ਸਵਰਗ ਤੋਂ ਸੁਨੇਹੇ
ਅਧਿਆਇ 1
ਸਵਰਗ ਤੋਂ ਸੁਨੇਹੇ
ਅਸਲ ਵਿਚ, ਸਾਰੀ ਬਾਈਬਲ, ਸਾਡੇ ਸਵਰਗੀ ਪਿਤਾ ਵੱਲੋਂ ਸਾਡੀ ਹਿਦਾਇਤ ਲਈ ਮੁਹੱਈਆ ਕੀਤਾ ਹੋਇਆ, ਸਵਰਗ ਤੋਂ ਇਕ ਸੁਨੇਹਾ ਹੈ। ਫਿਰ ਵੀ, ਲਗਭਗ 2,000 ਵਰ੍ਹੇ ਪਹਿਲਾਂ ਇਕ ਸਵਰਗ-ਦੂਤ ਰਾਹੀਂ ਜੋ “ਪਰਮੇਸ਼ੁਰ ਦੇ ਸਨਮੁਖ ਹਾਜ਼ਰ ਰਹਿੰਦਾ” ਹੈ, ਦੋ ਖ਼ਾਸ ਸੁਨੇਹੇ ਪੇਸ਼ ਕੀਤੇ ਗਏ ਸਨ। ਉਸ ਦਾ ਨਾਂ ਜਿਬਰਾਏਲ ਹੈ। ਆਓ ਅਸੀਂ ਧਰਤੀ ਤੇ ਕੀਤੇ ਗਏ ਇਨ੍ਹਾਂ ਦੋ ਮਹੱਤਵਪੂਰਣ ਦਰਸ਼ਨਾਂ ਦੀਆਂ ਹਾਲਤਾਂ ਦੀ ਜਾਂਚ ਕਰੀਏ।
ਵਰ੍ਹਾ 3 ਸਾ.ਯੁ.ਪੂ. ਹੈ। ਯਹੋਵਾਹ ਦਾ ਜ਼ਕਰਯਾਹ ਨਾਮਕ ਇਕ ਜਾਜਕ ਯਹੂਦਿਯਾ ਦੀਆਂ ਪਹਾੜੀਆਂ ਵਿਚ ਰਹਿੰਦਾ ਹੈ, ਸ਼ਾਇਦ ਯਰੂਸ਼ਲਮ ਤੋਂ ਕੁਝ ਜ਼ਿਆਦਾ ਦੂਰ ਨਹੀਂ। ਉਹ ਅਤੇ ਉਸ ਦੀ ਪਤਨੀ ਇਲੀਸਬਤ ਬੁੱਢੇ ਹੋ ਗਏ ਹਨ। ਅਤੇ ਉਨ੍ਹਾਂ ਦਾ ਕੋਈ ਬੱਚਾ ਨਹੀਂ ਹੈ। ਜ਼ਕਰਯਾਹ ਯਰੂਸ਼ਲਮ ਵਿਚ ਪਰਮੇਸ਼ੁਰ ਦੀ ਹੈਕਲ ਵਿਖੇ ਵਾਰੀ ਸਿਰ ਆਪਣੀ ਜਾਜਕਾਈ ਸੇਵਾ ਕਰ ਰਿਹਾ ਹੈ। ਅਚਾਨਕ ਜਿਬਰਾਏਲ ਧੂਪ ਦੀ ਵੇਦੀ ਦੇ ਸੱਜੇ ਪਾਸੇ ਪ੍ਰਗਟ ਹੁੰਦਾ ਹੈ।
ਜ਼ਕਰਯਾਹ ਬਹੁਤ ਹੀ ਡਰ ਜਾਂਦਾ ਹੈ। ਪਰੰਤੂ ਜਿਬਰਾਏਲ ਇਹ ਕਹਿੰਦੇ ਹੋਏ ਉਸ ਦੇ ਡਰ ਨੂੰ ਸ਼ਾਂਤ ਕਰਦਾ ਹੈ, “ਹੇ ਜ਼ਕਰਯਾਹ ਨਾ ਡਰ ਕਿਉਂ ਜੋ ਤੇਰੀ ਬੇਨਤੀ ਸੁਣੀ ਗਈ ਅਰ ਤੇਰੀ ਪਤਨੀ ਇਲੀਸਬਤ ਤੇਰੇ ਲਈ ਇੱਕ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਉਂ ਯੂਹੰਨਾ ਰੱਖਣਾ।” ਜਿਬਰਾਏਲ ਅੱਗੇ ਐਲਾਨ ਕਰਦਾ ਹੈ ਕਿ ਯੂਹੰਨਾ “ਪ੍ਰਭੁ [“ਯਹੋਵਾਹ,” ਨਿ ਵ] ਦੇ ਸਨਮੁਖ ਵੱਡਾ ਹੋਵੇਗਾ” ਅਤੇ ਉਹ “ਪ੍ਰਭੁ ਦੇ ਲਈ ਸੁਧਾਰੀ ਹੋਈ ਕੌਮ ਨੂੰ ਤਿਆਰ” ਕਰੇਗਾ।
ਫਿਰ ਵੀ, ਜ਼ਕਰਯਾਹ ਨੂੰ ਯਕੀਨ ਨਹੀਂ ਆਉਂਦਾ। ਇਹ ਇੰਨਾ ਅਸੰਭਵ ਲੱਗਦਾ ਹੈ ਕਿ ਉਹ ਅਤੇ ਇਲੀਸਬਤ ਇਸ ਉਮਰੇ ਬੱਚਾ ਪੈਦਾ ਕਰ ਸਕਦੇ ਹਨ। ਸੋ ਜਿਬਰਾਏਲ ਉਸ ਨੂੰ ਕਹਿੰਦਾ ਹੈ: “ਜਿਸ ਦਿਨ ਤੀਕਰ ਇਹ ਗੱਲਾਂ ਪੂਰੀਆਂ ਨਾ ਹੋਣ ਤੂੰ ਚੁੱਪ ਰਹੇਂਗਾ ਅਤੇ ਬੋਲ ਨਾ ਸੱਕੇਂਗਾ ਇਸ ਲਈ ਜੋ ਤੈਂ ਮੇਰੀਆਂ ਗੱਲਾਂ ਨੂੰ ਸਤ ਨਾ ਮੰਨਿਆ।”
ਖ਼ੈਰ, ਇਸ ਸਮੇਂ ਦੇ ਦੌਰਾਨ, ਲੋਕੀ ਬਾਹਰ ਹੈਰਾਨ ਹੁੰਦੇ ਹਨ ਕਿ ਜ਼ਕਰਯਾਹ ਹੈਕਲ ਵਿਚ ਇੰਨੀ ਦੇਰ ਕਿਉਂ ਕਰ ਰਿਹਾ ਹੈ। ਆਖ਼ਰ ਜਦੋਂ ਉਹ ਬਾਹਰ ਆਉਂਦਾ ਹੈ, ਤਾਂ ਉਹ ਕੁਝ ਬੋਲ ਨਹੀਂ ਸਕਦਾ ਹੈ ਪਰੰਤੂ ਕੇਵਲ ਹੱਥਾਂ ਨਾਲ ਸੈਨਤਾਂ ਕਰ ਸਕਦਾ ਹੈ, ਅਤੇ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੇ ਕੋਈ ਅਲੌਕਿਕ ਦਰਸ਼ਨ ਡਿੱਠਾ ਹੈ।
ਹੈਕਲ ਵਿਚ ਆਪਣੀ ਸੇਵਕਾਈ ਦਾ ਸਮਾਂ ਖ਼ਤਮ ਕਰ ਕੇ ਜ਼ਕਰਯਾਹ ਘਰ ਨੂੰ ਮੁੜਦਾ ਹੈ। ਅਤੇ ਇਸ ਤੋਂ ਜਲਦੀ ਹੀ ਬਾਅਦ ਇਹ ਸੱਚ-ਮੁੱਚ ਵਾਪਰਦਾ ਹੈ—ਇਲੀਸਬਤ ਗਰਭਵਤੀ ਹੋ ਜਾਂਦੀ ਹੈ! ਜਦੋਂ ਕਿ ਉਹ ਆਪਣੇ ਬੱਚੇ ਦੇ ਹੋਣ ਦੀ ਉਡੀਕ ਕਰਦੀ ਹੈ, ਇਲੀਸਬਤ ਪੰਜ ਮਹੀਨੇ ਲੋਕਾਂ ਤੋਂ ਦੂਰ ਆਪਣੇ ਘਰ ਰਹਿੰਦੀ ਹੈ।
ਬਾਅਦ ਵਿਚ ਜਿਬਰਾਏਲ ਫਿਰ ਪ੍ਰਗਟ ਹੁੰਦਾ ਹੈ। ਅਤੇ ਉਹ ਕਿਸ ਨਾਲ ਗੱਲ ਕਰਦਾ ਹੈ? ਨਾਸਰਤ ਨਗਰ ਦੀ ਮਰਿਯਮ ਨਾਮਕ ਇਕ ਜਵਾਨ ਕੁਆਰੀ ਔਰਤ ਨਾਲ। ਇਸ ਸਮੇਂ ਉਹ ਕੀ ਸੁਨੇਹਾ ਦਿੰਦਾ ਹੈ? ਸੁਣੋ! “ਤੇਰੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ,” ਜਿਬਰਾਏਲ ਮਰਿਯਮ ਨੂੰ ਕਹਿੰਦਾ ਹੈ। “ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ।” ਜਿਬਰਾਏਲ ਅੱਗੇ ਕਹਿੰਦਾ ਹੈ: “ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ . . . ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।”
ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਜਿਬਰਾਏਲ ਇਨ੍ਹਾਂ ਸੁਨੇਹਿਆਂ ਨੂੰ ਪੇਸ਼ ਕਰਨਾ ਇਕ ਵਿਸ਼ੇਸ਼-ਸਨਮਾਨ ਮਹਿਸੂਸ ਕਰਦਾ ਹੈ। ਅਤੇ ਜਿਵੇਂ ਅਸੀਂ ਯੂਹੰਨਾ ਅਤੇ ਯਿਸੂ ਬਾਰੇ ਹੋਰ ਪੜ੍ਹਦੇ ਹਾਂ, ਅਸੀਂ ਹੋਰ ਸਪੱਸ਼ਟ ਢੰਗ ਨਾਲ ਦੇਖਾਂਗੇ ਕਿ ਸਵਰਗ ਤੋਂ ਇਹ ਸੁਨੇਹੇ ਕਿਉਂ ਇੰਨੇ ਮਹੱਤਵਪੂਰਣ ਹਨ। 2 ਤਿਮੋਥਿਉਸ 3:16; ਲੂਕਾ 1:5-33.
▪ ਸਵਰਗ ਤੋਂ ਕਿਹੜੇ ਦੋ ਮਹੱਤਵਪੂਰਣ ਸੁਨੇਹੇ ਪੇਸ਼ ਕੀਤੇ ਜਾਂਦੇ ਹਨ?
▪ ਸੁਨੇਹੇ ਕੌਣ ਪੇਸ਼ ਕਰਦਾ ਹੈ, ਅਤੇ ਇਹ ਕਿਨ੍ਹਾਂ ਨੂੰ ਪੇਸ਼ ਕੀਤੇ ਜਾਂਦੇ ਹਨ?
▪ ਇਨ੍ਹਾਂ ਸੁਨੇਹਿਆਂ ਉੱਤੇ ਵਿਸ਼ਵਾਸ ਕਰਨਾ ਕਿਉਂ ਐਨਾ ਮੁਸ਼ਕਲ ਹੈ?