ਵਿਵਹਾਰਕ ਬੁੱਧੀ ਨਾਲ ਭਵਿੱਖ ਲਈ ਪ੍ਰਬੰਧ ਕਰੋ
ਅਧਿਆਇ 87
ਵਿਵਹਾਰਕ ਬੁੱਧੀ ਨਾਲ ਭਵਿੱਖ ਲਈ ਪ੍ਰਬੰਧ ਕਰੋ
ਯਿਸੂ ਨੇ ਹੁਣੇ ਹੀ ਉਸ ਭੀੜ ਨੂੰ ਉਜਾੜੂ ਪੁੱਤਰ ਦੀ ਕਹਾਣੀ ਸੁਣਾਉਣੀ ਸਮਾਪਤ ਕੀਤੀ ਹੈ, ਜਿਸ ਵਿਚ ਉਸ ਦੇ ਚੇਲੇ, ਬੇਈਮਾਨ ਮਸੂਲੀਏ ਅਤੇ ਹੋਰ ਨਾਮੀ ਪਾਪੀ, ਅਤੇ ਗ੍ਰੰਥੀ ਤੇ ਫ਼ਰੀਸੀ ਸ਼ਾਮਲ ਹਨ। ਹੁਣ, ਆਪਣੇ ਚੇਲਿਆਂ ਨੂੰ ਸੰਬੋਧਿਤ ਕਰਦੇ ਹੋਏ, ਉਹ ਇਕ ਧਨਵਾਨ ਆਦਮੀ ਸੰਬੰਧੀ ਦ੍ਰਿਸ਼ਟਾਂਤ ਦੱਸਦਾ ਹੈ, ਜਿਸ ਨੂੰ ਆਪਣੇ ਘਰ ਪ੍ਰਬੰਧਕ, ਜਾਂ ਮੁਖ਼ਤਿਆਰ ਦੇ ਬਾਰੇ ਪ੍ਰਤਿਕੂਲ ਖ਼ਬਰ ਮਿਲੀ ਹੈ।
ਯਿਸੂ ਦੇ ਅਨੁਸਾਰ, ਧਨਵਾਨ ਆਦਮੀ ਆਪਣੇ ਮੁਖ਼ਤਿਆਰ ਨੂੰ ਸੱਦਦਾ ਹੈ ਅਤੇ ਉਸ ਨੂੰ ਦੱਸਦਾ ਹੈ ਕਿ ਉਹ ਉਸ ਨੂੰ ਨੌਕਰੀ ਤੋਂ ਹਟਾਉਣ ਲੱਗਾ ਹੈ। “ਮੈਂ ਕੀ ਕਰਾਂ ਕਿਉਂ ਜੋ ਮੇਰਾ ਮਾਲਕ ਮੁਖ਼ਤਿਆਰੀ ਮੈਥੋਂ ਖੋਹਣ ਲੱਗਾ ਹੈ?” ਮੁਖ਼ਤਿਆਰ ਸੋਚਦਾ ਹੈ। “ਕਹੀ ਮੇਰੇ ਕੋਲੋਂ ਮਾਰੀ ਨਹੀਂ ਜਾਂਦੀ ਅਤੇ ਭਿੱਛਿਆ ਮੰਗਣ ਤੋਂ ਮੈਨੂੰ ਲਾਜ ਆਉਂਦੀ ਹੈ। ਮੈਂ ਜਾਣ ਗਿਆ ਭਈ ਕੀ ਕਰਾਂਗਾ ਤਾਂ ਜਿਸ ਵੇਲੇ ਮੈਂ ਮੁਖ਼ਤਿਆਰੀਓਂ ਹਟਾਇਆ ਜਾਵਾਂ ਓਹ ਮੈਨੂੰ ਆਪਣਿਆਂ ਘਰਾਂ ਵਿੱਚ ਕਬੂਲ ਕਰਨ।”
ਮੁਖ਼ਤਿਆਰ ਦੀ ਕੀ ਯੋਜਨਾ ਹੈ? ਉਹ ਉਨ੍ਹਾਂ ਨੂੰ ਸੱਦਦਾ ਹੈ ਜਿਹੜੇ ਉਸ ਦੇ ਮਾਲਕ ਦੇ ਕਰਜ਼ਦਾਰ ਹਨ। ‘ਤੈਂ ਕਿੰਨਾ ਦੇਣਾ ਹੈ?’ ਉਹ ਪੁੱਛਦਾ ਹੈ।
ਪਹਿਲਾ ਵਿਅਕਤੀ ਜਵਾਬ ਦਿੰਦਾ ਹੈ, ‘2,200 ਲਿਟਰ ਜੈਤੂਨ ਦਾ ਤੇਲ।’
‘ਆਪਣੀ ਬਹੀ ਲੈ ਅਤੇ ਬੈਠ ਕੇ ਛੇਤੀ 1,100 ਲਿਖ,’ ਉਹ ਉਸ ਨੂੰ ਕਹਿੰਦਾ ਹੈ।
ਉਹ ਦੂਜੇ ਵਿਅਕਤੀ ਨੂੰ ਪੁੱਛਦਾ ਹੈ: ‘ਤੈਂ ਕਿੰਨਾ ਦੇਣਾ ਹੈ?’
ਉਹ ਕਹਿੰਦਾ ਹੈ, ‘ਸੌ ਮਾਣੀ ਕਣਕ।’
‘ਆਪਣੀ ਬਹੀ ਲੈ ਕੇ ਅੱਸੀ ਲਿਖ।’
ਆਪਣੇ ਮਾਲਕ ਨੂੰ ਦਿੱਤੇ ਜਾਣ ਵਾਲੇ ਕਰਜ਼ਿਆਂ ਨੂੰ ਘਟਾਉਣ ਵਿਚ ਮੁਖ਼ਤਿਆਰ ਆਪਣੇ ਅਧਿਕਾਰ ਅਧੀਨ ਹੈ, ਕਿਉਂਕਿ ਉਹ ਅਜੇ ਵੀ ਆਪਣੇ ਮਾਲਕ ਦੇ ਆਰਥਿਕ ਕੰਮਾਂ ਦਾ ਨਿਗਰਾਨ ਹੈ। ਰਕਮ ਘਟਾਉਣ ਦੇ ਦੁਆਰਾ, ਉਹ ਉਨ੍ਹਾਂ ਨੂੰ ਆਪਣੇ ਮਿੱਤਰ ਬਣਾ ਰਿਹਾ ਹੈ ਜੋ ਉਸ ਦਾ ਅਹਿਸਾਨ ਮੋੜ ਸਕਦੇ ਹਨ ਜਦੋਂ ਉਹ ਆਪਣੀ ਨੌਕਰੀ ਖੋਹ ਦੇਵੇਗਾ।
ਜਦੋਂ ਮਾਲਕ ਸੁਣਦਾ ਹੈ ਕਿ ਕੀ ਵਾਪਰਿਆ ਹੈ, ਤਾਂ ਉਹ ਪ੍ਰਭਾਵਿਤ ਹੁੰਦਾ ਹੈ। ਅਸਲ ਵਿਚ, ਉਸ ਨੇ “ਉਸ ਨਿਮਕਹਰਾਮ ਮੁਖ਼ਤਿਆਰ ਦੀ ਵਡਿਆਈ ਕੀਤੀ ਇਸ ਲਈ ਜੋ ਉਹ ਨੇ ਚਤੁਰਾਈ [“ਵਿਵਹਾਰਕ ਬੁੱਧੀ ਨਾਲ ਕੰਮ,” ਨਿ ਵ] ਕੀਤਾ।” ਦਰਅਸਲ, ਯਿਸੂ ਅੱਗੇ ਕਹਿੰਦਾ ਹੈ: “ਐਸ ਜੁਗ ਦੇ ਪੁੱਤ੍ਰ ਆਪਣੀ ਪੀਹੜੀ ਵਿੱਚ ਚਾਨਣ ਦੇ ਪੁੱਤ੍ਰਾਂ ਨਾਲੋਂ ਚਾਤਰ ਹਨ।”
ਹੁਣ, ਆਪਣੇ ਚੇਲਿਆਂ ਨੂੰ ਸਬਕ ਦਿੰਦੇ ਹੋਏ, ਯਿਸੂ ਉਤਸ਼ਾਹ ਦਿੰਦਾ ਹੈ: “ਕੁਧਰਮ ਦੀ ਮਾਯਾ ਨਾਲ ਆਪਣੇ ਲਈ ਮਿੱਤਰ ਬਣਾਓ ਤਾਂ ਜਿਸ ਵੇਲੇ ਇਹ ਜਾਂਦੀ ਰਹੇ ਓਹ ਤੁਹਾਨੂੰ ਸਦੀਵਕਾਲ ਦੇ ਰਹਿਣ ਵਾਲੇ ਡੇਰਿਆਂ ਵਿੱਚ ਕਬੂਲ ਕਰਨ।”
ਯਿਸੂ ਮੁਖ਼ਤਿਆਰ ਨੂੰ ਉਸ ਦੀ ਨਿਮਕਹਰਾਮੀ ਲਈ ਨਹੀਂ ਪਰੰਤੂ ਉਸ ਦੀ ਦੂਰ-ਦ੍ਰਿਸ਼ਟੀ, ਅਰਥਾਤ ਵਿਵਹਾਰਕ ਬੁੱਧੀ ਲਈ ਵਡਿਆਉਂਦਾ ਹੈ। ਅਕਸਰ “ਐਸ ਜੁਗ ਦੇ ਪੁੱਤ੍ਰ” ਚਤੁਰਾਈ ਨਾਲ ਆਪਣੇ ਪੈਸੇ ਜਾਂ ਪਦਵੀ ਨੂੰ ਇਸਤੇਮਾਲ ਕਰ ਕੇ ਉਨ੍ਹਾਂ ਨਾਲ ਮਿੱਤਰਤਾ ਬਣਾਉਂਦੇ ਹਨ ਜਿਹੜੇ ਉਨ੍ਹਾਂ ਦੇ ਅਹਿਸਾਨ ਨੂੰ ਮੋੜ ਸਕਦੇ ਹਨ। ਇਸ ਲਈ ਪਰਮੇਸ਼ੁਰ ਦੇ ਸੇਵਕਾਂ, “ਚਾਨਣ ਦੇ ਪੁੱਤ੍ਰਾਂ” ਨੂੰ ਵੀ ਆਪਣੀ ਭੌਤਿਕ ਸੰਪਤੀ, “ਕੁਧਰਮ ਦੀ ਮਾਯਾ” ਨੂੰ ਆਪਣੇ ਲਾਭ ਦੇ ਲਈ ਬੁੱਧੀਮਾਨੀ ਨਾਲ ਇਸਤੇਮਾਲ ਕਰਨ ਦੀ ਲੋੜ ਹੈ।
ਪਰੰਤੂ ਜਿਵੇਂ ਯਿਸੂ ਕਹਿੰਦਾ ਹੈ, ਉਨ੍ਹਾਂ ਨੂੰ ਇਸ ਮਾਯਾ ਨਾਲ ਉਨ੍ਹਾਂ ਲੋਕਾਂ ਨਾਲ ਮਿੱਤਰਤਾ ਬਣਾਉਣੀ ਚਾਹੀਦੀ ਹੈ ਜੋ ਸ਼ਾਇਦ ਉਨ੍ਹਾਂ ਨੂੰ “ਸਦੀਵਕਾਲ ਦੇ ਰਹਿਣ ਵਾਲੇ ਡੇਰਿਆਂ ਵਿੱਚ” ਲੈ ਜਾਏ। ਛੋਟੇ ਝੁੰਡ ਦੇ ਸਦੱਸਾਂ ਲਈ ਇਹ ਡੇਰੇ ਸਵਰਗ ਵਿਚ ਹਨ; ‘ਹੋਰ ਭੇਡਾਂ’ ਲਈ, ਇਹ ਪਰਾਦੀਸ ਧਰਤੀ ਵਿਚ ਹਨ। ਕਿਉਂਕਿ ਸਿਰਫ਼ ਯਹੋਵਾਹ ਪਰਮੇਸ਼ੁਰ ਅਤੇ ਉਸ ਦਾ ਪੁੱਤਰ ਹੀ ਵਿਅਕਤੀਆਂ ਨੂੰ ਇਨ੍ਹਾਂ ਡੇਰਿਆਂ ਵਿਚ ਲੈ ਜਾ ਸਕਦੇ ਹਨ, ਸਾਨੂੰ ਰਾਜ ਹਿੱਤਾਂ ਦੇ ਸਮਰਥਨ ਲਈ ਆਪਣੇ ਕੋਲ ਕਿਸੇ ਵੀ “ਕੁਧਰਮ ਦੀ ਮਾਯਾ” ਨੂੰ ਇਸਤੇਮਾਲ ਕਰਦੇ ਹੋਏ ਉਨ੍ਹਾਂ ਨਾਲ ਮਿੱਤਰਤਾ ਵਿਕਸਿਤ ਕਰਨੀ ਚਾਹੀਦੀ ਹੈ। ਫਿਰ, ਜਦੋਂ ਭੌਤਿਕ ਮਾਯਾ ਖ਼ਤਮ ਜਾਂ ਨਾਸ਼ ਹੋ ਜਾਵੇਗੀ, ਜਿਵੇਂ ਕਿ ਉਹ ਯਕੀਨਨ ਹੀ ਹੋਵੇਗੀ, ਤਦ ਸਾਡਾ ਸਦੀਪਕ ਭਵਿੱਖ ਨਿਸ਼ਚਿਤ ਹੋਵੇਗਾ।
ਯਿਸੂ ਅੱਗੇ ਜਾ ਕੇ ਕਹਿੰਦਾ ਹੈ ਕਿ ਜਿਹੜੇ ਵਿਅਕਤੀ ਇਨ੍ਹਾਂ ਭੌਤਿਕ ਚੀਜ਼ਾਂ ਦੀ, ਜਾਂ ਥੋੜ੍ਹੇ ਤੋਂ ਥੋੜ੍ਹੇ ਦੀ ਦੇਖਭਾਲ ਕਰਨ ਵਿਚ ਵਫ਼ਾਦਾਰ ਹਨ, ਉਹ ਵੱਡੀ ਮਹੱਤਤਾ ਦੇ ਮਾਮਲਿਆਂ ਦੀ ਵੀ ਦੇਖਭਾਲ ਕਰਨ ਵਿਚ ਵਫ਼ਾਦਾਰ ਹੋਣਗੇ। ਉਹ ਅੱਗੇ ਕਹਿੰਦਾ ਹੈ: “ਸੋ ਜੇ ਤੁਸੀਂ ਕੁਧਰਮ ਦੀ ਮਾਯਾ ਵਿੱਚ ਦਿਆਨਤਦਾਰ ਨਾ ਹੋਏ ਤਾਂ ਸੱਚਾ ਧਨ [ਯਾਨੀ ਕਿ ਅਧਿਆਤਮਿਕ, ਜਾਂ ਰਾਜ, ਹਿੱਤ] ਕੌਣ ਤੁਹਾਨੂੰ ਸੌਂਪੇਗਾ? ਅਰ ਜੇ ਤੁਸੀਂ ਪਰਾਏ ਮਾਲ [ਉਹ ਰਾਜ ਹਿੱਤ ਜਿਨ੍ਹਾਂ ਨੂੰ ਪਰਮੇਸ਼ੁਰ ਆਪਣੇ ਸੇਵਕਾਂ ਦੇ ਹਵਾਲੇ ਕਰਦਾ ਹੈ] ਵਿੱਚ ਦਿਆਨਤਦਾਰ ਨਾ ਹੋਏ ਤਾਂ ਤੁਹਾਡਾ ਆਪਣਾ ਹੀ [ਸਦੀਵਕਾਲ ਦੇ ਡੇਰਿਆਂ ਵਿਚ ਜੀਵਨ ਦਾ ਇਨਾਮ] ਕੌਣ ਤੁਹਾਨੂੰ ਦੇਵੇਗਾ?”
ਅਸੀਂ ਪਰਮੇਸ਼ੁਰ ਦੇ ਸੱਚੇ ਸੇਵਕ ਹੋਣ ਦੇ ਨਾਲ-ਨਾਲ ਕੁਧਰਮ ਦੀ ਮਾਯਾ, ਅਰਥਾਤ ਭੌਤਿਕ ਮਾਯਾ ਦੇ ਨੌਕਰ ਨਹੀਂ ਹੋ ਸਕਦੇ ਹਾਂ, ਜਿਵੇਂ ਕਿ ਯਿਸੂ ਸਮਾਪਤ ਕਰਦਾ ਹੈ: “ਕੋਈ ਟਹਿਲੂਆ ਦੋ ਮਾਲਕਾਂ ਦੀ ਟਹਿਲ ਨਹੀਂ ਕਰ ਸੱਕਦਾ ਕਿਉਂ ਜੋ ਉਹ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ, ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।” ਲੂਕਾ 15:1, 2; 16:1-13; ਯੂਹੰਨਾ 10:16.
▪ ਯਿਸੂ ਦੇ ਦ੍ਰਿਸ਼ਟਾਂਤ ਵਿਚ ਮੁਖ਼ਤਿਆਰ ਕਿਸ ਤਰ੍ਹਾਂ ਉਨ੍ਹਾਂ ਨਾਲ ਮਿੱਤਰਤਾ ਬਣਾਉਂਦਾ ਹੈ ਜਿਹੜੇ ਬਾਅਦ ਵਿਚ ਉਸ ਦੀ ਮਦਦ ਕਰ ਸਕਦੇ ਹਨ?
▪ “ਕੁਧਰਮ ਦੀ ਮਾਯਾ” ਕੀ ਹੈ, ਅਤੇ ਅਸੀਂ ਇਸ ਦੇ ਦੁਆਰਾ ਕਿਸ ਤਰ੍ਹਾਂ ਮਿੱਤਰ ਬਣਾ ਸਕਦੇ ਹਾਂ?
▪ ਕੌਣ ਸਾਨੂੰ “ਸਦੀਵਕਾਲ ਦੇ ਡੇਰਿਆਂ” ਵਿਚ ਲੈ ਜਾ ਸਕਦੇ ਹਨ, ਅਤੇ ਇਹ ਡੇਰੇ ਕੀ ਹਨ?