ਸੂਲੀ ਉੱਤੇ ਕਸ਼ਟ
ਅਧਿਆਇ 125
ਸੂਲੀ ਉੱਤੇ ਕਸ਼ਟ
ਯਿਸੂ ਦੇ ਨਾਲ ਦੋ ਡਾਕੂ ਵੀ ਮਾਰੇ ਜਾਣ ਲਈ ਲਿਜਾਏ ਜਾ ਰਹੇ ਹਨ। ਸ਼ਹਿਰ ਤੋਂ ਥੋੜ੍ਹੀ ਦੂਰ, ਗਲਗਥਾ ਨਾਮਕ ਇਕ ਥਾਂ, ਜਾਂ ਖੋਪਰੀ ਦੀ ਥਾਂ ਵਿਖੇ ਜਲੂਸ ਆ ਕੇ ਰੁਕ ਜਾਂਦਾ ਹੈ।
ਕੈਦੀਆਂ ਦੇ ਕੱਪੜੇ ਉਤਾਰੇ ਜਾਂਦੇ ਹਨ। ਫਿਰ ਗੰਧਰਸ ਮਿਲਾਇਆ ਹੋਇਆ ਦਾਖ ਰਸ ਦਿੱਤਾ ਜਾਂਦਾ ਹੈ। ਸਪੱਸ਼ਟ ਹੈ ਕਿ ਇਹ ਯਰੂਸ਼ਲਮ ਦੀਆਂ ਔਰਤਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ, ਅਤੇ ਰੋਮੀ ਲੋਕ ਸੂਲੀ ਉੱਤੇ ਚੜ੍ਹਾਏ ਜਾਣ ਵਾਲਿਆਂ ਨੂੰ ਇਹ ਦਰਦ-ਨਿਵਾਰਕ ਦਵਾਈ ਦੇਣ ਤੋਂ ਇਨਕਾਰ ਨਹੀਂ ਕਰਦੇ ਹਨ। ਪਰੰਤੂ, ਜਦੋਂ ਯਿਸੂ ਇਹ ਚੱਖਦਾ ਹੈ, ਤਾਂ ਉਹ ਪੀਣ ਤੋਂ ਇਨਕਾਰ ਕਰ ਦਿੰਦਾ ਹੈ। ਕਿਉਂ? ਸਪੱਸ਼ਟ ਤੌਰ ਤੇ ਉਹ ਆਪਣੀ ਨਿਹਚਾ ਦੀ ਇਸ ਪਰਮ ਪਰੀਖਿਆ ਦੇ ਦੌਰਾਨ ਆਪਣੀਆਂ ਸਾਰੀਆਂ ਵਿਚਾਰ-ਸ਼ਕਤੀਆਂ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਰੱਖਣਾ ਚਾਹੁੰਦਾ ਹੈ।
ਹੁਣ ਯਿਸੂ ਦੇ ਹੱਥ ਉਸ ਦੇ ਸਿਰ ਦੇ ਉੱਪਰ ਕਰ ਕੇ ਉਸ ਨੂੰ ਸੂਲੀ ਉੱਤੇ ਲਿਟਾਇਆ ਜਾਂਦਾ ਹੈ। ਫਿਰ ਸਿਪਾਹੀ ਉਸ ਦੇ ਹੱਥਾਂ ਅਤੇ ਉਸ ਦੇ ਪੈਰਾਂ ਵਿਚ ਵੱਡੇ-ਵੱਡੇ ਕਿੱਲ ਠੋਕਦੇ ਹਨ। ਜਿਉਂ-ਜਿਉਂ ਕਿੱਲ ਮਾਸ ਅਤੇ ਯੋਜਕ ਤੰਤੂਆਂ ਵਿਚ ਖੁਭਦੇ ਹਨ, ਉਹ ਦਰਦ ਨਾਲ ਤੜਫ ਉਠਦਾ ਹੈ। ਜਦੋਂ ਸੂਲੀ ਖੜ੍ਹੀ ਕੀਤੀ ਜਾਂਦੀ ਹੈ ਤਾਂ ਦਰਦ ਅਤਿਅੰਤ ਦੁਖਦਾਈ ਹੁੰਦਾ ਹੈ, ਕਿਉਂਕਿ ਸਰੀਰ ਦਾ ਭਾਰ ਕਿੱਲਾਂ ਦੇ ਜਖ਼ਮਾਂ ਨੂੰ ਚੀਰਦਾ ਹੈ। ਫਿਰ ਵੀ, ਧਮਕਾਉਣ ਦੀ ਬਜਾਇ, ਯਿਸੂ ਰੋਮੀ ਸਿਪਾਹੀਆਂ ਲਈ ਪ੍ਰਾਰਥਨਾ ਕਰਦਾ ਹੈ: “ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ।”
ਪਿਲਾਤੁਸ ਨੇ ਉਸ ਦੀ ਸੂਲੀ ਉੱਤੇ ਇਕ ਪੱਟੀ ਲਗਾਈ ਹੈ ਜਿਹੜੀ ਇਸ ਤਰ੍ਹਾਂ ਪੜ੍ਹੀ ਜਾਂਦੀ ਹੈ: “ਯਿਸੂ ਨਾਸਰੀ ਯਹੂਦੀਆਂ ਦਾ ਪਾਤਸ਼ਾਹ।” ਸਪੱਸ਼ਟ ਤੌਰ ਤੇ, ਉਹ ਇਸ ਨੂੰ ਸਿਰਫ਼ ਇਸ ਲਈ ਹੀ ਨਹੀਂ ਲਿਖਦਾ ਕਿਉਂਕਿ ਉਹ ਯਿਸੂ ਦਾ ਆਦਰ ਕਰਦਾ ਹੈ ਪਰੰਤੂ ਇਸ ਕਰਕੇ ਵੀ ਕਿ ਉਹ ਯਹੂਦੀ ਜਾਜਕਾਂ ਨਾਲ ਘਿਰਣਾ ਕਰਦਾ ਹੈ ਕਿਉਂਕਿ ਉਨ੍ਹਾਂ ਨੇ ਉਸ ਦੇ ਦੁਆਰਾ ਯਿਸੂ ਦੀ ਮੌਤ ਦੀ ਸਜ਼ਾ ਦਿਵਾਈ ਹੈ। ਇਸ ਲਈ ਕਿ ਸਾਰੇ ਉਸ ਪੱਟੀ ਨੂੰ ਪੜ੍ਹ ਸਕਣ, ਪਿਲਾਤੁਸ ਇਸ ਨੂੰ ਤਿੰਨ ਭਾਸ਼ਾਵਾਂ ਵਿਚ— ਇਬਰਾਨੀ ਵਿਚ, ਸਰਕਾਰੀ ਲਾਤੀਨੀ ਵਿਚ, ਅਤੇ ਆਮ ਯੂਨਾਨੀ ਵਿਚ—ਲਿਖਵਾਉਂਦਾ ਹੈ।
ਮੁੱਖ ਜਾਜਕ, ਜਿਸ ਵਿਚ ਕਯਾਫ਼ਾ ਅਤੇ ਅੰਨਾਸ ਸ਼ਾਮਲ ਹਨ, ਵਿਆਕੁਲ ਹਨ। ਇਹ ਨਿਸ਼ਚਾਤਮਕ ਘੋਸ਼ਣਾ ਉਨ੍ਹਾਂ ਦੀ ਜਿੱਤ ਦੀ ਘੜੀ ਨੂੰ ਖਰਾਬ ਕਰ ਦਿੰਦੀ ਹੈ। ਇਸ ਕਰਕੇ ਉਹ ਵਿਰੋਧ ਕਰਦੇ ਹਨ: “‘ਯਹੂਦੀਆਂ ਦਾ ਪਾਤਸ਼ਾਹ’ ਨਾ ਲਿਖੋ ਪਰ ਇਹ ਕਿ ‘ਉਹ ਨੇ ਕਿਹਾ ਮੈਂ ਯਹੂਦੀਆਂ ਦਾ ਪਾਤਸ਼ਾਹ ਹਾਂ।’” ਜਾਜਕਾਂ ਦਾ ਮੁਹਰਾ ਬਣਨ ਤੋਂ ਖਿੱਝ ਕੇ, ਪਿਲਾਤੁਸ ਪੱਕੀ ਘਿਰਣਾ ਨਾਲ ਜਵਾਬ ਦਿੰਦਾ ਹੈ: “ਮੈਂ ਜੋ ਲਿਖਿਆ ਸੋ ਲਿਖਿਆ।”
ਹੁਣ ਜਾਜਕ ਇਕ ਵੱਡੀ ਭੀੜ ਦੇ ਨਾਲ ਮੌਤ ਦੀ ਸਜ਼ਾ ਦੇਣ ਦੀ ਥਾਂ ਤੇ ਇਕੱਠੇ ਹੁੰਦੇ ਹਨ, ਅਤੇ ਜਾਜਕ ਪੱਟੀ ਦੀ ਘੋਸ਼ਣਾ ਦਾ ਖੰਡਨ ਕਰਦੇ ਹਨ। ਉਹ ਪਹਿਲਾਂ ਮਹਾਸਭਾ ਦੇ ਮੁਕੱਦਮੇ ਵਿਚ ਦਿੱਤੀ ਗਈ ਉਸ ਝੂਠੀ ਘੋਸ਼ਣਾ ਨੂੰ ਦੁਹਰਾਉਂਦੇ ਹਨ। ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਰਾਹ ਜਾਂਦੇ ਰਾਹੀ ਵੀ ਅਪਮਾਨਜਨਕ ਢੰਗ ਨਾਲ ਬੋਲਦੇ ਹਨ, ਅਤੇ ਮਖ਼ੌਲ ਵਿਚ ਆਪਣੇ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ: “ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੈਂ ਆਪਣੇ ਆਪ ਨੂੰ ਬਚਾ ਲੈ! ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਸਲੀਬ [“ਤਸੀਹੇ ਦੀ ਸੂਲੀ,” ਨਿ ਵ] ਉੱਤੋਂ ਉੱਤਰ ਆ!”
“ਉਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸੱਕਦਾ!” ਮੁੱਖ ਜਾਜਕ ਅਤੇ ਉਨ੍ਹਾਂ ਦੇ ਧਾਰਮਿਕ ਮਿੱਤਰ ਇਕੱਠੇ ਬੋਲ ਉਠਦੇ ਹਨ। “ਏਹ ਤਾਂ ਇਸਰਾਏਲ ਦਾ ਪਾਤਸ਼ਾਹ ਹੈ! ਹੁਣ ਸਲੀਬੋਂ [“ਤਸੀਹੇ ਦੀ ਸੂਲੀ ਤੋਂ,” ਨਿ ਵ] ਉੱਤਰ ਆਵੇ ਤਾਂ ਅਸੀਂ ਉਹ ਦੇ ਉੱਤੇ ਨਿਹਚਾ ਕਰਾਂਗੇ। ਉਹ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਸੀ। ਜੇ ਉਹ ਉਸ ਨੂੰ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਛੁਡਾਵੇ ਕਿਉਂ ਜੋ ਉਹ ਨੇ ਆਖਿਆ ਸੀ, ਮੈਂ ਪਰਮੇਸ਼ੁਰ ਦਾ ਪੁੱਤ੍ਰ ਹਾਂ।”
ਜੋਸ਼ ਵਿਚ ਆਉਂਦੇ ਹੋਏ, ਸਿਪਾਹੀ ਵੀ ਯਿਸੂ ਦਾ ਮਜ਼ਾਕ ਉਡਾਉਂਦੇ ਹਨ। ਉਹ ਉਸ ਨੂੰ ਖੱਟਾ ਦਾਖ ਰਸ ਪੇਸ਼ ਕਰਦੇ ਹਨ ਅਤੇ ਇਸ ਨੂੰ ਉਸ ਦੇ ਸੁੱਕੇ ਬੁਲ੍ਹਾਂ ਤੋਂ ਥੋੜ੍ਹੀ ਹੀ ਦੂਰ ਰੱਖਦੇ ਹੋਏ ਉਸ ਦਾ ਮਖ਼ੌਲ ਉਡਾਉਂਦੇ ਹਨ। “ਜੇ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ ਤਾਂ ਆਪਣੇ ਆਪ ਨੂੰ ਬਚਾ ਲੈ!” ਉਹ ਤਾਅਨੇ ਮਾਰਦੇ ਹਨ। ਡਾਕੂ ਵੀ ਉਸ ਦਾ ਠੱਠਾ ਕਰਦੇ ਹਨ ਜਿਹੜੇ ਕਿ ਇਕ ਯਿਸੂ ਦੇ ਸੱਜੇ ਪਾਸੇ, ਅਤੇ ਦੂਜਾ ਉਸ ਦੇ ਖੱਬੇ ਪਾਸੇ ਸੂਲੀ ਚਾੜ੍ਹੇ ਗਏ ਹਨ। ਜ਼ਰਾ ਸੋਚੋ! ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ, ਜੀ ਹਾਂ, ਉਹ ਜਿਸ ਨੇ ਯਹੋਵਾਹ ਪਰਮੇਸ਼ੁਰ ਨਾਲ ਸਾਰੀਆਂ ਚੀਜ਼ਾਂ ਰਚਣ ਵਿਚ ਹਿੱਸਾ ਲਿਆ, ਦ੍ਰਿੜ੍ਹਤਾ ਨਾਲ ਇਨ੍ਹਾਂ ਸਾਰਿਆਂ ਅਪਮਾਨਾਂ ਨੂੰ ਸਹਿਣ ਕਰਦਾ ਹੈ!
ਸਿਪਾਹੀ ਯਿਸੂ ਦੇ ਬਾਹਰੀ ਬਸਤਰ ਲੈ ਕੇ ਇਨ੍ਹਾਂ ਨੂੰ ਚਾਰ ਹਿੱਸਿਆਂ ਵਿਚ ਵੰਡਦੇ ਹਨ। ਉਹ ਇਹ ਦੇਖਣ ਲਈ ਗੁਣੇ ਪਾਉਂਦੇ ਹਨ ਕਿ ਇਹ ਕਿਸ ਦੇ ਹਿੱਸੇ ਆਉਣਗੇ। ਪਰੰਤੂ, ਅੰਦਰਲਾ ਬਸਤਰ ਵਧੀਆ ਕਿਸਮ ਦਾ ਹੋਣ ਦੇ ਕਾਰਨ ਬਿਨਾਂ ਕਿਸੇ ਜੋੜ ਦਾ ਬਣਿਆ ਹੋਇਆ ਹੈ। ਇਸ ਲਈ ਸਿਪਾਹੀ ਇਕ ਦੂਜੇ ਨੂੰ ਕਹਿੰਦੇ ਹਨ: “ਅਸੀਂ ਇਹ ਨੂੰ ਨਾ ਪਾੜੀਏ ਪਰ ਇਹ ਦੇ ਉੱਤੇ ਗੁਣੇ ਪਾਈਏ ਜੋ ਇਹ ਕਿਹ ਨੂੰ ਲੱਭੇ।” ਇਸ ਤਰ੍ਹਾਂ, ਉਹ ਅਣਜਾਣਪੁਣੇ ਵਿਚ ਉਹ ਸ਼ਾਸਤਰ ਬਚਨ ਪੂਰਾ ਕਰਦੇ ਹਨ ਜੋ ਕਹਿੰਦਾ ਹੈ: “ਉਨ੍ਹਾਂ ਮੇਰੇ ਕੱਪੜੇ ਆਪਸ ਵਿੱਚੀਂ ਵੰਡ ਲਏ, ਅਤੇ ਮੇਰੇ ਲਿਬਾਸ ਉੱਤੇ ਗੁਣੇ ਪਾਏ।”
ਇੰਨੇ ਨੂੰ, ਡਾਕੂਆਂ ਵਿੱਚੋਂ ਇਕ ਕਦਰ ਕਰਨ ਲੱਗਦਾ ਹੈ ਕਿ ਯਿਸੂ ਸੱਚ-ਮੁੱਚ ਇਕ ਰਾਜਾ ਹੋਵੇਗਾ। ਇਸ ਕਰਕੇ, ਆਪਣੇ ਸਾਥੀ ਨੂੰ ਝਿੜਕਦੇ ਹੋਏ ਉਹ ਕਹਿੰਦਾ ਹੈ: “ਕੀ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ੁਰ ਕੋਲੋਂ ਨਹੀਂ ਡਰਦਾ? ਅਸੀਂ ਤਾਂ ਨਿਆਉਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ ਪਰ ਉਹ ਨੇ ਕੋਈ ਔਗੁਣ ਨਹੀਂ ਕੀਤਾ।” ਫਿਰ ਉਹ ਇਸ ਬੇਨਤੀ ਨਾਲ ਯਿਸੂ ਨੂੰ ਸੰਬੋਧਿਤ ਕਰਦਾ ਹੈ: “ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ।”
“ਸੱਚ-ਮੁੱਚ ਮੈਂ ਅੱਜ ਤੈਨੂੰ ਆਖਦਾ ਹੈ,” ਯਿਸੂ ਜਵਾਬ ਦਿੰਦਾ ਹੈ, “ਤੂੰ ਮੇਰੇ ਨਾਲ ਪਰਾਦੀਸ ਵਿਚ ਹੋਵੇਂਗਾ।” (ਨਿ ਵ) ਇਹ ਵਾਅਦਾ ਉਦੋਂ ਪੂਰਾ ਹੋਵੇਗਾ ਜਦੋਂ ਯਿਸੂ ਸਵਰਗ ਵਿਚ ਰਾਜੇ ਦੇ ਤੌਰ ਤੇ ਸ਼ਾਸਨ ਕਰੇਗਾ ਅਤੇ ਇਸ ਪਸ਼ਚਾਤਾਪੀ ਅਪਰਾਧੀ ਨੂੰ ਜੀਵਨ ਲਈ ਧਰਤੀ ਉੱਤੇ ਪਰਾਦੀਸ ਵਿਚ ਪੁਨਰ-ਉਥਿਤ ਕਰੇਗਾ, ਜਿਸ ਨੂੰ ਬਣਾਉਣ ਦਾ ਵਿਸ਼ੇਸ਼-ਸਨਮਾਨ ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮਿਲੇਗਾ। ਮੱਤੀ 27:33-44; ਮਰਕੁਸ 15:22-32; ਲੂਕਾ 23:27, 32-43; ਯੂਹੰਨਾ 19:17-24.
▪ ਯਿਸੂ ਕਿਉਂ ਗੰਧਰਸ ਮਿਲਿਆ ਹੋਇਆ ਦਾਖ ਰਸ ਪੀਣ ਤੋਂ ਇਨਕਾਰ ਕਰ ਦਿੰਦਾ ਹੈ?
▪ ਸਪੱਸ਼ਟ ਤੌਰ ਤੇ ਯਿਸੂ ਦੀ ਸੂਲੀ ਉੱਤੇ ਇਕ ਪੱਟੀ ਕਿਉਂ ਲਗਾਈ ਜਾਂਦੀ ਹੈ, ਅਤੇ ਇਸ ਨਾਲ ਪਿਲਾਤੁਸ ਅਤੇ ਮੁੱਖ ਜਾਜਕਾਂ ਵਿਚ ਕਿਹੜੀ ਗੱਲ-ਬਾਤ ਸ਼ੁਰੂ ਹੁੰਦੀ ਹੈ?
▪ ਯਿਸੂ ਨੂੰ ਸੂਲੀ ਉੱਤੇ ਹੋਰ ਕਿਹੜੇ ਅਪਮਾਨ ਸਹਿਣੇ ਪੈਂਦੇ ਹਨ, ਅਤੇ ਸਪੱਸ਼ਟ ਤੌਰ ਤੇ ਇਸ ਨੂੰ ਕਿਹੜੀ ਚੀਜ਼ ਪ੍ਰੇਰਿਤ ਕਰਦੀ ਹੈ?
▪ ਯਿਸੂ ਦੇ ਬਸਤਰਾਂ ਨਾਲ ਜੋ ਕੁਝ ਕੀਤਾ ਜਾਂਦਾ ਹੈ, ਉਸ ਤੋਂ ਕਿਸ ਤਰ੍ਹਾਂ ਭਵਿੱਖਬਾਣੀ ਪੂਰੀ ਹੁੰਦੀ ਹੈ?
▪ ਇਕ ਡਾਕੂ ਕਿਹੜੀ ਤਬਦੀਲੀ ਕਰਦਾ ਹੈ, ਅਤੇ ਯਿਸੂ ਉਸ ਦੀ ਬੇਨਤੀ ਨੂੰ ਕਿਸ ਤਰ੍ਹਾਂ ਪੂਰਾ ਕਰੇਗਾ?