ਪਾਠ 102
ਯੂਹੰਨਾ ਦੇ ਦਰਸ਼ਣ
ਜਦੋਂ ਯੂਹੰਨਾ ਪਾਤਮੁਸ ਟਾਪੂ ਦੀ ਜੇਲ੍ਹ ਵਿਚ ਸੀ, ਤਾਂ ਯਿਸੂ ਨੇ ਉਸ ਨੂੰ ਭਵਿੱਖ ਬਾਰੇ 16 ਦਰਸ਼ਣ ਜਾਂ ਤਸਵੀਰਾਂ ਦਿਖਾਈਆਂ। ਇਨ੍ਹਾਂ ਦਰਸ਼ਣਾਂ ਵਿਚ ਦਿਖਾਇਆ ਗਿਆ ਕਿ ਯਹੋਵਾਹ ਦਾ ਨਾਂ ਕਿਵੇਂ ਪਵਿੱਤਰ ਕੀਤਾ ਜਾਵੇਗਾ, ਉਸ ਦਾ ਰਾਜ ਕਿਵੇਂ ਆਵੇਗਾ ਅਤੇ ਸਵਰਗ ਅਤੇ ਧਰਤੀ ʼਤੇ ਉਸ ਦੀ ਇੱਛਾ ਕਿਵੇਂ ਪੂਰੀ ਹੋਵੇਗੀ।
ਇਕ ਦਰਸ਼ਣ ਵਿਚ ਯੂਹੰਨਾ ਨੇ ਦੇਖਿਆ ਕਿ ਯਹੋਵਾਹ ਸਵਰਗ ਵਿਚ ਆਪਣੇ ਸ਼ਾਨਦਾਰ ਸਿੰਘਾਸਣ ʼਤੇ ਬੈਠਾ ਹੋਇਆ ਹੈ ਤੇ ਉਸ ਦੇ ਆਲੇ-ਦੁਆਲੇ 24 ਬਜ਼ੁਰਗ ਹਨ ਜਿਨ੍ਹਾਂ ਨੇ ਚਿੱਟੇ ਕੱਪੜੇ ਪਾਏ ਹੋਏ ਹਨ ਅਤੇ ਉਨ੍ਹਾਂ ਨੇ ਸਿਰਾਂ ʼਤੇ ਸੋਨੇ ਦੇ ਮੁਕਟ ਹਨ। ਸਿੰਘਾਸਣ ਤੋਂ ਬਿਜਲੀ ਲਿਸ਼ਕ ਰਹੀ ਹੈ ਅਤੇ ਗਰਜਾਂ ਸੁਣਾਈ ਦੇ ਰਹੀਆਂ ਹਨ। 24 ਬਜ਼ੁਰਗ ਗੋਡਿਆਂ ਭਾਰ ਬੈਠ ਕੇ ਯਹੋਵਾਹ ਨੂੰ ਮੱਥਾ ਟੇਕਦੇ ਹਨ ਅਤੇ ਉਸ ਦੀ ਭਗਤੀ ਕਰਦੇ ਹਨ। ਇਕ ਹੋਰ ਦਰਸ਼ਣ ਵਿਚ, ਯੂਹੰਨਾ ਨੇ ਸਾਰੀਆਂ ਕੌਮਾਂ, ਨਸਲਾਂ ਅਤੇ ਬੋਲੀਆਂ ਦੇ ਲੋਕਾਂ ਦੀ ਇਕ ਵੱਡੀ ਭੀੜ ਦੇਖੀ ਜੋ ਯਹੋਵਾਹ ਦੀ ਭਗਤੀ ਕਰਦੀ ਹੈ। ਲੇਲਾ, ਜੋ ਯਿਸੂ ਮਸੀਹ ਹੈ, ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ ਅਤੇ ਉਹ ਉਨ੍ਹਾਂ ਨੂੰ ਅੰਮ੍ਰਿਤ ਜਲ ਦੇ ਚਸ਼ਮਿਆਂ ਕੋਲ ਲੈ ਜਾਂਦਾ ਹੈ। ਬਾਅਦ ਵਿਚ ਇਕ ਹੋਰ ਦਰਸ਼ਣ ਵਿਚ, ਯਿਸੂ ਸਵਰਗ ਵਿਚ 24 ਬਜ਼ੁਰਗਾਂ ਨਾਲ ਰਾਜ ਕਰਨਾ ਸ਼ੁਰੂ ਕਰਦਾ ਹੈ। ਅਗਲੇ ਦਰਸ਼ਣ ਵਿਚ ਯੂਹੰਨਾ ਦੇਖਦਾ ਹੈ ਕਿ ਯਿਸੂ ਅਜਗਰ ਯਾਨੀ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨਾਲ ਯੁੱਧ ਕਰਦਾ ਹੈ। ਯਿਸੂ ਉਨ੍ਹਾਂ ਨੂੰ ਸਵਰਗ ਤੋਂ ਧਰਤੀ ʼਤੇ ਸੁੱਟ ਦਿੰਦਾ ਹੈ।
ਫਿਰ ਯੂਹੰਨਾ ਨੇ ਇਕ ਬਹੁਤ ਸੋਹਣੀ ਤਸਵੀਰ ਦੇਖੀ ਜਿਸ ਵਿਚ ਲੇਲਾ ਅਤੇ ਚੁਣੇ ਹੋਏ 1,44,000 ਸੀਨਈ ਪਹਾੜ ʼਤੇ ਖੜ੍ਹੇ ਹਨ। ਨਾਲੇ ਉਸ ਨੇ ਦੇਖਿਆ ਕਿ ਇਕ ਦੂਤ ਧਰਤੀ ਦੇ ਆਲੇ-ਦੁਆਲੇ ਉੱਡ ਰਿਹਾ ਹੈ ਅਤੇ ਲੋਕਾਂ ਨੂੰ ਕਹਿ ਰਿਹਾ ਹੈ ਕਿ ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀ ਮਹਿਮਾ ਕਰੋ।
ਅਗਲੇ ਦਰਸ਼ਣ ਵਿਚ, ਆਰਮਾਗੇਡਨ ਦੀ ਲੜਾਈ ਦਿਖਾਈ ਗਈ। ਇਸ ਲੜਾਈ ਵਿਚ ਯਿਸੂ ਅਤੇ ਉਸ ਦੀ ਫ਼ੌਜ ਨੇ ਸ਼ੈਤਾਨ ਦੀ ਦੁਸ਼ਟ ਦੁਨੀਆਂ ʼਤੇ ਜਿੱਤ ਪਾ ਲਈ। ਆਖ਼ਰੀ ਦਰਸ਼ਣ ਵਿਚ ਯੂਹੰਨਾ ਨੇ ਦੇਖਿਆ ਕਿ ਸਵਰਗ ਤੇ ਧਰਤੀ ʼਤੇ ਸ਼ਾਂਤੀ ਹੈ। ਸ਼ੈਤਾਨ ਅਤੇ ਉਸ ਦੀ ਸੰਤਾਨ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦਿੱਤਾ ਗਿਆ। ਸਵਰਗ ਅਤੇ ਧਰਤੀ ʼਤੇ ਸਾਰੇ ਜਣੇ ਯਹੋਵਾਹ ਦਾ ਪਵਿੱਤਰ ਨਾਂ ਲੈਂਦੇ ਹਨ ਅਤੇ ਸਿਰਫ਼ ਉਸ ਦੀ ਹੀ ਭਗਤੀ ਕਰਦੇ ਹਨ।
“ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।”—ਉਤਪਤ 3:15