ਹੈਕਲ ਵਿਚ ਦੁਬਾਰਾ ਜਾਣਾ
ਅਧਿਆਇ 103
ਹੈਕਲ ਵਿਚ ਦੁਬਾਰਾ ਜਾਣਾ
ਯਰੀਹੋ ਤੋਂ ਆਉਣ ਦੇ ਬਾਅਦ, ਯਿਸੂ ਅਤੇ ਉਸ ਦੇ ਚੇਲਿਆਂ ਨੇ ਹੁਣੇ ਹੀ ਬੈਤਅਨੀਆ ਵਿਚ ਆਪਣੀ ਤੀਜੀ ਰਾਤ ਬਿਤਾਈ ਹੈ। ਹੁਣ, ਸੋਮਵਾਰ, ਨੀਸਾਨ 10 ਦੇ ਤੜਕੇ ਦੇ ਚਾਨਣ ਵਿਚ, ਉਹ ਯਰੂਸ਼ਲਮ ਨੂੰ ਜਾਣ ਵਾਲੇ ਰਾਹ ਉੱਤੇ ਤੁਰ ਪੈਂਦੇ ਹਨ। ਯਿਸੂ ਨੂੰ ਭੁੱਖ ਲੱਗੀ ਹੈ। ਇਸ ਲਈ ਜਦੋਂ ਉਹ ਪੱਤਿਆਂ ਨਾਲ ਭਰੇ ਹੋਏ ਇਕ ਹੰਜੀਰ ਦੇ ਦਰਖ਼ਤ ਨੂੰ ਦੇਖਦਾ ਹੈ, ਤਾਂ ਉਹ ਇਹ ਦੇਖਣ ਲਈ ਕੋਲ ਜਾਂਦਾ ਹੈ ਕਿ ਸ਼ਾਇਦ ਇਸ ਉੱਤੇ ਕੁਝ ਹੰਜੀਰ ਹੋਣ।
ਦਰਖ਼ਤ ਦੇ ਪੱਤੇ ਬੇਮੌਸਮੀ ਢੰਗ ਨਾਲ ਸੁਵੇਲੇ ਹਨ, ਕਿਉਂਕਿ ਹੰਜੀਰਾਂ ਦਾ ਮੌਸਮ ਕੇਵਲ ਜੂਨ ਵਿਚ ਹੀ ਹੁੰਦਾ ਹੈ, ਅਤੇ ਇਸ ਸਮੇਂ ਅਜੇ ਸਿਰਫ਼ ਮਾਰਚ ਮਹੀਨੇ ਦਾ ਅਖ਼ੀਰ ਹੈ। ਫਿਰ ਵੀ, ਸਪੱਸ਼ਟ ਹੈ ਕਿ ਯਿਸੂ ਮਹਿਸੂਸ ਕਰਦਾ ਹੈ ਕਿ ਕਿਉਂਕਿ ਪੱਤੇ ਸੁਵੇਲੇ ਨਿਕਲ ਆਏ ਹਨ, ਸ਼ਾਇਦ ਹੰਜੀਰ ਵੀ ਸੁਵੇਲੇ ਲੱਗੇ ਹੋਣ। ਪਰੰਤੂ ਉਹ ਨਿਰਾਸ਼ ਹੁੰਦਾ ਹੈ। ਪੱਤਿਆਂ ਨੇ ਦਰਖ਼ਤ ਨੂੰ ਇਕ ਧੋਖੇ ਭਰੀ ਦਿੱਖ ਦਿੱਤੀ ਹੈ। ਫਿਰ ਯਿਸੂ ਦਰਖ਼ਤ ਨੂੰ ਸਰਾਪ ਦਿੰਦੇ ਹੋਏ ਕਹਿੰਦਾ ਹੈ: “ਕੋਈ ਤੇਰਾ ਫਲ ਫੇਰ ਕਦੇ ਨਾ ਖਾਵੇ।” ਯਿਸੂ ਦੇ ਇੰਜ ਕਰਨ ਦੇ ਨਤੀਜੇ ਅਤੇ ਇਸ ਦੀ ਮਹੱਤਤਾ ਅਗਲੀ ਸਵੇਰ ਨੂੰ ਜਾਣੇ ਜਾਂਦੇ ਹਨ।
ਯਿਸੂ ਅਤੇ ਉਸ ਦੇ ਚੇਲੇ ਚੱਲਦੇ-ਚੱਲਦੇ ਜਲਦੀ ਹੀ ਯਰੂਸ਼ਲਮ ਪਹੁੰਚ ਜਾਂਦੇ ਹਨ। ਉਹ ਹੈਕਲ ਨੂੰ ਜਾਂਦਾ ਹੈ, ਜਿਸ ਦਾ ਮੁਆਇਨਾ ਉਹ ਪਿਛਲੀ ਦੁਪਹਿਰ ਨੂੰ ਕਰ ਚੁੱਕਾ ਸੀ। ਪਰੰਤੂ, ਅੱਜ ਉਹ ਕਦਮ ਚੁੱਕਦਾ ਹੈ, ਜਿਵੇਂ ਕਿ ਉਸ ਨੇ ਤਿੰਨ ਵਰ੍ਹੇ ਪਹਿਲਾਂ ਕੀਤਾ ਸੀ ਜਦੋਂ ਉਹ 30 ਸਾ.ਯੁ. ਵਿਚ ਪਸਾਹ ਲਈ ਆਇਆ ਸੀ। ਯਿਸੂ ਹੈਕਲ ਵਿਚ ਵੇਚਣ ਅਤੇ ਖ਼ਰੀਦਣ ਵਾਲਿਆਂ ਨੂੰ ਬਾਹਰ ਕੱਢਦਾ ਹੈ ਅਤੇ ਸਰਾਫ਼ਾਂ ਦੇ ਤਖ਼ਤਪੋਸ਼ ਅਤੇ ਘੁੱਗੀਆਂ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੰਦਾ ਹੈ। ਉਹ ਕਿਸੇ ਨੂੰ ਭਾਂਡੇ ਲੈ ਕੇ ਹੈਕਲ ਵਿੱਚੋਂ ਦੀ ਲੰਘਣ ਦੀ ਵੀ ਇਜਾਜ਼ਤ ਨਹੀਂ ਦਿੰਦਾ ਹੈ।
ਉਨ੍ਹਾਂ ਦੀ ਨਿੰਦਿਆ ਕਰਦੇ ਹੋਏ ਜਿਹੜੇ ਹੈਕਲ ਵਿਚ ਪੈਸੇ ਵਟਾਉਂਦੇ ਅਤੇ ਪਸ਼ੂਆਂ ਨੂੰ ਵੇਚਦੇ ਹਨ, ਉਹ ਕਹਿੰਦਾ ਹੈ: “ਕੀ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ? ਪਰ ਤੁਸਾਂ ਉਹ ਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ ਹੈ!” ਉਹ ਡਾਕੂ ਹਨ ਕਿਉਂਕਿ ਉਹ ਉਨ੍ਹਾਂ ਲੋਕਾਂ ਕੋਲੋਂ ਬਹੁਤ ਜ਼ਿਆਦਾ ਕੀਮਤ ਮੰਗਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਤੋਂ ਬਲੀਦਾਨ ਲਈ ਲੋੜੀਂਦਾ ਪਸ਼ੂ ਖ਼ਰੀਦਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਇਸ ਲਈ ਅਜਿਹੇ ਵਪਾਰ ਨੂੰ ਯਿਸੂ ਇਕ ਤਰ੍ਹਾਂ ਦੀ ਲੁੱਟ ਜਾਂ ਡਾਕਾ ਸਮਝਦਾ ਹੈ।
ਜਦੋਂ ਮੁੱਖ ਜਾਜਕਾਂ, ਗ੍ਰੰਥੀਆਂ ਅਤੇ ਲੋਕਾਂ ਦੇ ਮੁੱਖ ਵਿਅਕਤੀਆਂ ਨੇ ਸੁਣਿਆਂ ਕਿ ਯਿਸੂ ਨੇ ਕੀ ਕੀਤਾ ਹੈ ਤਾਂ ਉਹ ਫਿਰ ਤੋਂ ਉਸ ਨੂੰ ਮਰਵਾਉਣ ਦਾ ਇਕ ਤਰੀਕਾ ਭਾਲਦੇ ਹਨ। ਇਸ ਤਰ੍ਹਾਂ ਉਹ ਸਾਬਤ ਕਰਦੇ ਹਨ ਕਿ ਉਹ ਨਾ-ਸੁਧਾਰਨਯੋਗ ਹਨ। ਫਿਰ ਵੀ, ਉਹ ਨਹੀਂ ਜਾਣਦੇ ਕਿ ਯਿਸੂ ਨੂੰ ਕਿਸ ਤਰ੍ਹਾਂ ਮਾਰਿਆ ਜਾਵੇ, ਕਿਉਂਕਿ ਸਾਰੇ ਲੋਕ ਉਸ ਨੂੰ ਸੁਣਨ ਲਈ ਉਸ ਦੁਆਲੇ ਘੇਰਾ ਪਾਈ ਰੱਖਦੇ ਹਨ।
ਪ੍ਰਾਕਿਰਤਿਕ ਯਹੂਦੀਆਂ ਤੋਂ ਇਲਾਵਾ, ਗ਼ੈਰ-ਯਹੂਦੀ ਵੀ ਪਸਾਹ ਲਈ ਆਏ ਹੋਏ ਹਨ। ਇਹ ਨਵ-ਯਹੂਦੀ ਹਨ, ਮਤਲਬ ਕਿ ਉਨ੍ਹਾਂ ਨੇ ਯਹੂਦੀ ਧਰਮ ਵਿਚ ਧਰਮ-ਪਰਿਵਰਤਨ ਕੀਤਾ ਹੈ। ਕੁਝ ਯੂਨਾਨੀ, ਸਪੱਸ਼ਟ ਹੈ ਕਿ ਨਵ-ਯਹੂਦੀ, ਹੁਣ ਫ਼ਿਲਿੱਪੁਸ ਕੋਲ ਆ ਕੇ ਯਿਸੂ ਨੂੰ ਮਿਲਣ ਦੀ ਬੇਨਤੀ ਕਰਦੇ ਹਨ। ਫ਼ਿਲਿੱਪੁਸ ਅੰਦ੍ਰਿਯਾਸ ਕੋਲ ਜਾਂਦਾ ਹੈ, ਸ਼ਾਇਦ ਇਹ ਪੁੱਛਣ ਲਈ ਕਿ ਅਜਿਹਾ ਮਿਲਣਾ ਉਚਿਤ ਹੋਵੇਗਾ ਕਿ ਨਹੀਂ। ਸਪੱਸ਼ਟ ਹੈ ਕਿ ਯਿਸੂ ਅਜੇ ਹੈਕਲ ਵਿਚ ਹੀ ਹੈ, ਜਿੱਥੇ ਯੂਨਾਨੀ ਉਸ ਨੂੰ ਦੇਖ ਸਕਦੇ ਹਨ।
ਯਿਸੂ ਜਾਣਦਾ ਹੈ ਕਿ ਉਸ ਕੋਲ ਜ਼ਿੰਦਗੀ ਦੇ ਸਿਰਫ਼ ਕੁਝ ਹੀ ਦਿਨ ਬਾਕੀ ਹਨ, ਇਸ ਲਈ ਉਹ ਵਧੀਆ ਤਰੀਕੇ ਨਾਲ ਆਪਣੀ ਸਥਿਤੀ ਦਰਸਾਉਂਦਾ ਹੈ: “ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਕੀਤੀ ਜਾਏ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ।”
ਕਣਕ ਦੇ ਇਕ ਦਾਣੇ ਦੀ ਬਹੁਤ ਘੱਟ ਕੀਮਤ ਹੁੰਦੀ ਹੈ। ਪਰੰਤੂ, ਜੇਕਰ ਇਹ ਮਿੱਟੀ ਵਿਚ ਪਵੇ ਅਤੇ “ਮਰੇ,” ਅਰਥਾਤ ਬੀ ਦੇ ਤੌਰ ਤੇ ਆਪਣੀ ਜ਼ਿੰਦਗੀ ਖ਼ਤਮ ਕਰੇ, ਤਦ ਕੀ ਹੋਵੇਗਾ? ਤਦ ਇਹ ਉਪਜਦਾ ਹੈ ਅਤੇ ਸਮਾਂ ਆਉਣ ਤੇ ਇਕ ਡੰਡੀ ਦੇ ਰੂਪ ਵਿਚ ਵਧ ਕੇ ਬਹੁਤ ਸਾਰੇ ਕਣਕ ਦੇ ਦਾਣੇ ਉਤਪੰਨ ਕਰਦਾ ਹੈ। ਇਸੇ ਤਰ੍ਹਾਂ, ਯਿਸੂ ਸਿਰਫ਼ ਇਕ ਹੀ ਸੰਪੂਰਣ ਵਿਅਕਤੀ ਹੈ। ਪਰੰਤੂ ਜੇ ਉਹ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਹਿ ਕੇ ਮਰਦਾ ਹੈ, ਤਾਂ ਉਹ ਉਨ੍ਹਾਂ ਵਫ਼ਾਦਾਰ ਵਿਅਕਤੀਆਂ ਲਈ ਸਦੀਪਕ ਜੀਵਨ ਪ੍ਰਦਾਨ ਕਰਨ ਦਾ ਸਾਧਨ ਬਣਦਾ ਹੈ ਜਿਨ੍ਹਾਂ ਵਿਚ ਉਹੋ ਆਤਮ-ਬਲੀਦਾਨ ਦੀ ਆਤਮਾ ਹੈ ਜੋ ਉਸ ਵਿਚ ਹੈ। ਇਸ ਤਰ੍ਹਾਂ, ਯਿਸੂ ਕਹਿੰਦਾ ਹੈ: “ਜਿਹੜਾ ਆਪਣੀ ਜਾਨ ਨਾਲ ਹਿਤ ਕਰਦਾ ਹੈ ਉਹ ਉਸ ਨੂੰ ਗੁਆਉਂਦਾ ਅਤੇ ਜਿਹੜਾ ਇਸ ਜਗਤ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ ਉਹ ਸਦੀਪਕ ਜੀਉਣ ਤਾਈਂ ਉਹ ਦੀ ਰੱਛਿਆ ਕਰੇਗਾ।”
ਸਪੱਸ਼ਟ ਹੈ ਕਿ ਯਿਸੂ ਸਿਰਫ਼ ਆਪਣੇ ਬਾਰੇ ਹੀ ਨਹੀਂ ਸੋਚ ਰਿਹਾ ਹੈ, ਕਿਉਂਕਿ ਉਹ ਅੱਗੇ ਸਮਝਾਉਂਦਾ ਹੈ: “ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ ਅਰ ਜਿੱਥੇ ਮੈਂ ਹਾਂ ਮੇਰਾ ਸੇਵਕ ਭੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹ ਦਾ ਆਦਰ ਕਰੇਗਾ।” ਯਿਸੂ ਦਾ ਅਨੁਕਰਣ ਕਰਨ ਲਈ ਅਤੇ ਉਸ ਦੀ ਸੇਵਾ ਕਰਨ ਲਈ ਕਿੰਨਾ ਹੀ ਅਦਭੁਤ ਇਨਾਮ! ਇਹ ਇਨਾਮ, ਰਾਜ ਵਿਚ ਮਸੀਹ ਦੇ ਨਾਲ ਸੰਗਤ ਕਰਨ ਦਾ ਪਰਮੇਸ਼ੁਰ ਵੱਲੋਂ ਦਿੱਤਾ ਗਿਆ ਸਨਮਾਨ ਹੈ।
ਆਉਣ ਵਾਲੇ ਵੱਡੇ ਦੁੱਖ ਅਤੇ ਕਸ਼ਟਦਾਈ ਮੌਤ ਬਾਰੇ ਸੋਚਦੇ ਹੋਏ, ਯਿਸੂ ਜਾਰੀ ਰੱਖਦਾ ਹੈ: “ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂ? ਹੇ ਪਿਤਾ ਮੈਨੂੰ ਇਸ ਘੜੀ ਤੋਂ ਬਚਾ।” ਕਾਸ਼ ਉਸ ਉੱਤੇ ਆਉਣ ਵਾਲੇ ਕਸ਼ਟ ਰੋਕੇ ਜਾ ਸਕਦੇ! ਪਰੰਤੂ ਨਹੀਂ, ਜਿਵੇਂ ਉਹ ਕਹਿੰਦਾ ਹੈ: “ਇਸੇ ਲਈ ਮੈਂ ਇਸ ਘੜੀ ਤੀਕੁ ਆਇਆ ਹਾਂ।” ਯਿਸੂ ਪਰਮੇਸ਼ੁਰ ਦੇ ਪੂਰੇ ਪ੍ਰਬੰਧ ਦੇ ਨਾਲ ਸਹਿਮਤ ਹੈ, ਜਿਸ ਵਿਚ ਉਸ ਦੀ ਆਪਣੀ ਬਲੀਦਾਨ ਸੰਬੰਧੀ ਮੌਤ ਸ਼ਾਮਲ ਹੈ। ਮੱਤੀ 21:12, 13, 18, 19; ਮਰਕੁਸ 11:12-18; ਲੂਕਾ 19:45-48; ਯੂਹੰਨਾ 12:20-27.
▪ ਯਿਸੂ ਹੰਜੀਰ ਪਾਉਣ ਦੀ ਆਸ਼ਾ ਕਿਉਂ ਰੱਖਦਾ ਹੈ ਭਾਵੇਂ ਕਿ ਉਨ੍ਹਾਂ ਦਾ ਅਜੇ ਮੌਸਮ ਨਹੀਂ ਹੈ?
▪ ਯਿਸੂ ਉਨ੍ਹਾਂ ਨੂੰ ਜਿਹੜੇ ਹੈਕਲ ਵਿਚ ਵੇਚਦੇ ਹਨ, “ਡਾਕੂ” ਕਿਉਂ ਸੱਦਦਾ ਹੈ?
▪ ਯਿਸੂ ਕਿਸ ਤਰ੍ਹਾਂ ਕਣਕ ਦੇ ਇਕ ਦਾਣੇ ਵਾਂਗ ਹੈ ਜਿਹੜਾ ਮਰ ਜਾਂਦਾ ਹੈ?
▪ ਯਿਸੂ ਆਪਣੇ ਉੱਤੇ ਆਉਣ ਵਾਲੇ ਦੁੱਖ ਅਤੇ ਮੌਤ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ?