Skip to content

Skip to table of contents

ਅਧਿਆਇ ਅੱਠ

ਆਪਣੇ ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਓ

ਆਪਣੇ ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਓ

1-3. (ੳ) ਉਹ ਵਿਨਾਸ਼ਕ ਪ੍ਰਭਾਵ ਕਿਨ੍ਹਾਂ ਸ੍ਰੋਤਾਂ ਤੋਂ ਆਉਂਦੇ ਹਨ ਜੋ ਪਰਿਵਾਰਾਂ ਨੂੰ ਖ਼ਤਰਾ ਪੇਸ਼ ਕਰਦੇ ਹਨ? (ਅ) ਮਾਂ-ਪਿਉ ਨੂੰ ਆਪਣੇ ਪਰਿਵਾਰ ਨੂੰ ਬਚਾਉਣ ਲਈ ਕਿਹੜੇ ਸੰਤੁਲਨ ਦੀ ਜ਼ਰੂਰਤ ਹੈ?

ਤੁਸੀਂ ਆਪਣੇ ਛੋਟੇ ਮੁੰਡੇ ਨੂੰ ਸਕੂਲ ਭੇਜਣ ਹੀ ਵਾਲੇ ਹੋ, ਅਤੇ ਬਾਰਸ਼ ਪੈ ਰਹੀ ਹੈ। ਤੁਸੀਂ ਇਸ ਸਥਿਤੀ ਦੇ ਨਾਲ ਕਿਵੇਂ ਨਿਪਟਦੇ ਹੋ? ਕੀ ਤੁਸੀਂ ਉਸ ਨੂੰ ਬਾਰਸ਼ ਦੇ ਕਿਸੇ ਸਾਜ਼-ਸਾਮਾਨ ਬਿਨਾਂ, ਕੁੱਦਦਿਆਂ ਦਰਵਾਜ਼ੇ ਤੋਂ ਬਾਹਰ ਜਾਣ ਦਿੰਦੇ ਹੋ? ਜਾਂ ਕੀ ਤੁਸੀਂ ਸੁਰੱਖਿਅਕ ਕੱਪੜਿਆਂ ਦੀਆਂ ਇੰਨੀਆਂ ਤਹਿਆਂ ਨੂੰ ਚਾੜ ਦਿੰਦੇ ਹੋ ਕਿ ਉਹ ਮਸਾਂ ਹੀ ਹਿਲ ਸਕਦਾ ਹੈ? ਨਿਸ਼ਚੇ ਹੀ, ਤੁਸੀਂ ਦੋਹਾਂ ਕ੍ਰਿਆ-ਵਿਧੀਆਂ ਵਿੱਚੋਂ ਕੋਈ ਵੀ ਨਹੀਂ ਅਪਣਾਉਂਦੇ ਹੋ। ਤੁਸੀਂ ਉਸ ਨੂੰ ਕੇਵਲ ਉਹੀ ਦਿੰਦੇ ਹੋ ਜੋ ਉਸ ਨੂੰ ਸੁੱਕਾ ਰੱਖਣ ਲਈ ਲੋੜੀਂਦਾ ਹੈ।

2 ਇਸ ਦੇ ਸਮਾਨ, ਮਾਂ-ਪਿਉ ਨੂੰ ਆਪਣੇ ਪਰਿਵਾਰ ਨੂੰ ਉਨ੍ਹਾਂ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਉਣ ਲਈ ਇਕ ਸੰਤੁਲਿਤ ਤਰੀਕਾ ਲੱਭਣਾ ਜ਼ਰੂਰੀ ਹੈ ਜੋ ਉਨ੍ਹਾਂ ਉੱਤੇ ਕਈਆਂ ਸ੍ਰੋਤਾਂ ਤੋਂ ਵਾਛੜਦੇ ਹਨ—ਮਨੋਰੰਜਨ ਉਦਯੋਗ, ਮੀਡੀਆ, ਹਮਸਰਾਂ, ਅਤੇ ਕਦੇ-ਕਦਾਈਂ ਸਕੂਲਾਂ ਤੋਂ ਵੀ। ਕੁਝ ਮਾਂ-ਪਿਉ ਆਪਣੇ ਪਰਿਵਾਰ ਨੂੰ ਬਚਾਉਣ ਲਈ ਘੱਟ ਹੀ ਕੁਝ, ਜਾਂ ਕੁਝ ਵੀ ਨਹੀਂ ਕਰਦੇ ਹਨ। ਦੂਜੇ, ਤਕਰੀਬਨ ਸਾਰਿਆਂ ਬਾਹਰਲਿਆਂ ਪ੍ਰਭਾਵਾਂ ਨੂੰ ਹਾਨੀਕਾਰਕ ਵਿਚਾਰਦੇ ਹੋਏ, ਇੰਨੇ ਸੀਮਿਤਕਾਰੀ ਹਨ ਕਿ ਬੱਚੇ ਇਵੇਂ ਮਹਿਸੂਸ ਕਰਦੇ ਹਨ ਜਿਵੇਂ ਕਿ ਉਨ੍ਹਾਂ ਦਾ ਦਮ ਘੁੱਟ ਰਿਹਾ ਹੋਵੇ। ਕੀ ਇਕ ਸੰਤੁਲਨ ਸੰਭਵ ਹੈ?

3 ਜੀ ਹਾਂ, ਇਹ ਸੰਭਵ ਹੈ। ਇੰਤਹਾਈ ਹੋਣਾ ਪ੍ਰਭਾਵਹੀਣ ਹੈ ਅਤੇ ਬਿਪਤਾ ਲਈ ਸੱਦਾ ਹੋ ਸਕਦਾ ਹੈ। (ਉਪਦੇਸ਼ਕ ਦੀ ਪੋਥੀ 7:16, 17) ਪਰੰਤੂ ਮਸੀਹੀ ਮਾਂ-ਪਿਉ ਆਪਣੇ ਪਰਿਵਾਰ ਨੂੰ ਬਚਾਉਣ ਵਿਚ ਸਹੀ ਸੰਤੁਲਨ ਕਿਵੇਂ ਲੱਭਦੇ ਹਨ? ਤਿੰਨ ਖੇਤਰਾਂ ਉੱਤੇ ਵਿਚਾਰ ਕਰੋ: ਸਿੱਖਿਆ, ਸੰਗਤ, ਅਤੇ ਦਿਲਪਰਚਾਵਾ।

ਤੁਹਾਡੇ ਬੱਚਿਆਂ ਨੂੰ ਕੌਣ ਸਿੱਖਿਆ ਦੇਵੇਗਾ?

4. ਮਸੀਹੀ ਮਾਂ-ਪਿਉ ਨੂੰ ਸਿੱਖਿਆ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?

4 ਮਸੀਹੀ ਮਾਂ-ਪਿਉ ਸਿੱਖਿਆ ਨੂੰ ਇਕ ਉੱਚਾ ਦਰਜਾ ਦਿੰਦੇ ਹਨ। ਉਹ ਜਾਣਦੇ ਹਨ ਕਿ ਸਕੂਲ ਦੀ ਪੜ੍ਹਾਈ ਬੱਚਿਆਂ ਨੂੰ ਪੜ੍ਹਨ, ਲਿਖਣ, ਅਤੇ ਸੰਚਾਰ ਕਰਨ, ਨਾਲੇ ਸਮੱਸਿਆਵਾਂ ਹੱਲ ਕਰਨ ਵਿਚ ਮਦਦ ਦਿੰਦੀ ਹੈ। ਇਸ ਤੋਂ ਉਨ੍ਹਾਂ ਨੂੰ ਇਹ ਵੀ ਸਿਖਣਾ ਚਾਹੀਦਾ ਹੈ ਕਿ ਸਿੱਖਿਆ ਕਿਵੇਂ ਲਈ ਜਾਂਦੀ ਹੈ। ਜੋ ਹੁਨਰ ਬੱਚੇ ਸਕੂਲ ਵਿਚ ਪ੍ਰਾਪਤ ਕਰਦੇ ਹਨ, ਉਹ ਉਨ੍ਹਾਂ ਨੂੰ ਅੱਜ ਦੇ ਸੰਸਾਰ ਦੀਆਂ ਚੁਣੌਤੀਆਂ ਦੇ ਬਾਵਜੂਦ ਸਫ਼ਲ ਹੋਣ ਵਿਚ ਮਦਦ ਕਰ ਸਕਦੇ ਹਨ। ਇਸ ਦੇ ਅਤਿਰਿਕਤ, ਇਕ ਅੱਛੀ ਸਿੱਖਿਆ ਸ਼ਾਇਦ ਉਨ੍ਹਾਂ ਨੂੰ ਉੱਚ ਕੋਟੀ ਦਾ ਕੰਮ ਕਰਨ ਲਈ ਵੀ ਮਦਦ ਕਰ ਸਕਦੀ ਹੈ।—ਕਹਾਉਤਾਂ 22:29.

5, 6. ਸਕੂਲ ਵਿਚ ਬੱਚੇ ਲਿੰਗੀ ਮਾਮਲਿਆਂ ਬਾਰੇ ਤੋੜੀ-ਮਰੋੜੀ ਜਾਣਕਾਰੀ ਦੇ ਖ਼ਤਰੇ ਵਿਚ ਕਿਵੇਂ ਪੈ ਸਕਦੇ ਹਨ?

5 ਫਿਰ ਵੀ, ਸਕੂਲ ਬੱਚਿਆਂ ਨੂੰ ਦੂਜਿਆਂ ਬੱਚਿਆਂ ਦੇ ਨਾਲ ਇਕੱਠਾ ਕਰਦਾ ਹੈ—ਜਿਨ੍ਹਾਂ ਵਿੱਚੋਂ ਬਹੁਤੇਰਿਆਂ ਦੇ ਤੋੜੇ-ਮਰੋੜੇ ਵਿਚਾਰ ਹੁੰਦੇ ਹਨ। ਉਦਾਹਰਣ ਲਈ, ਸੈਕਸ ਅਤੇ ਸਦਾਚਾਰ ਬਾਰੇ ਉਨ੍ਹਾਂ ਦੇ ਵਿਚਾਰਾਂ ਉੱਤੇ ਗੌਰ ਕਰੋ। ਨਾਈਜੀਰੀਆ ਵਿਖੇ ਇਕ ਸੈਕੰਡਰੀ ਸਕੂਲ ਵਿਚ ਇਕ ਖੁੱਲ੍ਹੇ ਜਿਨਸੀ ਸੰਬੰਧ ਰੱਖਣ ਵਾਲੀ ਕੁੜੀ ਆਪਣੀਆਂ ਸੰਗੀ ਵਿਦਿਆਰਥੀਆਂ ਨੂੰ ਸੈਕਸ ਬਾਰੇ ਸਲਾਹ ਦਿੰਦੀ ਹੁੰਦੀ ਸੀ। ਉਨ੍ਹਾਂ ਨੇ ਉਤਸੁਕਤਾ ਦੇ ਨਾਲ ਉਸ ਦੀਆਂ ਗੱਲਾਂ ਉੱਤੇ ਕੰਨ ਧਰਿਆ, ਭਾਵੇਂ ਕਿ ਉਸ ਦੇ ਖ਼ਿਆਲ ਬੇਹੂਦਗੀ ਨਾਲ ਭਰਪੂਰ ਸਨ ਜੋ ਉਸ ਨੇ ਅਸ਼ਲੀਲ ਸਾਹਿੱਤ ਤੋਂ ਪਾਏ ਸਨ। ਕੁਝ ਕੁੜੀਆਂ ਨੇ ਉਸ ਦੀ ਸਲਾਹ ਅਨੁਸਾਰ ਤਜਰਬਾ ਕੀਤਾ। ਨਤੀਜੇ ਵਜੋਂ, ਇਕ ਕੁੜੀ ਵਿਆਹ ਤੋਂ ਬਿਨਾਂ ਗਰਭਵਤੀ ਹੋ ਗਈ ਅਤੇ ਸਵੈ-ਪ੍ਰੇਰਿਤ ਗਰਭਪਾਤ ਦੇ ਕਾਰਨ ਮਰ ਗਈ।

6 ਅਫ਼ਸੋਸ ਦੀ ਗੱਲ ਹੈ ਕਿ ਸਕੂਲ ਵਿਖੇ ਕੁਝ ਗ਼ਲਤ ਲਿੰਗੀ ਇਤਲਾਹ, ਬੱਚਿਆਂ ਤੋਂ ਨਹੀਂ, ਪਰੰਤੂ ਅਧਿਆਪਕਾਂ ਤੋਂ ਮਿਲਦੀ ਹੈ। ਬਹੁਤੇਰੇ ਮਾਂ-ਪਿਉ ਪਰੇਸ਼ਾਨ ਹੁੰਦੇ ਹਨ ਜਦੋਂ ਸਕੂਲ ਬੱਚਿਆਂ ਨੂੰ ਨੈਤਿਕ ਮਿਆਰਾਂ ਅਤੇ ਜ਼ਿੰਮੇਵਾਰੀ ਬਾਰੇ ਜਾਣਕਾਰੀ ਪੇਸ਼ ਕੀਤੇ ਬਿਨਾਂ ਹੀ ਸੈਕਸ ਬਾਰੇ ਸਿੱਖਿਆ ਦਿੰਦੇ ਹਨ। ਇਕ 12-ਸਾਲਾ ਲੜਕੀ ਦੀ ਮਾਂ ਨੇ ਕਿਹਾ: “ਅਸੀਂ ਇਕ ਬਹੁਤ ਹੀ ਧਾਰਮਿਕ, ਰੂੜ੍ਹੀਵਾਦੀ ਇਲਾਕੇ ਵਿਚ ਰਹਿੰਦੇ ਹਾਂ, ਅਤੇ ਫਿਰ ਵੀ, ਠੀਕ ਇੱਥੇ ਦੇ ਸਥਾਨਕ ਹਾਈ ਸਕੂਲ ਵਿਚ ਉਹ ਬੱਚਿਆਂ ਨੂੰ ਨਿਰੋਧ ਵੰਡ ਰਹੇ ਹਨ!” ਉਹ ਅਤੇ ਉਸ ਦਾ ਪਤੀ ਚਿੰਤਾਤੁਰ ਹੋ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਨੂੰ ਆਪਣੇ ਹਾਣ ਦਿਆ ਮੁੰਡਿਆਂ ਤੋਂ ਲਿੰਗੀ ਤਜਵੀਜ਼ਾਂ ਮਿਲ ਰਹੀਆਂ ਸਨ। ਮਾਂ-ਪਿਉ ਆਪਣੇ ਪਰਿਵਾਰ ਨੂੰ ਅਜਿਹੇ ਗ਼ਲਤ ਪ੍ਰਭਾਵਾਂ ਤੋਂ ਕਿਵੇਂ ਬਚਾ ਸਕਦੇ ਹਨ?

7. ਗ਼ਲਤ ਲਿੰਗੀ ਇਤਲਾਹ ਦਾ ਸਭ ਤੋਂ ਵਧੀਆ ਤਰੀਕੇ ਨਾਲ ਕਿਵੇਂ ਪ੍ਰਤਿਰੋਧ ਕੀਤਾ ਜਾ ਸਕਦਾ ਹੈ?

7 ਕੀ ਬੱਚਿਆਂ ਨੂੰ ਲਿੰਗੀ ਮਾਮਲਿਆਂ ਦੇ ਕਿਸੇ ਵੀ ਜ਼ਿਕਰ ਤੋਂ ਬਚਾ ਕੇ ਰੱਖਣਾ ਸਭ ਤੋਂ ਵਧੀਆ ਹੈ? ਨਹੀਂ। ਆਪਣੇ ਬੱਚਿਆਂ ਨੂੰ ਸੈਕਸ ਬਾਰੇ ਖ਼ੁਦ ਸਿੱਖਿਆ ਦੇਣੀ ਬਿਹਤਰ ਹੈ। (ਕਹਾਉਤਾਂ 5:1) ਇਹ ਸੱਚ ਹੈ ਕਿ ਯੂਰਪ ਅਤੇ ਉੱਤਰੀ ਅਮਰੀਕਾ ਦੇ ਹਿੱਸਿਆਂ ਵਿਚ, ਬਹੁਤੇਰੇ ਮਾਪੇ ਇਸ ਵਿਸ਼ੇ ਤੋਂ ਸੰਕੋਚ ਕਰਦੇ ਹਨ। ਇਸੇ ਤਰ੍ਹਾਂ, ਕੁਝ ਅਫ਼ਰੀਕੀ ਦੇਸ਼ਾਂ ਵਿਚ, ਮਾਪੇ ਆਪਣੇ ਬੱਚਿਆਂ ਦੇ ਨਾਲ ਸੈਕਸ ਬਾਰੇ ਘੱਟ ਹੀ ਚਰਚਾ ਕਰਦੇ ਹਨ। “ਇਓਂ ਕਰਨਾ ਅਫ਼ਰੀਕੀ ਸਭਿਆਚਾਰ ਦਾ ਹਿੱਸਾ ਨਹੀਂ ਹੈ,” ਸੀਅਰਾ ਲਿਓਨ ਵਿਖੇ ਇਕ ਪਿਤਾ ਕਹਿੰਦਾ ਹੈ। ਕੁਝ ਮਾਂ-ਪਿਉ ਇਹ ਸੋਚਦੇ ਹਨ ਕਿ ਬੱਚਿਆਂ ਨੂੰ ਸੈਕਸ ਬਾਰੇ ਸਿੱਖਿਆ ਦੇਣੀ ਉਨ੍ਹਾਂ ਦੇ ਦਿਮਾਗ਼ਾਂ ਨੂੰ ਸੁਝਾਵਾਂ ਨਾਲ ਭਰਨ ਦੇ ਬਰਾਬਰ ਹੈ ਜਿਸ ਕਰਕੇ ਉਹ ਅਨੈਤਿਕ ਕੰਮ ਕਰ ਬੈ­ਠਣਗੇ! ਪਰੰਤੂ ਪਰਮੇਸ਼ੁਰ ਦਾ ਕੀ ਵਿਚਾਰ ਹੈ?

ਸੈਕਸ ਬਾਰੇ ਪਰਮੇਸ਼ੁਰ ਦਾ ਵਿਚਾਰ

8, 9. ਬਾਈਬਲ ਵਿਚ ਲਿੰਗੀ ਮਾਮਲਿਆਂ ਬਾਰੇ ਕੀ ਉੱਤਮ ਜਾਣਕਾਰੀ ਪਾਈ ਜਾਂਦੀ ਹੈ?

8 ਬਾਈਬਲ ਇਹ ਸਪੱਸ਼ਟ ਕਰਦੀ ਹੈ ਕਿ ਇਕ ਉਚਿਤ ਪ੍ਰਸੰਗ ਵਿਚ ਸੈਕਸ ਬਾਰੇ ਚਰਚਾ ਕਰਨੀ ਕੋਈ ਸ਼ਰਮਨਾਕ ਗੱਲ ਨਹੀਂ ਹੈ। ਇਸਰਾਏਲ ਵਿਚ, ਪਰਮੇਸ਼ੁਰ ਨੇ ਮੂਸਾ ਦੀ ਬਿਵਸਥਾ ਨੂੰ ਉੱਚਾ ਪੜ੍ਹੇ ਜਾਂਦੇ ਹੋਏ ਸੁਣਨ ਲਈ ਲੋਕਾਂ ਨੂੰ ਇਕੱਠੇ ਹੋਣ ਲਈ ਆਖਿਆ ਸੀ, ਜਿਨ੍ਹਾਂ ਵਿਚ ਉਨ੍ਹਾਂ ਦੇ ‘ਨਿਆਣੇ’ ਵੀ ਸ਼ਾਮਲ ਸਨ। (ਬਿਵਸਥਾ ਸਾਰ 31:10-12; ਯਹੋਸ਼ੁਆ 8:35) ਬਿਵਸਥਾ ਨੇ ਕਈ ਲਿੰਗੀ ਮਾਮਲਿਆਂ ਦਾ ਨਿਰਸੰਕੋਚ ਜ਼ਿਕਰ ਕੀਤਾ ਜਿਨ੍ਹਾਂ ਵਿਚ ਮਾਹਵਾਰੀ-ਵਹਾਉ, ਵੀਰਜ ਦਾ ਛੁੱਟਣ, ਵਿਭਚਾਰ, ਜ਼ਨਾਹ, ਸਮਲਿੰਗਕਾਮੁਕਤਾ, ਗੋਤਰ-ਗਮਨ, ਅਤੇ ਪਸ਼ੂ-ਗਮਨ ਸ਼ਾਮਲ ਸਨ। (ਲੇਵੀਆਂ 15:16, 19; 18:6, 22, 23; ਬਿਵਸਥਾ ਸਾਰ 22:22) ਅਜਿਹੇ ਪਠਨਾਂ ਦੇ ਬਾਅਦ ਮਾਂ-ਪਿਉ ਨੂੰ ਆਪਣੇ ਜਿਗਿਆਸੂ ਬਾਲਕਾਂ ਨੂੰ ਨਿਰਸੰਦੇਹ ਕਾਫ਼ੀ ਕੁਝ ਵਿਆਖਿਆ ਕਰਨੀ ਪੈਂਦੀ ਸੀ।

9 ਕਹਾਉਤਾਂ ਦੇ ਪੰਜਵੇਂ, ਛੇਵੇਂ, ਅਤੇ ਸੱਤਵੇਂ ਅਧਿਆਵਾਂ ਵਿਚ ਅਜਿਹੀਆਂ ਆਇਤਾਂ ਪਾਈਆਂ ਜਾਂਦੀਆਂ ਹਨ ਜੋ ਲਿੰਗੀ ਅਨੈਤਿਕਤਾ ਦੇ ਖ਼ਤਰਿਆਂ ਬਾਰੇ ਪ੍ਰੇਮਮਈ ਮਾਪਿਆਂ ਦੀ ਸਲਾਹ ਨੂੰ ਵਿਅਕਤ ਕਰਦੀਆਂ ਹਨ। ਇਹ ਆਇਤਾਂ ਪ੍ਰਦਰਸ਼ਿਤ ਕਰਦੀਆਂ ਹਨ ਕਿ ਅਨੈਤਿਕਤਾ ਕਦੇ-ਕਦੇ ਲਲਚਾਊ ਹੋ ਸਕਦੀ ਹੈ। (ਕਹਾਉਤਾਂ 5:3; 6:24, 25; 7:14-21) ਪਰੰਤੂ ਉਹ ਸਿਖਾਉਂਦੀਆਂ ਹਨ ਕਿ ਇਹ ਗ਼ਲਤ ਹੈ ਅਤੇ ਉਸ ਦੇ ਬਿਪਤਾਜਨਕ ਨਤੀਜੇ ਹੁੰਦੇ ਹਨ, ਅਤੇ ਉਹ ਜਵਾਨ ਲੋਕਾਂ ਨੂੰ ਅਨੈਤਿਕ ਤੌਰ-ਤਰੀਕਿਆਂ ਤੋਂ ਬਚਣ ਲਈ ਮਦਦ ਕਰਨ ਵਿਚ ਮਾਰਗ-ਦਰਸ਼ਨ ਪੇਸ਼ ਕਰਦੀਆਂ ਹਨ। (ਕਹਾਉਤਾਂ 5:1-14, 21-23; 6:27-35; 7:22-27) ਇਸ ਤੋਂ ਅਤਿਰਿਕਤ, ਉਚਿਤ ਹੱਦਾਂ ਦੇ ਅੰਦਰ, ਅਰਥਾਤ ਵਿਆਹ ਵਿਚ ਲਿੰਗੀ ਆਨੰਦ ਦੀ ਸੰਤੁਸ਼ਟੀ ਨੂੰ ਅਨੈਤਿਕਤਾ ਤੋਂ ਭਿੰਨ ਦਰਸਾਇਆ ਗਿਆ ਹੈ। (ਕਹਾਉਤਾਂ 5:15-20) ਸਿੱਖਿਆ ਦੇਣ ਦਾ ਕਿੰਨਾ ਉੱਤਮ ਉਦਾਹਰਣ, ਜਿਸ ਦੀ ਮਾਪੇ ਪੈਰਵੀ ਕਰ ਸਕਦੇ ਹਨ!

10. ਬੱਚਿਆਂ ਨੂੰ ਸੈਕਸ ਬਾਰੇ ਈਸ਼ਵਰੀ ਗਿਆਨ ਦੇਣਾ ਉਨ੍ਹਾਂ ਤੋਂ ਅਨੈਤਿਕਤਾ ਕਿਉਂ ਨਹੀਂ ਕਰਵਾਏਗਾ?

10 ਕੀ ਅਜਿਹੀ ਸਿੱਖਿਆ ਬੱਚਿਆਂ ਤੋਂ ਅਨੈਤਿਕਤਾ ਕਰਵਾਉਂਦੀ ਹੈ? ਇਸ ਦੇ ਉਲਟ, ਬਾਈਬਲ ਸਿੱਖਿਆ ਦਿੰਦੀ ਹੈ: “ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ।” (ਕਹਾਉਤਾਂ 11:9) ਕੀ ਤੁਸੀਂ ਇਸ ਸੰਸਾਰ ਦੇ ਪ੍ਰਭਾਵਾਂ ਤੋਂ ਆਪਣੇ ਬੱਚਿਆਂ ਨੂੰ ਬਚਾਉਣਾ ਨਹੀਂ ਚਾਹੁੰਦੇ ਹੋ? ਇਕ ਪਿਤਾ ਨੇ ਕਿਹਾ: “ਜਦੋਂ ਤੋਂ ਬੱਚੇ ਬਹੁਤ ਹੀ ਛੋਟੇ ਸਨ, ਅਸੀਂ ਸੈਕਸ ਦੇ ਸੰਬੰਧ ਵਿਚ ਬਿਲਕੁਲ ਹੀ ਖੁੱਲ੍ਹ ਕੇ ਗੱਲ ਕਰਨ ਦਾ ਜਤਨ ਕੀਤਾ ਹੈ। ਇਸ ਤਰੀਕੇ ਨਾਲ, ਜਦੋਂ ਉਹ ਦੂਜੇ ਬੱਚਿਆਂ ਨੂੰ ਸੈਕਸ ਬਾਰੇ ਗੱਲਾਂ ਕਰਦਿਆਂ ਸੁਣਦੇ, ਤਾਂ ਉਹ ਜਿਗਿਆਸੂ ਨਹੀਂ ਹੁੰਦੇ ਹਨ। ਇਸ ਵਿਚ ਕੋਈ ਵੱਡਾ ਰਹੱਸ ਨਹੀਂ।”

11. ਬੱਚੇ ਜੀਵਨ ਦੇ ਲਿੰਗੀ ਮਾਮਲਿਆਂ ਬਾਰੇ ਪ੍ਰਗਤੀਵਾਦੀ ਢੰਗ ਨਾਲ ਕਿਵੇਂ ਸਿਖਾਏ ਜਾ ਸਕਦੇ ਹਨ?

11 ਜਿਵੇਂ ਪਹਿਲਿਆਂ ਅਧਿਆਵਾਂ ਵਿਚ ਗੌਰ ਕੀਤਾ ਗਿਆ ਹੈ, ਸੈਕਸ ਸਿੱਖਿਆ ਛੋਟੀ ਉਮਰ ਤੋਂ ਹੀ ਆਰੰਭ ਹੋਣੀ ਚਾਹੀਦੀ ਹੈ। ਛੋਟੇ ਬੱਚਿਆਂ ਨੂੰ ਸਰੀਰ ਦੇ ਅੰਗਾਂ ਦੇ ਨਾਂ ਲੈਣਾ ਸਿਖਾਉਂਦੇ ਸਮੇਂ, ਉਨ੍ਹਾਂ ਦੇ ਗੁਪਤ ਅੰਗਾਂ ਨੂੰ ਨਜ਼ਰਅੰਦਾਜ਼ ਨਾ ਕਰੋ ਜਿਵੇਂ ਕਿ ਇਹ ਕਿਸੇ ਤਰ੍ਹਾਂ ਤੋਂ ਸ਼ਰਮਨਾਕ ਹਨ। ਉਨ੍ਹਾਂ ਨੂੰ ਇਨ੍ਹਾਂ ਦੇ ਸਹੀ ਨਾਂ ਸਿਖਾਓ। ਸਮਾਂ ਬੀਤਣ ਨਾਲ, ਏਕਾਂਤ ਅਤੇ ਸੀਮਾਵਾਂ ਦੇ ਬਾਰੇ ਸਬਕ ਲਾਜ਼ਮੀ ਹਨ। ਚੰਗਾ ਹੋਵੇਗਾ ਜੇਕਰ ਦੋਵੇਂ ਮਾਪੇ ਆਪਣੇ ਬੱਚਿਆਂ ਨੂੰ ਸਿਖਾਉਣ ਕਿ ਸਰੀਰ ਦੇ ਇਹ ਅੰਗ ਖ਼ਾਸ ਹੁੰਦੇ ਹਨ, ਜੋ ਆਮ ਤੌਰ ਤੇ ਦੂਜਿਆਂ ਦੁਆਰਾ ਨਾ ਛੋਹੇ ਜਾਂ ਦੇਖੇ ਜਾਣੇ ਚਾਹੀਦੇ ਹਨ, ਅਤੇ ਕਦੇ ਵੀ ਬੁਰੇ ਤਰੀਕੇ ਵਿਚ ਚਰਚਾ ਨਹੀਂ ਕੀਤੇ ਜਾਣੇ ਚਾਹੀਦੇ ਹਨ। ਜਿਉਂ ਹੀ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਕਿ ਇਕ ਪੁਰਸ਼ ਅਤੇ ਇਸਤਰੀ ਇਕ ਬੱਚਾ ਪੈਦਾ ਕਰਨ ਲਈ ਕਿਵੇਂ ਇਕੱਠੇ ਹੁੰਦੇ ਹਨ। ਜਿਸ ਸਮੇਂ ਉਨ੍ਹਾਂ ਦੇ ਖ਼ੁਦ ਦੇ ਸਰੀਰ ਗਭਰੇਟ-ਅਵਸਥਾ ਵਿਚ ਪ੍ਰਵੇਸ਼ ਕਰਨਾ ਆਰੰਭ ਕਰਦੇ ਹਨ, ਉਨ੍ਹਾਂ ਨੂੰ ਪਹਿਲਾਂ ਤੋਂ ਹੀ ਉਮੀਦ ਕੀਤੀਆਂ ਤਬਦੀਲੀਆਂ ਬਾਰੇ ਜਾਣੂ ਹੋਣਾ ਚਾਹੀਦਾ ਹੈ। ਜਿਵੇਂ ਅਧਿਆਇ 5 ਵਿਚ ਚਰਚਾ ਕੀਤੀ ਗਈ ਸੀ, ਅਜਿਹੀ ਸਿੱਖਿਆ ਬੱਚਿਆਂ ਨੂੰ ਲਿੰਗੀ ਦੁਰਵਿਹਾਰ ਤੋਂ ਬਚਾਉਣ ਵਿਚ ਵੀ ਮਦਦ ਕਰ ਸਕਦੀ ਹੈ।—ਕਹਾਉਤਾਂ 2:10-14.

ਮਾਪਿਆਂ ਲਈ ਹੋਮ-ਵਰਕ

12. ਸਕੂਲਾਂ ਵਿਚ ਕਿਹੜੇ ਤੋੜੇ-ਮਰੋੜੇ ਵਿਚਾਰ ਅਕਸਰ ਸਿਖਾਏ ਜਾਂਦੇ ਹਨ?

12 ਮਾਪਿਆਂ ਨੂੰ ਦੂਜੇ ਝੂਠੇ ਵਿਚਾਰਾਂ ਨੂੰ ਨਕਾਰਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਜੋ ਸ਼ਾਇਦ ਸਕੂਲ ਵਿਚ ਸਿਖਾਏ ਜਾਣ—ਦੁਨਿਆਵੀ ਫ਼ਲਸਫ਼ੇ ਜਿਵੇਂ ਕਿ ਕ੍ਰਮ-ਵਿਕਾਸ, ਰਾਸ਼ਟਰਵਾਦ, ਜਾਂ ਇਹ ਵਿਚਾਰ ਕਿ ਕੋਈ ਵੀ ਸੱਚਾਈਆਂ ਨਿਰਪੇਖ ਨਹੀਂ ਹਨ। (1 ਕੁਰਿੰਥੀਆਂ 3:19; ਤੁਲਨਾ ਕਰੋ ਉਤਪਤ 1:27; ਲੇਵੀਆਂ 26:1; ਯੂਹੰਨਾ 4:24; 17:17.) ਬਹੁਤੇਰੇ ਸੁਹਿਰਦ ਸਕੂਲ ਅਫ਼ਸਰ ਵਾਧੂ ਸਿੱਖਿਆ ਨੂੰ ਹੱਦ ਤੋਂ ਵੱਧ ਮਹੱਤਤਾ ਦਿੰਦੇ ਹਨ। ਜਦ ਕਿ ਵਾਧੂ ਸਿੱਖਿਆ ਦਾ ਮਾਮਲਾ ਇਕ ਵਿਅਕਤੀਗਤ ਚੋਣ ਹੈ, ਕੁਝ ਅਧਿਆਪਕ ਯਕੀਨ ਰੱਖਦੇ ਹਨ ਕਿ ਕਿਸੇ ਵੀ ਵਿਅਕਤੀਗਤ ਸਫ਼ਲਤਾ ਲਈ ਇਹੀ ਇੱਕੋ-ਇਕ ਮਾਰਗ ਹੈ। *ਜ਼ਬੂਰ 146:3-6.

13. ਸਕੂਲ ਜਾਂਦੇ ਬੱਚਿਆਂ ਨੂੰ ਗ਼ਲਤ ਵਿਚਾਰਾਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?

13 ਜੇਕਰ ਮਾਂ-ਪਿਉ ਨੇ ਉਲਟ ਜਾਂ ਤੋੜੀ-ਮਰੋੜੀ ਸਿੱਖਿਆਵਾਂ ਨੂੰ ਨਕਾਰਾ ਕਰਨਾ ਹੈ, ਤਾਂ ਉਨ੍ਹਾਂ ਨੂੰ ਜਾਣਨ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੇ ਬੱਚੇ ਠੀਕ ਕਿਹੜੀ ਹਿਦਾਇਤ ਹਾਸਲ ਕਰ ਰਹੇ ਹਨ। ਸੋ ਮਾਪਿਓ, ਯਾਦ ਰੱਖੋ ਕਿ ਤੁਹਾਡੇ ਲਈ ਵੀ ਹੋਮ-ਵਰਕ ਹੈ! ਆਪਣੇ ਬੱਚਿਆਂ ਦੀ ਸਕੂਲ ਸਿਖਲਾਈ ਵਿਚ ਅਸਲੀ ਦਿਲ­ਚਸਪੀ ਪ੍ਰਦਰਸ਼ਿਤ ਕਰੋ। ਸਕੂਲ ਤੋਂ ਬਾਅਦ ਉਨ੍ਹਾਂ ਦੇ ਨਾਲ ਵਾਰਤਾਲਾਪ ਕਰੋ। ਉਨ੍ਹਾਂ ਨੂੰ ਪੁੱਛੋ ਕਿ ਉਹ ਕੀ ਸਿੱਖ ਰਹੇ ਹਨ, ਉਨ੍ਹਾਂ ਨੂੰ ਕੀ ਸਭ ਤੋਂ ਪਸੰਦ ਹੈ, ਉਨ੍ਹਾਂ ਨੂੰ ਕੀ ਸਭ ਤੋਂ ਜ਼ਿਆਦਾ ਚੁਣੌਤੀਜਨਕ ਜਾਪਦਾ ਹੈ। ਹੋਮ-ਵਰਕ ਸੌਂਪਣੀਆਂ, ਲਿਖੇ ਨੋਟਾਂ, ਅਤੇ ਇਮਤਿਹਾਨ ਦਿਆਂ ਨਤੀਜਿਆਂ ਉੱਤੇ ਧਿਆਨ ਦਿਓ। ਉਨ੍ਹਾਂ ਦੇ ਅਧਿਆਪਕਾਂ ਦੇ ਨਾਲ ਪ੍ਰਰਿਚਿਤ ਹੋਣ ਦਾ ਜਤਨ ਕਰੋ। ਅਧਿਆਪਕਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਦੇ ਕੰਮ ਦੀ ਕਦਰ ਕਰਦੇ ਹੋ ਅਤੇ ਕਿ ਜਿਸ ਤਰੀਕੇ ਵੀ ਹੋ ਸਕੇ ਤੁਸੀਂ ਸਹਾਇਕ ਹੋਣਾ ਚਾਹੁੰਦੇ ਹੋ।

ਤੁਹਾਡੇ ਬੱਚਿਆਂ ਦੇ ਦੋਸਤ-ਮਿੱਤਰ

14. ਇਹ ਕਿਉਂ ਅਤਿ-ਮਹੱਤਵਪੂਰਣ ਹੈ ਕਿ ਈਸ਼ਵਰੀ ਬੱਚੇ ਅੱਛੇ ਦੋਸਤ-ਮਿੱਤਰ ਦੀ ਚੋਣ ਕਰਨ?

14 “ਭਲਾ ਇਹ ਤੂੰ ਕਿੱਥੋਂ ਸਿੱਖਿਆ ਹੈ?” ਕਿੰਨੇ ਮਾਪਿਆਂ ਨੇ ਹੈਰਾਨ ਹੋ ਕੇ ਇਹ ਸਵਾਲ ਪੁੱਛਿਆ ਹੈ, ਜਦੋਂ ਉਨ੍ਹਾਂ ਦੇ ਬੱਚੇ ਨੇ ਕੁਝ ਅਜਿਹਾ ਕਿਹਾ ਜਾਂ ਕੀਤਾ ਹੈ ਅਤੇ ਜੋ ਬਿਲਕੁਲ ਉਸ ਦੇ ਸੁਭਾਉ-ਵਿਰੁੱਧ ਹੈ? ਅਤੇ ਜਵਾਬ ਕਿੰਨਾ ਅਕਸਰ ਸਕੂਲ ਜਾਂ ਗੁਆਂਢ ਵਿਚ ਇਕ ਨਵੇਂ ਦੋਸਤ ਨਾਲ ਸੰਬੰਧਿਤ ਹੁੰਦਾ ਹੈ? ਜੀ ਹਾਂ, ਸਾਥੀ ਸਾਨੂੰ ਗਹਿਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ, ਚਾਹੇ ਅਸੀਂ ਛੋਟੇ ਜਾਂ ਵੱਡੇ ਹੋਈਏ। ਰਸੂਲ ਪੌਲੁਸ ਨੇ ਚੇਤਾਵਨੀ ਦਿੱਤੀ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33; ਕਹਾਉਤਾਂ 13:20) ਜਵਾਨ ਲੋਕ ਖ਼ਾਸ ਤੌਰ ਤੇ ਹਮਸਰ ਦਬਾਉ ਤੋਂ ਪ੍ਰਭਾਵਿਤ ਹੁੰਦੇ ਹਨ। ਉਹ ਖ਼ੁਦ ਦੇ ਬਾਰੇ ਅਨਿਸ਼ਚਿਤ ਹੋਣ ਵੱਲ ਝੁਕਾਉ ਰੱਖਦੇ ਹਨ ਅਤੇ ਸਮੇਂ-ਸਮੇਂ ਤੇ ਆਪਣਿਆਂ ਸਾਥੀਆਂ ਨੂੰ ਪ੍ਰਸੰਨ ਅਤੇ ਪ੍ਰਭਾਵਿਤ ਕਰਨ ਦੀ ਇੱਛਾ ਤੋਂ ਸ਼ਾਇਦ ਹਾਵੀ ਮਹਿਸੂਸ ਕਰਦੇ ਹਨ। ਤਾਂ ਫਿਰ, ਕਿੰਨਾ ਅਤਿ-ਮਹੱਤਵਪੂਰਣ ਹੈ ਕਿ ਉਹ ਅੱਛੇ ਦੋਸਤ-ਮਿੱਤਰ ਦੀ ਚੋਣ ਕਰਨ!

15. ਮਾਂ-ਪਿਉ ਆਪਣੇ ਬੱਚਿਆਂ ਨੂੰ ਦੋਸਤ-ਮਿੱਤਰ ਚੁਣਨ ਵਿਚ ਕਿਵੇਂ ਮਾਰਗ-ਦਰਸ਼ਿਤ ਕਰ ਸਕਦੇ ਹਨ?

15 ਜਿਵੇਂ ਹਰੇਕ ਮਾਤਾ ਜਾਂ ਪਿਤਾ ਜਾਣਦਾ ਹੈ, ਬੱਚੇ ਹਮੇਸ਼ਾ ਹੀ ਅੱਛੀ ਚੋਣ ਨਹੀਂ ਕਰਨਗੇ; ਉਨ੍ਹਾਂ ਨੂੰ ਕੁਝ ਮਾਰਗ-ਦਰਸ਼ਨ ਦੀ ਜ਼ਰੂਰਤ ਹੁੰਦੀ ਹੈ। ਇਹ ਉਨ੍ਹਾਂ ਵਾਸਤੇ ਉਨ੍ਹਾਂ ਦੇ ਦੋਸਤ-ਮਿੱਤਰਾਂ ਨੂੰ ਚੁਣਨ ਦਾ ਮਾਮਲਾ ਨਹੀਂ ਹੈ। ਇਸ ਦੀ ਬਜਾਇ, ਜਿਉਂ ਹੀ ਉਹ ਵੱਡੇ ਹੁੰਦੇ ਹਨ, ਉਨ੍ਹਾਂ ਨੂੰ ਸਿਆਣਪ ਸਿਖਾਓ ਅਤੇ ਇਹ ਦੇਖਣ ਵਿਚ ਮਦਦ ਦਿਓ ਕਿ ਉਨ੍ਹਾਂ ਨੂੰ ਦੋਸਤ-ਮਿੱਤਰਾਂ ਵਿਚ ਕਿਹੜੇ ਗੁਣਾਂ ਨੂੰ ਮਹੱਤਵਪੂਰਣ ਸਮਝਣਾ ਚਾਹੀਦਾ ਹੈ। ਮੁੱਖ ਗੁਣ ਹੈ ਯਹੋਵਾਹ ਲਈ ਅਤੇ ਉਨ੍ਹਾਂ ਕੰਮਾਂ ਲਈ ਪ੍ਰੇਮ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਹੈ। (ਮਰਕੁਸ 12:28-30) ਉਨ੍ਹਾਂ ਨੂੰ ਉਨ੍ਹਾਂ ਵਿਅਕਤੀਆਂ ਨਾਲ ਪ੍ਰੇਮ ਕਰਨਾ ਅਤੇ ਉਨ੍ਹਾਂ ਦਾ ਆਦਰ ਕਰਨਾ ਸਿਖਾਓ ਜਿਨ੍ਹਾਂ ਵਿਚ ਈਮਾਨਦਾਰੀ, ਦਿਆਲਗੀ, ਉਦਾਰਤਾ, ਅਤੇ ਉੱਦਮ ਹੈ। ਪਰਿਵਾਰਕ ਅਧਿਐਨ ਦੇ ਦੌਰਾਨ, ਬੱਚਿਆਂ ਨੂੰ ਬਾਈਬਲ ਪਾਤਰਾਂ ਵਿਚ ਅਜਿਹਿਆਂ ਗੁਣਾਂ ਨੂੰ ਪਛਾਣਨ ਦੀ ਅਤੇ ਫਿਰ ਕਲੀਸਿਯਾ ਵਿਚ ਦੂਜਿਆਂ ਵਿਚ ਉਹੀ ਵਿਸ਼ੇਸ਼ਤਾਵਾਂ ਨੂੰ ਭਾਲਣ ਦੀ ਮਦਦ ਕਰੋ। ਉਹੀ ਕਸੌਟੀ ਨੂੰ ਇਸਤੇਮਾਲ ਕਰਦਿਆਂ ਆਪਣੇ ਖ਼ੁਦ ਦੇ ਦੋਸਤ-ਮਿੱਤਰਾਂ ਨੂੰ ਚੁਣਨ ਵਿਚ ਮਿਸਾਲ ਕਾਇਮ ਕਰੋ।

16. ਮਾਂ-ਪਿਉ ਆਪਣੇ ਬੱਚਿਆਂ ਦੇ ਦੋਸਤ-ਮਿੱਤਰਾਂ ਦੀ ਚੋਣ ਉੱਤੇ ਕਿਵੇਂ ਨਿਗਾਹ ਰੱਖ ਸਕਦੇ ਹਨ?

16 ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਬੱਚਿਆਂ ਦੇ ਦੋਸਤ-ਮਿੱਤਰ ਕੌਣ ਹਨ? ਕਿਉਂ ਨਾ ਆਪਣੇ ਬੱਚਿਆਂ ਨੂੰ ਉਨ੍ਹਾਂ ਨੂੰ ਘਰ ਬੁਲਾਉਣ ਲਈ ਆਖੋ ਤਾਂਕਿ ਤੁਸੀਂ ਉਨ੍ਹਾਂ ਨਾਲ ਪਰਿਚਿਤ ਹੋ ਸਕਦੇ ਹੋ? ਤੁਸੀਂ ਆਪਣੇ ਬੱਚਿਆਂ ਨੂੰ ਇਹ ਵੀ ਸ਼ਾਇਦ ਪੁੱਛ ਸਕਦੇ ਹੋ ਕਿ ਦੂਜੇ ਬੱਚੇ ਇਨ੍ਹਾਂ ਦੋਸਤ-ਮਿੱਤਰਾਂ ਬਾਰੇ ਕੀ ਵਿਚਾਰ ਰੱਖਦੇ ਹਨ। ਕੀ ਉਹ ਵਿਅਕਤੀਗਤ ਖਰਿਆਈ ਪ੍ਰਦਰਸ਼ਿਤ ਕਰਨ ਲਈ ਜਾਂ ਇਕ ਦੁਪੱਖੀ ਜੀਵਨ ਬਤੀਤ ਕਰਨ ਲਈ ਮਸ਼ਹੂਰ ਹਨ? ਜੇਕਰ ਪਿਛਲੇਰੀ ਗੱਲ ਸੱਚ ਹੈ, ਤਾਂ ਆਪਣੇ ਬੱਚਿਆਂ ਨੂੰ ਤਰਕ ਕਰਨ ਵਿਚ ਮਦਦ ਕਰੋ ਕਿ ਕਿਉਂ ਅਜਿਹੀ ਸੰਗਤ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। (ਜ਼ਬੂਰ 26:4, 5, 9-12) ਜੇਕਰ ਤੁਹਾਨੂੰ ਆਪਣੇ ਬੱਚੇ ਜਾਂ ਬੱਚੀ ਦੇ ਵਤੀਰੇ, ਪਹਿਰਾਵੇ, ਰਵੱਈਏ, ਜਾਂ ਬੋਲੀ ਵਿਚ ਇਤਰਾਜ਼ਯੋਗ ਤਬਦੀਲੀਆਂ ਨਜ਼ਰ ਆਉਣ, ਤਾਂ ਤੁਹਾਨੂੰ ਸ਼ਾਇਦ ਉਸ ਦੇ ਦੋਸਤ-ਮਿੱਤਰਾਂ ਬਾਰੇ ਗੱਲਬਾਤ ਕਰਨ ਦੀ ਜ਼ਰੂਰਤ ਹੋਵੇ। ਤੁਹਾਡਾ ਬੱਚਾ ਸ਼ਾਇਦ ਇਕ ਅਜਿਹੇ ਦੋਸਤ ਦੇ ਨਾਲ ਸਮਾਂ ਬਤੀਤ ਕਰ ਰਿਹਾ ਹੋਵੇ ਜੋ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ।—ਤੁਲਨਾ ਕਰੋ ਉਤਪਤ 34:1, 2.

17, 18. ਬੁਰੇ ਸਾਥੀਆਂ ਦੇ ਵਿਰੁੱਧ ਚੇਤਾਵਨੀ ਦੇਣ ਦੇ ਇਲਾਵਾ, ਮਾਂ-ਪਿਉ ਕਿਹੜੀ ਵਿਵਹਾਰਕ ਮਦਦ ਦੇ ਸਕਦੇ ਹਨ?

17 ਫਿਰ ਵੀ, ਕੇਵਲ ਆਪਣੇ ਬੱਚਿਆਂ ਨੂੰ ਬੁਰੇ ਸਾਥੀਆਂ ਤੋਂ ਦੂਰ ਰਹਿਣ ਬਾਰੇ ਸਿਖਾਉਣਾ ਹੀ ਕਾਫ਼ੀ ਨਹੀਂ ਹੈ। ਉਨ੍ਹਾਂ ਨੂੰ ਅੱਛੇ ਸਾਥੀ ਲੱਭਣ ਵਿਚ ਮਦਦ ਕਰੋ। ਇਕ ਪਿਤਾ ਕਹਿੰਦਾ ਹੈ: “ਅਸੀਂ ਹਮੇਸ਼ਾ ਵਿਕਲਪ ਲੱਭਣ ਦੀ ਕੋਸ਼ਿਸ਼ ਕਰਦੇ। ਸੋ ਜਦੋਂ ਸਕੂਲ ਚਾਹੁੰਦਾ ਸੀ ਕਿ ਸਾਡਾ ਲੜਕਾ ਫੁਟਬਾਲ ਦੀ ਟੀਮ ਵਿਚ ਸ਼ਾਮਲ ਹੋਵੇ, ਤਾਂ ਮੈਂ ਅਤੇ ਮੇਰੀ ਪਤਨੀ ਨੇ ਉਸ ਦੇ ਨਾਲ ਬੈਠ ਕੇ ਚਰਚਾ ਕੀਤੀ ਕਿ ਕਿਉਂ ਇਹ ਇਕ ਅੱਛਾ ਵਿਚਾਰ ਨਹੀਂ ਹੋਵੇਗਾ—ਉਨ੍ਹਾਂ ਨਵੇਂ ਸਾਥੀਆਂ ਦੇ ਕਾਰਨ ਜੋ ਇਸ ਵਿਚ ਸ਼ਾਮਲ ਹੋਣਗੇ। ਪਰੰਤੂ ਫਿਰ ਅਸੀਂ ਕਲੀਸਿਯਾ ਦੇ ਕੁਝ ਦੂਜੇ ਬੱਚਿਆਂ ਨੂੰ ਇਕੱਠੇ ਕਰਨ ਅਤੇ ਉਨ੍ਹਾਂ ਸਾਰਿਆਂ ਨੂੰ ਪਾਰਕ ਵਿਚ ਲੈ ਜਾ ਕੇ ਫੁਟਬਾਲ ਖੇਡਣ ਦਾ ਸੁਝਾਉ ਦਿੱਤਾ। ਨਤੀਜੇ ਵਜੋਂ ਸਮੱਸਿਆ ਹੱਲ ਹੋ ਗਈ।”

18 ਬੁੱਧਵਾਨ ਮਾਂ-ਪਿਉ ਆਪਣੇ ਬੱਚਿਆਂ ਨੂੰ ਅੱਛੇ ਦੋਸਤ-ਮਿੱਤਰ ਭਾਲਣ ਅਤੇ ਉਨ੍ਹਾਂ ਦੇ ਨਾਲ ਗੁਣਕਾਰੀ ਦਿਲਪਰਚਾਵੇ ਦਾ ਆਨੰਦ ਮਾਣਨ ਲਈ ਮਦਦ ਕਰਦੇ ਹਨ। ਫਿਰ ਵੀ, ਬਹੁਤੇਰਿਆਂ ਮਾਂ-ਪਿਉ ਲਈ ਦਿਲਪਰਚਾਵੇ ਦਾ ਇਹ ਮਾਮਲਾ ਆਪਣੀਆਂ ਹੀ ਚੁਣੌਤੀਆਂ ਪੇਸ਼ ਕਰਦਾ ਹੈ।

ਕਿਸ ਪ੍ਰਕਾਰ ਦਾ ਦਿਲਪਰਚਾਵਾ?

19. ਕਿਹੜੇ ਬਾਈਬਲ ਉਦਾਹਰਣ ਪ੍ਰਦਰਸ਼ਿਤ ਕਰਦੇ ਹਨ ਕਿ ਪਰਿਵਾਰਾਂ ਲਈ ਮਜ਼ਾ ਲੈਣਾ ਗੁਨਾਹ ਨਹੀਂ ਹੈ?

19 ਕੀ ਬਾਈਬਲ ਮਜ਼ਾ ਲੈਣ ਨੂੰ ਰੱਦ ਕਰਦੀ ਹੈ? ਨਿਸ਼ਚੇ ਹੀ ਨਹੀਂ! ਬਾਈਬਲ ਕਹਿੰਦੀ ਹੈ ਕਿ “ਇੱਕ ਹੱਸਣ ਦਾ ਵੇਲਾ ਹੈ . . . ਅਤੇ ਇੱਕ ਨੱਚਣ ਦਾ ਵੇਲਾ ਹੈ।” * (ਉਪਦੇਸ਼ਕ ਦੀ ਪੋਥੀ 3:4) ਪ੍ਰਾਚੀਨ ਇਸਰਾਏਲ ਵਿਚ ਪਰਮੇਸ਼ੁਰ ਦੇ ਲੋਕ ਸੰਗੀਤ ਅਤੇ ਨੱਚਣ, ਖੇਡਾਂ, ਅਤੇ ਬੁਝਾਰਤਾਂ ਦਾ ਆਨੰਦ ਮਾਣਦੇ ਸਨ। ਯਿਸੂ ਮਸੀਹ ਇਕ ਵਿਸ਼ਾਲ ਵਿਆਹ ਉਤਸਵ ਤੇ ਅਤੇ ਇਕ “ਵੱਡੀ ਦਾਉਤ” ਵਿਚ ਹਾਜ਼ਰ ਹੋਇਆ ਜੋ ਮੱਤੀ ਲੇਵੀ ਨੇ ਉਸ ਦੀ ਖ਼ਾਤਰ ਕੀਤੀ ਸੀ। (ਲੂਕਾ 5:29; ਯੂਹੰਨਾ 2:1, 2) ਸਪੱਸ਼ਟ ਤੌਰ ਤੇ, ਯਿਸੂ ਰੰਗ ਵਿਚ ਭੰਗ ਪਾਉਣ ਵਾਲਾ ਇਕ ਮਨੁੱਖ ਨਹੀਂ ਸੀ। ਇਓਂ ਹੋਵੇ ਕਿ ਹਾਸਾ ਅਤੇ ਮਜ਼ਾ ਤੁਹਾਡੇ ਘਰ ਵਿਚ ਕਦੇ ਵੀ ਗੁਨਾਹ ਨਾ ਸਮਝੇ ਜਾਣ!

ਚੋਣਵਾਂ ਦਿਲਪਰਚਾਵਾ, ਜਿਵੇਂ ਕਿ ਇਹ ਪਰਿਵਾਰਕ ਕੈਂਪਿੰਗ ਯਾਤਰਾ, ਬੱਚਿਆਂ ਨੂੰ ਸਿੱਖਿਆ ਲੈਣ ਅਤੇ ਅਧਿਆਤਮਿਕ ਤੌਰ ਤੇ ਵਧਣ ਵਿਚ ਮਦਦ ਕਰ ਸਕਦਾ ਹੈ

20. ਮਾਂ-ਪਿਉ ਨੂੰ ਪਰਿਵਾਰ ਲਈ ਦਿਲਪਰਚਾਵੇ ਦਾ ਪ੍ਰਬੰਧ ਕਰਦੇ ਸਮੇਂ ਕੀ ਧਿਆਨ ਵਿਚ ਰੱਖਣਾ ਚਾਹੀਦਾ ਹੈ?

20 ਯਹੋਵਾਹ “ਖ਼ੁਸ਼ ਪਰਮੇਸ਼ੁਰ” ਹੈ। (1 ਤਿਮੋਥਿਉਸ 1:11, ਨਿਵ) ਇਸ ਕਰਕੇ ਯਹੋਵਾਹ ਦੀ ਉਪਾਸਨਾ ਆਨੰਦ ਦਾ ਇਕ ਸ੍ਰੋਤ ਹੋਣਾ ਚਾਹੀਦਾ ਹੈ, ਨਾ ਕਿ ਇਕ ਅਜਿਹੀ ਚੀਜ਼ ਜੋ ਜੀਵਨ ਵਿੱਚੋਂ ਆਨੰਦ ਨੂੰ ਖ਼ਤਮ ਕਰ ਦਿੰਦੀ ਹੈ। (ਤੁਲਨਾ ਕਰੋ ਬਿਵਸਥਾ ਸਾਰ 16:15.) ਬੱਚੇ ਕੁਦਰਤੀ ਤੌਰ ਤੇ ਹੀ ਜ਼ਿੰਦਾ-ਦਿਲ ਅਤੇ ਸ਼ਕਤੀ ਨਾਲ ਭਰਪੂਰ ਹੁੰਦੇ ਹਨ ਜੋ ਕਿ ਖੇਡ ਅਤੇ ਦਿਲਪਰਚਾਵੇ ਵਿਚ ਇਸਤੇਮਾਲ ਕੀਤੀ ਜਾ ਸਕਦੀ ਹੈ। ਅੱਛੀ ਤਰ੍ਹਾਂ ਨਾਲ ਚੁਣਿਆ ਹੋਇਆ ਦਿਲਪਰਚਾਵਾ ਮਜ਼ੇ ਨਾਲੋਂ ਜ਼ਿਆਦਾ ਕੁਝ ਹੁੰਦਾ ਹੈ। ਉਹ ਬੱਚੇ ਲਈ ਸਿੱਖਿਆ ਲੈਣ ਅਤੇ ਪ੍ਰੌੜ੍ਹ ਹੋਣ ਦਾ ਇਕ ਤਰੀਕਾ ਹੁੰਦਾ ਹੈ। ਇਕ ਪਰਿਵਾਰਕ ਸਿਰ ਆਪਣੇ ਘਰਾਣੇ ਦੀ ਹਰ ਚੀਜ਼ ਦੀ ਜ਼ਰੂਰਤ ਨੂੰ ਪੂਰਿਆਂ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ, ਜਿਨ੍ਹਾਂ ਵਿਚ ਦਿਲਪਰਚਾਵਾ ਵੀ ਸ਼ਾਮਲ ਹੈ। ਫਿਰ ਵੀ, ਸੰਤੁਲਨ ਦੀ ਜ਼ਰੂਰਤ ਹੈ।

21. ਅੱਜ ਦਿਲਪਰਚਾਵੇ ਵਿਚ ਕਿਹੜੇ ਛੁਪੇ ਖ਼ਤਰੇ ਪੇਸ਼ ਹਨ?

21 ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਮਾਨਵ ਸਮਾਜ ਉਨ੍ਹਾਂ ਲੋਕਾਂ ਦੇ ਨਾਲ ਭਰਿਆ ਹੋਇਆ ਹੈ ਜੋ “ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ” ਹਨ, ਜਿਵੇਂ ਬਾਈਬਲ ਵਿਚ ਭਵਿੱਖ-ਸੂਚਿਤ ਕੀਤਾ ਗਿਆ ਸੀ। (2 ਤਿਮੋਥਿਉਸ 3:1-5) ਬਹੁਤੇਰਿਆਂ ਦੇ ਲਈ, ਦਿਲਪਰਚਾਵਾ ਹੀ ਜੀਵਨ ਦਾ ਮੁੱਖ ਮਕਸਦ ਹੈ। ਇੰਨਾ ਚੋਖਾ ਮਨੋਰੰਜਨ ਉਪਲਬਧ ਹੈ ਕਿ ਇਹ ਸੌਖਿਆਂ ਹੀ ਉਨ੍ਹਾਂ ਜ਼ਿਆਦਾ ਮਹੱਤਵਪੂਰਣ ਚੀਜ਼ਾਂ ਦੀ ਥਾਂ ਲੈ ਸਕਦਾ ਹੈ। ਇਸ ਤੋਂ ਅਤਿਰਿਕਤ, ਜ਼ਿਆਦਾਤਰ ਆਧੁਨਿਕ ਮਨੋਰੰਜਨ ਲਿੰਗੀ ਅਨੈਤਿਕਤਾ, ਹਿੰਸਾ, ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ, ਅਤੇ ਦੂਜੇ ਘੋਰ ਨੁਕਸਾਨਦੇਹ ਅਭਿਆਸਾਂ ਨੂੰ ਪੇਸ਼ ਕਰਦਾ ਹੈ। (ਕਹਾਉਤਾਂ 3:31) ਜਵਾਨ ਵਿਅਕਤੀਆਂ ਨੂੰ ਹਾਨੀਕਾਰਕ ਮਨੋਰੰਜਨ ਤੋਂ ਬਚਾਉਣ ਲਈ ਕੀ ਕੀਤਾ ਜਾ ਸਕਦਾ ਹੈ?

22. ਮਾਂ-ਪਿਉ ਆਪਣੇ ਬੱਚਿਆਂ ਨੂੰ ਦਿਲਪਰਚਾਵੇ ਦੇ ਸੰਬੰਧ ਵਿਚ ਬੁੱਧੀਮਤਾ ਨਾਲ ਨਿਰਣੇ ਕਰਨ ਵਿਚ ਕਿਵੇਂ ਸਿਖਲਾਈ ਦੇ ਸਕਦੇ ਹਨ?

22 ਮਾਂ-ਪਿਉ ਨੂੰ ਸੀਮਾਵਾਂ ਅਤੇ ਬੰਦਸ਼ਾਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ। ਪਰੰਤੂ ਇਸ ਤੋਂ ਜ਼ਿਆਦਾ, ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਜਾਂਚ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਕਿਹੜਾ ਦਿਲਪਰਚਾਵਾ ਹਾਨੀਕਾਰਕ ਹੈ ਅਤੇ ਇਹ ਜਾਣਨਾ ਕਿ ਕਿੰਨਾ ਦਿਲਪਰਚਾਵਾ ਹੱਦ ਤੋਂ ਵੱਧ ਹੁੰਦਾ ਹੈ। ਅਜਿਹੀ ਸਿਖਲਾਈ ਦੇਣੀ ਸਮਾਂ ਅਤੇ ਜਤਨ ਲੌੜਦੀ ਹੈ। ਇਕ ਉਦਾਹਰਣ ਉੱਤੇ ਗੌਰ ਕਰੋ। ਇਕ ਦੋ ਮੁੰਡਿਆਂ ਦੇ ਪਿਤਾ ਦੇ ਧਿਆਨ ਵਿਚ ਆਇਆ ਕਿ ਉਸ ਦਾ ਵੱਡਾ ਪੁੱਤਰ ਇਕ ਨਵੇਂ ਰੇਡੀਓ ਸਟੇਸ਼ਨ ਨੂੰ ਕਾਫ਼ੀ ਅਕਸਰ ਸੁਣਦਾ ਰਹਿੰਦਾ ਸੀ। ਸੋ ਇਕ ਦਿਨ ਕੰਮ ਤੇ ਜਾਂਦੇ ਸਮੇਂ ਆਪਣਾ ਟਰੱਕ ਚਲਾਉਂਦੇ ਹੋਏ, ਉਸ ਪਿਤਾ ਨੇ ਉਹੀ ਸਟੇਸ਼ਨ ਨੂੰ ਟਿਊਨ ਕੀਤਾ। ਸਮੇਂ-ਸਮੇਂ ਤੇ ਉਸ ਨੇ ਰੁਕ ਕੇ ਖ਼ਾਸ ਗਾਣਿਆਂ ਦੇ ਬੋਲ ਨੂੰ ਲਿਖਿਆ। ਬਾਅਦ ਵਿਚ ਉਸ ਨੇ ਆਪਣੇ ਪੁੱਤਰਾਂ ਦੇ ਨਾਲ ਬੈਠ ਕੇ ਉਸ ਬਾਰੇ ਚਰਚਾ ਕੀਤੀ ਜੋ ਉਸ ਨੇ ਸੁਣਿਆ ਸੀ। ਉਸ ਨੇ “ਤੁਹਾਡਾ ਕੀ ਵਿਚਾਰ ਹੈ?” ਦੇ ਨਾਲ ਆਰੰਭ ਕਰਦੇ ਹੋਏ, ਦ੍ਰਿਸ਼ਟੀਕੋਣ ਪ੍ਰਸ਼ਨ ਪੁੱਛੇ ਅਤੇ ਧੀਰਜ ਨਾਲ ਉਨ੍ਹਾਂ ਦੇ ਜਵਾਬਾਂ ਨੂੰ ਸੁਣਿਆ। ਬਾਈਬਲ ਦਾ ਇਸਤੇਮਾਲ ਕਰ ਕੇ ਉਸ ਮਾਮਲੇ ਉੱਤੇ ਤਰਕ ਕਰਨ ਤੋਂ ਬਾਅਦ, ਮੁੰਡੇ ਉਸ ਸਟੇਸ਼ਨ ਨੂੰ ਨਾ ਸੁਣਨ ਲਈ ਸਹਿਮਤ ਹੋ ਗਏ।

23. ਮਾਂ-ਪਿਉ ਆਪਣੇ ਬੱਚਿਆਂ ਨੂੰ ਨੁਕਸਾਨਦੇਹ ਮਨੋਰੰਜਨ ਤੋਂ ਕਿਵੇਂ ਬਚਾ ਸਕਦੇ ਹਨ?

23 ਬੁੱਧੀਮਾਨ ਮਾਂ-ਪਿਉ ਸੰਗੀਤ, ਟੈਲੀਵਿਯਨ ਕਾਰਜਕ੍ਰਮ, ਵਿਡਿਓ-ਟੇਪਾਂ, ਕੌਮਿਕਾਂ, ਵਿਡਿਓ ਖੇਡਾਂ, ਅਤੇ ਫਿਲਮਾਂ ਦੀ ਜਾਂਚ ਕਰਦੇ ਹਨ ਜੋ ਉਨ੍ਹਾਂ ਦੇ ਬੱਚਿਆਂ ਨੂੰ ਦਿਲਚਸਪ ਲੱਗਦੇ ਹਨ। ਉਹ ਜਿਲਦ ਉੱਤੇ ਤਸਵੀਰ, ਗੀਤਾਂ ਦੇ ਬੋਲ, ਅਤੇ ਪੈਕਿਜਿੰਗ ਉੱਤੇ ਧਿਆਨ ਦਿੰਦੇ ਹਨ, ਅਤੇ ਉਹ ਅਖ਼ਬਾਰ ਸਮੀਖਿਆਂ ਨੂੰ ਪੜ੍ਹਦੇ ਹਨ ਅਤੇ ਟੂਕਾਂ ਉੱਤੇ ਨਿਗਾਹ ਰੱਖਦੇ ਹਨ। ਬਹੁਤੇਰੇ ਮਾਪੇ ਬੱਚਿਆਂ ਦੇ ਵੱਲ ਨਿਰਦੇਸ਼ਿਤ ਕੀਤੇ “ਮਨੋਰੰਜਨ” ਤੇ ਅਤਿ ਹੈਰਾਨ ਹੁੰਦੇ ਹਨ। ਉਹ ਜੋ ਆਪਣੇ ਬੱਚਿਆਂ ਨੂੰ ਅਸ਼ੁੱਧ ਪ੍ਰਭਾਵਾਂ ਤੋਂ ਬਚਾਉਣਾ ਚਾਹੁੰਦੇ ਹਨ, ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਜਿਵੇਂ ਕਿ ਪੁਸਤਕ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ (ਅੰਗ੍ਰੇਜ਼ੀ) ਅਤੇ ਪਹਿਰਾਬੁਰਜ ਅਤੇ ਅਵੇਕ! ਰਸਾਲਿਆਂ * ਵਿਚ ਲੇਖਾਂ ਨੂੰ ਇਸਤੇਮਾਲ ਕਰਦੇ ਹੋਏ, ਪਰਿਵਾਰ ਦੇ ਨਾਲ ਬੈਠ ਕੇ ਖ਼ਤਰਿਆਂ ਦੀ ਚਰਚਾ ਕਰਦੇ ਹਨ। ਜਦੋਂ ਮਾਂ-ਪਿਉ ਅਡੋਲ ਅਤੇ ਤਰਕਸੰਗਤ ਹੁੰਦਿਆਂ, ਦ੍ਰਿੜ੍ਹ ਸੀਮਾਵਾਂ ਨੂੰ ਸਥਾਪਿਤ ਕਰਦੇ ਹਨ, ਉਹ ਆਮ ਤੌਰ ਤੇ ਚੰਗੇ ਨਤੀਜੇ ਦੇਖਦੇ ਹਨ।—ਮੱਤੀ 5:37; ਫ਼ਿਲਿੱਪੀਆਂ 4:5.

24, 25. ਕੁਝ ਲਾਭਦਾਇਕ ਪ੍ਰਕਾਰ ਦੇ ਦਿਲਪਰਚਾਵੇ ਕੀ ਹਨ ਜਿਨ੍ਹਾਂ ਦਾ ਪਰਿਵਾਰ ਇਕੱਠਾ ਆਨੰਦ ਮਾਣ ਸਕਦੇ ਹਨ?

24 ਨਿਰਸੰਦੇਹ, ਹਾਨੀਕਾਰਕ ਪ੍ਰਕਾਰ ਦੇ ਦਿਲਪਰਚਾਵੇ ਨੂੰ ਸੀਮਿਤ ਕਰਨਾ ਸੰਘਰਸ਼ ਦਾ ਕੇਵਲ ਇਕ ਹੀ ਹਿੱਸਾ ਹੈ। ਬੁਰੇ ਦਾ ਪ੍ਰਤਿਰੋਧ ਭਲੇ ਦੇ ਨਾਲ ਕਰਨਾ ਚਾਹੀਦਾ ਹੈ, ਵਰਨਾ ਬੱਚੇ ਸ਼ਾਇਦ ਇਕ ਗ਼ਲਤ ਮਾਰਗ ਉੱਤੇ ਲੱਗ ਸਕਦੇ ਹਨ। ਬਹੁਤੇਰੇ ਮਸੀਹੀ ਪਰਿਵਾਰਾਂ ਕੋਲ ਇਕੱਠਿਆਂ ਦਿਲਪਰਚਾਵੇ ਦਾ ਆਨੰਦ ਮਾਣਨ ਦੀਆਂ ਅਣਗਿਣਤ ਨਿੱਘੀਆਂ ਅਤੇ ਖ਼ੁਸ਼ ਯਾਦਾਂ ਹਨ—ਪਿਕਨਿਕ ਕਰਦਿਆਂ, ਪਦਯਾਤਰਾ ਕਰਦਿਆਂ, ਕੈਂਪਿੰਗ, ਖੇਡਾਂ ਅਤੇ ਖੇਲਾਂ ਵਿਚ ਹਿੱਸਾ ਲੈਂਦਿਆਂ, ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ ਨਾਲ ਮੁਲਾਕਾਤ ਕਰਨ ਲਈ ਯਾਤਰਾ ਕਰਦਿਆਂ। ਕੁਝ-ਕੁ ਨੇ ਵਿਸ਼ਰਾਮ ਲਈ ਕੇਵਲ ਇਕੱਠੇ ਹੋ ਕੇ ਉੱਚੀ ਪੜ੍ਹਨਾ ਹੀ ਆਨੰਦ ਅਤੇ ਦਿਲਾਸੇ ਦਾ ਇਕ ਵੱਡਾ ਸ੍ਰੋਤ ਪਾਇਆ ਹੈ। ਦੂਜੇ ਹਾਸਰਸ-ਭਰਪੂਰ ਜਾਂ ਦਿਲਚਸਪ ਕਹਾਣੀਆਂ ਸੁਣਾਉਣ ਦਾ ਆਨੰਦ ਮਾਣਦੇ ਹਨ। ਹੋਰ ਦੂਜਿਆਂ ਨੇ ਸ਼ੁਗਲਾਂ ਨੂੰ ਇਕੱਠਿਆਂ ਵਿਕਸਿਤ ਕੀਤਾ ਹੈ, ਉਦਾਹਰਣ ਲਈ, ਲਕੜੀ ਦਾ ਕੰਮ ਅਤੇ ਦੂਜੀਆਂ ਦਸਤਕਾਰੀਆਂ, ਅਤੇ ਨਾਲ ਹੀ ਸੰਗੀਤਕ ਸਾਜ਼ਾਂ ਨੂੰ ਵਜਾਉਣਾ, ਚਿੱਤਰਕਾਰੀ, ਜਾਂ ਪਰਮੇਸ਼ੁਰ ਦੀਆਂ ਸ੍ਰਿਸ਼ਟੀਆਂ ਦਾ ਅਧਿਐਨ ਕਰਨਾ। ਬੱਚੇ ਜੋ ਅਜਿਹੇ ਦਿਲ-ਬਹਿਲਾਵੇ ਦਾ ਆਨੰਦ ਮਾਣਨਾ ਸਿੱਖਦੇ ਹਨ ਉਹ ਕਾਫ਼ੀ ਅਸ਼ੁੱਧ ਮਨੋਰੰਜਨ ਤੋਂ ਬਚਾਏ ਜਾਂਦੇ ਹਨ, ਅਤੇ ਉਹ ਸਿੱਖਦੇ ਹਨ ਕਿ ਕੇਵਲ ਬੇਹਰਕਤ ਬੈਠਣ ਅਤੇ ਦਿਲਪਰਚਾਏ ਜਾਣ ਨਾਲੋ ਮਨੋਰੰਜਨ ਵਿਚ ਜ਼ਿਆਦਾ ਕੁਝ ਸ਼ਾਮਲ ਹੈ। ਬੈਠ ਕੇ ਦੇਖਣ ਨਾਲੋਂ ਹਿੱਸਾ ਲੈਣਾ ਅਕਸਰ ਜ਼ਿਆਦਾ ਮਜ਼ੇਦਾਰ ਹੁੰਦਾ ਹੈ।

25 ਸਮਾਜਕ ਇਕੱਠ ਵੀ ਦਿਲਪਰਚਾਵੇ ਦੇ ਲਾਭਦਾਇਕ ਰੂਪ ਹੋ ਸਕਦੇ ਹਨ। ਜਦੋਂ ਇਹ ਚੰਗੀ ਨਿਗਾਹਬਾਨੀ ਹੇਠ ਰਹਿੰਦੇ ਹਨ ਅਤੇ ਅਸਾਧਾਰਣ ਤੌਰ ਤੇ ਵੱਡੇ ਜਾਂ ਸਮਾਂ-ਖਾਊ ਨਹੀਂ ਹੁੰਦੇ ਹਨ, ਤਾਂ ਇਹ ਤੁਹਾਡੇ ਬੱਚਿਆਂ ਨੂੰ ਕੇਵਲ ਮਜ਼ੇ ਤੋਂ ਹੀ ਕਿਤੇ ਜ਼ਿਆਦਾ ਕੁਝ ਦੇ ਸਕਦੇ ਹਨ। ਇਹ ਕਲੀਸਿਯਾ ਵਿਚ ਪ੍ਰੇਮ ਦੇ ਬੰਧਨਾਂ ਨੂੰ ਗਹਿਰਾ ਕਰਨ ਵਿਚ ਮਦਦ ਕਰ ਸਕਦੇ ਹਨ।—ਤੁਲਨਾ ਕਰੋ ਲੂਕਾ 14:13, 14; ਯਹੂਦਾਹ 12.

ਤੁਹਾਡਾ ਪਰਿਵਾਰ ਜਗਤ ਨੂੰ ਜਿੱਤ ਸਕਦਾ ਹੈ

26. ਪਰਿਵਾਰ ਨੂੰ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਣ ਦੇ ਸੰਬੰਧ ਵਿਚ, ਸਭ ਤੋਂ ਮਹੱਤਵਪੂਰਣ ਗੁਣ ਕੀ ਹੈ?

26 ਬਿਨਾਂ ਸ਼ੱਕ, ਆਪਣੇ ਪਰਿਵਾਰ ਨੂੰ ਜਗਤ ਦੇ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਉਣਾ ਬਹੁਤ ਸਖ਼ਤ ਮਿਹਨਤ ਲੋੜਦਾ ਹੈ। ਪਰੰਤੂ ਇਕ ਅਜਿਹੀ ਚੀਜ਼ ਹੈ ਜੋ ਹੋਰ ਕਿਸੇ ਵੀ ਨਾਲੋਂ ਜ਼ਿਆਦਾ ਸਫ਼ਲਤਾ ਨੂੰ ਸੰਭਵ ਕਰੇਗੀ। ਉਹ ਹੈ ਪ੍ਰੇਮ! ਨਜ਼ਦੀਕੀ, ਪ੍ਰੇਮਮਈ ਪਰਿਵਾਰਕ ਬੰਧਨ ਤੁਹਾਡੇ ਘਰ ਨੂੰ ਇਕ ਸੁਰੱਖਿਅਤ ਪਨਾਹ ਬਣਾਉਣਗੇ ਅਤੇ ਸੰਚਾਰ ਨੂੰ ਵਧਾਉਣਗੇ, ਜੋ ਕਿ ਬੁਰੇ ਪ੍ਰਭਾਵਾਂ ਤੋਂ ਇਕ ਵੱਡਾ ਬਚਾਉ ਹੈ। ਇਸ ਤੋਂ ਅਤਿਰਿਕਤ, ਇਕ ਹੋਰ ਪ੍ਰਕਾਰ ਦਾ ਪ੍ਰੇਮ ਵਿਕਸਿਤ ਕਰਨਾ ਹੋਰ ਵੀ ਮਹੱਤਵਪੂਰਣ ਹੈ—ਯਹੋਵਾਹ ਲਈ ਪ੍ਰੇਮ। ਜਦੋਂ ਅਜਿਹਾ ਪ੍ਰੇਮ ਪਰਿਵਾਰ ਵਿਚ ਸਮਾਉਂਦਾ ਹੈ, ਤਾਂ ਜ਼ਿਆਦਾ ਸੰਭਵ ਹੈ ਕਿ ਬੱਚੇ, ਦੁਨਿਆਵੀ ਪ੍ਰਭਾਵਾਂ ਦੇ ਅਧੀਨ ਆ ਕੇ ਪਰਮੇਸ਼ੁਰ ਨੂੰ ਨਾ-ਪ੍ਰਸੰਨ ਕਰਨ ਦੇ ਵਿਚਾਰ ਨੂੰ ਹੀ ਨਫ਼ਰਤ ਕਰਦੇ ਹੋਏ ਵੱਡੇ ਹੋਣਗੇ। ਅਤੇ ਮਾਂ-ਪਿਉ ਜੋ ਯਹੋਵਾਹ ਨੂੰ ਦਿਲੋਂ ਪ੍ਰੇਮ ਕਰਦੇ ਹਨ ਉਸ ਦੇ ਪ੍ਰੇਮਮਈ, ਤਰਕਸੰਗਤ, ਸੰਤੁਲਿਤ ਵਿਅਕਤਿੱਤਵ ਦਾ ਅਨੁਕਰਣ ਕਰਨ ਦੀ ਕੋਸ਼ਿਸ਼ ­ਕਰਨਗੇ। (ਅਫ਼ਸੀਆਂ 5:1; ਯਾਕੂਬ 3:17) ਜੇਕਰ ਮਾਂ-ਪਿਉ ਇਹ ਕਰਦੇ ਹਨ, ਤਾਂ ਉਨ੍ਹਾਂ ਦੇ ਬੱਚਿਆਂ ਕੋਲ ਇਹ ਵਿਚਾਰਨ ਦਾ ਕਾਰਨ ਨਹੀਂ ਹੋਵੇਗਾ ਕਿ ਯਹੋਵਾਹ ਦੀ ਉਪਾਸਨਾ ਸਿਰਫ਼ ਉਨ੍ਹਾਂ ਚੀਜ਼ਾਂ ਦੀ ਇਕ ਸੂਚੀ ਹੈ, ਜੋ ਉਨ੍ਹਾਂ ਨੂੰ ਮਨਾ ਹਨ, ਜਾਂ ਇਕ ਅਜਿਹੀ ਜੀਵਨ-ਸ਼ੈਲੀ ਹੈ ਜੋ ਮਜ਼ਾ ਜਾਂ ਹਾਸਾ ਰਹਿਤ ਹੈ, ਜਿਸ ਤੋਂ ਜਿੰਨਾ ਛੇਤੀ ਸੰਭਵ ਹੋਵੇ ਉਹ ਭੱਜਣਾ ਚਾਹੁੰਦੇ ਹਨ। ਇਸ ਦੀ ਬਜਾਇ, ਉਹ ਦੇਖਣਗੇ ਕਿ ਪਰਮੇਸ਼ੁਰ ਦੀ ਉਪਾਸਨਾ ਕਰਨੀ ਜੀਵਨ ਦਾ ਸਭ ਤੋਂ ਖ਼ੁਸ਼, ਸਭ ਤੋਂ ਭਰਪੂਰ ਤਰੀਕਾ ਹੈ।

27. ਇਕ ਪਰਿਵਾਰ ਜਗਤ ਨੂੰ ਕਿਵੇਂ ਜਿੱਤ ਸਕਦਾ ਹੈ?

27 ਪਰਿਵਾਰ ਜੋ ਪਰਮੇਸ਼ੁਰ ਦੀ ਖ਼ੁਸ਼, ਸੰਤੁਲਿਤ ਸੇਵਾ ਵਿਚ ਸੰਯੁਕਤ ਰਹਿੰਦੇ ਹਨ, ਜੋ ਕਿ ਇਸ ਜਗਤ ਦੇ ਭ੍ਰਿਸ਼ਟ ਕਰਨ ਵਾਲੇ ਪ੍ਰਭਾਵਾਂ ਤੋਂ ਪੂਰੇ ਦਿਲ ਨਾਲ “ਨਿਰਮਲ ਅਤੇ ਨਿਹਕਲੰਕ” ਰਹਿਣ ਦਾ ਜਤਨ ਕਰਦੇ ਹਨ, ਯਹੋਵਾਹ ਲਈ ਆਨੰਦ ਦਾ ਇਕ ਕਾਰਨ ਹਨ। (2 ਪਤਰਸ 3:14; ਕਹਾਉਤਾਂ 27:11) ਅਜਿਹੇ ਪਰਿਵਾਰ ਯਿਸੂ ਮਸੀਹ ਦੇ ਪੈਰ-ਚਿੰਨ੍ਹਾਂ ਤੇ ਚੱਲਦੇ ਹਨ, ਜਿਸ ਨੇ ਸ਼ਤਾਨ ਦੀ ਦੁਨੀਆਂ ਵੱਲੋਂ ਉਸ ਨੂੰ ਭ੍ਰਿਸ਼ਟ ਕਰਨ ਦੇ ਹਰ ਜਤਨ ਦਾ ਵਿਰੋਧ ਕੀਤਾ। ਆਪਣੇ ਮਾਨਵ ਜੀਵਨ ਦੀ ਸਮਾਪਤੀ ਦੇ ਨਜ਼ਦੀਕ, ਯਿਸੂ ਕਹਿ ਸਕਿਆ: “ਮੈਂ ਜਗਤ ਨੂੰ ਜਿੱਤ ਲਿਆ ਹੈ।” (ਯੂਹੰਨਾ 16:33) ਇੰਜ ਹੋਵੇ ਕਿ ਤੁਹਾਡਾ ਪਰਿਵਾਰ ਵੀ ਜਗਤ ਨੂੰ ਜਿੱਤ ਲਵੇ ਅਤੇ ਸਦਾ ਦੇ ਲਈ ਜੀਵਨ ਦਾ ਆਨੰਦ ਮਾਣੇ!

^ ਪੈਰਾ 12 ਵਾਧੂ ਸਿੱਖਿਆ ਦੀ ਚਰਚਾ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਵੱਡੀ ਪੁਸਤਿਕਾ ਯਹੋਵਾਹ ਦੇ ਗਵਾਹ ਅਤੇ ਸਿੱਖਿਆ (ਅੰਗ੍ਰੇਜ਼ੀ), ਸਫ਼ੇ 4-7 ਨੂੰ ਦੇਖੋ।

^ ਪੈਰਾ 19 ਇੱਥੇ ‘ਹੱਸਣਾ’ ਤਰਜਮਾ ਕੀਤਾ ਹੋਇਆ ਇਬਰਾਨੀ ਸ਼ਬਦ ਦਿਆਂ ਦੂਜਿਆਂ ਰੂਪਾਂ ਨੂੰ “ਖੇਡਣਾ,” “ਦਿਲਪਰਚਾਵਾ ਪੇਸ਼ ਕਰਨਾ,” “ਜਸ਼ਨ ਮਨਾਉਣਾ,” ਜਾਂ ਇੱਥੋਂ ਤਕ ਕਿ “ਮਜ਼ਾ ਲੈਣਾ” ਵੀ ਤਰਜ­ਮਾ ਕੀਤਾ ਜਾ ਸਕਦਾ ਹੈ।

^ ਪੈਰਾ 23 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।