ਪਾਠ 22
ਲਾਲ ਸਮੁੰਦਰ ʼਤੇ ਚਮਤਕਾਰ
ਜਿੱਦਾਂ ਹੀ ਫ਼ਿਰਊਨ ਨੇ ਸੁਣਿਆ ਕਿ ਇਜ਼ਰਾਈਲੀ ਮਿਸਰ ਛੱਡ ਕੇ ਚਲੇ ਗਏ ਸਨ, ਉਸ ਨੇ ਉਨ੍ਹਾਂ ਦਾ ਪਿੱਛਾ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਫ਼ੌਜੀਆਂ ਨੂੰ ਹੁਕਮ ਦਿੱਤਾ: ‘ਮੇਰੇ ਯੁੱਧ ਦੇ ਸਾਰੇ ਰਥ ਤਿਆਰ ਕਰੋ। ਚਲੋ ਆਪਾਂ ਇਜ਼ਰਾਈਲੀਆਂ ਦਾ ਪਿੱਛਾ ਕਰੀਏ! ਸਾਨੂੰ ਉਨ੍ਹਾਂ ਨੂੰ ਜਾਣ ਨਹੀਂ ਦੇਣਾ ਚਾਹੀਦਾ।’ ਫ਼ਿਰਊਨ ਅਤੇ ਉਸ ਦੇ ਆਦਮੀਆਂ ਨੇ ਇਜ਼ਰਾਈਲੀਆਂ ਦਾ ਪਿੱਛਾ ਕੀਤਾ।
ਯਹੋਵਾਹ ਆਪਣੇ ਲੋਕਾਂ ਨਾਲ ਸੀ। ਪਰਮੇਸ਼ੁਰ ਦਿਨ ਨੂੰ ਬੱਦਲ ਤੇ ਰਾਤ ਨੂੰ ਅੱਗ ਨਾਲ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਉਹ ਉਨ੍ਹਾਂ ਨੂੰ ਲਾਲ ਸਮੁੰਦਰ ਕੋਲ ਲੈ ਆਇਆ ਅਤੇ ਉਸ ਨੇ ਉਨ੍ਹਾਂ ਨੂੰ ਉੱਥੇ ਡੇਰਾ ਲਾਉਣ ਨੂੰ ਕਿਹਾ।
ਫਿਰ ਇਜ਼ਰਾਈਲੀਆਂ ਨੇ ਦੇਖਿਆ ਕਿ ਫ਼ਿਰਊਨ ਤੇ ਉਸ ਦੀ ਫ਼ੌਜ ਉਨ੍ਹਾਂ ਦੇ ਪਿੱਛੇ ਆ ਰਹੀ ਸੀ। ਉਹ ਸਮੁੰਦਰ ਅਤੇ ਮਿਸਰੀਆਂ ਵਿਚਕਾਰ ਫਸ ਗਏ ਸਨ। ਉਹ ਮੂਸਾ ਨੂੰ ਚੀਕ-ਚੀਕ ਕੇ ਕਹਿਣ ਲੱਗੇ: ‘ਅਸੀਂ ਮਰਨ ਵਾਲੇ ਹਾਂ। ਤੂੰ ਸਾਨੂੰ ਮਿਸਰ ਵਿਚ ਹੀ ਰਹਿਣ ਦਿੰਦਾ।’ ਪਰ ਮੂਸਾ ਨੇ ਕਿਹਾ: ‘ਡਰੋ ਨਾ। ਯਹੋਵਾਹ ʼਤੇ ਭਰੋਸਾ ਰੱਖੋ ਤੇ ਦੇਖੋ ਕਿ ਉਹ ਸਾਨੂੰ ਕਿਵੇਂ ਬਚਾਵੇਗਾ।’ ਮੂਸਾ ਨੇ ਯਹੋਵਾਹ ʼਤੇ ਪੂਰਾ ਭਰੋਸਾ ਰੱਖਿਆ। ਹੈਨਾ?
ਯਹੋਵਾਹ ਨੇ ਇਜ਼ਰਾਈਲੀਆਂ ਨੂੰ ਸਾਮਾਨ ਬੰਨ੍ਹਣ ਤੇ ਅੱਗੇ ਤੁਰਨ ਲਈ ਕਿਹਾ। ਉਸ ਰਾਤ ਯਹੋਵਾਹ ਨੇ ਬੱਦਲ ਨੂੰ ਮਿਸਰੀਆਂ ਤੇ ਇਜ਼ਰਾਈਲੀਆਂ ਵਿਚਕਾਰ ਖੜ੍ਹਾ ਕਰ ਦਿੱਤਾ। ਮਿਸਰੀਆਂ ਵਾਲੇ ਪਾਸੇ ਹਨੇਰਾ ਸੀ। ਪਰ ਇਜ਼ਰਾਈਲੀਆਂ ਵੱਲ ਚਾਨਣ ਸੀ।
ਯਹੋਵਾਹ ਨੇ ਮੂਸਾ ਨੂੰ ਆਪਣਾ ਹੱਥ ਸਮੁੰਦਰ ਵੱਲ ਵਧਾਉਣ ਲਈ ਕਿਹਾ। ਫਿਰ ਯਹੋਵਾਹ ਨੇ ਸਾਰੀ ਰਾਤ ਬਹੁਤ ਤੇਜ਼ ਹਵਾ ਵਗਾਈ। ਸਮੁੰਦਰ ਦੋ ਹਿੱਸਿਆਂ ਵਿਚ ਵੰਡਿਆ ਗਿਆ। ਆਲੇ-ਦੁਆਲੇ ਪਾਣੀ ਦੀਆਂ ਉੱਚੀਆਂ-ਉੱਚੀਆਂ ਕੰਧਾਂ ਬਣ ਗਈਆਂ ਤੇ ਵਿਚਕਾਰ ਸੁੱਕੀ ਜ਼ਮੀਨ। ਲੱਖਾਂ ਹੀ ਇਜ਼ਰਾਈਲੀਆਂ ਨੇ ਸੁੱਕੀ ਜ਼ਮੀਨ ਤੋਂ ਲੰਘਣਾ ਸ਼ੁਰੂ ਕਰ ਦਿੱਤਾ।
ਫ਼ਿਰਊਨ ਦੀ ਫ਼ੌਜ ਵੀ ਇਜ਼ਰਾਈਲੀਆਂ ਦੇ ਪਿੱਛੇ-ਪਿੱਛੇ ਸਮੁੰਦਰ ਵਿਚ ਚਲੀ ਗਈ। ਫਿਰ ਯਹੋਵਾਹ ਨੇ ਫ਼ੌਜ ਵਿਚ ਹਫੜਾ-ਦਫੜੀ ਮਚਾ ਦਿੱਤੀ। ਉਨ੍ਹਾਂ ਦੇ ਰਥਾਂ ਦੇ ਪਹੀਏ ਲੱਥ ਗਏ। ਫ਼ੌਜੀ ਉੱਚੀ-ਉੱਚੀ ਕਹਿਣ ਲੱਗੇ: ‘ਆਓ ਇੱਥੋਂ ਭੱਜ ਚਲੀਏ। ਯਹੋਵਾਹ ਇਨ੍ਹਾਂ ਲਈ ਲੜ ਰਿਹਾ ਹੈ।’
ਯਹੋਵਾਹ ਨੇ ਮੂਸਾ ਨੂੰ ਕਿਹਾ: ‘ਆਪਣਾ ਹੱਥ ਸਮੁੰਦਰ ਵੱਲ ਵਧਾ।’ ਉਸੇ ਵੇਲੇ ਪਾਣੀ ਦੀਆਂ ਕੰਧਾਂ ਮਿਸਰੀ ਫ਼ੌਜ ʼਤੇ ਡਿੱਗ ਪਈਆਂ। ਫ਼ਿਰਊਨ ਤੇ ਉਸ ਦੇ ਸਾਰੇ ਆਦਮੀ ਮਾਰੇ ਗਏ। ਉਨ੍ਹਾਂ ਵਿੱਚੋਂ ਕੋਈ ਵੀ ਨਾ ਬਚਿਆ।
ਸਮੁੰਦਰ ਦੇ ਦੂਜੇ ਪਾਸੇ, ਇਜ਼ਰਾਈਲੀਆਂ ਦੀ ਵੱਡੀ ਭੀੜ ਗਾ ਕੇ ਪਰਮੇਸ਼ੁਰ ਦੀ ਤਾਰੀਫ਼ ਕਰ ਰਹੀ ਸੀ: “ਯਹੋਵਾਹ ਲਈ ਗਾਓ ਕਿਉਂ ਜੋ ਉਹ ਅੱਤ ਉੱਚਾ ਹੋਇਆ ਹੈ, ਘੋੜਾ ਅਰ ਉਸ ਦਾ ਅਸਵਾਰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ।” ਲੋਕੀਂ ਗਾ ਰਹੇ ਸਨ ਅਤੇ ਔਰਤਾਂ ਡਫਲੀਆਂ ਵਜਾਉਣ ਦੇ ਨਾਲ-ਨਾਲ ਨੱਚ ਵੀ ਰਹੀਆਂ ਸਨ। ਸਾਰੇ ਲੋਕ ਬਹੁਤ ਖ਼ੁਸ਼ ਸਨ ਕਿਉਂਕਿ ਉਹ ਹੁਣ ਬਿਲਕੁਲ ਆਜ਼ਾਦ ਹੋ ਗਏ ਸਨ।
“ਅਸੀਂ ਪੂਰੇ ਹੌਸਲੇ ਨਾਲ ਕਹਿ ਸਕਦੇ ਹਾਂ: ‘ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ। ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?’ ”—ਇਬਰਾਨੀਆਂ 13:6