ਸਾਨੂੰ ਉਮੀਦ ਦੀ ਲੋੜ ਕਿਉਂ ਹੈ?
ਸਾਨੂੰ ਉਮੀਦ ਦੀ ਲੋੜ ਕਿਉਂ ਹੈ?
ਜ਼ਰਾ ਸੋਚੋ ਜੇ ਪਿਛਲੇ ਲੇਖ ਵਿਚ ਜ਼ਿਕਰ ਕੀਤੇ ਡੈਨਿਅਲ ਨਾਂ ਦੇ ਬੱਚੇ ਨੇ ਉਮੀਦ ਨਾ ਛੱਡੀ ਹੁੰਦੀ, ਤਾਂ ਕੀ ਹੁੰਦਾ? ਕੀ ਉਸ ਨੇ ਠੀਕ ਹੋ ਜਾਣਾ ਸੀ? ਕੀ ਉਹ ਅੱਜ ਜ਼ਿੰਦਾ ਹੁੰਦਾ? ਜੋ ਲੋਕ ਮੰਨਦੇ ਹਨ ਕਿ ਉਮੀਦ ਰੱਖਣ ਨਾਲ ਸਿਹਤ ਵਧੀਆ ਰਹਿੰਦੀ ਹੈ, ਸ਼ਾਇਦ ਉਹ ਵੀ ਕਹਿਣ ਕਿ ਇੱਦਾਂ ਨਹੀਂ ਹੋ ਸਕਦਾ। ਬਿਨਾਂ ਸ਼ੱਕ, ਸਿਰਫ਼ ਉਮੀਦ ਰੱਖਣ ਨਾਲ ਸਾਰਾ ਕੁਝ ਠੀਕ ਨਹੀਂ ਹੋ ਜਾਂਦਾ।
ਡਾਕਟਰ ਨੇਥਨ ਚਰਨੇ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਜਿਹੜੇ ਮਰੀਜ਼ ਜ਼ਿਆਦਾ ਬੀਮਾਰ ਹੁੰਦੇ ਹਨ, ਉਨ੍ਹਾਂ ਨੂੰ ਇਹ ਕਹਿਣਾ ਗ਼ਲਤ ਹੋਵੇਗਾ ਕਿ ਜੇ ਤੁਸੀਂ ਚੰਗਾ ਸੋਚੋਗੇ, ਤਾਂ ਠੀਕ ਹੋ ਜਾਵੋਗੇ। ਉਸ ਨੇ ਅੱਗੇ ਕਿਹਾ: “ਅਸੀਂ ਕਈ ਵਾਰ ਦੇਖਿਆ ਹੈ ਕਿ ਜਦੋਂ ਕੋਈ ਪਤਨੀ ਠੀਕ ਨਹੀਂ ਹੁੰਦੀ, ਤਾਂ ਉਸ ਦਾ ਪਤੀ ਉਸੇ ’ਤੇ ਦੋਸ਼ ਲਾਉਂਦਾ ਹੈ ਅਤੇ ਕਹਿੰਦਾ ਹੈ, ‘ਤੂੰ ਚੰਗੀ ਤਰ੍ਹਾਂ ਅੰਤਰ-ਧਿਆਨ ਨਹੀਂ ਕਰਦੀ ਅਤੇ ਚੰਗੀਆਂ ਗੱਲਾਂ ਬਾਰੇ ਨਹੀਂ ਸੋਚਦੀ। ਤਾਂ ਹੀ ਤੂੰ ਠੀਕ ਨਹੀਂ ਹੋ ਰਹੀ।’ ਇਸ ਤਰ੍ਹਾਂ ਦੀ ਸੋਚ ਗ਼ਲਤ ਹੈ ਕਿਉਂਕਿ ਇੱਦਾਂ ਮਰੀਜ਼ ਨੂੰ ਲੱਗ ਸਕਦਾ ਹੈ ਕਿ ਬੀਮਾਰੀ ਤੋਂ ਠੀਕ ਹੋਣਾ ਜਾਂ ਨਾ ਹੋਣਾ ਉਸ ਦੇ ਆਪਣੇ ਹੱਥ ਵੱਸ ਹੈ। ਯਾਨੀ ਜੇ ਉਹ ਠੀਕ ਨਹੀਂ ਹੁੰਦਾ, ਤਾਂ ਇਸ ਵਿਚ ਉਸ ਦੀ ਗ਼ਲਤੀ ਹੈ।”
ਜਿਹੜੇ ਲੋਕ ਕਿਸੇ ਵੱਡੀ ਬੀਮਾਰੀ ਦੇ ਸ਼ਿਕਾਰ ਹੁੰਦੇ ਹਨ, ਉਹ ਪਹਿਲਾਂ ਹੀ ਬਹੁਤ ਨਿਰਾਸ਼ ਅਤੇ ਥੱਕੇ ਹੋਏ ਹੁੰਦੇ ਹਨ। ਉੱਪਰੋਂ ਜੇ ਉਨ੍ਹਾਂ ਦੇ ਘਰ ਵਾਲੇ ਜਾਂ ਦੋਸਤ ਉਨ੍ਹਾਂ ’ਤੇ ਦੋਸ਼ ਲਾਉਣ, ਤਾਂ ਉਹ ਪੂਰੀ ਤਰ੍ਹਾਂ ਟੁੱਟ ਸਕਦੇ ਹਨ। ਤਾਂ ਫਿਰ ਕੀ ਚੰਗੇ ਭਵਿੱਖ ਦੀ ਉਮੀਦ ਰੱਖਣ ਦਾ ਕੋਈ ਫ਼ਾਇਦਾ ਨਹੀਂ?
ਨਹੀਂ, ਇੱਦਾਂ ਨਹੀਂ ਹੈ। ਡਾਕਟਰ ਨੇਥਨ ਚਰਨੇ ਅਜਿਹੇ ਮਰੀਜ਼ਾਂ ਦਾ ਇਲਾਜ ਕਰਦੇ ਹਨ ਜਿਨ੍ਹਾਂ ਨੂੰ ਕੋਈ ਵੱਡੀ ਬੀਮਾਰੀ ਹੈ। ਉਹ ਜਿਸ ਵਿਭਾਗ ਵਿਚ ਕੰਮ ਕਰਦੇ ਹਨ, ਉੱਥੇ ਬੀਮਾਰੀ ਖ਼ਤਮ ਕਰਨ ’ਤੇ ਜ਼ੋਰ ਦੇਣ ਦੀ ਬਜਾਇ ਇਸ ਗੱਲ ’ਤੇ ਧਿਆਨ ਦਿੱਤਾ ਜਾਂਦਾ ਹੈ ਕਿ ਮਰੀਜ਼ ਦਾ ਆਖ਼ਰੀ ਸਮਾਂ ਆਰਾਮ ਨਾਲ ਲੰਘੇ। ਇਸ ਵਿਭਾਗ ਦੇ ਡਾਕਟਰ ਇਸ ਤਰ੍ਹਾਂ ਇਲਾਜ ਕਰਦੇ ਹਨ ਕਿ ਮਰੀਜ਼ ਖ਼ੁਸ਼ ਰਹੇ ਅਤੇ ਉਸ ਦੀ ਮਾਨਸਿਕ ਹਾਲਤ ਵਧੀਆ ਰਹੇ। ਇਨ੍ਹਾਂ ਡਾਕਟਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਇਲਾਜ ਫ਼ਾਇਦੇਮੰਦ ਹੈ। ਇਸ ਗੱਲ ਦੇ ਕਈ ਸਬੂਤ ਹਨ ਕਿ ਉਮੀਦ ਖ਼ੁਸ਼ੀ ਦੇਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰ ਸਕਦੀ ਹੈ।
ਉਮੀਦ ਹੋਣ ਦੇ ਫ਼ਾਇਦੇ
ਡਾਕਟਰ ਗਿਫ਼ਰਡ-ਜੋਨਜ਼ ਨੇ ਕਿਹਾ: “ਉਮੀਦ ਮਲ੍ਹਮ ਦਾ ਕੰਮ ਕਰਦੀ ਹੈ।” ਉਸ ਨੇ ਇਹ ਜਾਣਨ ਲਈ ਬਹੁਤ ਸਾਰੇ ਅਧਿਐਨ ਕੀਤੇ ਕਿ ਲਾਇਲਾਜ ਬੀਮਾਰੀਆਂ ਨਾਲ ਪੀੜਿਤ ਮਰੀਜ਼ਾਂ ਨੂੰ ਹੌਸਲਾ ਦੇਣ ਦਾ ਕਿੰਨਾ ਕੁ ਫ਼ਾਇਦਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਅਜਿਹੇ ਮਰੀਜ਼ਾਂ ਨੂੰ ਹੌਸਲਾ ਦਿੱਤਾ ਜਾਂਦਾ ਹੈ, ਤਾਂ ਉਹ ਖ਼ੁਸ਼ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਜੀਉਣ ਦੀ ਉਮੀਦ ਮਿਲਦੀ ਹੈ। ਸੰਨ 1989 ਵਿਚ ਕੁਝ ਮਰੀਜ਼ਾਂ ਦਾ ਸਰਵੇ ਕੀਤਾ ਗਿਆ। ਇਸ ਵਿਚ ਪਤਾ ਲੱਗਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਹੌਸਲਾ ਦਿੱਤਾ ਗਿਆ, ਉਹ ਲੰਬੇ ਸਮੇਂ ਤਕ ਜੀ ਸਕੇ। ਲੇਕਿਨ ਹਾਲ ਹੀ ਵਿਚ ਕੀਤੀ ਗਈ ਖੋਜਬੀਨ ਤੋਂ ਪਤਾ ਲੱਗਾ ਹੈ ਕਿ ਇੱਦਾਂ ਹਰ ਵਾਰ ਨਹੀਂ ਹੁੰਦਾ। ਪਰ ਇਕ ਗੱਲ ਤਾਂ ਪੱਕੀ ਹੈ, ਜਿਨ੍ਹਾਂ ਮਰੀਜ਼ਾਂ ਦਾ ਹੌਸਲਾ ਵਧਾਇਆ ਜਾਂਦਾ ਹੈ, ਉਹ ਇੰਨੇ ਨਿਰਾਸ਼ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਦੂਜੇ ਮਰੀਜ਼ਾਂ ਨਾਲੋਂ ਦਰਦ ਵੀ ਘੱਟ ਹੁੰਦਾ ਹੈ।
ਸਾਡੀ ਸੋਚ ਦਾ ਸਾਡੀ ਸਿਹਤ ’ਤੇ ਕਿਹੋ ਜਿਹਾ ਅਸਰ ਪੈਂਦਾ ਹੈ, ਇਸ ਬਾਰੇ ਇਕ ਵਾਰ ਫਿਰ ਤੋਂ ਖੋਜਬੀਨ ਕੀਤੀ ਗਈ। ਤਕਰੀਬਨ 1,300 ਆਦਮੀਆਂ ਦਾ ਸਰਵੇ ਕੀਤਾ ਗਿਆ। ਇਸ ਵਿਚ ਪਤਾ ਕੀਤਾ ਗਿਆ ਕਿ ਉਹ ਆਪਣੀ ਜ਼ਿੰਦਗੀ ਬਾਰੇ ਚੰਗਾ ਸੋਚਦੇ ਹਨ ਜਾਂ ਮਾੜਾ। ਦਸ ਸਾਲ ਬਾਅਦ ਦੇਖਿਆ ਗਿਆ ਕਿ ਇਨ੍ਹਾਂ ਵਿੱਚੋਂ 160 ਲੋਕਾਂ ਨੂੰ ਦਿਲ ਦੀ ਬੀਮਾਰੀ ਹੋ ਗਈ। ਉਨ੍ਹਾਂ 160 ਜਣਿਆਂ ਵਿੱਚੋਂ ਜ਼ਿਆਦਾਤਰ ਲੋਕ ਅਜਿਹੇ ਸਨ, ਜੋ ਸੋਚਦੇ ਸਨ ਕਿ ਉਨ੍ਹਾਂ ਨਾਲ ਕੁਝ ਮਾੜਾ ਹੋਵੇਗਾ। ਇਸ ਖੋਜਬੀਨ ਬਾਰੇ ਅਮਰੀਕਾ ਦੀ ਇਕ ਮੰਨੀ-ਪ੍ਰਮੰਨੀ ਯੂਨੀਵਰਸਿਟੀ ਵਿਚ ਪੜ੍ਹਾਉਣ ਵਾਲੀ ਡਾਕਟਰ ਲੌਰਾ ਕੁਬਜ਼ਾਂਸਕੀ ਨੇ ਕਿਹਾ: “ਹੁਣ ਤਕ ਬਸ ਕੁਝ ਲੋਕਾਂ ਦਾ ਕਹਿਣਾ ਸੀ ਕਿ ਚੰਗੀਆਂ ਗੱਲਾਂ ਬਾਰੇ ਸੋਚਣ ਨਾਲ ਸਿਹਤ ਵਧੀਆ ਰਹਿੰਦੀ ਹੈ। ਪਰ ਇਸ ਖੋਜਬੀਨ ਤੋਂ ਪਹਿਲੀ ਵਾਰ ਇਹ ਸਾਬਤ ਹੋਇਆ ਕਿ ਚੰਗਾ ਸੋਚਣ ਵਾਲਿਆਂ ਨੂੰ ਦਿਲ ਦੀ ਬੀਮਾਰੀ ਘੱਟ ਹੀ ਲੱਗਦੀ ਹੈ।”
ਖੋਜਬੀਨ ਕਰਕੇ ਇਹ ਵੀ ਪਤਾ ਲੱਗਿਆ ਕਿ ਜਿਨ੍ਹਾਂ ਲੋਕਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਸਿਹਤ ਵਧੀਆ ਹੈ, ਉਹ ਓਪਰੇਸ਼ਨ ਕਰਾਉਣ ਤੋਂ ਬਾਅਦ ਜਲਦੀ ਠੀਕ ਹੋ ਗਏ। ਪਰ ਜਿਨ੍ਹਾਂ ਲੋਕਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਉਨ੍ਹਾਂ ਨੂੰ ਓਪਰੇਸ਼ਨ ਤੋਂ ਬਾਅਦ ਠੀਕ ਹੋਣ ਵਿਚ ਜ਼ਿਆਦਾ ਸਮਾਂ ਲੱਗਾ। ਇਹ ਵੀ ਦੇਖਿਆ ਗਿਆ ਹੈ ਕਿ ਜੋ ਲੋਕ ਖ਼ੁਸ਼ ਰਹਿੰਦੇ ਹਨ, ਉਹ ਲੰਬੀ ਉਮਰ ਜੀਉਂਦੇ ਹਨ। ਇਕ ਖੋਜ ਤੋਂ ਇਹ ਵੀ ਪਤਾ ਲੱਗਾ ਕਿ ਚੰਗੀ ਅਤੇ ਮਾੜੀ ਸੋਚ ਦਾ ਬਿਰਧਾਂ ’ਤੇ ਕੀ ਅਸਰ ਪੈਂਦਾ ਹੈ। ਜਦੋਂ ਕੁਝ ਬਿਰਧ ਲੋਕਾਂ ਨੂੰ ਕਿਹਾ ਗਿਆ ਕਿ ਵੱਡੀ ਉਮਰ ਹੋਣ ਕਰਕੇ ਉਨ੍ਹਾਂ ਨੂੰ ਜ਼ਿਆਦਾ ਤਜਰਬਾ ਹੈ, ਉਹ ਬੁੱਧੀਮਾਨ ਹਨ, ਤਾਂ ਉਨ੍ਹਾਂ ਵਿਚ ਜੋਸ਼ ਭਰ ਆਇਆ। ਉਨ੍ਹਾਂ ਵਿਚ ਇੰਨੀ ਫੁਰਤੀ ਆ ਗਈ, ਜਿੰਨੀ 12 ਹਫ਼ਤੇ ਕਸਰਤ ਕਰਨ ਨਾਲ ਆਉਂਦੀ ਹੈ!
ਵਧੀਆ ਸੋਚਣ ਅਤੇ ਉਮੀਦ ਰੱਖਣ ਨਾਲ ਇਕ ਵਿਅਕਤੀ ਦੀ ਸਿਹਤ ਵਧੀਆ ਕਿਉਂ ਰਹਿੰਦੀ ਹੈ? ਵਿਗਿਆਨੀਆਂ ਅਤੇ ਡਾਕਟਰਾਂ ਨੂੰ ਵੀ ਹਾਲੇ ਤਕ ਇਸ ਦਾ ਸਹੀ-ਸਹੀ ਜਵਾਬ ਨਹੀਂ ਪਤਾ। ਪਰ ਹੁਣ ਤਕ ਜੋ ਖੋਜਬੀਨ ਹੋਈ ਹੈ, ਉਸ ਦੇ ਆਧਾਰ ’ਤੇ ਮਾਹਰਾਂ ਦਾ ਇਹੀ ਮੰਨਣਾ ਹੈ। ਇਕ ਡਾਕਟਰ ਨੇ ਕਿਹਾ: “ਜੋ ਲੋਕ ਖ਼ੁਸ਼ ਰਹਿੰਦੇ ਅਤੇ ਚੰਗੀਆਂ ਗੱਲਾਂ ਦੀ ਉਮੀਦ ਰੱਖਦੇ ਹਨ, ਉਨ੍ਹਾਂ ਨੂੰ ਤਣਾਅ ਨਹੀਂ ਹੁੰਦਾ। ਇਸ ਕਰਕੇ ਉਨ੍ਹਾਂ ਦੀ ਸਿਹਤ ਵਧੀਆ ਰਹਿੰਦੀ ਹੈ। ਇਸ ਲਈ ਖ਼ੁਸ਼ ਰਹਿਣਾ ਸਿਹਤਮੰਦ ਰਹਿਣ ਦਾ ਇਕ ਚੰਗਾ ਤਰੀਕਾ ਹੈ।”
ਡਾਕਟਰਾਂ ਅਤੇ ਵਿਗਿਆਨੀਆਂ ਨੂੰ ਇਹ ਗੱਲ ਹਾਲ ਹੀ ਵਿਚ ਪਤਾ ਲੱਗੀ ਹੈ। ਪਰ ਬਾਈਬਲ ਵਿਚ ਇਹ ਗੱਲ ਸਦੀਆਂ ਪਹਿਲਾਂ ਹੀ ਲਿਖ ਦਿੱਤੀ ਗਈ ਸੀ। ਅੱਜ ਤੋਂ ਤਕਰੀਬਨ 3,000 ਸਾਲ ਪਹਿਲਾਂ ਰਾਜਾ ਸੁਲੇਮਾਨ ਨੇ ਲਿਖਿਆ: “ਖ਼ੁਸ਼-ਦਿਲੀ ਇਕ ਚੰਗੀ ਦਵਾਈ ਹੈ, ਪਰ ਕੁਚਲਿਆ ਮਨ ਹੱਡੀਆਂ ਨੂੰ ਸੁਕਾ ਦਿੰਦਾ ਹੈ।” (ਕਹਾਉਤਾਂ 17:22) ਧਿਆਨ ਦਿਓ ਕਿ ਇੱਥੇ ਇਹ ਨਹੀਂ ਲਿਖਿਆ ਕਿ ਖ਼ੁਸ਼ ਰਹਿਣ ਨਾਲ ਸਾਰੀਆਂ ਬੀਮਾਰੀਆਂ ਠੀਕ ਹੋ ਜਾਣਗੀਆਂ, ਸਗੋਂ ਇਹ ਲਿਖਿਆ ਹੈ ਕਿ “ਖ਼ੁਸ਼-ਦਿਲੀ ਇਕ ਚੰਗੀ ਦਵਾਈ ਹੈ।”
ਵਾਕਈ, ਜੇ ਉਮੀਦ ਸੱਚ-ਮੁੱਚ ਕੋਈ ਦਵਾਈ ਹੁੰਦੀ, ਤਾਂ ਹਰ ਡਾਕਟਰ ਆਪਣੇ ਮਰੀਜ਼ ਨੂੰ ਇਹ ਦਵਾਈ ਦਿੰਦਾ। ਉਮੀਦ ਰੱਖਣ ਨਾਲ ਸਿਰਫ਼ ਸਾਡੀ ਸਿਹਤ ’ਤੇ ਹੀ ਅਸਰ ਨਹੀਂ ਪੈਂਦਾ, ਸਗੋਂ ਇਸ ਦੇ ਹੋਰ ਵੀ ਕਈ ਫ਼ਾਇਦੇ ਹਨ।
ਸਾਡੀ ਸੋਚ ਦਾ ਸਾਡੇ ’ਤੇ ਕੀ ਅਸਰ ਪੈਂਦਾ ਹੈ?
ਵਿਗਿਆਨੀਆਂ ਨੇ ਇਹ ਪਤਾ ਕੀਤਾ ਹੈ ਕਿ ਜੋ ਚੰਗੀਆਂ ਗੱਲਾਂ ਦੀ ਉਮੀਦ ਰੱਖਦੇ ਹਨ, ਉਨ੍ਹਾਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਉਹ ਸਕੂਲੇ, ਕੰਮ ’ਤੇ ਅਤੇ ਖੇਡਾਂ ਵਿਚ ਵਧੀਆ ਕਰਦੇ ਹਨ। ਮਿਸਾਲ ਲਈ, ਕੁਝ ਕੁੜੀਆਂ ਦਾ ਸਰਵੇ ਕੀਤਾ ਗਿਆ ਜੋ ਦੌੜਾਂ ਵਿਚ ਹਿੱਸਾ ਲੈਂਦੀਆਂ ਸਨ। ਉਨ੍ਹਾਂ ਦੇ ਕੋਚ ਨੇ ਦੱਸਿਆ ਕਿ ਕਿਹੜੀ ਕੁੜੀ ਕਿੰਨਾ ਕੁ ਵਧੀਆ ਦੌੜਦੀ ਹੈ। ਉਨ੍ਹਾਂ ਕੁੜੀਆਂ ਤੋਂ ਵੀ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕੀ ਲੱਗਦਾ ਹੈ ਕਿ ਉਹ ਕਿੰਨਾ ਕੁ ਵਧੀਆ ਦੌੜਨਗੀਆਂ। ਦੌੜ ਤੋਂ ਬਾਅਦ ਦੇਖਿਆ ਗਿਆ ਕਿ ਕੋਚ ਦੀ ਰਿਪੋਰਟ ਦੀ ਬਜਾਇ ਕੁੜੀਆਂ ਨੇ ਜੋ ਅੰਦਾਜ਼ਾ ਲਾਇਆ ਸੀ, ਉਹ ਜ਼ਿਆਦਾ ਠੀਕ ਸੀ। ਅਖ਼ੀਰ ਉਮੀਦ ਰੱਖਣ ਦਾ ਇੰਨਾ ਜ਼ਬਰਦਸਤ ਅਸਰ ਕਿਉਂ ਹੁੰਦਾ ਹੈ?
ਵਿਗਿਆਨੀਆਂ ਨੇ ਅਜਿਹੇ ਲੋਕਾਂ ਦਾ ਅਧਿਐਨ ਕਰਕੇ ਵੀ ਬਹੁਤ ਕੁਝ ਸਿੱਖਿਆ ਹੈ, ਜੋ ਹਮੇਸ਼ਾ ਸੋਚਦੇ ਹਨ ਕਿ ਕੁਝ ਬੁਰਾ ਹੋਵੇਗਾ। ਅੱਜ ਤੋਂ ਤਕਰੀਬਨ 50 ਸਾਲ ਪਹਿਲਾਂ ਵਿਗਿਆਨੀਆਂ ਨੇ ਇਹ ਪਤਾ ਕੀਤਾ ਕਿ ਕਈ ਵਾਰ ਹਾਲਾਤਾਂ ਕਰਕੇ ਜਾਨਵਰ ਅਤੇ ਇਨਸਾਨ ਦੋਵੇਂ ਉਮੀਦ ਛੱਡ ਦਿੰਦੇ ਹਨ। ਉਨ੍ਹਾਂ ਨੇ ਕੁਝ ਲੋਕਾਂ ਨੂੰ ਇਕ ਕਮਰੇ ਵਿਚ ਬੰਦ ਕੀਤਾ, ਜਿੱਥੇ ਬਹੁਤ ਰੌਲ਼ਾ ਸੀ। ਉਨ੍ਹਾਂ ਨੂੰ ਕਿਹਾ ਗਿਆ ਕਿ ਜੇ ਉਹ ਕੁਝ ਬਟਨ ਦਬਾਉਣ, ਤਾਂ ਇਹ ਰੌਲ਼ਾ ਬੰਦ ਹੋ ਜਾਵੇਗਾ। ਬਟਨ ਦਬਾਉਣ ਨਾਲ ਉਹ ਰੌਲ਼ਾ ਖ਼ਤਮ ਹੋ ਗਿਆ।
ਕੁਝ ਹੋਰ ਲੋਕਾਂ ਨੂੰ ਵੀ ਇਹੀ ਗੱਲ ਕਹੀ ਗਈ, ਪਰ ਜਦ ਉਨ੍ਹਾਂ ਨੇ ਬਟਨ ਦਬਾਏ, ਤਾਂ ਉਹ ਆਵਾਜ਼ ਬੰਦ ਨਹੀਂ ਹੋਈ। ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਲੱਗਾ ਕਿ ਹੁਣ ਉਹ ਕੁਝ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੇ ਉਮੀਦ ਛੱਡ ਦਿੱਤੀ। ਉਸੇ ਦਿਨ ਜਦੋਂ ਕੁਝ ਹੋਰ ਪ੍ਰਯੋਗ ਕੀਤੇ ਗਏ, ਤਾਂ ਲੋਕਾਂ ਨੇ ਕੋਸ਼ਿਸ਼ ਕਰਨੀ ਹੀ ਬੰਦ ਕਰ ਦਿੱਤੀ। ਉਨ੍ਹਾਂ ਨੂੰ ਲੱਗਾ ਕਿ ਚਾਹੇ ਉਹ ਕੁਝ ਵੀ ਕਰ ਲੈਣ, ਕੋਈ ਫ਼ਾਇਦਾ ਨਹੀਂ ਹੋਣਾ। ਪਰ ਉਨ੍ਹਾਂ ਵਿੱਚੋਂ ਕੁਝ ਲੋਕ ਅਜਿਹੇ ਸਨ ਜਿਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਉਹ ਕੋਸ਼ਿਸ਼ ਕਰਦੇ ਰਹੇ।
ਇਨ੍ਹਾਂ ਵਿੱਚੋਂ ਕਈ ਪ੍ਰਯੋਗ ਡਾਕਟਰ ਮਾਰਟਿਨ ਸੇਲਿਗਮਨ ਨੇ ਤਿਆਰ ਕੀਤੇ ਸੀ। ਇਨ੍ਹਾਂ ਪ੍ਰਯੋਗਾਂ ਤੋਂ ਬਾਅਦ ਉਸ ਨੇ ਇਸ ਬਾਰੇ ਖੋਜਬੀਨ ਜਾਰੀ ਰੱਖੀ ਕਿ ਕਿਉਂ ਲੋਕ ਹਿੰਮਤ ਹਾਰ ਬੈਠਦੇ ਹਨ। ਉਹ ਇਸ ਨਤੀਜੇ ’ਤੇ ਪਹੁੰਚਿਆ ਕਿ ਜੋ ਲੋਕ ਸੋਚਦੇ ਹਨ ਕਿ ਉਨ੍ਹਾਂ ਨਾਲ ਕੁਝ ਬੁਰਾ ਹੋਵੇਗਾ, ਉਹ ਡਰ ਦੇ ਮਾਰੇ ਪਿੱਛੇ ਹਟ ਜਾਂਦੇ ਹਨ ਅਤੇ ਕਦੀ ਕੁਝ ਹਾਸਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਉਸ ਨੇ ਕਿਹਾ: “ਮੈਂ 25 ਸਾਲਾਂ ਤੋਂ ਇਸ ਵਿਸ਼ੇ ’ਤੇ ਖੋਜਬੀਨ ਕਰ ਰਿਹਾ ਹਾਂ। ਮੈਂ ਦੇਖਿਆ ਹੈ ਕਿ ਕੁਝ ਲੋਕ ਮੰਨਦੇ ਹਨ ਕਿ ਜੇ ਕੁਝ ਬੁਰਾ ਹੋਇਆ, ਤਾਂ ਉਹ ਉਨ੍ਹਾਂ ਦੀ ਹੀ ਗ਼ਲਤੀ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਮਾੜਾ ਹੁੰਦਾ ਹੀ ਰਹੇਗਾ, ਫਿਰ ਚਾਹੇ ਉਹ ਉਸ ਨੂੰ ਰੋਕਣ ਦੀਆਂ ਲੱਖਾਂ ਕੋਸ਼ਿਸ਼ਾਂ ਹੀ ਕਿਉਂ ਨਾ ਕਰ ਲੈਣ। ਸ਼ਾਇਦ ਇੱਦਾਂ ਸੋਚਣ ਕਰਕੇ ਹੀ ਉਨ੍ਹਾਂ ਨਾਲ ਮਾੜਾ ਹੁੰਦਾ ਹੈ। ਜੇ ਉਹ ਚੰਗਾ ਸੋਚਣਗੇ, ਤਾਂ ਸ਼ਾਇਦ ਉਨ੍ਹਾਂ ਨਾਲ ਚੰਗਾ ਹੀ ਹੋਵੇ।”
ਕੁਝ ਲੋਕਾਂ ਨੂੰ ਸ਼ਾਇਦ ਇਹ ਗੱਲ ਨਵੀਂ ਲੱਗੇ, ਪਰ ਬਾਈਬਲ ਵਿਚ ਇਹ ਗੱਲ ਬਹੁਤ ਸਮਾਂ ਪਹਿਲਾਂ ਹੀ ਦੱਸੀ ਗਈ ਸੀ। ਇਸ ਵਿਚ ਲਿਖਿਆ ਹੈ: “ਜੇ ਤੂੰ ਬਿਪਤਾ ਦੇ ਦਿਨ ਨਿਰਾਸ਼ ਹੋ ਜਾਵੇਂ, ਤਾਂ ਤੇਰੀ ਤਾਕਤ ਘੱਟ ਹੋਵੇਗੀ।” (ਕਹਾਉਤਾਂ 24:10) ਬਾਈਬਲ ਵਿਚ ਇਹ ਵੀ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਜੇ ਅਸੀਂ ਨਿਰਾਸ਼ ਹੋ ਜਾਈਏ ਅਤੇ ਮਾੜਾ ਸੋਚੀਏ, ਤਾਂ ਸਾਡੇ ਕੋਲ ਕੁਝ ਕਰਨ ਦੀ ਹਿੰਮਤ ਹੀ ਨਹੀਂ ਰਹੇਗੀ। ਅਸੀਂ ਇਸ ਤਰ੍ਹਾਂ ਦੀਆਂ ਭਾਵਨਾਵਾਂ ’ਤੇ ਕਾਬੂ ਕਿਵੇਂ ਪਾ ਸਕਦੇ ਹਾਂ?
[ਤਸਵੀਰ]
ਚੰਗੇ ਭਵਿੱਖ ਦੀ ਉਮੀਦ ਰੱਖਣ ਨਾਲ ਬਹੁਤ ਫ਼ਾਇਦਾ ਹੋ ਸਕਦਾ ਹੈ