6. ਪੂਰੀ ਦੁਨੀਆਂ ਵਿਚ ਪ੍ਰਚਾਰ ਕੰਮ
6. ਪੂਰੀ ਦੁਨੀਆਂ ਵਿਚ ਪ੍ਰਚਾਰ ਕੰਮ
“ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।”—ਮੱਤੀ 24:14.
● ਵਾਈਤੀਆ ਨਾਂ ਦੀ ਇਕ ਕੁੜੀ ਸ਼ਾਂਤ ਮਹਾਂਸਾਗਰ ਦੇ ਇਕ ਛੋਟੇ ਜਿਹੇ ਟਾਪੂ ’ਤੇ ਰਹਿੰਦੀ ਹੈ। ਉਸ ਟਾਪੂ ’ਤੇ ਬਹੁਤ ਹੀ ਘੱਟ ਲੋਕ ਰਹਿੰਦੇ ਹਨ। ਪਰ ਫਿਰ ਵੀ ਯਹੋਵਾਹ ਦੇ ਗਵਾਹ ਵਾਈਤੀਆ ਅਤੇ ਉਸ ਦੇ ਗੁਆਂਢੀਆਂ ਨੂੰ ਮਿਲਣ ਗਏ। ਕਿਉਂ? ਕਿਉਂਕਿ ਯਹੋਵਾਹ ਦੇ ਗਵਾਹ ਸਾਰਿਆਂ ਨੂੰ ਪ੍ਰਚਾਰ ਕਰਦੇ ਹਨ, ਫਿਰ ਚਾਹੇ ਉਹ ਕਿਤੇ ਵੀ ਰਹਿੰਦੇ ਹੋਣ।
ਅੰਕੜੇ ਕੀ ਦੱਸਦੇ ਹਨ? ਖ਼ੁਸ਼ ਖ਼ਬਰੀ ਦਾ ਪ੍ਰਚਾਰ ਧਰਤੀ ਦੇ ਕੋਨੇ-ਕੋਨੇ ਵਿਚ ਕੀਤਾ ਜਾ ਰਿਹਾ ਹੈ। ਸਾਲ 2010 ਵਿਚ ਯਹੋਵਾਹ ਦੇ ਗਵਾਹਾਂ ਨੇ 236 ਦੇਸ਼ਾਂ ਵਿਚ ਤਕਰੀਬਨ 160 ਕਰੋੜ ਘੰਟੇ ਪ੍ਰਚਾਰ ਕੀਤਾ। ਇਸ ਦਾ ਮਤਲਬ ਕਿ 2010 ਵਿਚ ਹਰ ਗਵਾਹ ਨੇ ਹਰ ਦਿਨ 30 ਮਿੰਟ ਲੋਕਾਂ ਨੂੰ ਯਹੋਵਾਹ ਦੇ ਰਾਜ ਬਾਰੇ ਦੱਸਿਆ। ਉਨ੍ਹਾਂ ਨੇ ਦਸ ਸਾਲਾਂ ਵਿਚ ਤਕਰੀਬਨ 20 ਅਰਬ ਬਾਈਬਲ ਆਧਾਰਿਤ ਪ੍ਰਕਾਸ਼ਨ ਛਾਪੇ ਅਤੇ ਵੰਡੇ।
ਲੋਕ ਕੀ ਕਹਿੰਦੇ ਹਨ? ‘ਇਸ ਵਿਚ ਕਿਹੜੀ ਨਵੀਂ ਗੱਲ ਹੈ, ਲੋਕ ਤਾਂ ਹਜ਼ਾਰਾਂ ਸਾਲਾਂ ਤੋਂ ਬਾਈਬਲ ਦੇ ਸੰਦੇਸ਼ ਦਾ ਪ੍ਰਚਾਰ ਕਰ ਰਹੇ ਹਨ।’
ਕੀ ਇਹ ਗੱਲ ਸੱਚ ਹੈ? ਹਾਲਾਂਕਿ ਕਈ ਲੋਕਾਂ ਨੇ ਬਾਈਬਲ ਦੇ ਸੰਦੇਸ਼ ਦਾ ਪ੍ਰਚਾਰ ਕੀਤਾ ਹੈ, ਪਰ ਉਨ੍ਹਾਂ ਨੇ ਇਹ ਸਾਰਾ ਕੁਝ ਥੋੜ੍ਹੇ ਸਮੇਂ ਲਈ ਅਤੇ ਸਿਰਫ਼ ਕੁਝ ਇਲਾਕਿਆਂ ਵਿਚ ਹੀ ਕੀਤਾ ਹੈ। ਪਰ ਜਿੱਥੇ ਤਕ ਯਹੋਵਾਹ ਦੇ ਗਵਾਹਾਂ ਦੀ ਗੱਲ ਹੈ, ਉਹ ਪੂਰੀ ਦੁਨੀਆਂ ਵਿਚ ਵਿਵਸਥਿਤ ਢੰਗ ਨਾਲ ਕਰੋੜਾਂ ਲੋਕਾਂ ਨੂੰ ਪ੍ਰਚਾਰ ਕਰ ਰਹੇ ਹਨ। ਕਈ ਸਰਕਾਰਾਂ ਅਤੇ ਵੱਡੇ-ਵੱਡੇ ਲੋਕਾਂ ਨੇ ਉਨ੍ਹਾਂ ਦੇ ਪ੍ਰਚਾਰ ਦੇ ਕੰਮ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਨਾਕਾਮ ਰਹੇ। (ਮਰਕੁਸ 13:13) ਪ੍ਰਚਾਰ ਕਰਨ ਲਈ ਯਹੋਵਾਹ ਦੇ ਗਵਾਹਾਂ ਨੂੰ ਪੈਸੇ ਨਹੀਂ ਮਿਲਦੇ। ਉਹ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰਨ ਵਿਚ ਆਪਣਾ ਸਮਾਂ ਬਿਤਾਉਂਦੇ ਹਨ। ਨਾਲੇ ਉਹ ਦੂਜਿਆਂ ਨੂੰ ਮੁਫ਼ਤ ਵਿਚ ਕਿਤਾਬਾਂ ਅਤੇ ਰਸਾਲੇ ਦਿੰਦੇ ਹਨ। ਲੋਕ ਆਪਣੀ ਮਰਜ਼ੀ ਨਾਲ ਜੋ ਵੀ ਦਾਨ ਦਿੰਦੇ ਹਨ, ਉਸੇ ਨਾਲ ਇਸ ਕੰਮ ਦਾ ਖ਼ਰਚਾ ਚਲਾਇਆ ਜਾਂਦਾ ਹੈ।
ਤੁਹਾਨੂੰ ਕੀ ਲੱਗਦਾ ਹੈ? ਕੀ “ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਪੂਰੀ ਦੁਨੀਆਂ ਵਿਚ ਕੀਤਾ ਜਾ ਰਿਹਾ ਹੈ? ਤਾਂ ਫਿਰ ਕੀ ਹੁਣ ਚੰਗਾ ਸਮਾਂ ਆਉਣ ਵਾਲਾ ਹੈ?
[ਵੱਡੇ ਅੱਖਰਾਂ ਵਿਚ ਖ਼ਾਸ ਗੱਲ]
“ਜਦ ਤਕ ਯਹੋਵਾਹ ਨੇ ਚਾਹਿਆ, ਉਦੋਂ ਤਕ ਅਸੀਂ ਪੂਰੇ ਜੋਸ਼ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂਗੇ ਅਤੇ ਲੋਕਾਂ ਤਕ ਪਹੁੰਚਣ ਦੀ ਹਰ ਮੁਮਕਿਨ ਕੋਸ਼ਿਸ਼ ਕਰਾਂਗੇ।”—2010 ਦੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ।