ਪਾਠ 89
ਪਤਰਸ ਨੇ ਯਿਸੂ ਨੂੰ ਪਛਾਣਨ ਤੋਂ ਇਨਕਾਰ ਕੀਤਾ
ਜਦੋਂ ਯਿਸੂ ਆਪਣੇ ਰਸੂਲਾਂ ਨਾਲ ਚੁਬਾਰੇ ਵਿਚ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: ‘ਅੱਜ ਰਾਤ ਤੁਸੀਂ ਸਾਰੇ ਮੈਨੂੰ ਛੱਡ ਜਾਓਗੇ।’ ਪਤਰਸ ਨੇ ਕਿਹਾ: ‘ਮੈਂ ਨਹੀਂ ਛੱਡਾਂਗਾ। ਭਾਵੇਂ ਬਾਕੀ ਸਾਰੇ ਤੈਨੂੰ ਛੱਡ ਜਾਣ, ਪਰ ਮੈਂ ਤੈਨੂੰ ਕਦੇ ਵੀ ਨਹੀਂ ਛੱਡਾਂਗਾ।’ ਪਰ ਯਿਸੂ ਨੇ ਪਤਰਸ ਨੂੰ ਕਿਹਾ: ‘ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਕਹੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ।’
ਜਦੋਂ ਫ਼ੌਜੀ ਯਿਸੂ ਨੂੰ ਕਾਇਫ਼ਾ ਦੇ ਘਰ ਲੈ ਕੇ ਗਏ, ਤਾਂ ਜ਼ਿਆਦਾਤਰ ਰਸੂਲ ਭੱਜ ਗਏ। ਪਰ ਦੋ ਜਣੇ ਭੀੜ ਦੇ ਪਿੱਛੇ-ਪਿੱਛੇ ਗਏ। ਉਨ੍ਹਾਂ ਵਿੱਚੋਂ ਇਕ ਸੀ, ਪਤਰਸ। ਉਹ ਕਾਇਫ਼ਾ ਦੇ ਘਰ ਦੇ ਵਿਹੜੇ ਵਿਚ ਗਿਆ ਅਤੇ ਬੈਠ ਕੇ ਅੱਗ ਸੇਕਣ ਲੱਗਾ। ਇਕ ਨੌਕਰਾਣੀ ਨੇ ਅੱਗ ਦੀ ਰੌਸ਼ਨੀ ਵਿਚ ਪਤਰਸ ਨੂੰ ਦੇਖ ਕੇ ਕਿਹਾ: ‘ਮੈਂ ਤੈਨੂੰ ਜਾਣਦੀ ਹਾਂ। ਤੂੰ ਯਿਸੂ ਨਾਲ ਸੀ!’
ਪਤਰਸ ਨੇ ਕਿਹਾ: ‘ਨਹੀਂ, ਮੈਂ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਤੂੰ ਕੀ ਕਹਿ ਰਹੀਂ ਹੈਂ।’ ਉਹ ਬਾਹਰ ਗੇਟ ਵੱਲ ਨੂੰ ਚਲਾ ਗਿਆ। ਪਰ ਇਕ ਹੋਰ ਨੌਕਰਾਣੀ ਨੇ ਉਸ ਨੂੰ ਦੇਖਿਆ ਅਤੇ ਭੀੜ ਨੂੰ ਕਿਹਾ: ‘ਇਹ ਆਦਮੀ ਯਿਸੂ ਨਾਲ ਸੀ!’ ਇਕ ਆਦਮੀ ਨੇ ਕਿਹਾ: ‘ਤੂੰ ਉਨ੍ਹਾਂ ਵਿੱਚੋਂ ਇਕ ਹੈਂ! ਮੈਂ ਤੇਰੀ ਬੋਲੀ ਤੋਂ ਦੱਸ ਸਕਦਾ ਹਾਂ ਕਿ ਤੂੰ ਵੀ ਯਿਸੂ ਵਾਂਗ ਗਲੀਲ ਤੋਂ ਹੀ ਹੈਂ।’ ਪਰ ਪਤਰਸ ਸਹੁੰਆਂ ਖਾਣ ਲੱਗਾ: ‘ਮੈਂ ਉਸ ਨੂੰ ਨਹੀਂ ਜਾਣਦਾ!’
ਉਸੇ ਪਲ ਕੁੱਕੜ ਨੇ ਬਾਂਗ ਦਿੱਤੀ। ਪਤਰਸ ਨੇ ਦੇਖਿਆ ਕਿ ਯਿਸੂ ਨੇ ਮੁੜ ਕੇ ਉਸ ਵੱਲ ਦੇਖਿਆ। ਉਸ ਨੂੰ ਯਿਸੂ ਦੇ ਸ਼ਬਦ ਯਾਦ ਆਏ ਅਤੇ ਉਹ ਬਾਹਰ ਜਾ ਕੇ ਭੁੱਬਾਂ ਮਾਰ-ਮਾਰ ਰੋਇਆ।
ਇਸ ਸਮੇਂ ਤਕ, ਮਹਾਸਭਾ ਦੇ ਮੈਂਬਰ ਯਿਸੂ ʼਤੇ ਮੁਕੱਦਮਾ ਚਲਾਉਣ ਲਈ ਕਾਇਫ਼ਾ ਦੇ ਘਰ ਅੰਦਰ ਇਕੱਠੇ ਹੋ ਚੁੱਕੇ ਸਨ। ਉਨ੍ਹਾਂ ਨੇ ਪਹਿਲਾਂ ਹੀ ਯਿਸੂ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ ਸੀ। ਹੁਣ ਤਾਂ ਉਹ ਬਸ ਉਸ ਨੂੰ ਮਾਰਨ ਦਾ ਕਾਰਨ ਲੱਭ ਰਹੇ ਸਨ। ਪਰ ਉਨ੍ਹਾਂ ਨੂੰ ਉਸ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲ ਰਿਹਾ ਸੀ। ਅਖ਼ੀਰ ਕਾਇਫ਼ਾ ਨੇ ਯਿਸੂ ਤੋਂ ਪੁੱਛਿਆ: ‘ਕੀ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ?’ ਯਿਸੂ ਨੇ ਕਿਹਾ: ‘ਹਾਂ।’ ਕਾਇਫ਼ਾ ਨੇ ਕਿਹਾ: ‘ਹੁਣ ਸਾਨੂੰ ਕਿਸੇ ਹੋਰ ਸਬੂਤ ਦੀ ਕੋਈ ਲੋੜ ਨਹੀਂ। ਇਸ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਹੈ।’ ਮਹਾਸਭਾ ਇਸ ਨਾਲ ਸਹਿਮਤ ਸੀ: ‘ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।’ ਉਨ੍ਹਾਂ ਨੇ ਯਿਸੂ ਦੇ ਥੱਪੜ ਮਾਰੇ, ਉਸ ʼਤੇ ਥੁੱਕਿਆ, ਉਸ ਦਾ ਮੂੰਹ ਢਕ ਕੇ ਉਸ ਦੇ ਮੁੱਕੇ ਮਾਰੇ ਅਤੇ ਕਿਹਾ: ‘ਜੇ ਤੂੰ ਨਬੀ ਹੈਂ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ!’
ਜਦੋਂ ਦਿਨ ਚੜ੍ਹਿਆ, ਤਾਂ ਉਹ ਯਿਸੂ ਨੂੰ ਮਹਾਸਭਾ ਲੈ ਗਏ ਅਤੇ ਉਸ ਤੋਂ ਦੁਬਾਰਾ ਪੁੱਛਿਆ: ‘ਕੀ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ?’ ਯਿਸੂ ਨੇ ਜਵਾਬ ਦਿੱਤਾ: ‘ਤੂੰ ਜੋ ਕੁਝ ਕਿਹਾ, ਸਹੀ ਕਿਹਾ।’ ਫਿਰ ਉਨ੍ਹਾਂ ਨੇ ਉਸ ਨੂੰ ਪਰਮੇਸ਼ੁਰ ਦੀ ਨਿੰਦਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ ਰੋਮੀ ਰਾਜਪਾਲ ਪੁੰਤੀਅਸ ਪਿਲਾਤੁਸ ਦੇ ਮਹਿਲ ਵਿਚ ਲੈ ਗਏ। ਇਸ ਤੋਂ ਬਾਅਦ ਕੀ ਹੋਇਆ? ਆਓ ਅੱਗੇ ਦੇਖੀਏ।
“ਉਹ ਸਮਾਂ ਆ ਰਿਹਾ ਹੈ, . . . ਜਦੋਂ ਤੁਸੀਂ ਸਾਰੇ ਆਪੋ-ਆਪਣੇ ਘਰਾਂ ਨੂੰ ਭੱਜ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ; ਪਰ ਮੈਂ ਇਕੱਲਾ ਨਹੀਂ ਹਾਂ ਕਿਉਂਕਿ ਮੇਰਾ ਪਿਤਾ ਮੇਰੇ ਨਾਲ ਹੈ।”—ਯੂਹੰਨਾ 16:32