ਯਿਸੂ ਦਾ ਬਪਤਿਸਮਾ
ਅਧਿਆਇ 12
ਯਿਸੂ ਦਾ ਬਪਤਿਸਮਾ
ਯੂਹੰਨਾ ਦੇ ਪ੍ਰਚਾਰ ਸ਼ੁਰੂ ਕਰਨ ਤੋਂ ਲਗਭਗ ਛੇ ਮਹੀਨੇ ਬਾਅਦ, ਯਿਸੂ, ਜੋ ਹੁਣ 30 ਵਰ੍ਹਿਆਂ ਦਾ ਹੈ, ਯਰਦਨ ਵਿਖੇ ਉਸ ਕੋਲ ਆਉਂਦਾ ਹੈ। ਕਿਸ ਕਾਰਨ? ਕੀ ਇਕ ਸਮਾਜਕ ਭੇਟ ਲਈ? ਕੀ ਯਿਸੂ ਸਿਰਫ਼ ਇਸ ਗੱਲ ਵਿਚ ਰੁਚੀ ਰੱਖਦਾ ਹੈ ਕਿ ਯੂਹੰਨਾ ਦਾ ਕੰਮ ਕਿਸ ਤਰ੍ਹਾਂ ਉੱਨਤੀ ਕਰ ਰਿਹਾ ਹੈ? ਨਹੀਂ, ਯਿਸੂ ਯੂਹੰਨਾ ਨੂੰ ਉਸ ਨੂੰ ਬਪਤਿਸਮਾ ਦੇਣ ਲਈ ਕਹਿੰਦਾ ਹੈ।
ਯੂਹੰਨਾ ਉਸੇ ਵਕਤ ਇਤਰਾਜ਼ ਕਰਦਾ ਹੈ: “ਮੈਨੂੰ ਤਾਂ ਤੈਥੋਂ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੂੰ ਮੇਰੇ ਕੋਲ ਆਇਆ ਹੈਂ?” ਯੂਹੰਨਾ ਜਾਣਦਾ ਹੈ ਕਿ ਉਸ ਦਾ ਮਸੇਰਾ ਭਰਾ ਯਿਸੂ, ਪਰਮੇਸ਼ੁਰ ਦਾ ਖ਼ਾਸ ਪੁੱਤਰ ਹੈ। ਕਿਉਂ, ਯੂਹੰਨਾ ਆਪਣੀ ਮਾਤਾ ਦੀ ਕੁੱਖ ਵਿਚ ਖ਼ੁਸ਼ੀ ਨਾਲ ਉੱਛਲਿਆ ਸੀ ਜਦੋਂ ਮਰਿਯਮ, ਯਿਸੂ ਨੂੰ ਗਰਭ ਵਿਚ ਲਈ ਉਨ੍ਹਾਂ ਨੂੰ ਮਿਲਣ ਗਈ ਸੀ! ਕੋਈ ਸ਼ੱਕ ਨਹੀਂ ਕਿ ਯੂਹੰਨਾ ਦੀ ਮਾਤਾ, ਇਲੀਸਬਤ ਨੇ ਬਾਅਦ ਵਿਚ ਉਸ ਨੂੰ ਇਸ ਬਾਰੇ ਦੱਸਿਆ ਹੋਣਾ ਹੈ। ਅਤੇ ਉਸ ਨੇ ਉਸ ਨੂੰ ਦੂਤ ਦੁਆਰਾ ਕੀਤੀ ਗਈ ਯਿਸੂ ਦੇ ਜਨਮ ਦੀ ਘੋਸ਼ਣਾ ਬਾਰੇ, ਅਤੇ ਜਿਸ ਰਾਤ ਯਿਸੂ ਪੈਦਾ ਹੋਇਆ ਸੀ, ਉਸ ਰਾਤ ਚਰਵਾਹਿਆਂ ਦੇ ਸਾਮ੍ਹਣੇ ਦੂਤਾਂ ਦੇ ਪ੍ਰਗਟਾਉ ਬਾਰੇ ਵੀ ਦੱਸਿਆ ਹੋਵੇਗਾ।
ਸੋ ਯਿਸੂ ਯੂਹੰਨਾ ਲਈ ਓਪਰਾ ਨਹੀਂ ਹੈ। ਅਤੇ ਯੂਹੰਨਾ ਜਾਣਦਾ ਹੈ ਕਿ ਉਸ ਦਾ ਬਪਤਿਸਮਾ ਯਿਸੂ ਲਈ ਨਹੀਂ ਹੈ। ਇਹ ਉਨ੍ਹਾਂ ਲਈ ਹੈ ਜੋ ਆਪਣੇ ਪਾਪਾਂ ਦੀ ਤੋਬਾ ਕਰਦੇ ਹਨ, ਪਰੰਤੂ ਯਿਸੂ ਪਾਪ-ਰਹਿਤ ਹੈ। ਫਿਰ ਵੀ, ਯੂਹੰਨਾ ਦੇ ਇਤਰਾਜ਼ ਦੇ ਬਾਵਜੂਦ, ਯਿਸੂ ਜ਼ੋਰ ਪਾਉਂਦਾ ਹੈ: “ਹੁਣ ਹੋਣ ਦਿਹ ਕਿਉਂਕਿ ਸਾਨੂੰ ਜੋਗ ਹੈ ਜੋ ਸਾਰੇ ਧਰਮ ਨੂੰ ਇਸੇ ਤਰ੍ਹਾਂ ਪੂਰਾ ਕਰੀਏ।”
ਯਿਸੂ ਦੇ ਲਈ ਬਪਤਿਸਮਾ ਲੈਣਾ ਕਿਉਂ ਉਚਿਤ ਹੈ? ਕਿਉਂਕਿ ਯਿਸੂ ਦਾ ਬਪਤਿਸਮਾ ਪਾਪਾਂ ਦੀ ਤੋਬਾ ਲਈ ਨਹੀਂ, ਪਰੰਤੂ ਉਸ ਦਾ ਆਪਣੇ ਆਪ ਨੂੰ ਆਪਣੇ ਪਿਤਾ ਦੀ ਇੱਛਾ ਨੂੰ ਪੂਰਿਆਂ ਕਰਨ ਲਈ ਪੇਸ਼ ਕਰਨ ਦਾ ਪ੍ਰਤੀਕ ਹੈ। ਯਿਸੂ ਹੁਣ ਤਕ ਇਕ ਤਰਖਾਣ ਰਿਹਾ ਹੈ, ਪਰੰਤੂ ਹੁਣ ਸਮਾਂ ਆ ਗਿਆ ਹੈ ਕਿ ਉਹ ਉਹੋ ਸੇਵਕਾਈ ਸ਼ੁਰੂ ਕਰੇ ਜੋ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਧਰਤੀ ਤੇ ਪੂਰੀ ਕਰਨ ਲਈ ਭੇਜਿਆ ਹੈ। ਕੀ ਤੁਸੀਂ ਸੋਚਦੇ ਹੋ ਕਿ ਯੂਹੰਨਾ ਨੂੰ ਕਿਸੇ ਅਸਾਧਾਰਣ ਗੱਲ ਦੇ ਵਾਪਰਨ ਦੀ ਆਸ਼ਾ ਹੋਵੇਗੀ ਜਦੋਂ ਉਹ ਯਿਸੂ ਨੂੰ ਬਪਤਿਸਮਾ ਦਿੰਦਾ ਹੈ?
ਖ਼ੈਰ, ਯੂਹੰਨਾ ਬਾਅਦ ਵਿਚ ਦੱਸਦਾ ਹੈ: “ਜਿਹ ਨੇ ਮੈਨੂੰ ਜਲ ਨਾਲ ਬਪਤਿਸਮਾ ਦੇਣ ਲਈ ਘੱਲਿਆ ਉਸੇ ਨੇ ਮੈਨੂੰ ਆਖਿਆ ਕਿ ਜਿਹ ਦੇ ਉੱਤੇ ਤੂੰ ਆਤਮਾ ਨੂੰ ਉੱਤਰਦਾ ਅਤੇ ਉਸ ਉੱਤੇ ਠਹਿਰਦਾ ਵੇਖੇਂ ਇਹ ਉਹੋ ਹੈ ਜੋ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੰਦਾ ਹੈ।” ਇਸ ਲਈ ਯੂਹੰਨਾ ਜਿਨ੍ਹਾਂ ਨੂੰ ਬਪਤਿਸਮਾ ਦਿੰਦਾ ਹੈ ਉਨ੍ਹਾਂ ਵਿੱਚੋਂ ਕਿਸੇ ਇਕ ਉੱਤੇ ਪਰਮੇਸ਼ੁਰ ਦੀ ਆਤਮਾ ਉਤਰਨ ਦੀ ਆਸ਼ਾ ਕਰ ਰਿਹਾ ਹੈ। ਸ਼ਾਇਦ, ਇਸ ਲਈ ਉਹ ਅਸਲ ਵਿਚ ਹੈਰਾਨ ਨਹੀਂ ਹੁੰਦਾ ਹੈ ਜਦੋਂ ਯਿਸੂ ਦੇ ਪਾਣੀ ਤੋਂ ਉੱਪਰ ਆਉਂਦੇ ਹੀ, ਯੂਹੰਨਾ ਦੇਖਦਾ ਹੈ ਕਿ ‘ਪਰਮੇਸ਼ੁਰ ਦਾ ਆਤਮਾ ਕਬੂਤਰ ਵਾਂਙੁ ਉਸ ਦੇ ਉੱਤੇ ਆਉਂਦਾ ਹੈ।’
ਪਰੰਤੂ ਯਿਸੂ ਦੇ ਬਪਤਿਸਮੇ ਦੇ ਸਮੇਂ ਇਸ ਤੋਂ ਵੀ ਜ਼ਿਆਦਾ ਕੁਝ ਵਾਪਰਦਾ ਹੈ। ‘ਆਕਾਸ਼ ਉਹ ਦੇ ਲਈ ਖੁੱਲ੍ਹ ਜਾਂਦਾ ਹੈ।’ ਇਸ ਦਾ ਕੀ ਮਤਲਬ ਹੈ? ਸਪੱਸ਼ਟ ਤੌਰ ਤੇ ਇਸ ਦਾ ਮਤਲਬ ਹੈ ਕਿ ਜਦੋਂ ਉਹ ਬਪਤਿਸਮਾ ਲੈ ਰਿਹਾ ਹੁੰਦਾ ਹੈ, ਤਾਂ ਉਸ ਨੂੰ ਸਵਰਗ ਵਿਚ ਆਪਣੇ ਪੂਰਵ-ਮਾਨਵੀ ਜੀਵਨ ਦੀ ਯਾਦ ਵਾਪਸ ਆਉਂਦੀ ਹੈ। ਇਸ ਤਰ੍ਹਾਂ, ਯਿਸੂ ਨੂੰ ਹੁਣ ਪੂਰੀ ਤਰ੍ਹਾਂ ਯਹੋਵਾਹ ਪਰਮੇਸ਼ੁਰ ਦੇ ਇਕ ਆਤਮਿਕ ਪੁੱਤਰ ਦੇ ਤੌਰ ਤੇ ਆਪਣਾ ਜੀਵਨ ਯਾਦ ਆਉਂਦਾ ਹੈ, ਨਾਲੇ ਉਹ ਸਾਰੀਆ ਗੱਲਾਂ ਵੀ ਜੋ ਉਸ ਨੂੰ ਪਰਮੇਸ਼ੁਰ ਨੇ ਸਵਰਗ ਵਿਚ ਉਸ ਦੀ ਪੂਰਵ-ਮਾਨਵੀ ਹੋਂਦ ਦੌਰਾਨ ਬੋਲੀਆਂ ਸਨ।
ਇਸ ਤੋਂ ਇਲਾਵਾ, ਉਸ ਦੇ ਬਪਤਿਸਮੇ ਸਮੇਂ ਸਵਰਗ ਤੋਂ ਇਕ ਆਵਾਜ਼ ਘੋਸ਼ਣਾ ਕਰਦੀ ਹੈ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” ਇਹ ਆਵਾਜ਼ ਕਿਸ ਦੀ ਹੈ? ਯਿਸੂ ਦੀ ਆਪਣੀ ਆਵਾਜ਼ ਹੈ? ਯਕੀਨਨ ਨਹੀਂ! ਇਹ ਪਰਮੇਸ਼ੁਰ ਦੀ ਆਵਾਜ਼ ਹੈ। ਸਪੱਸ਼ਟ ਤੌਰ ਤੇ, ਯਿਸੂ ਪਰਮੇਸ਼ੁਰ ਦਾ ਪੁੱਤਰ ਹੈ, ਨਾ ਕਿ ਖ਼ੁਦ ਪਰਮੇਸ਼ੁਰ, ਜਿਵੇਂ ਕੁਝ ਲੋਕੀ ਦਾਅਵਾ ਕਰਦੇ ਹਨ।
ਫਿਰ ਵੀ, ਯਿਸੂ ਪਰਮੇਸ਼ੁਰ ਦਾ ਇਕ ਮਾਨਵੀ ਪੁੱਤਰ ਹੈ, ਠੀਕ ਜਿਸ ਤਰ੍ਹਾਂ ਪਹਿਲਾ ਆਦਮੀ, ਆਦਮ ਸੀ। ਚੇਲਾ ਲੂਕਾ, ਯਿਸੂ ਦੇ ਬਪਤਿਸਮੇ ਦੇ ਬਾਰੇ ਬਿਆਨ ਕਰਨ ਦੇ ਬਾਅਦ ਲਿਖਦਾ ਹੈ: “ਯਿਸੂ ਆਪ ਜਦ ਉਪਦੇਸ਼ ਦੇਣ ਲੱਗਾ ਤਾਂ ਤੀਹਾਂ ਕੁ ਵਰਿਹਾਂ ਦਾ ਸੀ ਅਤੇ ਜਿਵੇਂ ਲੋਕ ਸਮਝਦੇ ਸਨ ਉਹ ਯੂਸੁਫ਼ ਦਾ ਪੁੱਤ੍ਰ ਸੀ ਜਿਹੜਾ ਹੇਲੀ ਦਾ ਸੀ, . . . ਉਹ ਦਾਊਦ ਦਾ, . . . ਉਹ ਅਬਰਾਹਾਮ ਦਾ, . . . ਉਹ ਨੂਹ ਦਾ, . . . ਉਹ ਆਦਮ ਦਾ, ਉਹ ਪਰਮੇਸ਼ੁਰ ਦਾ ਪੁੱਤ੍ਰ ਸੀ।”
ਜਿਵੇਂ ਆਦਮ “ਪਰਮੇਸ਼ੁਰ ਦਾ” ਇਕ ਮਾਨਵੀ “ਪੁੱਤ੍ਰ” ਸੀ, ਇਸ ਤਰ੍ਹਾਂ ਯਿਸੂ ਵੀ ਹੈ। ਯਿਸੂ ਉਹ ਸਰਬਸ੍ਰੇਸ਼ਟ ਮਨੁੱਖ ਹੈ ਜਿਹੜਾ ਕਦੀ ਜੀਉਂਦਾ ਰਿਹਾ, ਜਿਹੜੀ ਗੱਲ ਸਪੱਸ਼ਟ ਹੁੰਦੀ ਹੈ ਜਦੋਂ ਅਸੀਂ ਉਸ ਦੇ ਜੀਵਨ ਦੀ ਪੜਤਾਲ ਕਰਦੇ ਹਾਂ। ਮਗਰ, ਆਪਣੇ ਬਪਤਿਸਮੇ ਤੇ ਯਿਸੂ ਪਰਮੇਸ਼ੁਰ ਦਾ ਆਤਮਿਕ ਪੁੱਤਰ ਵੀ ਬਣਦੇ ਹੋਏ, ਪਰਮੇਸ਼ੁਰ ਨਾਲ ਇਕ ਨਵੇਂ ਸੰਬੰਧ ਵਿਚ ਦਾਖ਼ਲ ਹੁੰਦਾ ਹੈ। ਪਰਮੇਸ਼ੁਰ ਉਸ ਨੂੰ ਉਸ ਰਾਹ ਤੇ ਆਰੰਭ ਕਰ ਕੇ ਜਿਸ ਵਿਚ ਉਹ ਆਖ਼ਰਕਾਰ ਆਪਣਾ ਮਾਨਵ ਜੀਵਨ ਦੋਸ਼ੀ ਮਾਨਵਜਾਤੀ ਦੇ ਲਈ ਹਮੇਸ਼ਾ ਲਈ ਬਲੀਦਾਨ ਕਰ ਦੇਵੇਗਾ, ਇਕ ਅਰਥ ਵਿਚ ਉਸ ਨੂੰ ਹੁਣ ਵਾਪਸ ਸਵਰਗ ਵਿਚ ਬੁਲਾਉਂਦਾ ਹੈ। ਮੱਤੀ 3:13-17; ਲੂਕਾ 3:21-38; 1:34-36, 44; 2:10-14; ਯੂਹੰਨਾ 1:32-34; ਇਬਰਾਨੀਆਂ 10:5-9.
▪ ਯਿਸੂ ਯੂਹੰਨਾ ਲਈ ਓਪਰਾ ਕਿਉਂ ਨਹੀਂ ਹੈ?
▪ ਜਦੋਂ ਕਿ ਉਸ ਨੇ ਕੋਈ ਪਾਪ ਨਹੀਂ ਕੀਤਾ, ਯਿਸੂ ਬਪਤਿਸਮਾ ਕਿਉਂ ਲੈਂਦਾ ਹੈ?
▪ ਯੂਹੰਨਾ ਯਿਸੂ ਬਾਰੇ ਜੋ ਕੁਝ ਜਾਣਦਾ ਹੈ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਉਹ ਸ਼ਾਇਦ ਕਿਉਂ ਹੈਰਾਨ ਨਹੀਂ ਹੁੰਦਾ ਹੈ ਜਦੋਂ ਪਰਮੇਸ਼ੁਰ ਦੀ ਆਤਮਾ ਯਿਸੂ ਉੱਪਰ ਆਉਂਦੀ ਹੈ?