ਕੌਣ ਸਾਨੂੰ ਸੱਚੀ ਉਮੀਦ ਦੇ ਸਕਦਾ ਹੈ?
ਕੌਣ ਸਾਨੂੰ ਸੱਚੀ ਉਮੀਦ ਦੇ ਸਕਦਾ ਹੈ?
ਤੁਹਾਡੀ ਘੜੀ ਖ਼ਰਾਬ ਹੋ ਗਈ ਹੈ। ਇਸ ਨੂੰ ਠੀਕ ਕਰਾਉਣ ਲਈ ਤੁਸੀਂ ਬਾਜ਼ਾਰ ਜਾਂਦੇ ਹੋ। ਪਰ ਬਾਜ਼ਾਰ ਵਿਚ ਘੜੀਆਂ ਠੀਕ ਕਰਨ ਵਾਲੀਆਂ ਬਹੁਤ ਸਾਰੀਆਂ ਦੁਕਾਨਾਂ ਹਨ। ਹਰ ਦੁਕਾਨਦਾਰ ਕਹਿੰਦਾ ਹੈ ਕਿ ਉਹ ਤੁਹਾਡੀ ਘੜੀ ਠੀਕ ਕਰ ਸਕਦਾ ਹੈ। ਕੋਈ ਕਹਿੰਦਾ ਹੈ ਇਸ ਵਿਚ ਇਹ ਖ਼ਰਾਬੀ ਹੈ ਤੇ ਕੋਈ ਕੁਝ ਹੋਰ ਕਹਿੰਦਾ ਹੈ। ਤੁਹਾਨੂੰ ਸਮਝ ਨਹੀਂ ਆਉਂਦਾ ਕਿ ਤੁਹਾਨੂੰ ਕਿਸ ਦੁਕਾਨ ਵਿਚ ਜਾਣਾ ਚਾਹੀਦਾ ਹੈ। ਪਰ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਕਾਫ਼ੀ ਸਾਲ ਪਹਿਲਾਂ ਜਿਸ ਆਦਮੀ ਨੇ ਇਹ ਘੜੀ ਬਣਾਈ ਸੀ, ਉਹ ਤੁਹਾਡਾ ਗੁਆਂਢੀ ਹੀ ਹੈ। ਤੁਸੀਂ ਉਸ ਨਾਲ ਗੱਲ ਕਰਦੇ ਹੋ ਅਤੇ ਉਹ ਤੁਹਾਡੀ ਘੜੀ ਠੀਕ ਕਰਨ ਲਈ ਤਿਆਰ ਹੋ ਜਾਂਦਾ ਹੈ, ਉਹ ਵੀ ਬਿਨਾਂ ਕੋਈ ਪੈਸਾ ਲਏ। ਬਿਨਾਂ ਸ਼ੱਕ, ਤੁਸੀਂ ਉਸ ਕੋਲੋਂ ਹੀ ਆਪਣੀ ਘੜੀ ਠੀਕ ਕਰਾਓਗੇ। ਹੈ ਨਾ?
ਜੇ ਘੜੀ ਖ਼ਰਾਬ ਹੋ ਜਾਵੇ, ਤਾਂ ਤੁਸੀਂ ਉਸ ਨੂੰ ਠੀਕ ਕਰਵਾ ਲਵੋਗੇ। ਪਰ ਜੇ ਕਿਸੇ ਕਾਰਨ ਕਰਕੇ ਤੁਸੀਂ ਉਮੀਦ ਗੁਆ ਬੈਠਦੇ ਹੋ, ਤਾਂ ਫਿਰ ਤੁਸੀਂ ਕਿਸ ਦੀ ਮਦਦ ਲਵੋਗੇ? ਹਰ ਕੋਈ ਤੁਹਾਨੂੰ ਆਪਣੀਆਂ ਸਲਾਹਾਂ ਦਿੰਦਾ ਹੈ। ਕੋਈ ਤੁਹਾਨੂੰ ਕਹਿੰਦਾ ਹੈ ਇੱਦਾਂ ਕਰ, ਪਰ ਦੂਸਰਾ ਤੁਹਾਨੂੰ ਕਹਿੰਦਾ ਹੈ ਕਿ ਇੱਦਾਂ ਬਿਲਕੁਲ ਨਾ ਕਰੀਂ। ਤੁਹਾਨੂੰ ਸਮਝ ਨਹੀਂ ਆਉਂਦਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ, ਕਿਸ ਦੀ ਸਲਾਹ ਮੰਨਣੀ ਚਾਹੀਦੀ ਤੇ ਕਿਸ ਦੀ ਨਹੀਂ। ਕੀ ਤੁਹਾਨੂੰ ਨਹੀਂ ਲੱਗਦਾ ਕਿ ਅਜਿਹੇ ਹਾਲਾਤ ਵਿਚ ਸਾਨੂੰ ਬਣਾਉਣ ਵਾਲਾ ਹੀ ਸਭ ਤੋਂ ਵਧੀਆ ਸਲਾਹ ਤੇ ਉਮੀਦ ਦੇ ਸਕਦਾ ਹੈ? ਬਾਈਬਲ ਵਿਚ ਲਿਖਿਆ ਹੈ ਕਿ “ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।”—ਰਸੂਲਾਂ ਦੇ ਕੰਮ 17:27; 1 ਪਤਰਸ 5:7.
ਉਮੀਦ ਰੱਖਣ ਦਾ ਕੀ ਮਤਲਬ ਹੈ
ਉਮੀਦ ਬਾਰੇ ਅੱਜ-ਕੱਲ੍ਹ ਦੇ ਡਾਕਟਰਾਂ ਤੇ ਵਿਗਿਆਨੀਆਂ ਦੀ ਰਾਇ ਬਾਈਬਲ ਤੋਂ ਬਹੁਤ ਵੱਖਰੀ ਹੈ। ਉਮੀਦ ਜਾਂ ਆਸ ਰੱਖਣ ਵਿਚ ਦੋ ਗੱਲਾਂ ਸ਼ਾਮਲ ਹਨ। ਪਹਿਲੀ, ਕੁਝ ਚੰਗਾ ਹੋਣ ਦੀ ਇੱਛਾ ਰੱਖਣੀ ਤੇ ਦੂਸਰੀ, ਉਸ ਗੱਲ ’ਤੇ ਯਕੀਨ ਕਰਨ ਦਾ ਕੋਈ ਠੋਸ ਕਾਰਨ ਹੋਣਾ। ਬਾਈਬਲ ਵਿਚ ਜਿਸ ਉਮੀਦ ਬਾਰੇ ਦੱਸਿਆ ਗਿਆ ਹੈ, ਉਹ ਕੋਈ ਕਲਪਨਾ ਨਹੀਂ ਹੈ। ਇਸ ਉਮੀਦ ’ਤੇ ਵਿਸ਼ਵਾਸ ਕਰਨ ਦੇ ਠੋਸ ਕਾਰਨ ਹਨ।
ਦੇਖਿਆ ਜਾਵੇ ਤਾਂ ਉਮੀਦ ਰੱਖਣੀ ਨਿਹਚਾ ਕਰਨ ਵਾਂਗ ਹੈ। ਜਿਵੇਂ ਕਿਸੇ ਗੱਲ ’ਤੇ ਯਕੀਨ ਕਰਨ ਲਈ ਕੋਈ ਠੋਸ ਕਾਰਨ ਹੋਣਾ ਚਾਹੀਦਾ ਹੈ, ਉਸੇ ਤਰ੍ਹਾਂ ਉਮੀਦ ਰੱਖਣ ਲਈ ਵੀ ਕਿਸੇ ਠੋਸ ਕਾਰਨ ਦੀ ਲੋੜ ਹੈ। (ਇਬਰਾਨੀਆਂ 11:1) ਪਰ ਬਾਈਬਲ ਨਿਹਚਾ ਅਤੇ ਉਮੀਦ ਵਿਚ ਫ਼ਰਕ ਸਮਝਾਉਂਦੀ ਹੈ।—1 ਕੁਰਿੰਥੀਆਂ 13:13.
ਇਸ ਨੂੰ ਸਮਝਣ ਲਈ ਜ਼ਰਾ ਸੋਚੋ ਕਿ ਤੁਸੀਂ ਆਪਣੇ ਚੰਗੇ ਦੋਸਤ ਤੋਂ ਕੋਈ ਮਦਦ ਮੰਗਦੇ ਹੋ, ਤੁਹਾਨੂੰ ਉਸ ’ਤੇ ਪੂਰਾ ਭਰੋਸਾ ਹੈ। ਇਸ ਲਈ ਤੁਹਾਨੂੰ ਉਸ ਤੋਂ ਉਮੀਦ ਹੈ ਕਿ ਉਹ ਤੁਹਾਡੀ ਮਦਦ ਜ਼ਰੂਰ ਕਰੇਗਾ। ਤੁਸੀਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਉਹ ਬਹੁਤ ਖੁੱਲ੍ਹੇ ਦਿਲ ਵਾਲਾ ਹੈ। ਉਸ ਨੇ ਪਹਿਲਾਂ ਵੀ ਤੁਹਾਡੀ ਮਦਦ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਜਿਸ ’ਤੇ ਭਰੋਸਾ ਹੁੰਦਾ ਹੈ, ਉਸੇ ਤੋਂ ਉਮੀਦ ਰੱਖੀ ਜਾਂਦੀ ਹੈ। ਨਾਲੇ ਜੇ ਸਾਡੇ ਕੋਲ ਕੋਈ ਠੋਸ ਕਾਰਨ ਹੋਵੇ, ਤਾਂ ਹੀ ਅਸੀਂ ਕਿਸੇ ਤੋਂ ਉਮੀਦ ਰੱਖਦੇ ਹਾਂ ਜਾਂ ਕਿਸੇ ’ਤੇ ਭਰੋਸਾ ਕਰਦੇ ਹਾਂ। ਪਰ ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਅਸੀਂ ਪਰਮੇਸ਼ੁਰ ਤੋਂ ਇੱਦਾਂ ਦੀ ਉਮੀਦ ਰੱਖ ਸਕਦੇ ਹਾਂ? ਜੇ ਹਾਂ, ਤਾਂ ਕਿਉਂ?
ਉਮੀਦ ਰੱਖਣ ਦੇ ਕਾਰਨ
ਅਸੀਂ ਪਰਮੇਸ਼ੁਰ ’ਤੇ ਆਸ ਰੱਖ ਸਕਦੇ ਹਾਂ। ਉਹ ਆਪਣੇ ਸਾਰੇ ਵਾਅਦੇ ਪੂਰੇ ਕਰਦਾ ਹੈ। ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਲੋਕ ਯਾਨੀ ਇਜ਼ਰਾਈਲੀ ਵੀ ਉਸੇ ’ਤੇ ਆਸ ਰੱਖਦੇ ਸਨ। ਬਾਈਬਲ ਵਿਚ ਯਹੋਵਾਹ ਨੂੰ “ਇਜ਼ਰਾਈਲ ਦੀ ਆਸ” ਵੀ ਕਿਹਾ ਗਿਆ ਹੈ। (ਯਿਰਮਿਯਾਹ 14:8) ਇਜ਼ਰਾਈਲੀਆਂ ਨੂੰ ਯਹੋਵਾਹ ’ਤੇ ਪੂਰਾ ਭਰੋਸਾ ਸੀ। ਇਸੇ ਲਈ ਇਜ਼ਰਾਈਲੀਆਂ ਦੇ ਆਗੂ ਯਹੋਸ਼ੁਆ ਨੇ ਇਕ ਵਾਰ ਕਿਹਾ, ਤੁਸੀਂ “ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਨਾਲ ਜਿਹੜੇ ਵਾਅਦੇ ਕੀਤੇ ਹਨ, ਉਨ੍ਹਾਂ ਸਾਰੇ ਚੰਗੇ ਵਾਅਦਿਆਂ ਦਾ ਇਕ ਵੀ ਸ਼ਬਦ ਅਜਿਹਾ ਨਹੀਂ ਜੋ ਪੂਰਾ ਨਾ ਹੋਇਆ ਹੋਵੇ।”—ਯਹੋਸ਼ੁਆ 23:14.
ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਕਿਹੜੇ ਵਾਅਦੇ ਕੀਤੇ ਸਨ ਅਤੇ ਉਹ ਵਾਅਦੇ ਕਿਵੇਂ ਪੂਰੇ ਹੋਏ। ਕਈ ਵਾਰ ਤਾਂ ਉਸ ਦੇ ਵਾਅਦੇ ਇਸ ਤਰ੍ਹਾਂ ਲਿਖੇ ਗਏ ਸਨ ਜਿਵੇਂ ਉਹ ਪਹਿਲਾਂ ਹੀ ਪੂਰੇ ਹੋ ਚੁੱਕੇ ਹੋਣ।
ਇਸ ਕਰਕੇ ਅੱਜ ਅਸੀਂ ਵੀ ਪਰਮੇਸ਼ੁਰ ਦੇ ਵਾਅਦਿਆਂ ’ਤੇ ਭਰੋਸਾ ਰੱਖ ਸਕਦੇ ਹਾਂ। ਬਾਈਬਲ ਵਿਚ ਲਿਖੇ ਸਾਰੇ ਵਾਅਦੇ ਪੂਰੇ ਹੋਣਗੇ, ਇਸ ਲਈ ਸਾਨੂੰ ਇਸ ਤੋਂ ਉਮੀਦ ਮਿਲਦੀ ਹੈ। ਜਦੋਂ ਤੁਸੀਂ ਬਾਈਬਲ ਵਿੱਚੋਂ ਪੜ੍ਹੋਗੇ ਕਿ ਯਹੋਵਾਹ ਆਪਣੇ ਲੋਕਾਂ ਨਾਲ ਕਿਵੇਂ ਪੇਸ਼ ਆਇਆ ਸੀ, ਤਾਂ ਤੁਹਾਡਾ ਉਸ ’ਤੇ ਭਰੋਸਾ ਵਧੇਗਾ ਅਤੇ ਤੁਹਾਨੂੰ ਪੱਕਾ ਯਕੀਨ ਹੋ ਜਾਵੇਗਾ ਕਿ ਉਸ ਦੇ ਸਾਰੇ ਵਾਅਦੇ ਪੂਰੇ ਹੋਣਗੇ। ਬਾਈਬਲ ਵਿਚ ਲਿਖਿਆ ਹੈ: “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਧਰਮ-ਗ੍ਰੰਥ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ ਅਤੇ ਇਸ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।”—ਰੋਮੀਆਂ 15:4.
ਪਰਮੇਸ਼ੁਰ ਤੋਂ ਮਿਲੀ ਇਕ ਉਮੀਦ
ਜਦੋਂ ਸਾਡਾ ਕੋਈ ਪਿਆਰਾ ਮੌਤ ਦੀ ਨੀਂਦ ਸੌ ਜਾਂਦਾ ਹੈ, ਉਦੋਂ ਸਾਨੂੰ ਉਮੀਦ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ। ਪਰ ਉਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ‘ਸਭ ਕੁਝ ਖ਼ਤਮ ਹੋ ਗਿਆ ਤੇ ਹੁਣ ਕੋਈ ਉਮੀਦ ਨਹੀਂ ਬਚੀ।’ ਉਨ੍ਹਾਂ ਨੂੰ ਇਹ ਇਸ ਲਈ ਲੱਗਦਾ ਹੈ ਕਿਉਂਕਿ ਅਸੀਂ ਚਾਹੇ ਲੱਖ ਕੋਸ਼ਿਸ਼ਾਂ ਵੀ ਕਿਉਂ ਨਾ ਕਰ ਲਈਏ, ਅਸੀਂ ਉਸ ਵਿਅਕਤੀ ਨੂੰ ਵਾਪਸ ਨਹੀਂ ਲਿਆ ਸਕਦੇ। ਨਾਲੇ ਇਕ ਨਾ ਇਕ ਦਿਨ ਸਾਨੂੰ ਸਾਰਿਆਂ ਨੂੰ ਮੌਤ ਦਾ ਸਾਮ੍ਹਣਾ ਕਰਨਾ ਪਵੇਗਾ। ਇਸੇ ਕਰਕੇ ਬਾਈਬਲ ਮੌਤ ਨੂੰ “ਆਖ਼ਰੀ ਦੁਸ਼ਮਣ” ਕਹਿੰਦੀ ਹੈ।—1 ਕੁਰਿੰਥੀਆਂ 15:26.
ਪਰ ਕੀ ਇਸ ਦਾ ਮਤਲਬ ਹੈ ਕਿ ਸਾਡੇ ਕੋਲ ਕੋਈ ਉਮੀਦ ਨਹੀਂ? ਨਹੀਂ, ਇੱਦਾਂ ਨਹੀਂ ਹੈ। ਬਾਈਬਲ ਵਿਚ ਲਿਖਿਆ ਹੈ ਕਿ ਆਖ਼ਰੀ ਦੁਸ਼ਮਣ ਮੌਤ ਨੂੰ ਵੀ “ਖ਼ਤਮ ਕਰ ਦਿੱਤਾ ਜਾਵੇਗਾ।” ਯਹੋਵਾਹ ਇਹ ਕਰਨ ਦੀ ਤਾਕਤ ਰੱਖਦਾ ਹੈ। ਉਸ ਨੇ ਕਈ ਵਾਰ ਮੌਤ ਦੀ ਨੀਂਦ ਸੌ ਚੁੱਕੇ ਲੋਕਾਂ ਨੂੰ ਜੀਉਂਦਾ ਕੀਤਾ ਹੈ। ਬਾਈਬਲ ਵਿਚ ਅਜਿਹੀਆਂ ਨੌਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਯਹੋਵਾਹ ਨੇ ਲੋਕਾਂ ਨੂੰ ਜੀਉਂਦਾ ਕੀਤਾ ਸੀ।
ਇਕ ਵਾਰ ਯਹੋਵਾਹ ਨੇ ਆਪਣੇ ਪੁੱਤਰ ਯਿਸੂ ਨੂੰ ਤਾਕਤ ਦਿੱਤੀ ਕਿ ਉਹ ਇਕ ਵਿਅਕਤੀ ਨੂੰ ਜੀਉਂਦਾ ਕਰੇ। ਉਹ ਵਿਅਕਤੀ ਯਿਸੂ ਦਾ ਦੋਸਤ ਲਾਜ਼ਰ ਸੀ, ਜਿਸ ਨੂੰ ਮਰਿਆਂ ਚਾਰ ਦਿਨ ਹੋ ਚੁੱਕੇ ਸਨ। ਯਿਸੂ ਨੇ ਇਕ ਵੱਡੀ ਭੀੜ ਦੇ ਸਾਮ੍ਹਣੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਸੀ।—ਯੂਹੰਨਾ 11:38-48, 53; 12:9, 10.
ਪਰ ਸ਼ਾਇਦ ਤੁਸੀਂ ਸੋਚੋ ਕਿ ਜਿਨ੍ਹਾਂ ਲੋਕਾਂ ਨੂੰ ਜੀਉਂਦਾ ਕੀਤਾ ਗਿਆ ਸੀ ਉਹ ਤਾਂ ਬੁੱਢੇ ਹੋ ਕੇ ਫਿਰ ਤੋਂ ਮਰ ਗਏ ਹੋਣੇ। ਉਨ੍ਹਾਂ ਨੂੰ ਜੀਉਂਦਾ ਕਰਨ ਦਾ ਫ਼ਾਇਦਾ ਕੀ ਹੋਇਆ? ਹਾਂ, ਇਹ ਸੱਚ ਹੈ ਕਿ ਉਹ ਦੁਬਾਰਾ ਮਰ ਗਏ। ਪਰ ਇਸ ਤੋਂ ਸਾਨੂੰ ਪੱਕਾ ਸਬੂਤ ਮਿਲਦਾ ਹੈ ਕਿ ਸਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਇਸ ਕਰਕੇ ਸਾਨੂੰ ਪੱਕੀ ਉਮੀਦ ਹੈ ਕਿ ਅਸੀਂ ਉਨ੍ਹਾਂ ਨੂੰ ਮਿਲ ਸਕਾਂਗੇ।
ਯਿਸੂ ਨੇ ਕਿਹਾ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ।” (ਯੂਹੰਨਾ 11:25) ਪਰਮੇਸ਼ੁਰ ਆਪਣੇ ਪੁੱਤਰ ਯਿਸੂ ਨੂੰ ਸਾਰੇ ਲੋਕਾਂ ਨੂੰ ਜੀਉਂਦਾ ਕਰਨ ਦੀ ਤਾਕਤ ਦੇਵੇਗਾ। ਬਾਈਬਲ ਵਿਚ ਲਿਖਿਆ ਹੈ: “ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਵਿਚ ਪਏ ਸਾਰੇ ਲੋਕ ਉਸ [ਮਸੀਹ] ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।” (ਯੂਹੰਨਾ 5:28, 29) ਸੋ ਅਸੀਂ ਇਸ ਗੱਲ ਦੀ ਉਮੀਦ ਰੱਖ ਸਕਦੇ ਹਾਂ ਕਿ ਮਰ ਚੁੱਕੇ ਲੋਕਾਂ ਨੂੰ ਇਸ ਧਰਤੀ ’ਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ।
ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਇਕ ਨਬੀ ਯਸਾਯਾਹ ਨੇ ਬਹੁਤ ਹੀ ਸੋਹਣੇ ਲਫ਼ਜ਼ਾਂ ਵਿਚ ਕਿਹਾ: “ਤੇਰੇ ਮੁਰਦੇ ਜੀਉਂਦੇ ਹੋਣਗੇ। ਮੇਰੀਆਂ ਲੋਥਾਂ ਉੱਠ ਖੜ੍ਹੀਆਂ ਹੋਣਗੀਆਂ। ਹੇ ਖ਼ਾਕ ਦੇ ਵਾਸੀਓ! ਜਾਗੋ ਅਤੇ ਖ਼ੁਸ਼ੀ ਨਾਲ ਜੈਕਾਰੇ ਲਾਓ ਕਿਉਂਕਿ ਤੇਰੀ ਤ੍ਰੇਲ ਸਵੇਰ ਦੀ ਤ੍ਰੇਲ ਵਰਗੀ ਹੈ ਅਤੇ ਧਰਤੀ ਮੌਤ ਦੇ ਹੱਥਾਂ ਵਿਚ ਬੇਬੱਸ ਪਏ ਲੋਕਾਂ ਨੂੰ ਮੋੜ ਦੇਵੇਗੀ ਕਿ ਉਨ੍ਹਾਂ ਨੂੰ ਜ਼ਿੰਦਗੀ ਮਿਲੇ।”—ਯਸਾਯਾਹ 26:19.
ਇਹ ਲਫ਼ਜ਼ ਪੜ੍ਹ ਕੇ ਕਿੰਨੀ ਤਸੱਲੀ ਮਿਲਦੀ ਹੈ। ਜਿਵੇਂ ਇਕ ਅਣਜੰਮਿਆ ਬੱਚਾ ਮਾਂ ਦੀ ਕੁੱਖ ਵਿਚ ਮਹਿਫੂਜ਼ ਰਹਿੰਦਾ ਹੈ, ਉਸੇ ਤਰ੍ਹਾਂ ਮਰੇ ਹੋਏ ਲੋਕ ਯਹੋਵਾਹ ਦੀ ਯਾਦਾਸ਼ਤ ਵਿਚ ਮਹਿਫੂਜ਼ ਹਨ। (ਲੂਕਾ 20:37, 38) ਬਹੁਤ ਜਲਦ ਯਹੋਵਾਹ ਉਨ੍ਹਾਂ ਨੂੰ ਇਸ ਖ਼ੂਬਸੂਰਤ ਧਰਤੀ ’ਤੇ ਜੀਉਂਦਾ ਕਰੇਗਾ ਤੇ ਉਨ੍ਹਾਂ ਦਾ ਪਰਿਵਾਰ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦਾ ਸੁਆਗਤ ਕਰੇਗਾ। ਕਿੰਨੀ ਹੀ ਵਧੀਆ ਉਮੀਦ!
ਉਮੀਦ ਹੋਣ ਕਰਕੇ ਅਸੀਂ ਧੀਰਜ ਰੱਖ ਪਾਉਂਦੇ ਹਾਂ
ਪਰਮੇਸ਼ੁਰ ਦੇ ਇਕ ਸੇਵਕ ਪੌਲੁਸ ਨੇ ਦੱਸਿਆ ਕਿ ਉਮੀਦ ਹੋਣੀ ਕਿੰਨੀ ਜ਼ਰੂਰੀ ਹੈ। ਉਸ ਨੇ ਕਿਹਾ ਕਿ ਉਮੀਦ ਇਕ ਟੋਪ ਜਾਂ ਹੈਲਮਟ ਵਾਂਗ ਹੈ। (1 ਥੱਸਲੁਨੀਕੀਆਂ 5:8) ਪੁਰਾਣੇ ਜ਼ਮਾਨੇ ਵਿਚ ਇਕ ਫ਼ੌਜੀ ਜਦੋਂ ਯੁੱਧ ਵਿਚ ਜਾਂਦਾ ਸੀ, ਤਾਂ ਉਹ ਆਪਣੇ ਸਿਰ ’ਤੇ ਧਾਤ ਦਾ ਬਣਿਆ ਇਕ ਟੋਪ ਪਾ ਕੇ ਜਾਂਦਾ ਸੀ। ਉਹ ਇਸ ਨੂੰ ਕੱਪੜੇ ਜਾਂ ਚਮੜੇ ਦੀ ਟੋਪੀ ਦੇ ਉੱਪਰ ਪਾਉਂਦਾ ਸੀ। ਟੋਪ ਦੀ ਮਦਦ ਨਾਲ ਉਹ ਸਿਰ ’ਤੇ ਹੁੰਦੇ ਕਿਸੇ ਵੀ ਹਮਲੇ ਦਾ ਸਾਮ੍ਹਣਾ ਕਰ ਸਕਦਾ ਸੀ ਅਤੇ ਉਸ ਨੂੰ ਜ਼ਿਆਦਾ ਸੱਟ ਨਹੀਂ ਸੀ ਲੱਗਦੀ। ਪੌਲੁਸ ਦੇ ਕਹਿਣ ਦਾ ਮਤਲਬ ਸੀ ਕਿ ਜਿਵੇਂ ਟੋਪ ਪਾਉਣ ਨਾਲ ਫ਼ੌਜੀ ਦੇ ਸਿਰ ਦੀ ਸੁਰੱਖਿਆ ਹੁੰਦੀ ਹੈ, ਉਸੇ ਤਰ੍ਹਾਂ ਉਮੀਦ ਕਰਨ ਨਾਲ ਸਾਡੇ ਮਨ ਦੀ ਰੱਖਿਆ ਹੁੰਦੀ ਹੈ। ਸਾਨੂੰ ਉਮੀਦ ਹੈ ਕਿ ਯਹੋਵਾਹ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ, ਇਸ ਕਰਕੇ ਅਸੀਂ ਮੁਸ਼ਕਲਾਂ ਆਉਣ ’ਤੇ ਨਿਰਾਸ਼ ਨਹੀਂ ਹੁੰਦੇ। ਸੱਚ-ਮੁੱਚ ਸਾਨੂੰ ਸਾਰਿਆਂ ਨੂੰ ਉਮੀਦ ਦੇ ਇਸ ਟੋਪ ਦੀ ਬਹੁਤ ਜ਼ਰੂਰਤ ਹੈ।
ਪੌਲੁਸ ਨੇ ਇਕ ਹੋਰ ਮਿਸਾਲ ਦੇ ਕੇ ਸਮਝਾਇਆ ਕਿ ਉਮੀਦ ਰੱਖਣੀ ਕਿੰਨੀ ਜ਼ਰੂਰੀ ਹੈ। ਉਸ ਨੇ ਲਿਖਿਆ: “ਇਹ ਉਮੀਦ ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਅਤੇ ਮਜ਼ਬੂਤ ਹੈ।” (ਇਬਰਾਨੀਆਂ 6:19) ਪੌਲੁਸ ਕਈ ਵਾਰ ਜਹਾਜ਼ ’ਤੇ ਸਫ਼ਰ ਕਰ ਚੁੱਕਾ ਸੀ। ਇਸ ਲਈ ਉਹ ਜਾਣਦਾ ਸੀ ਇਕ ਜਹਾਜ਼ ਲਈ ਲੰਗਰ ਕਿੰਨਾ ਜ਼ਰੂਰੀ ਹੁੰਦਾ ਹੈ। ਜਦ ਤੂਫ਼ਾਨ ਆਉਂਦਾ ਹੈ, ਤਾਂ ਜਹਾਜ਼ ਚਲਾਉਣ ਵਾਲੇ ਸਮੁੰਦਰ ਵਿਚ ਲੰਗਰ ਸੁੱਟ ਦਿੰਦੇ ਹਨ। ਜਿਸ ਕਰਕੇ ਜਹਾਜ਼ ਚਟਾਨ ਨਾਲ ਟਕਰਾ ਕੇ ਤਬਾਹ ਨਹੀਂ ਹੁੰਦਾ, ਸਗੋਂ ਆਪਣੀ ਜਗ੍ਹਾ ਟਿਕਿਆ ਰਹਿੰਦਾ ਹੈ।
ਪਰਮੇਸ਼ੁਰ ਨੇ ਸਾਨੂੰ ਭਵਿੱਖ ਲਈ ਜੋ “ਪੱਕੀ ਅਤੇ ਮਜ਼ਬੂਤ” ਉਮੀਦ ਦਿੱਤੀ ਹੈ, ਉਹ ਲੰਗਰ ਵਾਂਗ ਹੈ। ਇਹ ਮੁਸੀਬਤਾਂ ਦੇ ਤੂਫ਼ਾਨ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ। ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਬਹੁਤ ਜਲਦ ਇਸ ਦੁਨੀਆਂ ਤੋਂ ਯੁੱਧ, ਦੁੱਖ-ਤਕਲੀਫ਼ਾਂ, ਅਨਿਆਂ ਅਤੇ ਮੌਤ ਨੂੰ ਮਿਟਾ ਦੇਵੇਗਾ। (ਸਫ਼ਾ 10 ’ਤੇ ਡੱਬੀ ਦੇਖੋ।) ਜੇ ਅਸੀਂ ਆਪਣੀ ਇਸ ਉਮੀਦ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ, ਤਾਂ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਾਂਗੇ ਅਤੇ ਇਸ ਦੁਸ਼ਟ ਦੁਨੀਆਂ ਵਿਚ ਵੀ ਪਰਮੇਸ਼ੁਰ ਦਾ ਕਹਿਣਾ ਮੰਨ ਸਕਾਂਗੇ।
ਯਹੋਵਾਹ ਚਾਹੁੰਦਾ ਹੈ ਕਿ ਤੁਹਾਡੇ ਕੋਲ ਵੀ ਇਹ ਉਮੀਦ ਹੋਵੇ ਅਤੇ ਤੁਸੀਂ ਖ਼ੁਸ਼ੀ-ਖ਼ੁਸ਼ੀ ਜ਼ਿੰਦਗੀ ਜੀਓ। ਉਹ ਤਾਂ ਚਾਹੁੰਦਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ।” ਪਰ ਅਸੀਂ ਤਾਂ ਹੀ ਬਚਾਂਗੇ, ਜੇ ਅਸੀਂ “ਸੱਚਾਈ ਦਾ ਸਹੀ ਗਿਆਨ ਪ੍ਰਾਪਤ” ਕਰਾਂਗੇ। (1 ਤਿਮੋਥਿਉਸ 2:4) ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਾਈਬਲ ਤੋਂ ਪਰਮੇਸ਼ੁਰ ਬਾਰੇ ਸੱਚਾਈ ਜਾਣੋ ਅਤੇ ਹਮੇਸ਼ਾ ਦੀ ਜ਼ਿੰਦਗੀ ਜੀਓ। ਪਰਮੇਸ਼ੁਰ ਤੋਂ ਮਿਲੀ ਇਹ ਉਮੀਦ ਸ਼ਾਨਦਾਰ ਹੈ। ਇਹ ਉਮੀਦ ਸਾਨੂੰ ਦੁਨੀਆਂ ਵਿਚ ਹੋਰ ਕਿਤੇ ਨਹੀਂ ਮਿਲ ਸਕਦੀ।
ਇਸ ਉਮੀਦ ਕਰਕੇ ਅਸੀਂ ਫੇਰ ਕਦੇ ਵੀ ਨਿਰਾਸ਼ ਨਹੀਂ ਹੋਵਾਂਗੇ। ਪਰਮੇਸ਼ੁਰ ਦੀ ਮਦਦ ਨਾਲ ਅਸੀਂ ਉਨ੍ਹਾਂ ਸਾਰੇ ਟੀਚਿਆਂ ਨੂੰ ਹਾਸਲ ਕਰ ਸਕਾਂਗੇ ਜੋ ਉਸ ਦੀ ਮਰਜ਼ੀ ਮੁਤਾਬਕ ਹਨ। (2 ਕੁਰਿੰਥੀਆਂ 4:7; ਫ਼ਿਲਿੱਪੀਆਂ 4:13) ਇਹ ਉਮੀਦ ਸੱਚ-ਮੁੱਚ ਲਾਜਵਾਬ ਹੈ। ਯਕੀਨ ਮੰਨੋ, ਤੁਸੀਂ ਵੀ ਇਹ ਉਮੀਦ ਪਾ ਸਕਦੇ ਹੋ!
[ਡੱਬੀ]
ਉਮੀਦ ਰੱਖਣ ਦੇ ਕਾਰਨ
ਇਹ ਆਇਤਾਂ ਉਮੀਦ ਪਾਉਣ ਵਿਚ ਤੁਹਾਡੀ ਮਦਦ ਕਰ ਸਕਦੀਆਂ ਹਨ:
▪ ਰੱਬ ਨੇ ਇਕ ਸ਼ਾਨਦਾਰ ਭਵਿੱਖ ਦਾ ਵਾਅਦਾ ਕੀਤਾ ਹੈ।
ਉਸ ਦੇ ਬਚਨ ਵਿਚ ਦੱਸਿਆ ਗਿਆ ਹੈ ਕਿ ਪੂਰੀ ਧਰਤੀ ਇਕ ਬਾਗ਼ ਵਰਗੀ ਬਣ ਜਾਵੇਗੀ, ਜਿੱਥੇ ਸਾਰੇ ਇਨਸਾਨ ਖ਼ੁਸ਼ੀ-ਖ਼ੁਸ਼ੀ ਮਿਲ ਕੇ ਰਹਿਣਗੇ।—ਜ਼ਬੂਰ 37:11, 29; ਯਸਾਯਾਹ 25:8; ਪ੍ਰਕਾਸ਼ ਦੀ ਕਿਤਾਬ 21:3, 4.
▪ ਰੱਬ ਝੂਠ ਨਹੀਂ ਬੋਲ ਸਕਦਾ।
ਉਸ ਨੂੰ ਹਰ ਤਰ੍ਹਾਂ ਦੇ ਝੂਠ ਤੋਂ ਨਫ਼ਰਤ ਹੈ। ਯਹੋਵਾਹ ਪਾਕ ਅਤੇ ਪਵਿੱਤਰ ਹੈ, ਇਸ ਲਈ ਇਹ ਨਾਮੁਮਕਿਨ ਹੈ ਕਿ ਉਹ ਝੂਠ ਬੋਲੇ।—ਕਹਾਉਤਾਂ 6:16-19; ਯਸਾਯਾਹ 6:2, 3; ਤੀਤੁਸ 1:2; ਇਬਰਾਨੀਆਂ 6:18.
▪ ਰੱਬ ਕੋਲ ਅਸੀਮ ਤਾਕਤ ਹੈ।
ਸਿਰਫ਼ ਯਹੋਵਾਹ ਹੀ ਸਰਬਸ਼ਕਤੀਮਾਨ ਹੈ। ਬ੍ਰਹਿਮੰਡ ਦੀ ਕੋਈ ਵੀ ਤਾਕਤ ਉਸ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਰੋਕ ਨਹੀਂ ਸਕਦੀ।—ਕੂਚ 15:11; ਯਸਾਯਾਹ 40:25, 26.
▪ ਰੱਬ ਚਾਹੁੰਦਾ ਹੈ ਕਿ ਤੁਸੀਂ ਹਮੇਸ਼ਾ ਲਈ ਜੀਓ।
—ਯੂਹੰਨਾ 3:16; 1 ਤਿਮੋਥਿਉਸ 2:3, 4.
▪ ਰੱਬ ਨੂੰ ਉਮੀਦ ਹੈ ਕਿ ਅਸੀਂ ਉਸ ਦੀ ਗੱਲ ਮੰਨਾਂਗੇ।
ਉਹ ਸਾਡੀਆਂ ਕਮੀਆਂ-ਕਮਜ਼ੋਰੀਆਂ ਅਤੇ ਗ਼ਲਤੀਆਂ ’ਤੇ ਧਿਆਨ ਲਾਉਣ ਦੀ ਬਜਾਇ ਸਾਡੇ ਚੰਗੇ ਗੁਣਾਂ ਅਤੇ ਸਾਡੀਆਂ ਕੋਸ਼ਿਸ਼ਾਂ ’ਤੇ ਧਿਆਨ ਲਾਉਂਦਾ ਹੈ। (ਜ਼ਬੂਰ 103:12-14; 130:3; ਇਬਰਾਨੀਆਂ 6:10) ਉਹ ਉਮੀਦ ਰੱਖਦਾ ਹੈ ਕਿ ਅਸੀਂ ਸਹੀ ਕੰਮ ਕਰਾਂਗੇ ਅਤੇ ਜਦੋਂ ਅਸੀਂ ਸਹੀ ਕੰਮ ਕਰਦੇ ਹਾਂ, ਤਾਂ ਉਹ ਖ਼ੁਸ਼ ਹੁੰਦਾ ਹੈ।—ਕਹਾਉਤਾਂ 27:11.
▪ ਰੱਬ ਚੰਗੇ ਟੀਚੇ ਪੂਰੇ ਕਰਨ ਵਿਚ ਤੁਹਾਡੀ ਮਦਦ ਕਰੇਗਾ।
ਜਿਹੜੇ ਲੋਕ ਰੱਬ ਨੂੰ ਪਿਆਰ ਕਰਦੇ ਹਨ, ਉਹ ਉਨ੍ਹਾਂ ਨੂੰ ਕਦੇ ਵੀ ਇਕੱਲਾ ਨਹੀਂ ਛੱਡਦਾ। ਉਹ ਉਨ੍ਹਾਂ ਦੀ ਮਦਦ ਲਈ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ।—ਫ਼ਿਲਿੱਪੀਆਂ 4:13.
▪ ਰੱਬ ਤੁਹਾਡਾ ਭਰੋਸਾ ਕਦੇ ਨਹੀਂ ਤੋੜੇਗਾ।
ਤੁਸੀਂ ਉਸ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰ ਸਕਦੇ ਹੋ ਅਤੇ ਇਸ ਤਰ੍ਹਾਂ ਕਰ ਕੇ ਤੁਹਾਨੂੰ ਕੋਈ ਪਛਤਾਵਾ ਨਹੀਂ ਹੋਵੇਗਾ।—ਜ਼ਬੂਰ 25:3.
[ਤਸਵੀਰ]
ਜਿਵੇਂ ਟੋਪ ਨਾਲ ਸਿਰ ਦੀ ਰੱਖਿਆ ਹੁੰਦੀ ਹੈ, ਉਸੇ ਤਰ੍ਹਾਂ ਉਮੀਦ ਨਾਲ ਮਨ ਦੀ ਰੱਖਿਆ ਹੁੰਦੀ ਹੈ
[ਤਸਵੀਰ]
ਉਮੀਦ ਇਕ ਲੰਗਰ ਵਾਂਗ ਹੈ ਜਿਸ ਦੀ ਮਦਦ ਨਾਲ ਅਸੀਂ ਮੁਸ਼ਕਲਾਂ ਵਿਚ ਵੀ ਡਟੇ ਰਹਿ ਪਾਉਂਦੇ ਹਾਂ
[ਕ੍ਰੈਡਿਟ ਲਾਈਨ]
Courtesy René Seindal/Su concessione del Museo Archeologico Regionale A. Salinas di Palermo