ਯਿਸੂ ਪਰਮੇਸ਼ੁਰ ਵੱਲੋਂ ਦਿੱਤੇ ਸਾਰੇ ਕੰਮਾਂ ਨੂੰ ਖ਼ਤਮ ਕਰਦਾ ਹੈ
ਅਧਿਆਇ 133
ਯਿਸੂ ਪਰਮੇਸ਼ੁਰ ਵੱਲੋਂ ਦਿੱਤੇ ਸਾਰੇ ਕੰਮਾਂ ਨੂੰ ਖ਼ਤਮ ਕਰਦਾ ਹੈ
ਜਦੋਂ ਯੋਧਾ-ਰਾਜਾ ਯਿਸੂ ਮਸੀਹ, ਸ਼ਤਾਨ ਅਤੇ ਉਸ ਦੇ ਦੁਸ਼ਟ ਸੰਸਾਰ ਨੂੰ ਹਟਾ ਦੇਵੇਗਾ, ਤਾਂ ਆਨੰਦ ਕਰਨ ਦਾ ਕਿੰਨਾ ਹੀ ਵੱਡਾ ਕਾਰਨ ਹੋਵੇਗਾ! ਆਖ਼ਰਕਾਰ ਯਿਸੂ ਦਾ ਸ਼ਾਂਤੀਪੂਰਣ ਹਜ਼ਾਰ ਵਰ੍ਹਿਆਂ ਦਾ ਰਾਜ ਸ਼ੁਰੂ ਹੁੰਦਾ ਹੈ!
ਯਿਸੂ ਅਤੇ ਉਸ ਦੇ ਸੰਗੀ ਰਾਜਿਆਂ ਦੇ ਨਿਰਦੇਸ਼ਨ ਦੇ ਅਧੀਨ, ਆਰਮਾਗੇਡਨ ਵਿੱਚੋਂ ਬਚਣ ਵਾਲੇ ਲੋਕ ਉਸ ਧਾਰਮਿਕ ਯੁੱਧ ਦੁਆਰਾ ਛੱਡੇ ਗਏ ਖੰਡਰਾਤਾਂ ਨੂੰ ਸਾਫ਼ ਕਰਨਗੇ। ਸੰਭਵ ਹੈ ਕਿ ਧਰਤੀ ਤੇ ਬਚਣ ਵਾਲੇ ਲੋਕ ਥੋੜ੍ਹੇ ਸਮੇਂ ਲਈ ਬੱਚੇ ਵੀ ਪੈਦਾ ਕਰਨਗੇ, ਅਤੇ ਇਹ ਧਰਤੀ ਨੂੰ ਇਕ ਸ਼ਾਨਦਾਰ ਬਗ਼ੀਚੇ ਵਰਗਾ ਬਾਗ਼ ਬਣਾਉਣ ਵਿਚ ਇਸ ਆਨੰਦਮਈ ਕੰਮ ਵਿਚ ਹਿੱਸਾ ਲੈਣਗੇ।
ਸਮਾਂ ਆਉਣ ਤੇ ਯਿਸੂ ਅਣਗਿਣਤ ਲੱਖਾਂ ਹੀ ਲੋਕਾਂ ਨੂੰ ਇਸ ਸੁੰਦਰ ਪਰਾਦੀਸ ਦਾ ਆਨੰਦ ਲੈਣ ਲਈ ਉਨ੍ਹਾਂ ਦੀਆਂ ਕਬਰਾਂ ਵਿੱਚੋਂ ਬਾਹਰ ਲਿਆਏਗਾ। ਉਹ ਆਪਣੇ ਹੀ ਦਿੱਤੇ ਜ਼ਾਮਨ ਦੀ ਪੂਰਤੀ ਵਿਚ ਇਹ ਕਰੇਗਾ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ [“ਸਮਾਰਕ ਕਬਰਾਂ,” ਨਿ ਵ] ਵਿੱਚ ਹਨ . . . ਨਿੱਕਲ ਆਉਣਗੇ।”
ਯਿਸੂ ਜਿਨ੍ਹਾਂ ਨੂੰ ਪੁਨਰ-ਉਥਿਤ ਕਰਦਾ ਹੈ, ਉਨ੍ਹਾਂ ਵਿਚ ਉਹ ਸਾਬਕਾ ਅਪਰਾਧੀ ਵੀ ਸ਼ਾਮਲ ਹੋਵੇਗਾ ਜਿਹੜਾ ਉਸ ਦੇ ਇਕ ਪਾਸੇ ਤਸੀਹੇ ਦੀ ਸੂਲੀ ਤੇ ਮਰਿਆ ਸੀ। ਯਾਦ ਕਰੋ ਕਿ ਯਿਸੂ ਨੇ ਉਸ ਨਾਲ ਵਾਅਦਾ ਕੀਤਾ ਸੀ: “ਸੱਚ-ਮੱਚ ਮੈਂ ਅੱਜ ਤੈਨੂੰ ਆਖਦਾ ਹੈ, ਤੂੰ ਮੇਰੇ ਨਾਲ ਪਰਾਦੀਸ ਵਿਚ ਹੋਵੇਂਗਾ।” ਨਹੀਂ, ਉਹ ਆਦਮੀ ਯਿਸੂ ਨਾਲ ਇਕ ਰਾਜੇ ਦੇ ਤੌਰ ਤੇ ਸ਼ਾਸਨ ਕਰਨ ਲਈ ਸਵਰਗ ਨਹੀਂ ਲਿਜਾਇਆ ਜਾਵੇਗਾ, ਨਾ ਹੀ ਯਿਸੂ ਫਿਰ ਇਕ ਆਦਮੀ ਬਣ ਕੇ ਉਸ ਨਾਲ ਪਰਾਦੀਸ ਧਰਤੀ ਉੱਤੇ ਰਹੇਗਾ। ਇਸ ਦੀ ਬਜਾਇ, ਯਿਸੂ ਇਸ ਅਰਥ ਵਿਚ ਉਸ ਸਾਬਕਾ ਅਪਰਾਧੀ ਨਾਲ ਹੋਵੇਗਾ ਕਿ ਉਹ ਉਸ ਨੂੰ ਪਰਾਦੀਸ ਵਿਚ ਜੀਵਨ ਲਈ ਪੁਨਰ-ਉਥਿਤ ਕਰੇਗਾ ਅਤੇ ਇਸ ਗੱਲ ਦਾ ਧਿਆਨ ਰੱਖੇਗਾ ਕਿ ਉਸ ਦੀਆਂ ਭੌਤਿਕ ਅਤੇ ਅਧਿਆਤਮਿਕ ਦੋਨੋਂ ਲੋੜਾਂ ਪੂਰੀਆਂ ਕੀਤੀਆਂ ਜਾਣ, ਜਿਵੇਂ ਕਿ ਅਗਲੇ ਸਫ਼ੇ ਤੇ ਦਰਸਾਇਆ ਗਿਆ ਹੈ।
ਇਸ ਬਾਰੇ ਸੋਚੋ! ਯਿਸੂ ਦੀ ਪ੍ਰੇਮਪੂਰਣ ਦੇਖ-ਰੇਖ ਦੇ ਅਧੀਨ, ਸਾਰਾ ਮਾਨਵ ਪਰਿਵਾਰ— ਆਰਮਾਗੇਡਨ ਵਿੱਚੋਂ ਬਚਣ ਵਾਲੇ, ਉਨ੍ਹਾਂ ਦੀ ਸੰਤਾਨ, ਅਤੇ ਪੁਨਰ-ਉਥਿਤ ਕੀਤੇ ਗਏ ਕਰੋੜਾਂ ਮਿਰਤਕ ਜਿਹੜੇ ਉਸ ਦੇ ਆਗਿਆਕਾਰੀ ਬਣਦੇ ਹਨ— ਮਾਨਵ ਸੰਪੂਰਣਤਾ ਦੀ ਵੱਲ ਵਧਣਗੇ। ਯਹੋਵਾਹ, ਆਪਣੇ ਸ਼ਾਹੀ ਪੁੱਤਰ, ਯਿਸੂ ਮਸੀਹ ਦੇ ਜ਼ਰੀਏ, ਅਧਿਆਤਮਿਕ ਤੌਰ ਤੇ ਮਨੁੱਖਜਾਤੀ ਦੇ ਨਾਲ ਰਹੇਗਾ। “ਅਤੇ,” ਜਿਵੇਂ ਯੂਹੰਨਾ ਦੁਆਰਾ ਸਵਰਗ ਤੋਂ ਸੁਣੀ ਗਈ ਆਵਾਜ਼ ਕਹਿੰਦੀ ਹੈ, “ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।” ਧਰਤੀ ਉੱਤੇ ਕੋਈ ਵਿਅਕਤੀ ਦੁੱਖ ਨਹੀਂ ਭੋਗੇਗਾ ਅਤੇ ਨਾ ਹੀ ਬੀਮਾਰ ਹੋਵੇਗਾ।
ਯਿਸੂ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਅੰਤ ਤੇ ਸਥਿਤੀ ਉਸੇ ਸਮਾਨ ਹੋਵੇਗੀ ਜਿਵੇਂ ਪਰਮੇਸ਼ੁਰ ਨੇ ਆਰੰਭ ਵਿਚ ਉਦੇਸ਼ ਰੱਖਿਆ ਸੀ ਜਦੋਂ ਉਸ ਨੇ ਪਹਿਲੇ ਮਾਨਵ ਜੋੜੇ, ਆਦਮ ਅਤੇ ਹੱਵਾਹ, ਨੂੰ ਵਧਣ ਅਤੇ ਧਰਤੀ ਨੂੰ ਭਰਨ ਲਈ ਕਿਹਾ ਸੀ। ਜੀ ਹਾਂ, ਇਹ ਧਰਤੀ ਸੰਪੂਰਣ ਮਾਨਵ ਦੀ ਇਕ ਧਰਮੀ ਨਸਲ ਨਾਲ ਭਰ ਜਾਵੇਗੀ। ਇਹ ਇਸ ਕਰਕੇ ਹੈ ਕਿਉਂਕਿ ਯਿਸੂ ਦੀ ਰਿਹਾਈ-ਕੀਮਤ ਦੇ ਬਲੀਦਾਨ ਦਾ ਲਾਭ ਹਰੇਕ ਉੱਤੇ ਲਾਗੂ ਕੀਤਾ ਜਾਵੇਗਾ। ਮੌਤ ਜਿਹੜੀ ਆਦਮ ਦੇ ਪਾਪ ਕਰਕੇ ਹੈ ਫਿਰ ਨਹੀਂ ਹੋਵੇਗੀ!
ਇਸ ਤਰ੍ਹਾਂ, ਯਿਸੂ ਉਨ੍ਹਾਂ ਸਾਰੇ ਕੰਮਾਂ ਨੂੰ ਪੂਰਾ ਕਰ ਚੁੱਕਾ ਹੋਵੇਗਾ, ਜਿਹੜੇ ਯਹੋਵਾਹ ਨੇ ਉਸ ਨੂੰ ਦਿੱਤੇ ਸਨ। ਇਸ ਲਈ, ਇਕ ਹਜ਼ਾਰ ਵਰ੍ਹਿਆਂ ਦੇ ਅੰਤ ਵਿਚ, ਉਹ ਰਾਜ ਨੂੰ ਅਤੇ ਸੰਪੂਰਣ ਮਾਨਵ ਪਰਿਵਾਰ ਨੂੰ ਆਪਣੇ ਪਿਤਾ ਦੇ ਹੱਥ ਸੌਂਪ ਦੇਵੇਗਾ। ਪਰਮੇਸ਼ੁਰ ਫਿਰ ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਮੌਤ ਵਰਗੀ ਨਿਸ਼ਕ੍ਰਿਆ ਦੀ ਦਸ਼ਾ ਦੇ ਅਥਾਹ ਕੁੰਡ ਵਿੱਚੋਂ ਛੱਡ ਦੇਵੇਗਾ। ਕਿਸ ਉਦੇਸ਼ ਲਈ?
ਖ਼ੈਰ, ਹਜ਼ਾਰ ਵਰ੍ਹਿਆਂ ਦੇ ਅੰਤ ਵਿਚ, ਪਰਾਦੀਸ ਵਿਚ ਰਹਿਣ ਵਾਲੇ ਜ਼ਿਆਦਾਤਰ ਪੁਨਰ-ਉਥਿਤ ਵਿਅਕਤੀ ਹੀ ਹੋਣਗੇ ਜਿਨ੍ਹਾਂ ਦੀ ਨਿਹਚਾ ਨੂੰ ਕਦੀ ਵੀ ਪਰਤਾਇਆ ਨਹੀਂ ਗਿਆ ਹੈ। ਮਰਨ ਤੋਂ ਪਹਿਲਾਂ, ਉਨ੍ਹਾਂ ਨੇ ਕਦੇ ਵੀ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਨਹੀਂ ਜਾਣਿਆ ਸੀ ਅਤੇ ਇਸ ਲਈ ਉਨ੍ਹਾਂ ਉੱਤੇ ਨਿਹਚਾ ਨਹੀਂ ਰੱਖ ਸਕਦੇ ਸਨ। ਫਿਰ, ਪੁਨਰ-ਉਥਿਤ ਕੀਤੇ ਜਾਣ ਅਤੇ ਬਾਈਬਲ ਸੱਚਾਈਆਂ ਸਿਖਾਏ ਜਾਣ ਤੋਂ ਬਾਅਦ, ਉਨ੍ਹਾਂ ਲਈ ਪਰਾਦੀਸ ਵਿਚ ਬਿਨਾਂ ਕਿਸੇ ਵਿਰੋਧਤਾ ਦੇ, ਪਰਮੇਸ਼ੁਰ ਦੀ ਸੇਵਾ ਕਰਨਾ ਆਸਾਨ ਸੀ। ਪਰੰਤੂ ਜੇਕਰ ਸ਼ਤਾਨ ਨੂੰ ਇਹ ਮੌਕਾ ਦਿੱਤਾ ਜਾਵੇ ਕਿ ਉਹ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਤੋਂ ਰੋਕਣ ਦੀ ਕੋਸ਼ਿਸ਼ ਕਰੇ, ਤਾਂ ਕੀ ਉਹ ਪਰਤਾਵੇ ਦੇ ਅਧੀਨ ਨਿਸ਼ਠਾਵਾਨ ਸਾਬਤ ਹੋਣਗੇ? ਇਸ ਸਵਾਲ ਦੇ ਜਵਾਬ ਲਈ, ਸ਼ਤਾਨ ਛੱਡਿਆ ਜਾਵੇਗਾ।
ਯੂਹੰਨਾ ਨੂੰ ਦਿੱਤਾ ਗਿਆ ਪ੍ਰਗਟੀਕਰਨ ਦੱਸਦਾ ਹੈ ਕਿ ਯਿਸੂ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਬਾਅਦ, ਸ਼ਤਾਨ ਅਣਗਿਣਤ ਲੋਕਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਮੋੜਨ ਵਿਚ ਸਫਲ ਹੋ ਜਾਵੇਗਾ। ਪਰੰਤੂ ਫਿਰ, ਜਦੋਂ ਆਖ਼ਰੀ ਪਰਤਾਵਾ ਸਮਾਪਤ ਹੁੰਦਾ ਹੈ, ਤਾਂ ਸ਼ਤਾਨ, ਉਸ ਦੇ ਪਿਸ਼ਾਚ, ਅਤੇ ਉਹ ਸਾਰੇ ਜਿਨ੍ਹਾਂ ਨੂੰ ਉਹ ਭਰਮਾਉਣ ਵਿਚ ਸਫਲ ਹੋਇਆ ਹੈ, ਸਦਾ ਲਈ ਨਾਸ਼ ਕੀਤੇ ਜਾਣਗੇ। ਦੂਜੇ ਪਾਸੇ, ਪੂਰੀ ਤਰ੍ਹਾਂ ਪਰਤਾਏ ਗਏ, ਬਚਣ ਵਾਲੇ ਨਿਸ਼ਠਾਵਾਨ ਵਿਅਕਤੀ ਸਦੀਪਕ ਕਾਲ ਲਈ ਆਪਣੇ ਸਵਰਗੀ ਪਿਤਾ ਦੀਆਂ ਬਰਕਤਾਂ ਦਾ ਆਨੰਦ ਮਾਣਨ ਲਈ ਜੀਉਂਦੇ ਰਹਿਣਗੇ।
ਸਪੱਸ਼ਟ ਤੌਰ ਤੇ, ਯਿਸੂ ਨੇ ਪਰਮੇਸ਼ੁਰ ਦੇ ਮਹਾਨ ਉਦੇਸ਼ਾਂ ਨੂੰ ਪੂਰਿਆਂ ਕਰਨ ਵਿਚ ਇਕ ਅਤਿ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਅਤੇ ਨਿਭਾਉਂਦਾ ਵੀ ਰਹੇਗਾ। ਪਰਮੇਸ਼ੁਰ ਦੇ ਮਹਾਨ ਸਵਰਗੀ ਰਾਜੇ ਦੇ ਤੌਰ ਤੇ ਉਹ ਜੋ ਕੁਝ ਸੰਪੰਨ ਕਰਦਾ ਹੈ ਉਸ ਦੇ ਨਤੀਜੇ ਵਜੋਂ ਅਸੀਂ ਕਿੰਨੇ ਹੀ ਉੱਤਮ ਭਵਿੱਖ ਦਾ ਆਨੰਦ ਮਾਣ ਸਕਦੇ ਹਾਂ। ਫਿਰ ਵੀ, ਅਸੀਂ ਉਹ ਸਭ ਕੁਝ ਭੁੱਲ ਨਹੀਂ ਸਕਦੇ ਹਾਂ ਜੋ ਉਸ ਨੇ ਇਕ ਮਨੁੱਖ ਹੁੰਦਿਆਂ ਕੀਤਾ ਸੀ।
ਯਿਸੂ ਨੇ ਸਵੈ-ਇੱਛਾ ਨਾਲ ਧਰਤੀ ਉੱਤੇ ਆ ਕੇ ਸਾਨੂੰ ਆਪਣੇ ਪਿਤਾ ਬਾਰੇ ਸਿਖਾਇਆ। ਇਸ ਤੋਂ ਇਲਾਵਾ, ਉਹ ਪਰਮੇਸ਼ੁਰ ਦੇ ਬਹੂ-ਮੁੱਲੇ ਗੁਣਾਂ ਦੀ ਮਿਸਾਲ ਬਣਿਆ। ਸਾਡਾ ਦਿਲ ਉਤੇਜਿਤ ਹੁੰਦਾ ਹੈ ਜਦੋਂ ਅਸੀਂ ਉਸ ਦੇ ਸ਼ਾਨਦਾਰ ਹੌਸਲੇ ਅਤੇ ਮਰਦਾਨਗੀ, ਉਸ ਦੀ ਬੇਮਿਸਾਲ ਬੁੱਧੀ, ਉਸ ਦੀ ਇਕ ਗੁਰੂ ਦੇ ਤੌਰ ਤੇ ਉੱਤਮ ਯੋਗਤਾ, ਉਸ ਦੀ ਨਿਡਰ ਅਗਵਾਈ, ਅਤੇ ਉਸ ਦੀ ਕੋਮਲ ਦਿਆਲਤਾ ਅਤੇ ਹਮਦਰਦੀ ਤੇ ਵਿਚਾਰ ਕਰਦੇ ਹਾਂ। ਜਦੋਂ ਅਸੀਂ ਯਾਦ ਕਰਦੇ ਹਾਂ ਕਿ ਕਿਸ ਤਰ੍ਹਾਂ ਉਸ ਨੇ ਅਕਹਿ ਤਰੀਕੇ ਨਾਲ ਦੁੱਖ ਝੱਲਿਆ ਜਦੋਂ ਉਸ ਨੇ ਰਿਹਾਈ-ਕੀਮਤ ਮੁਹੱਈਆ ਕੀਤੀ, ਸਿਰਫ਼ ਜਿਸ ਦੇ ਦੁਆਰਾ ਹੀ ਅਸੀਂ ਜੀਵਨ ਪ੍ਰਾਪਤ ਕਰ ਸਕਦੇ ਹਾਂ, ਤਾਂ ਯਕੀਨਨ ਸਾਡਾ ਦਿਲ ਉਸ ਦੇ ਪ੍ਰਤੀ ਕਦਰਦਾਨੀ ਨਾਲ ਉਤੇਜਿਤ ਹੁੰਦਾ ਹੈ!
ਸੱਚ-ਮੁੱਚ, ਯਿਸੂ ਦੇ ਜੀਵਨ ਦੇ ਇਸ ਅਧਿਐਨ ਵਿਚ ਅਸੀਂ ਕਿਸ ਤਰ੍ਹਾਂ ਦਾ ਮਨੁੱਖ ਦੇਖਿਆ ਹੈ! ਉਸ ਦੀ ਮਹਾਨਤਾ ਜ਼ਾਹਰ ਅਤੇ ਪ੍ਰਬਲ ਹੈ। ਅਸੀਂ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਦੇ ਸ਼ਬਦਾਂ ਨੂੰ ਦੁਹਰਾਉਣ ਲਈ ਪ੍ਰੇਰਿਤ ਹੁੰਦੇ ਹਾਂ: “ਵੇਖੋ ਐਸ ਮਨੁੱਖ ਨੂੰ!” ਜੀ ਹਾਂ, ਸੱਚ-ਮੁੱਚ, ਉਹ “ਮਨੁੱਖ,” ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ!
ਉਸ ਦੇ ਰਿਹਾਈ-ਕੀਮਤ ਦੇ ਬਲੀਦਾਨ ਦੇ ਪ੍ਰਬੰਧ ਨੂੰ ਕਬੂਲ ਕਰਨ ਨਾਲ, ਅਸੀਂ ਆਦਮ ਤੋਂ ਵਿਰਸੇ ਵਿਚ ਪ੍ਰਾਪਤ ਕੀਤੇ ਪਾਪ ਅਤੇ ਮੌਤ ਦੇ ਭਾਰ ਤੋਂ ਮੁਕਤ ਹੋ ਸਕਦੇ ਹਾਂ, ਅਤੇ ਯਿਸੂ ਸਾਡਾ “ਅਨਾਦੀ ਪਿਤਾ” ਬਣ ਸਕਦਾ ਹੈ। ਸਾਰੇ ਜਿਹੜੇ ਸਦੀਪਕ ਜੀਵਨ ਹਾਸਲ ਕਰਨਗੇ ਉਨ੍ਹਾਂ ਲਈ ਨਾ ਸਿਰਫ਼ ਪਰਮੇਸ਼ੁਰ ਦਾ ਸਗੋਂ ਉਸ ਦੇ ਪੁੱਤਰ, ਯਿਸੂ ਮਸੀਹ ਦਾ ਵੀ ਗਿਆਨ ਲੈਣਾ ਜ਼ਰੂਰੀ ਹੈ। ਇੰਜ ਹੀ ਹੋਵੇ ਕਿ ਇਸ ਪੁਸਤਕ ਦਾ ਪਠਨ ਅਤੇ ਅਧਿਐਨ ਤੁਹਾਨੂੰ ਅਜਿਹਾ ਜੀਵਨਦਾਇਕ ਗਿਆਨ ਲੈਣ ਵਿਚ ਮਦਦ ਦੇਵੇ! 1 ਯੂਹੰਨਾ 2:17; 1:7; ਯੂਹੰਨਾ 5:28, 29; 3:16; 17:3; 19:5; ਲੂਕਾ 23:43; ਉਤਪਤ 1:28; 1 ਕੁਰਿੰਥੀਆਂ 15:24-28; ਪਰਕਾਸ਼ ਦੀ ਪੋਥੀ 20:1-3, 6-10; 21:3, 4; ਯਸਾਯਾਹ 9:6.
▪ ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਦਾ ਅਤੇ ਉਨ੍ਹਾਂ ਦੀ ਸੰਤਾਨ ਦਾ ਕਿਹੜਾ ਖ਼ੁਸ਼ੀ ਵਾਲਾ ਵਿਸ਼ੇਸ਼-ਸਨਮਾਨ ਹੋਵੇਗਾ?
▪ ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਅਤੇ ਉਨ੍ਹਾਂ ਦੀ ਸੰਤਾਨ ਤੋਂ ਇਲਾਵਾ ਹੋਰ ਕੌਣ ਪਰਾਦੀਸ ਦਾ ਆਨੰਦ ਮਾਣਨਗੇ, ਅਤੇ ਕਿਸ ਅਰਥ ਵਿਚ ਯਿਸੂ ਉਨ੍ਹਾਂ ਦੇ ਨਾਲ ਹੋਵੇਗਾ?
▪ ਹਜ਼ਾਰ ਵਰ੍ਹਿਆਂ ਦੇ ਅੰਤ ਵਿਚ ਕਿਹੜੀ ਸਥਿਤੀ ਹੋਵੇਗੀ, ਅਤੇ ਫਿਰ ਯਿਸੂ ਕੀ ਕਰੇਗਾ?
▪ ਸ਼ਤਾਨ ਨੂੰ ਅਥਾਹ ਕੁੰਡ ਵਿੱਚੋਂ ਕਿਉਂ ਛੱਡਿਆ ਜਾਵੇਗਾ, ਅਤੇ ਆਖ਼ਰਕਾਰ ਉਸ ਦਾ ਅਤੇ ਉਨ੍ਹਾਂ ਸਾਰਿਆਂ ਦਾ ਕੀ ਹੋਵੇਗਾ ਜੋ ਉਸ ਦੇ ਮਗਰ ਚੱਲਦੇ ਹਨ?
▪ ਯਿਸੂ ਕਿਸ ਤਰ੍ਹਾਂ ਸਾਡਾ “ਅਨਾਦੀ ਪਿਤਾ” ਬਣ ਸਕਦਾ ਹੈ?