆ ਹੈ ਕਿ ਪਸਾਹ ਮਨਾਉਣ ਵਾਸਤੇ ਯੂਸੁਫ਼ ਦਾ ਪਰਿਵਾਰ, ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਸਮੇਤ, ਯਰੂਸ਼ਲਮ ਨੂੰ ਆਪਣਾ ਸਾਲਾਨਾ ਬਸੰਤ ਰੁੱਤ ਦਾ ਸਫਰ ਕਰਨ। ਜਿਉਂ ਹੀ ਉਹ ਲਗਭਗ 100 ਕਿਲੋਮੀਟਰ ਦੇ ਸਫਰ ਤੇ ਨਿਕਲਦੇ ਹਨ, ਉੱਥੇ ਹਮੇਸ਼ਾ ਵਾਂਗ ਜੋਸ਼ ਹੁੰਦਾ ਹੈ। ਯਿਸੂ ਹੁਣ 12 ਵਰ੍ਹਿਆਂ ਦਾ ਹੈ, ਅਤੇ ਉਹ ਤਿਉਹਾਰ ਨੂੰ ਖ਼ਾਸ ਰੁਚੀ ਨਾਲ ਉਡੀਕਦਾ ਹੈ।
ਯਿਸੂ ਅਤੇ ਉਸ ਦੇ ਪਰਿਵਾਰ ਲਈ, ਪਸਾਹ ਕੋਈ ਇਕ-ਦਿਨ ਦਾ ਮਾਮਲਾ ਨਹੀਂ ਹੈ। ਉਹ ਅਗਲੇ ਸੱਤ-ਦਿਨਾਂ ਦੇ ਪਤੀਰੀ ਰੋਟੀ ਦੇ ਤਿਉਹਾਰ ਲਈ ਵੀ ਠਹਿਰਦੇ ਹਨ, ਜਿਸ ਨੂੰ ਉਹ ਪਸਾਹ ਅਵਧੀ ਦਾ ਹੀ ਇਕ ਹਿੱਸਾ ਸਮਝਦੇ ਹਨ। ਨਤੀਜੇ ਵਜੋਂ, ਨਾਸਰਤ ਵਿਖੇ ਉਨ੍ਹਾਂ ਦੇ ਘਰ ਤੋਂ ਲੈ ਕੇ ਪੂਰਾ ਸਫਰ, ਯਰੂਸ਼ਲਮ ਵਿਚ ਠਹਿਰਾਉ ਸਮੇਤ, ਲਗਭਗ ਦੋ ਹਫ਼ਤਿਆਂ ਦਾ ਹੁੰਦਾ ਹੈ। ਪਰੰਤੂ ਇਸ ਵਰ੍ਹੇ, ਯਿਸੂ ਦੇ ਨਾਲ ਕੁਝ ਹੋਣ ਦੇ ਕਾਰਨ, ਇਹ ਜ਼ਿਆਦਾ ਸਮਾਂ ਲੈਂਦਾ ਹੈ।
ਯਰੂਸ਼ਲਮ ਤੋਂ ਵਾਪਸੀ ਸਫਰ ਕਰਦੇ ਸਮੇਂ ਸਮੱਸਿਆ ਸਾਮ੍ਹਣੇ ਆਉਂਦੀ ਹੈ। ਯੂਸੁਫ਼ ਅਤੇ ਮਰਿਯਮ ਸਮਝਦੇ ਹਨ ਕਿ ਯਿਸੂ ਉਨ੍ਹਾਂ ਦੇ ਨਾਲ ਸਫਰ ਕਰ ਰਹੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਸਮੂਹ ਵਿਚ ਹੈ। ਜਦੋਂ ਉਹ ਰਾਤ ਲਈ ਰੁਕਦੇ ਹਨ, ਤਾਂ ਫਿਰ ਵੀ ਉਹ ਕਿਤੇ ਦਿਖਾਈ ਨਹੀਂ ਦਿੰਦਾ ਹੈ, ਅਤੇ ਉਹ ਆਪਣੇ ਸਫਰੀ ਸਾਥੀਆਂ ਵਿਚ ਉਸ ਦੀ ਭਾਲ ਕਰਨ ਲਈ ਜਾਂਦੇ ਹਨ। ਉਹ ਕਿਤੇ ਵੀ ਨਹੀਂ ਲੱਭਦਾ। ਇਸ ਲਈ ਯੂਸੁਫ਼ ਅਤੇ ਮਰਿਯਮ ਉਸ ਨੂੰ ਲੱਭਣ ਲਈ ਇੰਨੀ ਦੂਰ ਵਾਪਸ ਯਰੂਸ਼ਲਮ ਜਾਂਦੇ ਹਨ।
ਉਹ ਪੂਰਾ ਦਿਨ ਲੱਭਦੇ ਹਨ ਪਰੰਤੂ ਕੋਈ ਸਫਲਤਾ ਨਹੀਂ ਮਿਲਦੀ ਹੈ। ਦੂਜੇ ਦਿਨ ਵੀ ਉਹ ਉਸ ਨੂੰ ਕਿਤੇ ਨਹੀਂ ਲੱਭ ਸਕੇ। ਆਖ਼ਰਕਾਰ, ਤੀਜੇ ਦਿਨ ਉਹ ਹੈਕਲ ਵਿਚ ਜਾਂਦੇ ਹਨ। ਉੱਥੇ, ਇਸ ਦੇ ਇਕ ਭਵਨ ਵਿਚ ਉਹ ਯਿਸੂ ਨੂੰ ਯਹੂਦੀ ਗੁਰੂਆਂ ਦੇ ਵਿਚਕਾਰ ਬੈਠੇ ਉਨ੍ਹਾਂ ਨੂੰ ਸੁਣਦਿਆਂ ਅਤੇ ਉਨ੍ਹਾਂ ਨੂੰ ਸਵਾਲ ਕਰਦਿਆਂ ਦੇਖਦੇ ਹਨ।
“ਪੁੱਤ੍ਰ ਤੈਂ ਸਾਡੇ ਨਾਲ ਇਹ ਕੀ ਕੀਤਾ?” ਮਰਿਯਮ ਪੁੱਛਦੀ ਹੈ। “ਵੇਖ ਤੇਰਾ ਪਿਤਾ ਅਤੇ ਮੈਂ ਕਲਪਦੇ ਹੋਏ ਤੈਨੂੰ ਲੱਭਦੇ ਫਿਰੇ।”
ਯਿਸੂ ਹੈਰਾਨ ਹੁੰਦਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨੂੰ ਕਿੱਥੇ ਲੱਭਣਾ ਹੈ। “ਕਾਹ ਨੂੰ ਤੁਸੀਂ ਮੈਨੂੰ ਲੱਭਦੇ ਸਾਓ?” ਉਹ ਪੁੱਛਦਾ ਹੈ। “ਕੀ ਤੁਸੀਂ ਨਹੀਂ ਜਾਣਦੇ ਸੀ ਕਿ ਮੈਂ ਆਪਣੇ ਪਿਤਾ ਦੇ ਘਰ ਵਿਚ ਹੀ ਹੋਵਾਂਗਾ?”—ਨਿ ਵ.
ਯਿਸੂ ਦੀ ਸਮਝ ਵਿਚ ਨਹੀਂ ਆਉਂਦਾ ਕਿ ਉਸ ਦੇ ਮਾਪੇ ਇਹ ਕਿਉਂ ਨਹੀਂ ਜਾਣਦੇ। ਫਿਰ, ਯਿਸੂ ਆਪਣੇ ਮਾਪਿਆਂ ਨਾਲ ਘਰ ਮੁੜਦਾ ਹੈ ਅਤੇ ਲਗਾਤਾਰ ਉਨ੍ਹਾਂ ਦੇ ਅਧੀਨ ਰਹਿੰਦਾ ਹੈ। ਉਹ ਬੁੱਧੀ ਅਤੇ ਡੀਲ-ਡੌਲ, ਅਤੇ ਪਰਮੇਸ਼ੁਰ ਤੇ ਮਨੁੱਖਾਂ ਦੀ ਕਿਰਪਾ ਵਿਚ ਵਧਦਾ ਜਾਂਦਾ ਹੈ। ਜੀ ਹਾਂ, ਬਚਪਨ ਤੋਂ ਹੀ ਯਿਸੂ ਨਾ ਕੇਵਲ ਅਧਿਆਤਮਿਕ ਰੁਚੀ ਦੀ ਭਾਲ ਕਰਨ ਵਿਚ, ਪਰੰਤੂ ਆਪਣੇ ਮਾਪਿਆਂ ਨੂੰ ਆਦਰ ਦਿਖਾਉਣ ਵਿਚ ਵੀ ਇਕ ਚੰਗਾ ਉਦਾਹਰਣ ਸਥਾਪਿਤ ਕਰਦਾ ਹੈ। ਲੂਕਾ 2:40-52; 22:7.
▪ ਯਿਸੂ ਆਪਣੇ ਪਰਿਵਾਰ ਨਾਲ ਨਿਯਮਿਤ ਤੌਰ ਤੇ ਕਿਹੜਾ ਬਸੰਤ ਰੁੱਤ ਦਾ ਸਫਰ ਕਰਦਾ ਹੈ, ਅਤੇ ਉਹ ਕਿੰਨਾ ਲੰਮਾ ਹੈ?
▪ ਜਦੋਂ ਯਿਸੂ 12 ਵਰ੍ਹਿਆਂ ਦਾ ਹੁੰਦਾ ਹੈ, ਤਾਂ ਉਸ ਸਮੇਂ ਉਨ੍ਹਾਂ ਦੇ ਕੀਤੇ ਸਫਰ ਦੇ ਦੌਰਾਨ ਕੀ ਵਾਪਰਦਾ ਹੈ?
▪ ਯਿਸੂ ਅੱਜ ਦੇ ਨੌਜਵਾਨਾਂ ਲਈ ਕਿਹੜਾ ਉਦਾਹਰਣ ਸਥਾਪਿਤ ਕਰਦਾ ਹੈ?