ਕੀ ਇਹ ਪੁਸਤਕ ਵਿਗਿਆਨ ਨਾਲ ਸਹਿਮਤ ਹੁੰਦੀ ਹੈ?
ਕੀ ਇਹ ਪੁਸਤਕ ਵਿਗਿਆਨ ਨਾਲ ਸਹਿਮਤ ਹੁੰਦੀ ਹੈ?
ਧਰਮ ਨੇ ਵਿਗਿਆਨ ਨੂੰ ਹਮੇਸ਼ਾ ਆਪਣਾ ਮਿੱਤਰ ਨਹੀਂ ਸਮਝਿਆ। ਪੂਰਬਲੀਆਂ ਸਦੀਆਂ ਵਿਚ ਕੁਝ ਧਰਮ-ਸ਼ਾਸਤਰੀਆਂ ਨੇ ਵਿਗਿਆਨਕ ਲੱਭਤਾਂ ਦਾ ਵਿਰੋਧ ਕੀਤਾ ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਨ੍ਹਾਂ ਦੇ ਬਾਈਬਲੀ ਸਪੱਸ਼ਟੀਕਰਣ ਨੂੰ ਖ਼ਤਰਾ ਪੇਸ਼ ਕਰਦੀਆਂ ਸਨ। ਪਰੰਤੂ ਕੀ ਵਿਗਿਆਨ ਸੱਚ-ਮੁੱਚ ਬਾਈਬਲ ਦਾ ਵੈਰੀ ਹੈ?
ਜੇਕਰ ਬਾਈਬਲ ਲਿਖਾਰੀਆਂ ਨੇ ਆਪਣੇ ਸਮਿਆਂ ਦੇ ਸਭ ਤੋਂ ਪ੍ਰਚਲਿਤ ਵਿਗਿਆਨਕ ਦ੍ਰਿਸ਼ਟੀਕੋਣਾਂ ਦਾ ਸਮਰਥਨ ਕੀਤਾ ਹੁੰਦਾ, ਤਾਂ ਨਤੀਜਾ ਘੋਰ ਵਿਗਿਆਨਕ ਗ਼ਲਤੀਆਂ ਵਾਲੀ ਇਕ ਪੁਸਤਕ ਹੁੰਦਾ। ਲੇਕਿਨ ਲਿਖਾਰੀਆਂ ਨੇ ਅਜਿਹੀਆਂ ਅਵਿਗਿਆਨਕ ਗ਼ਲਤ ਧਾਰਣਾਵਾਂ ਨੂੰ ਅੱਗੇ ਨਹੀਂ ਵਧਾਇਆ। ਇਸ ਦੇ ਉਲਟ, ਉਨ੍ਹਾਂ ਨੇ ਕਈ ਕਥਨ ਕਲਮਬੰਦ ਕੀਤੇ ਜੋ ਨਾ ਸਿਰਫ਼ ਵਿਗਿਆਨਕ ਤੌਰ ਤੇ ਸਹੀ ਹਨ ਪਰੰਤੂ ਜਿਨ੍ਹਾਂ ਨੇ ਉਸ ਸਮੇਂ ਦੇ ਪ੍ਰਵਾਨਿਤ ਵਿਚਾਰਾਂ ਦਾ ਸਿੱਧਾ ਵਿਰੋਧ ਵੀ ਕੀਤਾ।
ਧਰਤੀ ਦਾ ਕੀ ਆਕਾਰ ਹੈ?
ਇਸ ਸਵਾਲ ਨੇ ਹਜ਼ਾਰਾਂ ਹੀ ਸਾਲਾਂ ਤੋਂ ਮਾਨਵ ਦੀ ਦਿਲਚਸਪੀ ਜਗਾਈ ਹੈ। ਪ੍ਰਾਚੀਨ ਸਮਿਆਂ ਵਿਚ ਆਮ ਵਿਚਾਰ ਇਹ ਸੀ ਕਿ ਧਰਤੀ ਚਪਟੀ ਸੀ। ਮਿਸਾਲ ਦੇ ਤੌਰ ਤੇ, ਬਾਬਲੀ ਮੰਨਦੇ ਸਨ ਕਿ ਵਿਸ਼ਵ-ਮੰਡਲ ਇਕ ਡੱਬਾ ਜਾਂ ਇਕ ਕਮਰਾ ਸੀ ਜਿਸ ਦਾ ਫ਼ਰਸ਼ ਧਰਤੀ ਸੀ। ਭਾਰਤ ਦੇ ਵੈਦਿਕ ਪੁਜਾਰੀ ਕਲਪਨਾ ਕਰਦੇ ਸਨ ਕਿ ਧਰਤੀ ਚਪਟੀ ਸੀ ਅਤੇ ਕਿ ਇਸ ਦਾ ਸਿਰਫ਼ ਇਕ ਪਾਸਾ ਹੀ ਵਸਿਆ ਹੋਇਆ ਸੀ। ਏਸ਼ੀਆ ਵਿਚ ਇਕ ਪੁਰਾਤਨ ਕਬੀਲਾ ਧਰਤੀ ਨੂੰ ਚਾਹ ਦੀ ਇਕ ਵਿਸ਼ਾਲ ਥਾਲੀ ਦੇ ਤੌਰ ਤੇ ਚਿਤ੍ਰਿਤ ਕਰਦਾ ਸੀ।
ਛੇਵੀਂ ਸਦੀ ਸਾ.ਯੁ.ਪੂ. ਦੇ ਸਮੇਂ ਤੋਂ ਹੀ, ਯੂਨਾਨੀ ਫ਼ਿਲਾਸਫ਼ਰ ਪਾਇਥਾਗੋਰਸ ਨੇ ਅਨੁਮਾਨ ਲਾਇਆ ਕਿ ਕਿਉਂ ਜੋ ਚੰਦ ਅਤੇ ਸੂਰਜ ਗੋਲਾਕਾਰ ਹਨ, ਤਾਂ ਧਰਤੀ ਵੀ ਇਕ ਗੋਲਾ ਹੋਵੇਗੀ। ਅਰਸਤੂ (ਚੌਥੀ ਸਦੀ ਸਾ.ਯੁ.ਪੂ) ਬਾਅਦ ਵਿਚ ਸਹਿਮਤ ਹੋਇਆ, ਇਹ ਵਿਆਖਿਆ ਕਰਦਿਆਂ ਕਿ ਧਰਤੀ ਦੀ ਗੋਲਾਈ ਚੰਦ ਗ੍ਰਹਿਣਾਂ ਦੁਆਰਾ ਸਾਬਤ ਕੀਤੀ ਜਾਂਦੀ ਹੈ। ਚੰਦ ਉੱਤੇ ਧਰਤੀ ਦਾ ਪਰਛਾਵਾਂ ਗੋਲਾਕਾਰ ਹੈ।
ਫਿਰ ਵੀ, ਚਪਟੀ ਧਰਤੀ (ਜਿਸ ਦਾ ਸਿਰਫ਼ ਉਪਰਲਾ ਪਾਸਾ ਵਸਿਆ ਹੋਇਆ ਸੀ) ਦੀ ਧਾਰਣਾ ਪੂਰੀ ਤਰ੍ਹਾਂ ਨਹੀਂ ਮਿਟੀ। ਕੁਝ ਵਿਅਕਤੀ ਇਕ ਗੋਲ ਧਰਤੀ ਦੇ ਤਾਰਕਿਕ ਭਾਵ-ਅਰਥ ਨੂੰ ਨਹੀਂ ਸਵੀਕਾਰ ਕਰ ਸਕਦੇ ਸਨ—ਅਰਥਾਤ, ਪ੍ਰਤਿਧਰੁਵ (antipodes) ਦੀ ਧਾਰਣਾ। * ਲਾਕਟਾਂਟੀਅਸ, ਚੌਥੀ ਸਦੀ ਸਾ.ਯੁ. ਦੇ ਈਸਾਈ ਹਿਮਾਇਤੀ ਨੇ ਇਸ ਵਿਚਾਰ ਦਾ ਮਖੌਲ ਉਡਾਇਆ। ਉਸ ਨੇ ਤਰਕ ਕੀਤਾ: “ਕੀ ਕੋਈ ਇੰਨਾ ਮੂਰਖ ਵਿਅਕਤੀ ਹੈ ਜੋ ਇਹ ਮੰਨੇ ਕਿ ਅਜਿਹੇ ਆਦਮੀ ਹਨ ਜਿਨ੍ਹਾਂ ਦੇ ਕਦਮ ਉਨ੍ਹਾਂ ਦੇ ਸਿਰਾਂ ਨਾਲੋਂ ਉੱਚੇ ਹਨ? . . . ਕਿ ਫ਼ਸਲ ਅਤੇ ਦਰਖ਼ਤ ਥੱਲੇ ਨੂੰ ਉੱਗਦੇ ਹਨ? ਕਿ ਮੀਂਹ, ਅਤੇ ਬਰਫ਼, ਅਤੇ ਓਲੇ ਉਤਾਂਹ ਨੂੰ ਪੈਂਦੇ ਹਨ?”2
ਪ੍ਰਤਿਧਰੁਵਾਂ ਦੀ ਧਾਰਣਾ ਨੇ ਕੁਝ ਧਰਮ-ਸ਼ਾਸਤਰੀਆਂ ਲਈ ਦੁਬਿਧਾ ਪੇਸ਼ ਕੀਤੀ। ਕੁਝ ਸਿਧਾਂਤ ਦਾਅਵਾ ਕਰਦੇ ਸਨ ਕਿ ਜੇਕਰ ਪ੍ਰਤਿਧਰੁਵੀ ਲੋਕ ਮੌਜੂਦ ਸਨ, ਤਾਂ ਉਹ ਗਿਆਤ ਮਨੁੱਖਾਂ ਦੇ ਨਾਲ ਕੋਈ ਸੰਭਾਵੀ ਸੰਬੰਧ ਨਹੀਂ ਰੱਖ ਸਕਦੇ ਸਨ ਕਿਉਂਕਿ ਸਮੁੰਦਰ ਪਾਰ ਕਰਨ ਵਾਸਤੇ ਬੇਹੱਦ ਚੌੜਾ ਸੀ ਜਾਂ ਇਸ ਲਈ ਕਿ ਭੂਮੱਧ-ਰੇਖਾ ਨੂੰ ਇਕ ਅਲੰਘ ਖ਼ੁਸ਼ਕ ਖੇਤਰ ਘੇਰਦਾ ਸੀ। ਤਾਂ ਫਿਰ ਕੋਈ ਵੀ ਪ੍ਰਤਿਧਰੁਵੀ ਲੋਕ ਕਿੱਥੋਂ ਆ ਸਕਦੇ ਸਨ? ਉਲਝਣ ਵਿਚ ਪਏ ਹੋਏ, ਕੁਝ ਧਰਮ-ਸ਼ਾਸਤਰੀਆਂ ਨੇ ਇਹ ਵਿਸ਼ਵਾਸ ਕਰਨਾ ਪਸੰਦ ਕੀਤਾ ਕਿ ਪ੍ਰਤਿਧਰੁਵੀ ਲੋਕ ਹੋ ਹੀ ਨਹੀਂ ਸਕਦੇ, ਜਾਂ ਕਿ ਜਿਵੇਂ ਲਾਕਟਾਂਟੀਅਸ ਨੇ ਦਲੀਲ ਦਿੱਤੀ ਸੀ ਕਿ ਧਰਤੀ ਗੋਲ ਹੋ ਹੀ ਨਹੀਂ ਸਕਦੀ ਸੀ!
ਫਿਰ ਵੀ, ਗੋਲਾਕਾਰ ਧਰਤੀ ਦੀ ਧਾਰਣਾ ਪ੍ਰਚਲਿਤ ਹੋ ਗਈ, ਅਤੇ ਆਖ਼ਰਕਾਰ ਇਹ ਵਿਆਪਕ ਤੌਰ ਤੇ ਸਵੀਕਾਰ ਕੀਤੀ ਗਈ। ਪਰੰਤੂ, ਕੇਵਲ 20ਵੀਂ ਸਦੀ ਵਿਚ ਪੁਲਾੜ ਯੁਗ ਦੇ ਆਰੰਭ ਨਾਲ ਹੀ ਮਾਨਵ ਲਈ ਪੁਲਾੜ ਵਿਚ ਚੋਖੀ ਦੂਰੀ ਤਕ ਸਫ਼ਰ ਕਰਨਾ ਮੁਮਕਿਨ ਹੋਇਆ ਹੈ ਤਾਂਕਿ ਉਹ ਸਿੱਧੇ ਤੌਰ ਤੇ ਦੇਖਣ ਦੁਆਰਾ ਇਹ ਪ੍ਰਮਾਣਿਤ ਕਰ ਸਕਣ ਕਿ ਧਰਤੀ ਗੋਲ ਹੈ।ਅਤੇ ਇਸ ਵਿਸ਼ੇ ਉੱਤੇ ਬਾਈਬਲ ਦਾ ਕੀ ਦ੍ਰਿਸ਼ਟੀਕੋਣ ਸੀ? ਅੱਠਵੀਂ ਸਦੀ ਸਾ.ਯੁ.ਪੂ. ਵਿਚ, ਜਦੋਂ ਇਹ ਦ੍ਰਿਸ਼ਟੀਕੋਣ ਪ੍ਰਚਲਿਤ ਸੀ ਕਿ ਧਰਤੀ ਚਪਟੀ ਸੀ, ਯੂਨਾਨੀ ਫ਼ਿਲਾਸਫ਼ਰਾਂ ਦੁਆਰਾ ਇਹ ਅਨੁਮਾਨ ਲਾਉਣ ਤੋਂ ਸਦੀਆਂ ਪਹਿਲਾਂ ਕਿ ਧਰਤੀ ਸੰਭਵ ਤੌਰ ਤੇ ਗੋਲਾਕਾਰ ਸੀ, ਅਤੇ ਮਾਨਵ ਦੁਆਰਾ ਪੁਲਾੜ ਤੋਂ ਧਰਤੀ ਨੂੰ ਇਕ ਗੋਲੇ ਵਜੋਂ ਦੇਖਣ ਤੋਂ ਹਜ਼ਾਰਾਂ ਸਾਲ ਪਹਿਲਾਂ, ਇਬਰਾਨੀ ਨਬੀ ਯਸਾਯਾਹ ਨੇ ਬਹੁਤ ਸਰਲਤਾ ਨਾਲ ਬਿਆਨ ਕੀਤਾ: “ਉਹੋ ਹੈ ਜਿਹੜਾ ਧਰਤੀ ਦੇ ਕੁੰਡਲ ਉੱਪਰ ਬਹਿੰਦਾ ਹੈ।” (ਟੇਢੇ ਟਾਈਪ ਸਾਡੇ।) (ਯਸਾਯਾਹ 40:22) ਇੱਥੇ “ਕੁੰਡਲ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਛੱਗ, “ਗੋਲਾ” ਵੀ ਅਨੁਵਾਦ ਕੀਤਾ ਜਾ ਸਕਦਾ ਹੈ।3 ਦੂਜੇ ਬਾਈਬਲ ਅਨੁਵਾਦ ਇਸ ਨੂੰ “ਧਰਤੀ ਦਾ ਗੋਲਾ” ( ਡੂਏ ਵਰਯਨ) ਅਤੇ “ਗੋਲ ਧਰਤੀ” ( ਮੌਫ਼ਟ) ਆਖਦੇ ਹਨ। *
ਬਾਈਬਲ ਲਿਖਾਰੀ ਯਸਾਯਾਹ ਨੇ ਧਰਤੀ ਬਾਰੇ ਆਮ ਮਿਥਾਂ ਤੋਂ ਪਰਹੇਜ਼ ਕੀਤਾ। ਇਸ ਦੀ ਬਜਾਇ, ਉਸ ਨੇ ਉਹ ਕਥਨ ਕਲਮਬੰਦ ਕੀਤਾ ਜੋ ਵਿਗਿਆਨਕ ਲੱਭਤ ਦੀਆਂ ਤਰੱਕੀਆਂ ਦੇ ਖ਼ਤਰੇ ਤੋਂ ਮੁਕਤ ਸੀ।
ਧਰਤੀ ਨੂੰ ਕਿਹੜੀ ਚੀਜ਼ ਉਤਾਂਹ ਰੱਖਦੀ ਹੈ?
ਪ੍ਰਾਚੀਨ ਸਮਿਆਂ ਵਿਚ, ਬ੍ਰਹਿਮੰਡ ਬਾਰੇ ਦੂਜੇ ਸਵਾਲ ਮਾਨਵ ਨੂੰ ਉਲਝਣ ਪੇਸ਼ ਕਰਦੇ ਸਨ: ਧਰਤੀ ਕਿਹੜੀ ਚੀਜ਼ ਉੱਤੇ ਟਿਕੀ ਹੋਈ ਹੈ? ਕਿਹੜੀ ਚੀਜ਼ ਸੂਰਜ, ਚੰਦ, ਅਤੇ ਤਾਰਿਆਂ ਨੂੰ ਉਤਾਂਹ ਰੱਖਦੀ ਹੈ? ਉਨ੍ਹਾਂ ਨੂੰ ਵਿਸ਼ਵ ਗੁਰੂਤਾ-ਖਿੱਚ ਦੇ ਨਿਯਮ ਬਾਰੇ ਕੋਈ ਜਾਣਕਾਰੀ ਨਹੀਂ ਸੀ, ਜੋ ਆਈਜ਼ਕ ਨਿਊਟਨ ਨੇ ਫ਼ਾਰਮੂਲੇ ਦੇ ਰੂਪ ਵਿਚ ਪ੍ਰਗਟ ਕਰ ਕੇ 1687 ਵਿਚ ਪ੍ਰਕਾਸ਼ਿਤ ਕੀਤਾ ਸੀ। ਇਹ ਧਾਰਣਾ ਕਿ ਆਕਾਸ਼ੀ ਪਿੰਡ, ਵਾਸਤਵ ਵਿਚ, ਖਾਲੀ ਪੁਲਾੜ ਵਿਚ ਕਿਸੇ ਚੀਜ਼ ਤੋਂ ਬਿਨਾਂ ਲਮਕ ਰਹੇ ਹਨ, ਉਨ੍ਹਾਂ ਲਈ ਅਗਿਆਤ ਗੱਲ ਸੀ। ਇਸ ਲਈ, ਉਨ੍ਹਾਂ ਦੇ ਸਪੱਸ਼ਟੀਕਰਣ ਅਕਸਰ ਇਹ ਸੁਝਾਅ ਦਿੰਦੇ ਸਨ ਕਿ ਵਾਸਤਵਿਕ ਵਸਤੂਆਂ ਜਾਂ ਪਦਾਰਥ ਧਰਤੀ ਅਤੇ ਦੂਜੇ ਆਕਾਸ਼ੀ ਪਿੰਡਾਂ ਨੂੰ ਉਤਾਂਹ ਰੱਖਦੇ ਸਨ।
ਮਿਸਾਲ ਦੇ ਤੌਰ ਤੇ, ਇਕ ਪ੍ਰਾਚੀਨ ਸਿਧਾਂਤ, ਜੋ ਸ਼ਾਇਦ ਉਨ੍ਹਾਂ ਲੋਕਾਂ ਦੁਆਰਾ ਉਤਪੰਨ ਕੀਤਾ ਗਿਆ ਸੀ ਜੋ ਇਕ ਟਾਪੂ ਤੇ ਰਹਿੰਦੇ ਸਨ, ਇਹ ਸੀ ਕਿ ਧਰਤੀ ਪਾਣੀ ਦੁਆਰਾ ਘੇਰੀ ਹੋਈ ਸੀ ਅਤੇ ਕਿ ਇਹ ਇਨ੍ਹਾਂ ਪਾਣੀਆਂ ਉੱਤੇ ਤਰਦੀ ਸੀ। ਹਿੰਦੂ ਲੋਕ ਕਲਪਨਾ ਕਰਦੇ ਸਨ ਕਿ ਧਰਤੀ ਦੀਆਂ ਕਈ ਨੀਂਹਾਂ ਸਨ, ਜੋ ਇਕ ਦੂਜੀ ਦੇ ਉੱਪਰ ਰੱਖੀਆਂ ਹੋਈਆਂ ਸਨ। ਇਹ ਚਾਰ ਹਾਥੀਆਂ ਉੱਤੇ ਟਿਕੀ ਹੋਈ ਸੀ, ਹਾਥੀ ਇਕ ਬਹੁਤ ਵੱਡੇ ਕੱਛੂ ਉੱਤੇ ਖੜ੍ਹੇ ਸਨ, ਕੱਛੂ ਇਕ ਵੱਡੇ ਸੱਪ ਉੱਤੇ ਖੜ੍ਹਾ ਸੀ, ਅਤੇ ਇਹ ਕੁੰਡਲ ਪਾਇਆ ਹੋਇਆ ਸੱਪ ਵਿਸ਼ਵ-ਵਿਆਪੀ ਪਾਣੀਆਂ ਉੱਤੇ ਤਰਦਾ ਸੀ। ਐਮਪੀਡੌਕਲਜ਼, ਪੰਜਵੀਂ ਸਦੀ ਸਾ.ਯੁ.ਪੂ. ਦਾ ਇਕ ਯੂਨਾਨੀ ਫ਼ਿਲਾਸਫ਼ਰ ਵਿਸ਼ਵਾਸ ਕਰਦਾ ਸੀ ਕਿ ਧਰਤੀ ਇਕ ਵਾਵਰੋਲੇ ਉੱਤੇ ਟਿਕੀ ਹੋਈ ਸੀ ਅਤੇ ਇਹ ਵਾਵਰੋਲਾ ਆਕਾਸ਼ੀ ਪਿੰਡਾਂ ਦੀ ਗਤੀ ਦਾ ਕਾਰਨ ਸੀ।
ਦ੍ਰਿਸ਼ਟੀਕੋਣਾਂ ਵਿੱਚੋਂ ਸਭ ਤੋਂ ਪ੍ਰਭਾਵਕਾਰੀ ਦ੍ਰਿਸ਼ਟੀਕੋਣ ਅਰਸਤੂ ਦੇ ਸਨ। ਭਾਵੇਂ ਉਸ ਨੇ ਅਨੁਮਾਨ ਲਾਇਆ ਕਿ ਧਰਤੀ ਇਕ ਗੋਲਾ ਹੈ, ਉਸ ਨੇ ਇਹ ਇਨਕਾਰ ਕੀਤਾ ਕਿ ਇਹ ਕਦੇ ਵੀ ਖਾਲੀ ਪੁਲਾੜ ਵਿਚ ਲਟਕ ਸਕਦੀ ਸੀ। ਇਸ ਧਾਰਣਾ ਨੂੰ ਰੱਦ ਕਰਦਿਆਂ ਕਿ ਧਰਤੀ ਪਾਣੀ ਉੱਤੇ ਤਰਦੀ ਹੈ, ਉਸ ਨੇ ਆਪਣੇ ਆਸਮਾਨ ਉੱਤੇ (ਅੰਗ੍ਰੇਜ਼ੀ) ਖੋਜ-ਗ੍ਰੰਥ ਵਿਚ ਕਿਹਾ: “ਹਵਾ ਵਿਚ ਲਮਕਣਾ ਪਾਣੀ ਦੀ ਵਿਸ਼ੇਸ਼ਤਾ ਨਹੀਂ ਹੈ, ਨਾ ਹੀ ਇਹ ਧਰਤੀ ਦੀ ਵਿਸ਼ੇਸ਼ਤਾ ਹੈ: ਇਸ ਨੂੰ ਕਿਸੇ ਚੀਜ਼ ਉੱਤੇ ਟਿਕਣ ਦੀ ਲੋੜ ਹੈ।”4 ਤਾਂ ਫਿਰ, ਧਰਤੀ ਕਿਸ ਚੀਜ਼ ‘ਉੱਤੇ ਟਿਕੀ’ ਹੋਈ ਹੈ? ਅਰਸਤੂ ਨੇ ਸਿਖਾਇਆ ਕਿ ਸੂਰਜ, ਚੰਦ, ਅਤੇ ਤਾਰੇ ਠੋਸ, ਪਾਰਦਰਸ਼ੀ ਗੋਲਿਆਂ ਦੇ ਤਲ ਨਾਲ ਜੁੜੇ ਹੋਏ ਸਨ। ਇਕ ਗੋਲਾ ਦੂਸਰੇ ਗੋਲੇ ਦੇ ਅੰਦਰ ਸੀ, ਅਤੇ ਧਰਤੀ—ਅਚੱਲ—ਗੱਭੇ ਸੀ। ਜਿਉਂ-ਜਿਉਂ ਗੋਲੇ ਇਕ ਦੂਜੇ ਦੇ ਅੰਦਰ-ਅੰਦਰ ਘੁੰਮਦੇ ਸਨ, ਉਨ੍ਹਾਂ ਦੇ ਉੱਤੇ ਟਿਕੇ ਪਿੰਡ—ਸੂਰਜ, ਚੰਦ, ਅਤੇ ਗ੍ਰਹਿ—ਆਸਮਾਨ ਵਿਚ ਘੁੰਮਦੇ ਸਨ।
ਅਰਸਤੂ ਦੀ ਵਿਆਖਿਆ ਤਾਰਕਿਕ ਲੱਗਦੀ ਸੀ। ਜੇਕਰ ਆਕਾਸ਼ੀ ਪਿੰਡ ਕਿਸੇ ਚੀਜ਼ ਨਾਲ ਪੱਕੀ ਤਰ੍ਹਾਂ ਜੁੜੇ ਨਾ ਹੁੰਦੇ, ਤਾਂ ਉਹ ਹੋਰ ਕਿਵੇਂ ਉੱਪਰ ਲਮਕ ਸਕਦੇ ਸਨ? ਸਤਿਕਾਰ-ਪ੍ਰਾਪਤ ਅਰਸਤੂ ਦੇ ਵਿਚਾਰ ਕੁਝ 2,000 ਸਾਲਾਂ ਲਈ ਹਕੀਕਤ ਵਜੋਂ ਸਵੀਕਾਰ ਕੀਤੇ ਗਏ ਸਨ। ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ, 16ਵੀਂ ਅਤੇ 17ਵੀਂ ਸਦੀ ਵਿਚ ਗਿਰਜੇ ਦੀਆਂ ਨਜ਼ਰਾਂ ਵਿਚ ਉਸ ਦੀਆਂ ਸਿੱਖਿਆਵਾਂ ਨੇ “ਧਰਮ-ਸਿਧਾਂਤ ਦਾ ਦਰਜਾ ਅਪਣਾ ਲਿਆ ਸੀ।”5
ਦੂਰਬੀਨ ਦੇ ਆਵਿਸ਼ਕਾਰ ਨਾਲ, ਖਗੋਲ-ਵਿਗਿਆਨੀ ਅਰਸਤੂ ਦੇ ਸਿਧਾਂਤ ਦੇ ਬਾਰੇ ਸਵਾਲ ਕਰਨ ਲੱਗ ਪਏ। ਫਿਰ ਵੀ, ਇਸ *6
ਦਾ ਜਵਾਬ ਉਨ੍ਹਾਂ ਦੇ ਹੱਥ ਪੱਲੇ ਨਹੀਂ ਪਿਆ ਜਦ ਤਕ ਸਰ ਆਈਜ਼ਕ ਨਿਊਟਨ ਨੇ ਵਿਆਖਿਆ ਨਹੀਂ ਕੀਤੀ ਕਿ ਗ੍ਰਹਿ ਖਾਲੀ ਪੁਲਾੜ ਵਿਚ ਲਟਕ ਰਹੇ ਹਨ, ਅਤੇ ਆਪਣੇ ਪੱਥਾਂ ਵਿਚ ਇਕ ਅਦ੍ਰਿਸ਼ਟ ਸ਼ਕਤੀ—ਗੁਰੂਤਾ-ਖਿੱਚ—ਦੁਆਰਾ ਕਾਇਮ ਰੱਖੇ ਜਾਂਦੇ ਹਨ। ਇਹ ਅਸੰਭਾਵੀ ਜਾਪਦਾ ਸੀ, ਅਤੇ ਨਿਊਟਨ ਦੇ ਕੁਝ ਸਹਿਕਰਮੀਆਂ ਨੂੰ ਇਹ ਮੰਨਣਾ ਔਖਾ ਲੱਗਾ ਕਿ ਪੁਲਾੜ ਇਕ ਖਾਲੀ ਥਾਂ ਹੋ ਸਕਦਾ ਹੈ, ਜੋ ਆਮ ਤੌਰ ਤੇ ਮੂਲ-ਤੱਤਾਂ ਤੋਂ ਸੱਖਣਾ ਸੀ।ਇਸ ਸਵਾਲ ਬਾਰੇ ਬਾਈਬਲ ਕੀ ਕਹਿੰਦੀ ਹੈ? ਲਗਭਗ 3,500 ਸਾਲ ਪਹਿਲਾਂ, ਬਾਈਬਲ ਨੇ ਅਸਚਰਜ ਸਪੱਸ਼ਟਤਾ ਨਾਲ ਬਿਆਨ ਕੀਤਾ ਕਿ ਧਰਤੀ “ਬਿਨਾ ਸਹਾਰੇ ਦੇ” ਲਟਕਦੀ ਹੈ। (ਅੱਯੂਬ 26:7) ਮੂਲ ਇਬਰਾਨੀ ਵਿਚ, “ਬਿਨਾ ਸਹਾਰੇ” (ਬੇਲੀਮਾਹ) ਲਈ ਇਸਤੇਮਾਲ ਕੀਤੇ ਗਏ ਸ਼ਬਦ ਦਾ ਸ਼ਾਬਦਿਕ ਅਰਥ ਹੈ, “ਬਿਨਾਂ ਕਿਸੇ ਚੀਜ਼।”7ਕੰਟੈਮਪਰੀ ਇੰਗਲਿਸ਼ ਵਰਯਨ “ਖਾਲੀ ਥਾਂ ਉੱਤੇ” ਅਭਿਵਿਅਕਤੀ ਇਸਤੇਮਾਲ ਕਰਦੀ ਹੈ।
ਉਨ੍ਹਾਂ ਸਮਿਆਂ ਵਿਚ ਜ਼ਿਆਦਾਤਰ ਲੋਕ ਧਰਤੀ ਨੂੰ ਇਕ “ਖਾਲੀ ਥਾਂ ਉੱਤੇ” ਲਟਕਦੇ ਗ੍ਰਹਿ ਵਜੋਂ ਬਿਲਕੁਲ ਨਹੀਂ ਵਿਚਾਰਦੇ ਸਨ। ਲੇਕਿਨ, ਆਪਣੇ ਯੁਗ ਤੋਂ ਕਿਤੇ ਅੱਗੇ, ਬਾਈਬਲ ਲਿਖਾਰੀ ਨੇ ਇਕ ਅਜਿਹਾ ਕਥਨ ਦਰਜ ਕੀਤਾ ਜੋ ਵਿਗਿਆਨਕ ਦ੍ਰਿਸ਼ਟੀ ਤੋਂ ਸਹੀ ਹੈ।
ਬਾਈਬਲ ਅਤੇ ਡਾਕਟਰੀ ਵਿਗਿਆਨ —ਕੀ ਇਹ ਸਹਿਮਤ ਹੁੰਦੇ ਹਨ?
ਆਧੁਨਿਕ ਡਾਕਟਰੀ ਵਿਗਿਆਨ ਨੇ ਬੀਮਾਰੀ ਦੇ ਫੈਲਾਉ ਅਤੇ ਰੋਕ ਬਾਰੇ ਸਾਨੂੰ ਕਾਫ਼ੀ ਕੁਝ ਸਿਖਾਇਆ ਹੈ। 19ਵੀਂ ਸਦੀ ਦੀਆਂ ਡਾਕਟਰੀ ਤਰੱਕੀਆਂ ਦੇ ਕਾਰਨ, ਡਾਕਟਰੀ ਪੇਸ਼ੇ ਵਿਚ ਐਂਟੀਸੈਪਸਿਸ—ਸਫ਼ਾਈ ਦੁਆਰਾ ਇਨਫ਼ੇਕਸ਼ਨ ਘਟਾਉਣਾ—ਦਾ ਇਸਤੇਮਾਲ ਕੀਤਾ ਜਾਣ ਲੱਗਾ। ਨਤੀਜਾ ਪ੍ਰਭਾਵਸ਼ਾਲੀ ਸੀ। ਇਨਫ਼ੇਕਸ਼ਨ ਅਤੇ ਅਗੇਤਰੇ ਮੌਤਾਂ ਦੀ ਗਿਣਤੀ ਵਿਚ ਧਿਆਨਯੋਗ ਘਾਟਾ ਹੋਇਆ।
ਲੇਕਿਨ, ਪ੍ਰਾਚੀਨ ਡਾਕਟਰ ਇਹ ਪੂਰੀ ਤਰ੍ਹਾਂ ਨਹੀਂ ਸਮਝਦੇ ਸਨ ਕਿ ਬੀਮਾਰੀ ਕਿਵੇਂ ਫੈਲਦੀ ਹੈ, ਅਤੇ ਨਾ ਹੀ ਉਨ੍ਹਾਂ ਨੂੰ ਰੋਗ ਨੂੰ ਰੋਕਣ ਵਿਚ ਸਫ਼ਾਈ ਦੀ ਮਹੱਤਤਾ ਦਾ ਅਹਿਸਾਸ ਸੀ। ਤਾਂ ਕੋਈ ਹੈਰਾਨਗੀ ਦੀ ਗੱਲ ਨਹੀਂ ਹੈ ਕਿ ਉਨ੍ਹਾਂ ਦੇ ਅਨੇਕ ਡਾਕਟਰੀ ਅਭਿਆਸ ਆਧੁਨਿਕ ਮਿਆਰਾਂ ਦੀ ਤੁਲਨਾ ਵਿਚ ਵਹਿਸ਼ੀ ਜਾਪਦੇ।
ਸਭ ਤੋਂ ਪੁਰਾਣੇ ਉਪਲਬਧ ਡਾਕਟਰੀ ਮੂਲ-ਪਾਠਾਂ ਵਿੱਚੋਂ ਇਕ ਹੈ ਏਬਰਸ ਪਪਾਇਰਸ, ਅਰਥਾਤ, ਮਿਸਰੀ ਡਾਕਟਰੀ ਗਿਆਨ ਦਾ ਇਕ ਸੰਕਲਨ ਜੋ ਲਗਭਗ 1550 ਸਾ.ਯੁ.ਪੂ. ਦਾ ਹੈ। ਇਸ ਪੋਥੀ ਵਿਚ “ਮਗਰਮੱਛ ਦੇ ਚੱਕ ਤੋਂ ਲੈ ਕੇ ਪੈਰ ਦੇ ਨਹੁੰ ਦੇ ਦਰਦ ਤਕ” ਵਿਭਿੰਨ ਦੁੱਖਾਂ ਦੇ ਲਈ ਕੁਝ 700 ਇਲਾਜ ਸ਼ਾਮਲ ਹਨ।8ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਬਿਆਨ ਕਰਦਾ ਹੈ: “ਇਨ੍ਹਾਂ ਡਾਕਟਰਾਂ ਦਾ ਡਾਕਟਰੀ ਗਿਆਨ ਸਰਾਸਰ ਪ੍ਰਯੋਗ-ਸਿੱਧ, ਬਹੁਤ ਹੱਦ ਤਕ ਜਾਦੂਮਈ ਅਤੇ ਬਿਲਕੁਲ ਅਵਿਗਿਆਨਕ ਸੀ।”9 ਜ਼ਿਆਦਾਤਰ ਇਲਾਜ ਬੇਅਸਰ ਹੀ ਸਨ, ਪਰੰਤੂ ਉਨ੍ਹਾਂ ਵਿੱਚੋਂ ਕੁਝ ਅਤਿਅੰਤ ਖ਼ਤਰਨਾਕ ਸਨ। ਇਕ ਜ਼ਖ਼ਮ ਦੇ ਇਲਾਜ ਲਈ, ਇਕ ਨੁਸਖ਼ਾ ਮਨੁੱਖੀ ਵਿਸ਼ਟੇ ਅਤੇ ਦੂਸਰੀਆਂ ਚੀਜ਼ਾਂ ਤੋਂ ਬਣੇ ਲੇਪ ਨੂੰ ਜ਼ਖ਼ਮ ਉੱਤੇ ਲਾਉਣ ਦੀ ਸਲਾਹ ਦਿੰਦਾ ਸੀ।10
ਮਿਸਰੀ ਡਾਕਟਰੀ ਇਲਾਜਾਂ ਦਾ ਇਹ ਮੂਲ-ਪਾਠ ਲਗਭਗ ਉਸੇ ਸਮੇਂ ਲਿਖਿਆ ਗਿਆ ਸੀ ਜਦੋਂ ਬਾਈਬਲ ਦੀਆਂ ਪਹਿਲੀਆਂ ਪੁਸਤਕਾਂ ਲਿਖੀਆਂ ਗਈਆਂ ਸਨ, ਜਿਨ੍ਹਾਂ ਵਿਚ ਮੂਸਾ ਦੀ ਬਿਵਸਥਾ ਵੀ ਸ਼ਾਮਲ ਸੀ। ਮੂਸਾ, ਜਿਸ ਦਾ ਜਨਮ 1593 ਸਾ.ਯੁ.ਪੂ. ਵਿਚ ਹੋਇਆ, ਮਿਸਰ ਵਿਚ ਵੱਡਾ ਹੋਇਆ ਸੀ। (ਕੂਚ 2:1-10) ਫ਼ਿਰਊਨ ਦੇ ਘਰਾਣੇ ਦੇ ਇਕ ਸਦੱਸ ਵਜੋਂ ਉਸ ਨੇ “ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ।” (ਰਸੂਲਾਂ ਦੇ ਕਰਤੱਬ 7:22) ਉਹ ਮਿਸਰ ਦੇ “ਵੈਦਾਂ” ਬਾਰੇ ਜਾਣਦਾ ਸੀ। (ਉਤਪਤ 50:1-3) ਕੀ ਉਨ੍ਹਾਂ ਦੇ ਬੇਅਸਰ ਜਾਂ ਖ਼ਤਰਨਾਕ ਡਾਕਟਰੀ ਅਭਿਆਸਾਂ ਨੇ ਉਸ ਦੀਆਂ ਲਿਖਤਾਂ ਉੱਤੇ ਅਸਰ ਪਾਇਆ?
ਜੀ ਨਹੀਂ। ਇਸ ਦੇ ਉਲਟ, ਮੂਸਾ ਦੀ ਬਿਵਸਥਾ ਵਿਚ ਸਫ਼ਾਈ ਦੇ ਅਜਿਹੇ ਵਿਨਿਯਮ ਸਨ ਜੋ ਉਨ੍ਹਾਂ ਦੇ ਯੁਗ ਤੋਂ ਕਿਤੇ ਹੀ ਅੱਗੇ ਸਨ। ਮਿਸਾਲ ਦੇ ਤੌਰ ਤੇ, ਸੈਨਿਕ ਛਾਉਣੀਆਂ ਨਾਲ ਸੰਬੰਧਿਤ ਇਕ ਨਿਯਮ ਇਹ ਮੰਗ ਕਰਦਾ ਸੀ ਕਿ ਮਲ ਨੂੰ ਡੇਰੇ ਤੋਂ ਪਰੇ ਦੱਬਿਆ ਜਾਵੇ। (ਬਿਵਸਥਾ ਸਾਰ 23:13) ਇਹ ਇਕ ਬਹੁਤ ਹੀ ਉੱਚ ਪੱਧਰ ਦਾ ਨਿਰੋਧਕ ਉਪਾਅ ਸੀ। ਇਸ ਨੇ ਪਾਣੀ ਨੂੰ ਮਲੀਨਤਾ ਤੋਂ ਬਚਾਉਣ ਵਿਚ ਮਦਦ ਕੀਤੀ ਅਤੇ ਮੱਖੀ ਰਾਹੀਂ ਫੈਲਣ ਵਾਲੀ ਸ਼ਿਗੇਲੋਸਿਸ ਅਤੇ ਦੂਜੀਆਂ ਪੇਚਸ਼ੀ ਬੀਮਾਰੀਆਂ ਤੋਂ ਸੁਰੱਖਿਆ ਦਿੱਤੀ ਜੋ ਹਾਲੇ ਵੀ ਉਨ੍ਹਾਂ ਦੇਸ਼ਾਂ ਵਿਚ ਹਰ ਸਾਲ ਲੱਖਾਂ ਹੀ ਜਾਨਾਂ ਲੈਂਦੀਆਂ ਹਨ ਜਿੱਥੇ ਸਫ਼ਾਈ ਦੇ ਚੰਗੇ ਪ੍ਰਬੰਧ ਨਹੀਂ ਹਨ।
ਮੂਸਾ ਦੀ ਬਿਵਸਥਾ ਵਿਚ ਸਫ਼ਾਈ ਦੇ ਹੋਰ ਵਿਨਿਯਮ ਵੀ ਸਨ ਜੋ ਇਸਰਾਏਲ ਨੂੰ ਇਨਫੇਕਸ਼ਨ ਵਾਲੀਆਂ ਬੀਮਾਰੀਆਂ ਦੇ ਫੈਲਾਉ ਤੋਂ ਬਚਾਉਂਦੇ ਸਨ। ਇਕ ਵਿਅਕਤੀ ਜਿਸ ਨੂੰ ਫੈਲਣ ਵਾਲੀ ਬੀਮਾਰੀ ਸੀ ਜਾਂ ਇੰਜ ਹੋਣ ਦਾ ਸ਼ੱਕ ਸੀ, ਉਸ ਨੂੰ ਬਾਕੀਆਂ ਤੋਂ ਵੱਖਰਾ ਰੱਖਿਆ ਜਾਂਦਾ ਸੀ। (ਲੇਵੀਆਂ 13:1-5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਆਪੇ ਹੀ (ਸ਼ਾਇਦ ਬੀਮਾਰੀ ਦੇ ਕਾਰਨ) ਮਰਨ ਵਾਲੇ ਪਸ਼ੂ ਨੂੰ ਛੋਹਣ ਵਾਲੇ ਕੱਪੜਿਆਂ ਜਾਂ ਭਾਂਡਿਆਂ ਨੂੰ ਜਾਂ ਤਾਂ ਦੁਬਾਰਾ ਵਰਤਣ ਤੋਂ ਪਹਿਲਾਂ ਧੋਤਾ ਜਾਣਾ ਸੀ ਜਾਂ ਨਸ਼ਟ ਕੀਤਾ ਜਾਣਾ ਸੀ। (ਲੇਵੀਆਂ 11:27, 28, 32, 33) ਲੋਥ ਨੂੰ ਛੋਹਣ ਵਾਲਾ ਕੋਈ ਵੀ ਵਿਅਕਤੀ ਅਸ਼ੁੱਧ ਵਿਚਾਰਿਆ ਜਾਂਦਾ ਸੀ ਅਤੇ ਉਸ ਨੂੰ ਸ਼ੁੱਧੀ ਕਰਨ ਦੀ ਵਿਧੀ ਦੀ ਪਾਲਣਾ ਕਰਨੀ ਪੈਂਦੀ ਸੀ, ਜਿਸ ਵਿਚ ਆਪਣੇ ਕੱਪੜੇ ਧੋਣੇ ਅਤੇ ਨਹਾਉਣਾ ਸ਼ਾਮਲ ਸੀ। ਸੱਤ ਦਿਨਾਂ ਦੀ ਅਸ਼ੁੱਧਤਾ ਦੇ ਸਮੇਂ ਦੌਰਾਨ, ਉਸ ਨੇ ਦੂਜਿਆਂ ਨਾਲ ਸਰੀਰਕ ਸੰਪਰਕ ਤੋਂ ਪਰਹੇਜ਼ ਕਰਨਾ ਸੀ।—ਗਿਣਤੀ 19:1-13.
ਸਫ਼ਾਈ ਦੀ ਇਹ ਨਿਯਮਾਵਲੀ ਉਸ ਬੁੱਧ ਨੂੰ ਪ੍ਰਗਟ ਕਰਦੀ ਹੈ ਜੋ ਉਸ ਸਮੇਂ ਆਲੇ-ਦੁਆਲੇ ਦੀਆਂ ਕੌਮਾਂ ਦੇ ਡਾਕਟਰਾਂ ਕੋਲ ਨਹੀਂ ਸੀ। ਡਾਕਟਰੀ ਵਿਗਿਆਨ ਨੂੰ ਬੀਮਾਰੀ ਦੇ ਫੈਲਣ ਦੇ ਤਰੀਕਿਆਂ ਬਾਰੇ ਗਿਆਨ ਹੋਣ ਤੋਂ ਹਜ਼ਾਰਾਂ ਸਾਲ ਪਹਿਲਾਂ, ਬਾਈਬਲ ਨੇ ਬੀਮਾਰੀ ਦੇ ਵਿਰੁੱਧ ਬਚਾਉ ਵਜੋਂ ਸੰਤੁਲਿਤ ਨਿਰੋਧਕ ਉਪਾਅ ਨਿਯਤ ਕੀਤੇ ਸਨ। ਕੋਈ ਹੈਰਾਨਗੀ ਦੀ ਗੱਲ ਨਹੀਂ ਹੈ ਕਿ ਮੂਸਾ ਆਪਣੇ ਸਮੇਂ ਦੇ ਆਮ ਇਸਰਾਏਲੀਆਂ ਬਾਰੇ ਕਹਿ ਸਕਿਆ ਕਿ ਉਹ 70 ਜਾਂ 80 ਸਾਲਾਂ ਦੀ ਉਮਰ ਤਕ ਜੀਉਂਦੇ ਰਹਿੰਦੇ ਸਨ। *—ਜ਼ਬੂਰ 90:10.
ਤੁਸੀਂ ਸ਼ਾਇਦ ਇਹ ਸਵੀਕਾਰ ਕਰੋ ਕਿ ਪੂਰਵਲਿਖਿਤ ਬਾਈਬਲੀ ਕਥਨ ਵਿਗਿਆਨਕ ਤੌਰ ਤੇ ਸਹੀ ਹਨ। ਪਰੰਤੂ ਬਾਈਬਲ ਵਿਚ ਦੂਜੇ ਕਥਨ ਪਾਏ ਜਾਂਦੇ ਹਨ ਜੋ ਵਿਗਿਆਨਕ ਤੌਰ ਤੇ ਸਾਬਤ ਨਹੀਂ ਕੀਤੇ ਜਾ ਸਕਦੇ। ਕੀ ਇਸ ਦਾ ਇਹ ਅਰਥ ਹੈ ਕਿ ਬਾਈਬਲ ਵਿਗਿਆਨ ਦੇ ਵਿਰੁੱਧ ਹੈ?
ਅਪ੍ਰਮਾਣਯੋਗ ਨੂੰ ਸਵੀਕਾਰ ਕਰਨਾ
ਇਹ ਜ਼ਰੂਰੀ ਨਹੀਂ ਕਿ ਇਕ ਕਥਨ ਜੋ ਅਪ੍ਰਮਾਣਯੋਗ ਹੈ, ਗ਼ਲਤ ਹੀ ਹੋਵੇ। ਵਿਗਿਆਨਕ ਪ੍ਰਮਾਣ ਮਨੁੱਖਾਂ ਵੱਲੋਂ ਚੋਖਾ ਸਬੂਤ ਲੱਭਣ ਅਤੇ ਤੱਥਾਂ ਦਾ ਸਹੀ ਅਰਥ ਕੱਢਣ ਦੀ ਯੋਗਤਾ ਕਾਰਨ ਸੀਮਿਤ ਹੈ। ਪਰੰਤੂ ਕੁਝ ਸੱਚਾਈਆਂ ਅਪ੍ਰਮਾਣਯੋਗ ਹਨ ਕਿਉਂਕਿ ਕੋਈ ਵੀ ਸਬੂਤ ਸਾਂਭ ਕੇ ਨਹੀਂ ਰੱਖਿਆ ਗਿਆ ਹੈ, ਸਬੂਤ ਅਸਪੱਸ਼ਟ ਜਾਂ ਅਣਲੱਭਿਆ ਹੈ, ਜਾਂ ਵਿਗਿਆਨਕ ਯੋਗਤਾਵਾਂ ਅਤੇ ਮਹਾਰਤ ਕਿਸੇ ਨਿਰਵਿਵਾਦ ਸਿੱਟੇ ਤੇ ਪਹੁੰਚਣ ਵਿਚ ਨਾਕਾਫ਼ੀ ਹਨ। ਕੀ ਇਹ ਕੁਝ ਬਾਈਬਲੀ ਕਥਨਾਂ ਦੇ ਮਾਮਲੇ ਵਿਚ ਸੱਚ ਹੋ ਸਕਦਾ ਹੈ ਜਿਨ੍ਹਾਂ ਲਈ ਹੋਰ ਕੋਈ ਭੌਤਿਕ ਸਬੂਤ ਨਹੀਂ ਹੈ?
ਮਿਸਾਲ ਦੇ ਤੌਰ ਤੇ, ਆਤਮਿਕ ਵਿਅਕਤੀਆਂ ਦੇ ਇਕ ਅਦ੍ਰਿਸ਼ਟ ਲੋਕ ਬਾਰੇ ਬਾਈਬਲ ਦੇ ਹਵਾਲੇ ਵਿਗਿਆਨਕ ਤੌਰ ਦੇ ਸੱਚ—ਜਾਂ ਗ਼ਲਤ—ਨਹੀਂ ਸਾਬਤ ਕੀਤੇ ਜਾ ਸਕਦੇ ਹਨ। ਬਾਈਬਲ ਵਿਚ ਜ਼ਿਕਰ ਕੀਤੀਆਂ ਗਈਆਂ ਚਮਤਕਾਰੀ ਘਟਨਾਵਾਂ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ। ਕੁਝ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਨੂਹ ਦੇ ਸਮੇਂ ਦੀ ਵਿਸ਼ਵ-ਵਿਆਪੀ ਜਲ-ਪਰਲੋ ਦਾ ਇੰਨਾ ਚੋਖਾ ਸਪੱਸ਼ਟ ਭੂ-ਵਿਗਿਆਨਕ ਸਬੂਤ ਉਪਲਬਧ ਨਹੀਂ ਹੈ। (ਉਤਪਤ, ਅਧਿਆਇ 7) ਕੀ ਸਾਨੂੰ ਇਹ ਸਿੱਟਾ ਕੱਢਣਾ ਚਾਹੀਦਾ ਹੈ ਕਿ ਇਹ ਨਹੀਂ ਵਾਪਰੀ ਸੀ? ਸਮੇਂ ਦੇ ਗੁਜ਼ਰਨ ਨਾਲ ਅਤੇ ਤਬਦੀਲੀਆਂ ਕਾਰਨ ਇਤਿਹਾਸਕ ਘਟਨਾਵਾਂ ਅਸਪੱਸ਼ਟ ਹੋ ਸਕਦੀਆਂ ਹਨ। ਇਸ ਲਈ ਕੀ ਇਹ ਮੁਮਕਿਨ ਨਹੀਂ ਹੈ ਕਿ ਹਜ਼ਾਰਾਂ ਸਾਲਾਂ ਦੇ ਭੂ-ਗਰਭੀ ਹਿਲਜੁਲ ਨੇ ਜਲ-ਪਰਲੋ ਦਾ ਜ਼ਿਆਦਾਤਰ ਸਬੂਤ ਮਿਟਾ ਦਿੱਤਾ ਹੈ?
ਇਹ ਸੱਚ ਹੈ ਕਿ ਬਾਈਬਲ ਵਿਚ ਅਜਿਹੇ ਕਥਨ ਹਨ ਜੋ ਉਪਲਬਧ ਭੌਤਿਕ ਸਬੂਤ ਦੁਆਰਾ ਸੱਚ ਜਾਂ ਗ਼ਲਤ ਨਹੀਂ ਸਾਬਤ ਕੀਤੇ ਜਾ ਸਕਦੇ ਹਨ। ਪਰੰਤੂ ਕੀ ਇਸ ਗੱਲ ਤੋਂ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ? ਬਾਈਬਲ ਇਕ ਵਿਗਿਆਨਕ ਪਾਠ-ਪੁਸਤਕ ਨਹੀਂ ਹੈ। ਲੇਕਿਨ, ਇਹ ਇਕ ਸੱਚਾਈ ਦੀ ਪੁਸਤਕ ਹੈ। ਅਸੀਂ ਪਹਿਲਾਂ ਹੀ ਠੋਸ ਸਬੂਤ ਉੱਤੇ ਗੌਰ ਕਰ ਚੁੱਕੇ ਹਾਂ ਕਿ ਇਸ ਦੇ ਲਿਖਾਰੀ ਖਰਿਆਈ ਅਤੇ ਈਮਾਨਦਾਰੀ ਰੱਖਣ ਵਾਲੇ ਮਨੁੱਖ ਸਨ। ਅਤੇ ਜਦੋਂ ਉਹ ਵਿਗਿਆਨ ਨਾਲ ਸੰਬੰਧਿਤ ਮਾਮਲਿਆਂ ਦਾ ਜ਼ਿਕਰ ਕਰਦੇ ਹਨ, ਉਨ੍ਹਾਂ ਦੇ ਸ਼ਬਦ ਬਿਲਕੁਲ ਸਹੀ ਹਨ ਅਤੇ ਪ੍ਰਾਚੀਨ “ਵਿਗਿਆਨਕ” ਸਿਧਾਂਤਾਂ ਤੋਂ ਬਿਲਕੁਲ ਮੁਕਤ ਹਨ ਜੋ ਅੰਤ ਵਿਚ ਕੇਵਲ ਮਿਥ ਹੀ ਸਾਬਤ ਹੋਏ। ਇੰਜ ਵਿਗਿਆਨ ਬਾਈਬਲ ਦਾ ਵੈਰੀ ਨਹੀਂ ਹੈ। ਬਾਈਬਲ ਵਿਚ ਦੱਸੀਆਂ ਗੱਲਾਂ ਨੂੰ ਖੁੱਲ੍ਹੇ ਮਨ ਨਾਲ ਵਿਚਾਰਨ ਦਾ ਹਰ ਕਾਰਨ ਹੈ।
[ਫੁਟਨੋਟ]
^ ਪੈਰਾ 7 “ਪ੍ਰਤਿਧਰੁਵ . . . ਉਹ ਦੋ ਸਥਾਨ ਹਨ ਜੋ ਗੋਲ ਧਰਤੀ ਉੱਤੇ ਇਕ ਦੂਜੇ ਦੇ ਠੀਕ ਉਲਟ ਹਨ। ਇਨ੍ਹਾਂ ਦੇ ਵਿਚਕਾਰ ਇਕ ਸਿੱਧੀ ਲਕੀਰ ਧਰਤੀ ਦੇ ਗੱਭਿਓਂ ਲੰਘਦੀ। ਯੂਨਾਨੀ ਵਿਚ ਸ਼ਬਦ ਪ੍ਰਤਿਧਰੁਵ ਦਾ ਅਰਥ ਪੈਰੋਂ-ਪੈਰ ਹੈ। ਪ੍ਰਤਿਧਰੁਵਾਂ ਉੱਤੇ ਖੜ੍ਹੇ ਦੋ ਵਿਅਕਤੀ ਆਪਣੇ ਪੈਰਾਂ ਦੀਆਂ ਤਲੀਆਂ ਤੇ ਇਕ ਦੂਜੇ ਦੇ ਸਭ ਤੋਂ ਨਜ਼ਦੀਕ ਹੁੰਦੇ।”1—ਦ ਵਰਲਡ ਬੁੱਕ ਐਨਸਾਈਕਲੋਪੀਡੀਆ।
^ ਪੈਰਾ 9 ਤਕਨੀਕੀ ਦ੍ਰਿਸ਼ਟੀ ਤੋਂ, ਧਰਤੀ ਇਕ ਚਪਟਾ ਗੋਲਾ ਹੈ; ਇਹ ਧਰੁਵਾਂ ਤੇ ਥੋੜ੍ਹੀ ਜਿਹੀ ਚਪਟੀ ਹੈ।
^ ਪੈਰਾ 10 ਇਸ ਤੋਂ ਇਲਾਵਾ, ਸਿਰਫ਼ ਇਕ ਗੋਲਾਕਾਰ ਵਸਤੂ ਹੀ ਹਰ ਪਾਸਿਓਂ ਇਕ ਕੁੰਡਲ ਵਾਂਗ ਦਿੱਸੇਗੀ। ਇਕ ਚਪਟਾ ਤਵਾ ਅਕਸਰ ਅੰਡਾਕਾਰ ਦਿੱਸੇਗਾ, ਨਾ ਕਿ ਇਕ ਕੁੰਡਲ।
^ ਪੈਰਾ 17 ਨਿਊਟਨ ਦੇ ਸਮੇਂ ਵਿਚ ਇਕ ਮੁੱਖ ਦ੍ਰਿਸ਼ਟੀਕੋਣ ਇਹ ਸੀ ਕਿ ਵਿਸ਼ਵ-ਮੰਡਲ ਦ੍ਰਵ—ਇਕ ਬ੍ਰਹਿਮੰਡੀ “ਤਰੀ”—ਨਾਲ ਭਰਿਆ ਹੋਇਆ ਸੀ, ਅਤੇ ਕਿ ਦ੍ਰਵ ਵਿਚ ਘੁੰਮਣਘੇਰੀਆਂ ਗ੍ਰਹਿਆਂ ਨੂੰ ਘੁਮਾਉਂਦੀਆਂ ਸਨ।
^ ਪੈਰਾ 27 ਸੰਨ 1900 ਵਿਚ, ਅਨੇਕ ਯੂਰਪੀ ਦੇਸ਼ਾਂ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਜੀਵਨ ਸੰਭਾਵਨਾ 50 ਸਾਲ ਨਾਲੋਂ ਘੱਟ ਸੀ। ਉਸ ਸਮੇਂ ਤੋਂ ਇਹ ਬਹੁਤ ਵੱਧ ਗਈ ਹੈ, ਨਾ ਸਿਰਫ਼ ਬੀਮਾਰੀ ਨੂੰ ਕਾਬੂ ਕਰਨ ਵਿਚ ਡਾਕਟਰੀ ਤਰੱਕੀ ਦੇ ਕਾਰਨ ਪਰੰਤੂ ਬਿਹਤਰ ਸਫ਼ਾਈ ਪ੍ਰਬੰਧ ਅਤੇ ਜੀਉਣ ਦੇ ਹਾਲਾਤ ਦੇ ਕਾਰਨ ਵੀ।
[ਸਫ਼ਾ 21 ਉੱਤੇ ਸੁਰਖੀ]
ਇਹ ਜ਼ਰੂਰੀ ਨਹੀਂ ਕਿ ਇਕ ਕਥਨ ਜੋ ਅਪ੍ਰਮਾਣਯੋਗ ਹੈ, ਗ਼ਲਤ ਹੀ ਹੋਵੇ
[ਸਫ਼ਾ 18 ਉੱਤੇ ਤਸਵੀਰ]
ਮਾਨਵ ਦੁਆਰਾ ਪੁਲਾੜ ਤੋਂ ਧਰਤੀ ਨੂੰ ਇਕ ਗੋਲੇ ਵਜੋਂ ਦੇਖਣ ਤੋਂ ਹਜ਼ਾਰਾਂ ਸਾਲ ਪਹਿਲਾਂ ਬਾਈਬਲ ਨੇ “ਧਰਤੀ ਦੇ ਕੁੰਡਲ” ਦਾ ਜ਼ਿਕਰ ਕੀਤਾ ਸੀ
[ਸਫ਼ਾ 20 ਉੱਤੇ ਤਸਵੀਰਾਂ]
ਸਰ ਆਈਜ਼ਕ ਨਿਊਟਨ ਨੇ ਵਿਆਖਿਆ ਕੀਤੀ ਕਿ ਗ੍ਰਹਿ ਆਪਣੇ ਪੱਥਾਂ ਵਿਚ ਗੁਰੂਤਾ-ਖਿੱਚ ਦੁਆਰਾ ਕਾਇਮ ਰੱਖੇ ਜਾਂਦੇ ਹਨ