Skip to content

Skip to table of contents

ਪਰਮੇਸ਼ੁਰ ਕਿਸ ਦੀ ਉਪਾਸਨਾ ਸਵੀਕਾਰ ਕਰਦਾ ਹੈ?

ਪਰਮੇਸ਼ੁਰ ਕਿਸ ਦੀ ਉਪਾਸਨਾ ਸਵੀਕਾਰ ਕਰਦਾ ਹੈ?

ਅਧਿਆਇ 5

ਪਰਮੇਸ਼ੁਰ ਕਿਸ ਦੀ ਉਪਾਸਨਾ ਸਵੀਕਾਰ ਕਰਦਾ ਹੈ?

1. ਇਕ ਸਾਮਰੀ ਔਰਤ ਉਪਾਸਨਾ ਬਾਰੇ ਕੀ ਜਾਣਨਾ ਚਾਹੁੰਦੀ ਸੀ?

ਕੀ ਤੁਸੀਂ ਕਦੀ ਇਸ ਗੱਲ ਉੱਤੇ ਗੌਰ ਕੀਤਾ ਹੈ ਕਿ, ‘ਪਰਮੇਸ਼ੁਰ ਕਿਸ ਦੀ ਉ­ਪਾਸ­ਨਾ ਸਵੀਕਾਰ ਕਰਦਾ ਹੈ?’ ਇਕ ਖ਼ਾਸ ਔਰਤ ਦੇ ਮਨ ਵਿਚ ਸ਼ਾਇਦ ਅਜਿਹਾ ਹੀ ਸਵਾਲ ਪੈਦਾ ਹੋਇਆ ਹੋਵੇ ਜਦੋਂ ਉਸ ਨੇ ਸਾਮਰਿਯਾ ਵਿਖੇ ਗਰਿੱਜ਼ੀਮ ਪਹਾੜ ਦੇ ਨਜ਼ਦੀਕ ਯਿਸੂ ਮਸੀਹ ਦੇ ਨਾਲ ਵਾਰਤਾਲਾਪ ਕੀਤੀ। ਸਾਮਰੀਆਂ ਅਤੇ ਯਹੂਦੀਆਂ ਦੀ ਉ­ਪਾਸ­ਨਾ ਦੇ ਵਿਚਕਾਰ ਭਿੰਨਤਾ ਵੱਲ ਧਿਆਨ ਖਿੱਚਦੇ ਹੋਏ, ਉਸ ਨੇ ਕਿਹਾ: “ਸਾਡੇ ਪਿਉ ਦਾਦਿਆਂ ਨੇ ਇਸ ਪਰਬਤ ਉੱਤੇ ਭਗਤੀ ਕੀਤੀ ਅਤੇ ਤੁਸੀਂ ਲੋਕ ਆਖਦੇ ਹੋ ਜੋ ਉਹ ਅਸਥਾਨ ਯਰੂਸ਼ਲਮ ਵਿੱਚ ਹੈ ਜਿੱਥੇ ਭਗਤੀ ਕਰਨੀ ਚਾਹੀਦੀ ਹੈ।” (ਯੂਹੰਨਾ 4:20) ਕੀ ਯਿਸੂ ਨੇ ਸਾਮਰੀ ਔਰਤ ਨੂੰ ਇਹ ਕਿਹਾ ਸੀ ਕਿ ਪਰਮੇਸ਼ੁਰ ਹਰ ਤਰ੍ਹਾਂ ਦੀ ਉਪਾਸਨਾ ਨੂੰ ਸਵੀਕਾਰ ਕਰਦਾ ਹੈ? ਜਾਂ ਕੀ ਉਸ ਨੇ ਇਹ ਕਿਹਾ ਸੀ ਕਿ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ ਵਿਸ਼ੇਸ਼ ਗੱਲਾਂ ਦੀ ਜ਼ਰੂਰਤ ਹੈ?

2. ਸਾਮਰੀ ਔਰਤ ਨੂੰ ਜਵਾਬ ਦਿੰਦੇ ਸਮੇਂ, ਯਿਸੂ ਨੇ ਕੀ ਕਿਹਾ ਸੀ?

2 ਯਿਸੂ ਦਾ ਹੈਰਾਨੀਜਨਕ ਜਵਾਬ ਸੀ: “ਉਹ ਸਮਾ ਆਉਂਦਾ ਹੈ ਜਦ ਤੁਸੀਂ ਨਾ ਤਾਂ ਇਸ ਪਰਬਤ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ।” (ਯੂਹੰਨਾ 4:21) ਸਾਮਰੀ ਲੋਕ ਬਹੁਤ ਸਮੇਂ ਤੋਂ ਯਹੋਵਾਹ ਤੋਂ ਡਰਦੇ ਸਨ, ਨਾਲੇ ਗਰਿੱਜ਼ੀਮ ਪਹਾੜ ਉੱਤੇ ਦੂਜੇ ਈਸ਼ਵਰਾਂ ਦੀ ਉਪਾਸਨਾ ਕਰਦੇ ਸਨ। (2 ਰਾਜਿਆਂ 17:33) ਹੁਣ ਯਿਸੂ ਮਸੀਹ ਨੇ ਕਿਹਾ ਕਿ ਨਾ ਉਹ ਸਥਾਨ ਅਤੇ ਨਾ ਹੀ ਯਰੂਸ਼ਲਮ ਸੱਚੀ ਉਪਾਸਨਾ ਵਿਚ ਮਹੱਤਵਪੂਰਣ ਹੋਣਗੇ।

ਆਤਮਾ ਅਤੇ ਸੱਚਾਈ ਨਾਲ ਉਪਾਸਨਾ ਕਰਨੀ

3. (ੳ) ਸਾਮਰੀ ਵਾਸਤਵ ਵਿਚ ਪਰਮੇਸ਼ੁਰ ਨੂੰ ਕਿਉਂ ਨਹੀਂ ਜਾਣਦੇ ਸਨ? (ਅ) ਵਫ਼ਾਦਾਰ ਯਹੂਦੀ ਅਤੇ ਦੂਜੇ ਵਿਅਕਤੀ ਪਰਮੇਸ਼ੁਰ ਨੂੰ ਕਿਸ ਤਰ੍ਹਾਂ ਜਾਣ ਸਕਦੇ ਸਨ?

3 ਯਿਸੂ ਨੇ ਉਸ ਸਾਮਰੀ ਔਰਤ ਨੂੰ ਅੱਗੇ ਦੱਸਿਆ: “ਤੁਸੀਂ ਜਿਹ ਨੂੰ ਨਹੀਂ ਜਾਣਦੇ ਉਹ ਦੀ ਭਗਤੀ ਕਰਦੇ ਹੋ। ਅਸੀਂ ਉਹ ਦੀ ਭਗਤੀ ਕਰਦੇ ਹਾਂ ਜਿਹ ਨੂੰ ਜਾਣਦੇ ਹਾਂ ਇਸ ਲਈ ਜੋ ਮੁਕਤੀ ਯਹੂਦੀਆਂ ਤੋਂ ਹੈ।” (ਯੂਹੰਨਾ 4:22) ਸਾਮਰੀਆਂ ਦੇ ਗ਼ਲਤ ਧਾਰਮਿਕ ਵਿਚਾਰ ਸਨ ਅਤੇ ਉਹ ਬਾਈਬਲ ਦੀਆਂ ਕੇਵਲ ਪਹਿਲੀਆਂ ਪੰਜ ਪੁਸਤਕਾਂ ਨੂੰ ਹੀ ਪ੍ਰੇਰਿਤ ਸਵੀਕਾਰ ਕਰਦੇ ਸਨ—ਅਤੇ ਇਹ ਵੀ ਕੇਵਲ ਉਨ੍ਹਾਂ ਦੇ ਖ਼ੁਦ ਦੇ ਸੋਧੇ ਹੋਏ ਸੰਸਕਰਣ ਨੂੰ ਹੀ ਜੋ ਸਾਮਰੀ ਪੈਂਟਾਟਯੂਕ ਜਾਣਿਆ ਜਾਂਦਾ ਸੀ। ਇਸ ਕਰਕੇ, ਉਹ ਵਾਸਤਵ ਵਿਚ ਪਰਮੇਸ਼ੁਰ ਨੂੰ ਨਹੀਂ ਜਾਣਦੇ ਸਨ। ਪਰੰਤੂ, ਸ਼ਾਸਤਰ ਸੰਬੰਧੀ ਗਿਆਨ ਯਹੂਦੀਆਂ ਨੂੰ ਸੌਂਪਿਆ ਗਿਆ ਸੀ। (ਰੋਮੀਆਂ 3:1, 2) ਸ਼ਾਸਤਰਾਂ ਨੇ ਵਫ਼ਾਦਾਰ ਯਹੂਦੀਆਂ ਨੂੰ ਅਤੇ ਦੂਜਿਆਂ ਵਿਅਕਤੀਆਂ ਨੂੰ ਜੋ ਸੁਣਨਗੇ, ਉਹ ਗੱਲਾਂ ਦੱਸੀਆਂ ਜੋ ਉਨ੍ਹਾਂ ਲਈ ਪਰਮੇਸ਼ੁਰ ਨੂੰ ਜਾਣਨ ਲਈ ਜ਼ਰੂਰੀ ਸਨ।

4. ਯਿਸੂ ਦੇ ਅਨੁਸਾਰ, ਯਹੂਦੀਆਂ ਅਤੇ ਸਾਮਰੀਆਂ ਦੋਹਾਂ ਨੂੰ ਕੀ ਕਰਨ ਦੀ ਜ਼ਰੂਰਤ ਸੀ ਜੇਕਰ ਉਨ੍ਹਾਂ ਦੀ ਉਪਾਸਨਾ ਪਰਮੇਸ਼ੁਰ ਨੂੰ ਸਵੀਕਾਰ ਹੋਣੀ ਸੀ?

4 ਅਸਲ ਵਿਚ, ਯਿਸੂ ਨੇ ਦਿਖਾਇਆ ਕਿ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ ਯਹੂਦੀਆਂ ਅਤੇ ਸਾਮਰੀਆਂ ਦੋਨਾਂ ਨੂੰ ਆਪਣੀ ਉਪਾਸਨਾ ਦੇ ਤਰੀਕਿਆਂ ਵਿਚ ਅਨੁਕੂਲਣਾ ਕਰਨੀ ਪੈਣੀ ਸੀ। ਉਸ ਨੇ ਕਿਹਾ: “ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਜੋ ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਏਹੋ ਜੇਹੇ ਭਗਤਾਂ ਨੂੰ ਚਾਹੁੰਦਾ ਹੈ। ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।” (ਯੂਹੰਨਾ 4:23, 24) ਸਾਨੂੰ ਪਰਮੇਸ਼ੁਰ ਦੀ ਉਪਾਸਨਾ ਉਸ ‘ਆਤਮਾ ਨਾਲ’ ਕਰਨੀ ਚਾਹੀਦੀ ਹੈ ਜੋ ਨਿਹਚਾ ਅਤੇ ਪ੍ਰੇਮ ਨਾਲ ਭਰਪੂਰ ਦਿਲਾਂ ਦੁਆਰਾ ਪ੍ਰੇਰਿਤ ਹੋਵੇ। ਉਸ ਦੇ ਬਚਨ, ਬਾਈਬਲ ਦਾ ਅਧਿਐਨ ਕਰ ਕੇ, ਅਤੇ ਉਸ ਦੀ ਪ੍ਰਗਟ ਕੀਤੀ ਸੱਚਾਈ ਦੇ ਅਨੁਸਾਰ ਉਪਾਸਨਾ ਕਰ ਕੇ, ਪਰਮੇਸ਼ੁਰ ਦੀ ਉਪਾਸਨਾ “ਸਚਿਆਈ ਨਾਲ” ਕਰਨੀ ਮੁਮਕਿਨ ਹੈ। ਕੀ ਤੁਸੀਂ ਇਹ ਕਰਨ ਲਈ ਉਤਸੁਕ ਹੋ?

5. (ੳ) “ਉਪਾਸਨਾ” ਦਾ ਕੀ ਅਰਥ ਹੈ? (ਅ) ਸਾਨੂੰ ਕੀ ਕਰਨਾ ਚਾਹੀਦਾ ਹੈ, ਜੇਕਰ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀ ਉਪਾਸਨਾ ਸਵੀਕਾਰ ਕਰੇ?

5 ਯਿਸੂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਪਰਮੇਸ਼ੁਰ ਸੱਚੀ ਉਪਾਸਨਾ ਚਾਹੁੰਦਾ ਹੈ। ਇਹ ਪ੍ਰਦਰਸ਼ਿਤ ਕਰਦਾ ਹੈ ਕਿ ਉਪਾਸਨਾ ਦੀਆਂ ਅਜਿਹੀਆਂ ਕਿਸਮਾਂ ਵੀ ਹਨ ਜੋ ਯਹੋਵਾਹ ਨੂੰ ਨਾ-ਮਨਜ਼ੂਰ ਹਨ। ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਅਰਥ ਹੈ ਉਸ ਨੂੰ ਸ਼ਰਧਾਮਈ ਸਤਿਕਾਰ ਦੇਣਾ ਅਤੇ ਉਸ ਦੀ ਪਵਿੱਤਰ ਸੇਵਾ ਕਰਨੀ। ਜੇਕਰ ਤੁਸੀਂ ਇਕ ਸ਼ਕਤੀਸ਼ਾਲੀ ਸ਼ਾਸਕ ਦੇ ਪ੍ਰਤੀ ਸਤਿਕਾਰ ਪ੍ਰਦਰਸ਼ਿਤ ਕਰਨਾ ਚਾਹੁੰਦੇ, ਤਾਂ ਸੰਭਵ ਹੈ ਕਿ ਤੁਸੀਂ ਉਸ ਦੀ ਸੇਵਾ ਕਰਨ ਲਈ ਉਤਸੁਕ ਹੋਵੋਗੇ ਅਤੇ ਉਹ ਕੁਝ ਕਰੋਗੇ ਜੋ ਉਸ ਨੂੰ ਪ੍ਰਸੰਨ ਕਰੇਗਾ। ਯਕੀਨਨ, ਫਿਰ, ਅਸੀਂ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਚਾਹੁੰਦੇ ਹਾਂ। ਇਸ ਲਈ, ਕੇਵਲ ਇਹ ਹੀ ਕਹਿਣ ਦੀ ਬਜਾਇ ਕਿ, ‘ਮੇਰਾ ਧਰਮ ਮੈਨੂੰ ਪਸੰਦ ਹੈ,’ ਸਾਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਾਡੀ ਉਪਾਸਨਾ ਪਰਮੇਸ਼ੁਰ ਦੀਆਂ ਮੰਗਾਂ ਨੂੰ ਪੂਰਿਆਂ ਕਰਦੀ ਹੈ।

ਪਿਤਾ ਦੀ ਮਰਜ਼ੀ ਉੱਤੇ ਚੱਲਣਾ

6, 7. ਯਿਸੂ ਉਨ੍ਹਾਂ ਕੁਝ ਵਿਅਕਤੀਆਂ ਨੂੰ ਕਿਉਂ ਨਹੀਂ ਕਬੂਲ ਕਰਦਾ ਹੈ ਜੋ ਉਸ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਹਨ?

6 ਆਓ ਅਸੀਂ ਮੱਤੀ 7:21-23 ਨੂੰ ਪੜ੍ਹ ਕੇ ਦੇਖੀਏ ਕਿ ਕੀ ਅਸੀਂ ਉਸ ਮਹੱਤਵਪੂਰਣ ਪਹਿਲੂ ਨੂੰ ਅਲੱਗ ਕਰ ਸਕਦੇ ਹਾਂ ਜੋ ਨਿਰਧਾਰਿਤ ਕਰਦਾ ਹੈ ਕਿ ਹਰ ਕਿਸਮ ਦੀ ਉਪਾਸਨਾ ਪਰਮੇਸ਼ੁਰ ਨੂੰ ਸਵੀਕਾਰਯੋਗ ਹੈ ਜਾਂ ਨਹੀਂ। ਯਿਸੂ ਨੇ ਕਿਹਾ: “ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ। ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੁ! ਹੇ ਪ੍ਰਭੁ! ਕੀ ਅਸਾਂ ਤੇਰਾ ਨਾਮ ਲੈਕੇ ਅਗੰਮ ਵਾਕ ਨਹੀਂ ਕੀਤਾ? ਅਤੇ ਤੇਰਾ ਨਾਮ ਲੈਕੇ ਭੂਤ [ਦੁਸ਼ਟ ਆਤਮਿਕ ਪ੍ਰਾਣੀ] ਨਹੀਂ ਕੱਢੇ? ਅਤੇ ਤੇਰਾ ਨਾਮ ਲੈਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ? ਤਦ ਮੈਂ ਉਨ੍ਹਾਂ ਨੂੰ ਸਾਫ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!”

7 ਸੱਚੀ ਉਪਾਸਨਾ ਵਿਚ ਯਿਸੂ ਮਸੀਹ ਨੂੰ ਪ੍ਰਭੂ ਦੇ ਤੌਰ ਤੇ ਕਬੂਲ ਕਰਨਾ ਆਵੱਸ਼ਕ ਹੈ। ਪਰੰਤੂ ਜੋ ਯਿਸੂ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਹਨ ਉਨ੍ਹਾਂ ਬਹੁਤੇਰਿਆਂ ਦੀ ਉਪਾਸਨਾ ਵਿਚ ਕੁਝ ਕਮੀ ਹੋਵੇਗੀ। ਉਸ ਨੇ ਕਿਹਾ ਕਿ ਕੁਝ “ਕਰਾਮਾਤਾਂ” ਕਰਨਗੇ, ਜਿਵੇਂ ਕਿ ਅਖਾਉਤੀ ਚਮਤਕਾਰੀ ਚੰਗਾਈ। ਪਰ ਫਿਰ, ਉਹ ਉਸ ਕੰਮ ਨੂੰ ਕਰਨ ਤੋਂ ਅਸਫਲ ਹੋ ਜਾਣਗੇ ਜੋ ਯਿਸੂ ਨੇ ਕਿਹਾ ਸੀ ਕਿ ਅਤਿ-ਮਹੱਤਵਪੂਰਣ ਹੈ। ਉਹ “[ਉਸ ਦੇ] ਪਿਤਾ ਦੀ ਮਰਜੀ ਉੱਤੇ” ਨਹੀਂ ਚੱਲਦੇ ਹੋਣਗੇ। ਜੇਕਰ ਅਸੀਂ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਪਿਤਾ ਦੀ ਮਰਜ਼ੀ ਬਾਰੇ ਸਿੱਖਣਾ ਚਾਹੀਦਾ ਹੈ ਅਤੇ ਫਿਰ ਉਸ ਨੂੰ ਪੂਰਿਆਂ ਕਰਨਾ ਚਾਹੀਦਾ ਹੈ।

ਯਥਾਰਥ ਗਿਆਨ—ਇਕ ਸੁਰੱਖਿਆ

8. ਜੇਕਰ ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਹੈ, ਤਾਂ ਕਿਸ ਚੀਜ਼ ਦੀ ਜ਼ਰੂਰਤ ਹੈ, ਅਤੇ ਸਾਨੂੰ ਕਿਹੜੇ ਗ਼ਲਤ ਵਿਚਾਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ?

8 ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਵਿਚ, ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੋਹਾਂ ਬਾਰੇ ਯਥਾਰਥ-ਗਿਆਨ ਜ਼ਰੂਰੀ ਹੈ। ਅਜਿਹਾ ਗਿਆਨ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਯਕੀਨਨ, ਫਿਰ ਅਸੀਂ ਸਾਰੇ ਹੀ ਪਰਮੇਸ਼ੁਰ ਦੇ ਬਚਨ, ਬਾਈਬਲ ਤੋਂ ਯਥਾਰਥ-ਗਿਆਨ ਹਾਸਲ ਕਰਨ ਦੇ ਮਾਮਲੇ ਨੂੰ ਸੰਜੀਦਗੀ ਨਾਲ ਲੈਣਾ ਚਾਹਾਂਗੇ। ਕਈ ਕਹਿੰਦੇ ਹਨ ਕਿ ਜਦ ਤਾਈਂ ਅਸੀਂ ਉਪਾਸਨਾ ਵਿਚ ਸੁਹਿਰਦ ਅਤੇ ਸਰਗਰਮ ਹਾਂ, ਚਿੰਤਾ ਦੀ ਕੋਈ ਲੋੜ ਨਹੀਂ ਹੈ। ਦੂਜੇ ਦਾਅਵਾ ਕਰਦੇ ਹਨ, ‘ਤੁਸੀਂ ਜਿੰਨਾ ਘੱਟ ਜਾਣੋ, ਤੁਹਾਡੇ ਤੋਂ ਉੱਨੀ ਹੀ ਘੱਟ ਉਮੀਦ ਰੱਖੀ ਜਾਂਦੀ ਹੈ।’ ਫਿਰ ਵੀ, ਬਾਈਬਲ ਸਾਨੂੰ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਦੇ ਗਿਆਨ ਵਿਚ ਵਧਣ ਲਈ ਉਤਸ਼ਾਹਿਤ ਕਰਦੀ ਹੈ।—ਅਫ਼ਸੀਆਂ 4:13; ਫ਼ਿਲਿੱਪੀਆਂ 1:9; ਕੁਲੁੱਸੀਆਂ 1:9.

9. ਯਥਾਰਥ-ਗਿਆਨ ਕਿਸ ਤਰ੍ਹਾਂ ਸਾਡੀ ਸੁਰੱਖਿਆ ਕਰਦਾ ਹੈ, ਅਤੇ ਸਾਨੂੰ ਅਜਿਹੀ ਸੁਰੱਖਿਆ ਦੀ ਕਿਉਂ ਜ਼ਰੂਰਤ ਹੈ?

9 ਅਜਿਹਾ ਗਿਆਨ ਸਾਡੀ ਉਪਾਸਨਾ ਵਿਚ ਵਿਗਾੜ ਆਉਣ ਦੇ ਵਿਰੁੱਧ ਇਕ ਬਚਾਉ ਹੈ। ਰਸੂਲ ਪੌਲੁਸ ਨੇ ਇਕ ਖ਼ਾਸ ਆਤਮਿਕ ਪ੍ਰਾਣੀ ਦਾ ਜ਼ਿਕਰ ਕੀਤਾ ਜੋ “ਚਾਨਣ ਦੇ ਦੂਤ” ਦਾ ਢੌਂਗ ਕਰਦਾ ਹੈ। (2 ਕੁਰਿੰਥੀਆਂ 11:14) ਇਸ ਤਰ੍ਹਾਂ ਭੇਸ ਬਦਲ ਕੇ, ਇਹ ਆਤਮਿਕ ਪ੍ਰਾਣੀ—ਸ਼ਤਾਨ—ਸਾਨੂੰ ਪਰਮੇਸ਼ੁਰ ਦੀ ਮਰਜ਼ੀ ਦੇ ਵਿਰੁੱਧ ਕੰਮ ਕਰਾਉਣ ਲਈ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ। ਸ਼ਤਾਨ ਦੇ ਨਾਲ ਸੰਬੰਧ ਰੱਖਣ ਵਾਲੇ ਦੂਜੇ ਆਤਮਿਕ ਪ੍ਰਾਣੀ ਵੀ ਲੋਕਾਂ ਦੀ ਉਪਾਸਨਾ ਨੂੰ ਦੂਸ਼ਿਤ ਕਰ ਰਹੇ ਹਨ, ਕਿਉਂਕਿ ਪੌਲੁਸ ਨੇ ਕਿਹਾ: “ਜਿਹੜੀਆਂ ਵਸਤਾਂ ਪਰਾਈਆਂ ਕੌਮਾਂ ਚੜ੍ਹਾਉਂਦੀਆਂ ਹਨ ਸੋ ਭੂਤਾਂ ਲਈ ਚੜ੍ਹਾਉਂਦੀਆਂ ਹਨ, ਪਰਮੇਸ਼ੁਰ ਲਈ ਨਹੀਂ।” (1 ਕੁਰਿੰਥੀਆਂ 10:20) ਇਹ ਸੰਭਵ ਹੈ ਕਿ ਅਨੇਕਾਂ ਦਾ ਇਹ ਵਿਚਾਰ ਸੀ ਕਿ ਉਹ ਸਹੀ ਤਰੀਕੇ ਨਾਲ ਉਪਾਸਨਾ ਕਰ ਰਹੇ ਸਨ, ਭਾਵੇਂ ਕਿ ਉਹ ਉਸ ਕੰਮ ਨੂੰ ਨਹੀਂ ਕਰ ਰਹੇ ਸਨ ਜੋ ਪਰਮੇਸ਼ੁਰ ਚਾਹੁੰਦਾ ਸੀ। ਉਹ ਵਿਅਕਤੀ ਭ੍ਰਿਸ਼ਟ ਝੂਠੀ ਉਪਾਸਨਾ ਵਿਚ ਸ਼ਾਮਲ ਹੋਣ ਲਈ ਭਰਮਾਏ ਜਾ ਰਹੇ ਸਨ। ਅਸੀਂ ਸ਼ਤਾਨ ਅਤੇ ਪਿਸ਼ਾਚਾਂ ਬਾਰੇ ਬਾਅਦ ਵਿਚ ਹੋਰ ਸਿਖਾਂਗੇ, ਪਰੰਤੂ ਪਰਮੇਸ਼ੁਰ ਦੇ ਇਹ ਦੁਸ਼ਮਣ ਨਿਸ਼ਚੇ ਹੀ ਮਨੁੱਖਜਾਤੀ ਦੀ ਉਪਾਸਨਾ ਨੂੰ ਦੂਸ਼ਿਤ ਕਰਦੇ ਰਹੇ ਹਨ।

10. ਤੁਸੀਂ ਕੀ ਕਰਦੇ ਜੇਕਰ ਕੋਈ ਵਿਅਕਤੀ ਜਾਣ-ਬੁੱਝ ਕੇ ਤੁਹਾਡੀ ਪਾਣੀ ਦੀ ਸਪਲਾਈ ਵਿਚ ਜ਼ਹਿਰ ਮਿਲਾ ਦਿੰਦਾ ਹੈ, ਅਤੇ ਪਰਮੇਸ਼ੁਰ ਦੇ ਬਚਨ ਦਾ ਯਥਾਰਥ-ਗਿਆਨ ਸਾਨੂੰ ਕੀ ਕਰਨ ਲਈ ਸੁਸੱਜਿਤ ਕਰਦਾ ਹੈ?

10 ਜੇਕਰ ਤੁਹਾਨੂੰ ਪਤਾ ਹੋਵੇ ਕਿ ਕਿਸੇ ਵਿਅਕਤੀ ਨੇ ਜਾਣ-ਬੁੱਝ ਕੇ ਤੁਹਾਡੀ ਪਾਣੀ ਦੀ ਸਪਲਾਈ ਵਿਚ ਜ਼ਹਿਰ ਮਿਲਾ ਦਿੱਤਾ ਹੈ, ਤਾਂ ਕੀ ਤੁਸੀਂ ਉਸ ਤੋਂ ਪਾਣੀ ਪੀਣਾ ਜਾਰੀ ਰੱਖੋਗੇ? ਨਿਸ਼ਚੇ ਹੀ, ਤੁਸੀਂ ਇਕ ਸੁਰੱਖਿਅਤ, ਸ਼ੁੱਧ ਪਾਣੀ ਦਾ ਸ੍ਰੋਤ ਭਾਲਣ ਲਈ ਫ਼ੌਰਨ ਕਦਮ ਉਠਾਓਗੇ। ਖ਼ੈਰ, ਪਰਮੇਸ਼ੁਰ ਦੇ ਬਚਨ ਦਾ ਯਥਾਰਥ-ਗਿਆਨ ਸਾਨੂੰ ਸੱਚੇ ਧਰਮ ਦੀ ਸ਼ਨਾਖਤ ਕਰਨ ਲਈ ਅਤੇ ਉਨ੍ਹਾਂ ਅਸ਼ੁੱਧਤਾਵਾਂ ਨੂੰ ਰੱਦ ਕਰਨ ਲਈ ਸੁਸੱਜਿਤ ਕਰਦਾ ਹੈ ਜੋ ਉਪਾਸਨਾ ਨੂੰ ਪਰਮੇਸ਼ੁਰ ਦੇ ਸਨਮੁੱਖ ਨਾ-ਮਨਜ਼ੂਰ ਬਣਾਉਂਦੀਆਂ ਹਨ।

ਮਨੁੱਖਾਂ ਦੇ ਹੁਕਮ ਸਿਧਾਂਤਾਂ ਦੇ ਤੌਰ ਤੇ

11. ਕਈ ਯਹੂਦੀਆਂ ਦੀ ਉਪਾਸਨਾ ਵਿਚ ਕੀ ਖ਼ਰਾਬੀ ਸੀ?

11 ਜਦੋਂ ਯਿਸੂ ਧਰਤੀ ਉੱਤੇ ਸੀ, ਬਹੁਤ ਸਾਰੇ ਯਹੂਦੀ ਪਰਮੇਸ਼ੁਰ ਦੇ ਯਥਾਰਥ-ਗਿਆਨ ਦੇ ਅਨੁਸਾਰ ਨਹੀਂ ਚੱਲਦੇ ਸਨ। ਇਸ ਕਰਕੇ ਉਨ੍ਹਾਂ ਨੇ ਯਹੋਵਾਹ ਦੇ ਸਾਮ੍ਹਣੇ ਇਕ ਸਵੱਛ ਸਥਿਤੀ ਰੱਖਣ ਦੇ ਮੌਕੇ ਨੂੰ ਗੁਆ ਦਿੱਤਾ। ਉਨ੍ਹਾਂ ਦੇ ਸੰਬੰਧ ਵਿਚ ਪੌਲੁਸ ਨੇ ਲਿਖਿਆ: “ਮੈਂ ਓਹਨਾਂ ਦੀ ਸਾਖੀ ਵੀ ਭਰਦਾ ਹਾਂ ਭਈ ਓਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ।” (ਰੋਮੀਆਂ 10:2) ਉਨ੍ਹਾਂ ਨੇ ਆਪਣੇ ਆਪ ਲਈ ਨਿਸ਼ਚਿਤ ਕੀਤਾ ਕਿ ਪਰਮੇਸ਼ੁਰ ਦੀ ਉਪਾਸਨਾ ਕਿਵੇਂ ਕੀਤੀ ਜਾਣੀ ਚਾਹੀਦੀ ਸੀ, ਇਸ ਨੂੰ ਸੁਣਨ ਦੀ ਬਜਾਇ ਕਿ ਉਸ ਨੇ ਕੀ ਕਿਹਾ ਸੀ।

12. ਇਸਰਾਏਲ ਦੀ ਉਪਾਸਨਾ ਨੂੰ ਕਿਸ ਚੀਜ਼ ਨੇ ਮਲੀਨ ਕੀਤਾ, ਅਤੇ ਨਤੀਜਾ ਕੀ ਹੋਇਆ?

12 ਸ਼ੁਰੂ ਵਿਚ ਇਸਰਾਏਲੀਆਂ ਨੇ ਪਰਮੇਸ਼ੁਰ-ਦਿੱਤ ਸ਼ੁੱਧ ਧਰਮ ਦਾ ਅਭਿਆਸ ਕੀਤਾ, ਪਰੰਤੂ ਉਹ ਮਨੁੱਖਾਂ ਦੀਆਂ ਸਿੱਖਿਆਵਾਂ ਅਤੇ ਫਲਸਫਿਆਂ ਦੇ ਨਾਲ ਮਲੀਨ ਹੋ ਗਿਆ। (ਯਿਰਮਿਯਾਹ 8:8, 9; ਮਲਾਕੀ 2:8, 9; ਲੂਕਾ 11:52) ਭਾਵੇਂ ਕਿ ਯਹੂਦੀ ਧਾਰਮਿਕ ਆਗੂਆਂ, ਜੋ ਫ਼ਰੀਸੀ ਅਖਵਾਉਂਦੇ ਸਨ, ਨੇ ਸੋਚਿਆ ਕਿ ਉਨ੍ਹਾਂ ਦੀ ਉਪਾਸਨਾ ਪਰਮੇਸ਼ੁਰ ਨੂੰ ਮਨਜ਼ੂਰ ਸੀ, ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸਾਂ ਕਪਟੀਆਂ ਦੇ ਵਿਖੇ ਯਸਾਯਾਹ ਨੇ ਠੀਕ ਅਗੰਮ ਵਾਕ ਕੀਤਾ ਜਿੱਦਾਂ ਲਿਖਿਆ ਹੈ ਕਿ ਏਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ। ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ।”—ਮਰਕੁਸ 7:6, 7.

13. ਅਸੀਂ ਕਿਵੇਂ ਸ਼ਾਇਦ ਉਸੇ ਹੀ ਤਰ੍ਹਾਂ ਕਰੀਏ ਜਿਵੇਂ ਫ਼ਰੀਸੀਆਂ ਨੇ ਕੀਤਾ ਸੀ?

13 ਕੀ ਇਹ ਮੁਮਕਿਨ ਹੈ ਕਿ ਸ਼ਾਇਦ ਅਸੀਂ ਵੀ ਉਸੇ ਹੀ ਤਰ੍ਹਾਂ ਕਰੀਏ ਜਿਵੇਂ ਫ਼ਰੀਸੀਆਂ ਨੇ ਕੀਤਾ ਸੀ? ਇਹ ਹੋ ਸਕਦਾ ਹੈ ਜੇਕਰ ਅਸੀਂ ਉਪਾਸਨਾ ਬਾਰੇ ਪਰਮੇਸ਼ੁਰ ਦੀਆਂ ਕਹੀਆਂ ਗੱਲਾਂ ਦੀ ਜਾਂਚ ਕਰਨ ਦੀ ਬਜਾਇ, ਉਨ੍ਹਾਂ ਧਾਰਮਿਕ ਰੀਤਾਂ ਦਾ ਅਨੁਕਰਣ ਕਰਦੇ ਹਾਂ ਜੋ ਸਾਨੂੰ ਵਡੇਰਿਆਂ ਤੋਂ ਮਿਲੀਆਂ ਹਨ। ਇਸੇ ਵਾਸਤਵਿਕ ਖ਼ਤਰੇ ਦੀ ਚੇਤਾਵਨੀ ਦਿੰਦੇ ਹੋਏ, ਪੌਲੁਸ ਨੇ ਲਿਖਿਆ: “ਆਤਮਾ ਸਾਫ਼ ਆਖਦਾ ਹੈ ਭਈ ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆਂ ਵੱਲ ਚਿੱਤ ਲਾ ਕੇ ਨਿਹਚਾ ਤੋਂ ਫਿਰ ਜਾਣਗੇ।” (1 ਤਿਮੋਥਿਉਸ 4:1) ਸੋ ਸਿਰਫ਼ ਇਹ ਧਾਰਣ ਕਰਨਾ ਹੀ ਕਾਫ਼ੀ ਨਹੀਂ ਹੈ ਕਿ ਸਾਡੀ ਉਪਾਸਨਾ ਪਰਮੇਸ਼ੁਰ ਨੂੰ ਪ੍ਰਸੰਨ ਕਰਦੀ ਹੈ। ਉਸ ਸਾਮਰੀ ਔਰਤ ਦੇ ਵਾਂਗ ਜਿਸ ਦੀ ਮੁਲਾਕਾਤ ਯਿਸੂ ਦੇ ਨਾਲ ਹੋਈ, ਸ਼ਾਇਦ ਅਸੀਂ ਵੀ ਵਿਰਸੇ ਵਿਚ ਆਪਣੇ ਮਾਂ-ਬਾਪ ਤੋਂ ਆਪਣੀ ਉਪਾਸਨਾ ਦਾ ਤਰੀਕਾ ਹਾਸਲ ਕੀਤਾ ਹੋਵੇ। ਪਰੰਤੂ ਸਾਨੂੰ ਨਿਸ਼ਚਿਤ ਹੋਣਾ ਚਾਹੀਦਾ ਹੈ ਕਿ ਅਸੀਂ ਉਹ ਚੀਜ਼ਾਂ ਕਰ ਰਹੇ ਹਾਂ ਜੋ ਪਰਮੇਸ਼ੁਰ ਨੂੰ ਮਨਜ਼ੂਰ ਹਨ।

ਪਰਮੇਸ਼ੁਰ ਨੂੰ ਨਾਰਾਜ਼ ਕਰਨ ਤੋਂ ਸਾਵਧਾਨ ਰਹੋ

14, 15. ਭਾਵੇਂ ਕਿ ਸਾਨੂੰ ਪਰਮੇਸ਼ੁਰ ਦੀ ਮਰਜ਼ੀ ਦਾ ਕੁਝ ਗਿਆਨ ਹੋਵੇ, ਸਾਨੂੰ ਕਿਉਂ ਸਾਵਧਾਨ ਹੋਣਾ ਚਾਹੀਦਾ ਹੈ?

14 ਜੇਕਰ ਅਸੀਂ ਧਿਆਨ ਨਾ ਰੱਖੀਏ, ਤਾਂ ਸ਼ਾਇਦ ਅਸੀਂ ਅਜਿਹਾ ਕੁਝ ਕਰ ਬੈਠੀਏ ਜੋ ਪਰਮੇਸ਼ੁਰ ਨੂੰ ਨਾ-ਮਨਜ਼ੂਰ ਹੈ। ਮਿਸਾਲ ਲਈ, ਰਸੂਲ ਯੂਹੰਨਾ ਇਕ ਦੂਤ “ਨੂੰ ਮੱਥਾ ਟੇਕਣ ਲਈ” ਡਿੱਗ ਕੇ ਉਹ ਦੇ ਚਰਨੀ ਪਿਆ। ਪਰੰਤੂ ਦੂਤ ਨੇ ਚੇਤਾਵਨੀ ਦਿੱਤੀ: “ਇਉਂ ਨਾ ਕਰ! ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦੇ ਜਿਹੜੇ ਯਿਸੂ ਦੀ ਸਾਖੀ ਭਰਦੇ ਹਨ ਨਾਲ ਦਾ ਦਾਸ ਹਾਂ। ਪਰਮੇਸ਼ੁਰ ਨੂੰ ਮੱਥਾ ਟੇਕ!” (ਪਰਕਾਸ਼ ਦੀ ਪੋਥੀ 19:10) ਇਸ ਲਈ, ਕੀ ਤੁਸੀਂ ਇਹ ਨਿਸ਼ਚਿਤ ਕਰਨ ਦੀ ਜ਼ਰੂਰਤ ਦੇਖਦੇ ਹੋ ਕਿ ਤੁਹਾਡੀ ­ਉ­ਪਾਸ­ਨਾ ਕਿਸੇ ਵੀ ਤਰ੍ਹਾਂ ਦੀ ਮੂਰਤੀ ਪੂਜਾ ਦੇ ਨਾਲ ਮਲੀਨ ਤਾਂ ਨਹੀਂ ਹੈ?—1 ਕੁਰਿੰਥੀਆਂ 10:14.

15 ਜਦੋਂ ਕੁਝ ਮਸੀਹੀ ਅਜਿਹਿਆਂ ਧਾਰਮਿਕ ਰਿਵਾਜਾਂ ਦਾ ਅਭਿਆਸ ਕਰਨ ਲੱਗ ਪਏ ਜੋ ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰਦੇ ਸਨ, ਤਾਂ ਪੌਲੁਸ ਨੇ ਪੁੱਛਿਆ: “ਕਿੱਕੁਰ ਤੁਸੀਂ ਫੇਰ ਉਨ੍ਹਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜ ਜਾਂਦੇ ਹੋ ਜਿਨ੍ਹਾਂ ਦੇ ਬੰਧਨ ਵਿੱਚ ਤੁਸੀਂ ਨਵੇਂ ਸਿਰਿਓਂ ਆਇਆ ਚਾਹੁੰਦੇ ਹੋ? ਤੁਸੀਂ ਦਿਨਾਂ ਅਤੇ ਮਹੀਨਿਆਂ ਅਤੇ ਸਮਿਆਂ ਅਤੇ ਵਰਿਹਾਂ ਨੂੰ ਮੰਨਦੇ ਹੋ! ਤੁਹਾਡੇ ਲਈ ਮੈਂ ਡਰਦਾ ਹਾਂ ਭਈ ਕਿਤੇ ਐਉਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਵੇਂ ਮਿਹਨਤ ਕੀਤੀ ਹੋਵੇ।” (ਗਲਾਤੀਆਂ 4:8-11) ਉਹ ਵਿਅਕਤੀ ਪਰਮੇਸ਼ੁਰ ਦਾ ਗਿਆਨ ਹਾਸਲ ਕਰ ਚੁੱਕੇ ਸਨ ਪਰੰਤੂ ਬਾਅਦ ਵਿਚ ਅਜਿਹਿਆਂ ਧਾਰਮਿਕ ਰਿਵਾਜਾਂ ਅਤੇ ਧਾਰਮਿਕ ਪੁਰਬਾਂ ਦੀ ਪਾਲਣਾ ਕਰ ਕੇ ਗ਼ਲਤੀ ਕੀਤੀ ਜੋ ਯਹੋਵਾਹ ਨੂੰ ਨਾ-ਮਨਜ਼ੂਰ ਸਨ। ਜਿਵੇਂ ਪੌਲੁਸ ਨੇ ਕਿਹਾ ਸੀ, ਸਾਨੂੰ ਲੋੜ ਹੈ ਕਿ ਅਸੀਂ ‘ਪਰਤਾ ਕੇ ਵੇਖੀਏ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ।’—ਅਫ਼ਸੀਆਂ 5:10.

16. ਯੂਹੰਨਾ 17:16 ਅਤੇ 1 ਪਤਰਸ 4:3 ਸਾਨੂੰ ਕਿਵੇਂ ਨਿਸ਼ਚਿਤ ਕਰਨ ਦੀ ਸਹਾਇਤਾ ਦਿੰਦੇ ਹਨ ਕਿ ਦਿਨ-ਦਿਹਾਰ ਅਤੇ ਰਿਵਾਜ ਪਰਮੇਸ਼ੁਰ ਨੂੰ ਪ੍ਰਸੰਨ ਕਰਦੇ ਹਨ ਜਾਂ ਨਹੀਂ?

16 ਸਾਨੂੰ ਇਹ ਜ਼ਰੂਰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਧਾਰਮਿਕ ਦਿਨ-ਦਿਹਾਰਾਂ ਅਤੇ ਦੂਜਿਆਂ ਰਿਵਾਜਾਂ ਤੋਂ ਦੂਰ ਰਹੀਏ ਜੋ ਪਰਮੇਸ਼ੁਰ ਦੇ ਸਿਧਾਂਤਾਂ ਦੀ ਉਲੰਘਣਾ ਕਰਦੇ ਹਨ। (1 ਥੱਸਲੁਨੀਕੀਆਂ 5:21) ਉਦਾਹਰਣ ਦੇ ਲਈ, ਯਿਸੂ ਨੇ ਆਪਣੇ ਅਨੁਯਾਈਆਂ ਬਾਰੇ ਕਿਹਾ: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰਨਾ 17:16) ਕੀ ਤੁਹਾਡਾ ਧਰਮ ਅਜਿਹੀਆਂ ਰੀਤਾਂ ਅਤੇ ਦਿਨ-ਦਿਹਾਰਾਂ ਵਿਚ ਅੰਤਰਗ੍ਰਸਤ ਹੈ ਜੋ ਇਸ ਸੰਸਾਰ ਦਿਆਂ ਮਾਮਲਿਆਂ ਦੇ ਪ੍ਰਤੀ ਨਿਰਪੱਖਤਾ ਦੇ ਸਿਧਾਂਤ ਦੀ ਉਲੰਘਣਾ ਕਰਦੇ ਹਨ? ਜਾਂ ਕੀ ਤੁਹਾਡੇ ਧਰਮ ਦੇ ਅਨੁਯਾਈ ਉਨ੍ਹਾਂ ਰਿਵਾਜਾਂ ਅਤੇ ਤਿਉਹਾਰਾਂ ਵਿਚ ਸਾਂਝੇ ਹੁੰਦੇ ਹਨ ਜਿਸ ਵਿਚ ਸ਼ਾਇਦ ਅਜਿਹਾ ਆਚਰਣ ਸ਼ਾਮਲ ਹੋਵੇ ਜੋ ਰਸੂਲ ਪਤਰਸ ਦੇ ਵਰਣਨ ਨਾਲ ਮੇਲ ਰੱਖਦਾ ਹੈ? ਉਸ ਨੇ ਲਿਖਿਆ: “ਬੀਤਿਆ ਹੋਇਆ ਸਮਾ ਪਰਾਈਆਂ ਕੌਮਾਂ ਦੀ ਮਨਸ਼ਾ ਪੂਰੀ ਕਰਨ ਨੂੰ ਬਥੇਰਾ ਸੀ ਜਦੋਂ ਅਸੀਂ ਲੁੱਚਪੁਣਿਆਂ, ਕਾਮਨਾਂ, ਸ਼ਰਾਬ ਪੀਣ, ਨਾਚ ਰੰਗਾਂ, ਨਸ਼ੇ ਬਾਜ਼ੀਆਂ ਅਤੇ ਘਿਣਾਉਣੀਆਂ ਮੂਰਤੀ ਪੂਜਾਂ ਵਿੱਚ ਚੱਲਦੇ ਸਾਂ।”—1 ਪਤਰਸ 4:3.

17. ਸਾਨੂੰ ਅਜਿਹੀ ਕਿਸੇ ਵੀ ਚੀਜ਼ ਤੋਂ ਕਿਉਂ ਦੂਰ ਰਹਿਣਾ ਚਾਹੀਦਾ ਹੈ ਜੋ ਜਗਤ ਦੀ ਆਤਮਾ ਨੂੰ ਪ੍ਰਤਿਬਿੰਬਤ ਕਰਦੀ ਹੈ?

17 ਰਸੂਲ ਯੂਹੰਨਾ ਨੇ ਉਨ੍ਹਾਂ ਅਭਿਆਸਾਂ ਤੋਂ ਦੂਰ ਰਹਿਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਜੋ ਸਾਡੇ ਆਲੇ-ਦੁਆਲੇ ਅਧਰਮੀ ਜਗਤ ਦੀ ਆਤਮਾ ਨੂੰ ਪ੍ਰਤਿਬਿੰਬਤ ਕਰਦੇ ਹਨ। ਯੂਹੰਨਾ ਨੇ ਲਿਖਿਆ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। ਅਤੇ ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:15-17) ਕੀ ਤੁਸੀਂ ਧਿਆਨ ਦਿੱਤਾ ਕਿ ਜੋ “ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ” ਉਹ ਸਦਾ ਦੇ ਲਈ ਜੀਉਂਦਾ ਰਹੇਗਾ? ਜੀ ਹਾਂ, ਜੇਕਰ ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਾਂਗੇ ਅਤੇ ਉਨ੍ਹਾਂ ਕੰਮਾਂ ਤੋਂ ਦੂਰ ਰਹਾਂਗੇ ਜੋ ਇਸ ਸੰਸਾਰ ਦੀ ਆਤਮਾ ਨੂੰ ਪ੍ਰਤਿ­ਬਿੰਬਤ ਕਰਦੇ ਹਨ, ਤਾਂ ਅਸੀਂ ਸਦੀਪਕ ਜੀਵਨ ਦੀ ਉਮੀਦ ਰੱਖ ਸਕਦੇ ਹਾਂ!

ਪਰਮੇਸ਼ੁਰ ਦੇ ਉੱਚ ਮਿਆਰਾਂ ਨੂੰ ਕਾਇਮ ਰੱਖੋ

18. ਕਈ ਕੁਰਿੰਥੀ ਲੋਕ ਆਚਰਣ ਬਾਰੇ ਕਿਵੇਂ ਗ਼ਲਤ ਵਿਚਾਰ ਰੱਖਦੇ ਸਨ, ਅਤੇ ਸਾਨੂੰ ਇਸ ਤੋਂ ਕੀ ਸਿੱਖਣਾ ਚਾਹੀਦਾ ਹੈ?

18 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਆਪਣੇ ਉਪਾਸਕਾਂ ਦੇ ਤੌਰ ਤੇ ਚਾਹੁੰਦਾ ਹੈ ਜੋ ਉਸ ਦੇ ਉੱਚ ਨੈਤਿਕ ਮਿਆਰਾਂ ਦੇ ਅਨੁਸਾਰ ਚੱਲਦੇ ਹਨ। ਪ੍ਰਾਚੀਨ ਕੁਰਿੰਥੁਸ ਵਿਚ ਕੁਝ ਵਿਅਕਤੀ ਗ਼ਲਤੀ ਨਾਲ ਸੋਚਦੇ ਸਨ ਕਿ ਪਰਮੇਸ਼ੁਰ ਅਨੈਤਿਕ ਵਿਵਹਾਰ ਨੂੰ ਬਰਦਾਸ਼ਤ ਕਰੇਗਾ। ਅਸੀਂ 1 ਕੁਰਿੰਥੀਆਂ 6:9, 10 ਨੂੰ ਪੜ੍ਹ ਕੇ ਇਹ ਦੇਖ ਸਕਦੇ ਹਾਂ ਕਿ ਉਹ ਕਿੰਨੇ ਗ਼ਲਤ ਸਨ। ਜੇਕਰ ਅਸੀਂ ਪਰਮੇਸ਼ੁਰ ਦੀ ਉਪਾਸਨਾ ਮਨਜ਼ੂਰਯੋਗ ਤਰੀਕੇ ਦੇ ਨਾਲ ਕਰਨੀ ਹੈ, ਤਾਂ ਸਾਨੂੰ ਸ਼ਬਦਾਂ ਅਤੇ ਕਾਰਜਾਂ ਦੋਹਾਂ ਵਿਚ ਉਸ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ। ਕੀ ਤੁਹਾਡੀ ਉਪਾਸਨਾ ਦਾ ਤਰੀਕਾ ਤੁਹਾਨੂੰ ਇਹ ਕਰਨ ਦੇ ਯੋਗ ਕਰਦਾ ਹੈ?—ਮੱਤੀ 15:8; 23:1-3.

19. ਸੱਚੀ ਉਪਾਸਨਾ ਦੂਜਿਆਂ ਦੇ ਨਾਲ ਸਾਡੇ ਵਰਤਾਉ ਉੱਤੇ ਕਿਵੇਂ ਅਸਰ ਪਾਉਂਦੀ ਹੈ?

19 ਦੂਜੇ ਲੋਕਾਂ ਦੇ ਨਾਲ ਸਾਡੇ ਵਰਤਾਉ ਨੂੰ ਵੀ ਪਰਮੇਸ਼ੁਰ ਦੇ ਮਿਆਰਾਂ ਨੂੰ ਪ੍ਰਤਿਬਿੰਬਤ ਕਰਨਾ ਚਾਹੀਦਾ ਹੈ। ਯਿਸੂ ਮਸੀਹ ਨੇ ਸਾਨੂੰ ਦੂਜਿਆਂ ਦੇ ਨਾਲ ਉਸ ਤਰ੍ਹਾਂ ਦਾ ਵਰਤਾਉ ਕਰਨ ਲਈ ਉਤਸ਼ਾਹਿਤ ਕੀਤਾ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਵਰਤਾਉ ਕਰਨ, ਕਿਉਂਕਿ ਇਹ ਸੱਚੀ ਉਪਾਸਨਾ ਦਾ ਹਿੱਸਾ ਹੈ। (ਮੱਤੀ 7:12) ਧਿਆਨ ਦਿਓ ਕਿ ਉਸ ਨੇ ਭਰਾਵਾਂ ਵਾਲਾ ਪ੍ਰੇਮ ਦਿਖਾਉਣ ਬਾਰੇ ਵੀ ਕੀ ਕਿਹਾ ਸੀ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਯਿਸੂ ਦੇ ਚੇਲਿਆਂ ਲਈ ਆਪਸ ਵਿਚ ਪ੍ਰੇਮ ਰੱਖਣਾ ਲਾਜ਼ਮੀ ਹੈ ਅਤੇ ਸੰਗੀ ਉਪਾਸਕਾਂ ਅਤੇ ਦੂਜਿਆਂ ਦੇ ਪ੍ਰਤੀ ਉਹ ਕਰਨਾ ਚਾਹੀਦਾ ਹੈ ਜੋ ਭਲਾ ਹੈ।—ਗਲਾਤੀਆਂ 6:10.

ਪੂਰੇ ਪ੍ਰਾਣ ਨਾਲ ਉਪਾਸਨਾ

20, 21. (ੳ) ਪਰਮੇਸ਼ੁਰ ਕਿਸ ਤਰ੍ਹਾਂ ਦੀ ਉਪਾਸਨਾ ਦੀ ਮੰਗ ਕਰਦਾ ਹੈ? (ਅ) ਮਲਾਕੀ ਦੇ ਦਿਨਾਂ ਵਿਚ ਯਹੋਵਾਹ ਨੇ ਇਸਰਾਏਲ ਦੀ ਉਪਾਸਨਾ ਨੂੰ ਕਿਉਂ ਰੱਦ ਕੀਤਾ?

20 ਆਪਣੇ ਦਿਲ ਵਿਚ, ਤੁਸੀਂ ਸ਼ਾਇਦ ਪਰਮੇਸ਼ੁਰ ਦੀ ਉਪਾਸਨਾ ਮਨਜ਼ੂਰ ਯੋਗ ਤਰੀਕੇ ਨਾਲ ਕਰਨਾ ਚਾਹੁੰਦੇ ਹੋ। ਜੇਕਰ ਇਹ ਹੈ, ਤਾਂ ਉਪਾਸਨਾ ਦੇ ਸੰਬੰਧ ਵਿਚ ਤੁਹਾਡਾ ਯਹੋਵਾਹ ਵਰਗਾ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ। ਚੇਲੇ ਯਾਕੂਬ ਨੇ ਜ਼ੋਰ ਦਿੱਤਾ ਕਿ ਪਰਮੇਸ਼ੁਰ ਦਾ ਦ੍ਰਿਸ਼ਟੀਕੋਣ ਮਹੱਤਵਪੂਰਣ ਹੈ, ਨਾ ਕਿ ਸਾਡਾ ਆਪਣਾ। ਯਾਕੂਬ ਨੇ ਕਿਹਾ: “ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ।” (ਯਾਕੂਬ 1:27) ਪਰਮੇਸ਼ੁਰ ਨੂੰ ਪ੍ਰਸੰਨ ਕਰਨ ਦੀ ਇੱਛਾ ਦੇ ਨਾਲ, ਸਾਡੇ ਵਿੱਚੋਂ ਹਰ ਇਕ ਵਿਅਕਤੀ ਨੂੰ ਇਹ ਨਿਸ਼ਚਿਤ ਕਰਨ ਲਈ ਆਪਣੀ ਉਪਾਸਨਾ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਅਧਰਮੀ ਅਭਿਆਸਾਂ ਦੁਆਰਾ ਮਲੀਨ ਨਾ ਹੋਵੇ ਅਤੇ ਕਿ ਅਸੀਂ ਅਜਿਹੀ ਕਿਸੇ ਚੀਜ਼ ਨੂੰ ਨਜ਼ਰਅੰਦਾਜ਼ ਨਹੀਂ ਕਰ ਰਹੇ ਹਾਂ ਜਿਸ ਨੂੰ ਉਹ ਅਤਿ-ਮਹੱਤਵਪੂਰਣ ਸਮਝਦਾ ਹੈ।—ਯਾਕੂਬ 1:26.

21 ਯਹੋਵਾਹ ਨੂੰ ਕੇਵਲ ਸ਼ੁੱਧ ਅਤੇ ਪੂਰੇ ਪ੍ਰਾਣ ਨਾਲ ਕੀਤੀ ਗਈ ਉਪਾਸਨਾ ਪ੍ਰਸੰਨ ਕਰਦੀ ਹੈ। (ਮੱਤੀ 22:37; ਕੁਲੁੱਸੀਆਂ 3:23) ਜਦੋਂ ਇਸਰਾਏਲ ਕੌਮ ਨੇ ਪਰਮੇਸ਼ੁਰ ਨੂੰ ਇਸ ਤੋਂ ਘੱਟ ਦਿੱਤਾ, ਤਾਂ ਉਸ ਨੇ ਕਿਹਾ: “ਪੁੱਤ੍ਰ ਆਪਣੇ ਪਿਤਾ ਦਾ ਅਤੇ ਦਾਸ ਆਪਣੇ ਸੁਆਮੀ ਦਾ ਆਦਰ ਕਰਦਾ ਹੈ। ਜੇ ਮੈਂ ਪਿਤਾ ਹਾਂ ਤਾਂ ਮੇਰਾ ਆਦਰ ਕਿੱਥੇ ਅਤੇ ਜੇ ਮੈਂ ਸੁਆਮੀ ਹਾਂ ਤਾਂ ਮੇਰਾ ਭੈ ਕਿੱਥੇ?” ਉਹ ਪਰਮੇਸ਼ੁਰ ਨੂੰ ਅੰਨ੍ਹੇ, ਲੰਙੇ, ਅਤੇ ਬੀਮਾਰ ਪਸ਼ੂ ਬਲੀਦਾਨ ਕਰ ਕੇ ਨਾਰਾਜ਼ ਕਰ ਰਹੇ ਸਨ, ਅਤੇ ਉਸ ਨੇ ਉਪਾਸਨਾ ਦਿਆਂ ਅਜਿਹਿਆਂ ਕੰਮਾਂ ਨੂੰ ਰੱਦ ਕੀਤਾ। (ਮਲਾਕੀ 1:6-8) ਯਹੋਵਾਹ ਸਭ ਤੋਂ ਸ਼ੁੱਧ ਪ੍ਰਕਾਰ ਦੀ ਉਪਾਸਨਾ ਦੇ ਯੋਗ ਹੈ ਅਤੇ ਕੇਵਲ ਅਣਵੰਡੀ ਭਗਤੀ ਹੀ ਸਵੀਕਾਰ ਕਰਦਾ ਹੈ।—ਕੂਚ 20:5; ਕਹਾਉਤਾਂ 3:9; ਪਰਕਾਸ਼ ਦੀ ਪੋਥੀ 4:11.

22. ਜੇਕਰ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀ ਉਪਾਸਨਾ ਨੂੰ ਸਵੀਕਾਰ ਕਰੇ, ਤਾਂ ਅਸੀਂ ਕਿਸ ਚੀਜ਼ ਤੋਂ ਦੂਰ ਰਹਾਂਗੇ, ਅਤੇ ਅਸੀਂ ਕੀ ਕਰਾਂਗੇ?

22 ਉਹ ਸਾਮਰੀ ਔਰਤ ਜਿਸ ਨੇ ਯਿਸੂ ਦੇ ਨਾਲ ਗੱਲ ਕੀਤੀ, ਜ਼ਾਹਰ ਤੌਰ ਤੇ ਈਸ਼ਵਰੀ ਰੂਪ ਵਿਚ ਮਨਜ਼ੂਰ ਤਰੀਕੇ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਨ ਵਿਚ ਦਿਲਚਸਪੀ ਰੱਖਦੀ ਸੀ। ਜੇਕਰ ਇਹ ਸਾਡੀ ਇੱਛਾ ਹੈ, ਤਾਂ ਅਸੀਂ ਸਾਰੀਆਂ ਮਲੀਨ ਕਰਨ ਵਾਲੀਆਂ ਸਿੱਖਿਆਵਾਂ ਅਤੇ ਅਭਿਆਸਾਂ ਤੋਂ ਦੂਰ ਰਹਾਂਗੇ। (2 ਕੁਰਿੰਥੀਆਂ 6:14-18) ਇਸ ਦੀ ਬਜਾਇ, ਅਸੀਂ ਪਰਮੇਸ਼ੁਰ ਦਾ ਯਥਾਰਥ-ਗਿਆਨ ਹਾਸਲ ਕਰਨ ਲਈ ਅਤੇ ਉਸ ਦੀ ਮਰਜ਼ੀ ਪੂਰੀ ਕਰਨ ਲਈ ਜਤਨ ਕਰਾਂਗੇ। ਅਸੀਂ ਮਨਜ਼ੂਰਯੋਗ ਉਪਾਸਨਾ ਲਈ ਉਸ ਦੀਆਂ ਮੰਗਾਂ ਦੀ ਨਜ਼ਦੀਕ ਤੌਰ ਤੇ ਪਾਲਣਾ ਕਰਾਂਗੇ। (1 ਤਿਮੋਥਿਉਸ 2:3, 4) ਯਹੋਵਾਹ ਦੇ ਗਵਾਹ ਇਹੋ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਉਹ ਤੁਹਾਨੂੰ ਨਿੱਘ ਨਾਲ ਉਤਸ਼ਾਹਿਤ ਕਰਦੇ ਹਨ ਕਿ ਤੁਸੀਂ “ਆਤਮਾ ਅਤੇ ਸਚਿਆਈ ਨਾਲ” ਪਰਮੇਸ਼ੁਰ ਦੀ ਉਪਾਸਨਾ ਕਰਨ ਵਿਚ ਉਨ੍ਹਾਂ ਦੇ ਨਾਲ ਸ਼ਾਮਲ ਹੋਵੋ। (ਯੂਹੰਨਾ 4:24) ਯਿਸੂ ਨੇ ਕਿਹਾ: “ਪਿਤਾ ਏਹੋ ਜੇਹੇ ਭਗਤਾਂ ਨੂੰ ਚਾਹੁੰਦਾ ਹੈ।” (ਯੂਹੰਨਾ 4:23) ਉਮੀਦ ਹੈ ਕਿ ਤੁਸੀਂ ਇਕ ਅਜਿਹੇ ਹੀ ਵਿਅਕਤੀ ਹੋ। ਉਸ ਸਾਮਰੀ ਔਰਤ ਦੇ ਵਾਂਗ, ਨਿਰਸੰਦੇਹ ਤੁਸੀਂ ਸਦੀਪਕ ਜੀਵਨ ਹਾਸਲ ਕਰਨਾ ਚਾਹੁੰਦੇ ਹੋ। (ਯੂਹੰਨਾ 4:13-15) ਪਰੰਤੂ ਤੁਸੀਂ ਲੋਕਾਂ ਨੂੰ ਬੁੱਢੇ ਹੋ ਕੇ ਮਰਦੇ ਦੇਖਦੇ ਹੋ। ਅਗਲਾ ਅਧਿਆਇ ਵਿਆਖਿਆ ਕਰਦਾ ਹੈ ਕਿ ਇਹ ਕਿਉਂ ਹੁੰਦਾ ਹੈ।

ਆਪਣੇ ਗਿਆਨ ਨੂੰ ਪਰਖੋ

ਜਿਵੇਂ ਯੂਹੰਨਾ 4:23, 24 ਵਿਚ ਦਿਖਾਇਆ ਗਿਆ ਹੈ, ਪਰਮੇਸ਼ੁਰ ਕਿਹੜੀ ਉਪਾਸਨਾ ਸਵੀਕਾਰ ਕਰਦਾ ਹੈ?

ਅਸੀਂ ਕਿਸ ਤਰ੍ਹਾਂ ਨਿਸ਼ਚਿਤ ਕਰ ਸਕਦੇ ਹਾਂ ਕਿ ਪਰਮੇਸ਼ੁਰ ਖ਼ਾਸ ਰਿਵਾਜਾਂ ਅਤੇ ਦਿਨ-ਦਿਹਾਰਾਂ ਦੇ ਨਾਲ ਪ੍ਰਸੰਨ ਹੈ ਜਾਂ ਨਹੀਂ?

ਮਨਜ਼ੂਰਯੋਗ ਉਪਾਸਨਾ ਦੀਆਂ ਕੁਝ ਮੰਗਾਂ ਕੀ ਹਨ?

[ਸਵਾਲ]

[ਪੂਰੇ ਸਫ਼ੇ 44 ਉੱਤੇ ਤਸਵੀਰ]